ਨਿਊਯਾਰਕ, 7 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਰਾਜਕੁਮਾਰ ਹੈਰੀ ਦੀ ਪਤਨੀ ਮੇਗਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਨੂੰ ਐੱਫ.ਬੀ.ਆਈ. ਨੇ ਫਲੋਰੀਡਾ ਵਿਚ ਗ੍ਰਿਫ਼ਤਾਰ ਕੀਤਾ ਹੈ। 82 ਸਾਲਾ ਮਾਰਕਲ ’ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ ਆਪਣੇ ਕੋਲ ਰੱਖਣ ਦਾ ਸੰਘੀ ਦੋਸ਼ ਲੱਗਾ ਹੈ। ਟੈਂਪਾ ਦੀ ਸੰਘੀ ਅਦਾਲਤ ਨੇ ਉਨ੍ਹਾਂ ਨੂੰ ਹਿਰਾਸਤ ਤੋਂ ਰਿਹਾਅ ਕਰਦਿਆਂ ਲੇਕਲੈਂਡ ਵਿਚ ਬਜ਼ੁਰਗਾਂ ਦੀ ਦੇਖਭਾਲ ਵਾਲੇ ਉਸੇ ਕੇਂਦਰ ਵਿਚ ਨਜ਼ਰਬੰਦ ਰਹਿਣ ਦਾ ਹੁਕਮ ਦਿੱਤਾ, ਜਿੱਥੇ ਉਹ ਪਹਿਲਾਂ ਤੋਂ ਰਹਿ ਰਹੇ ਸਨ। ਉੱਥੇ ਉਨ੍ਹਾਂ ਦੀ ਇਲੈਕਟ੍ਰਾਨਿਕ ਨਿਗਰਾਨੀ ਹੋਵੇਗੀ।
ਅਦਾਲਤ ਵਿਚ ਦਾਖ਼ਲ ਹਲਫ਼ਨਾਮੇ ਮੁਤਾਬਕ, ਐੱਫ.ਬੀ.ਆਈ. ਨੇ ਲਾਸ ਏਂਜਲਸ ਨੇੜੇ ਮਾਰਕਲ ਵਲੋਂ ਕਿਰਾਏ ’ਤੇ ਲਈਆਂ ਸਾਮਾਨ ਰੱਖਣ ਵਾਲੀਆਂ 2 ਥਾਵਾਂ ਦੀ ਤਲਾਸ਼ੀ ਲਈ। ਉੱਥੋਂ ਫ਼ਿਲਮ ਨੈਗੇਟਿਵ, ਤਸਵੀਰਾਂ ਦੀਆਂ ਸਲਾਈਡਾਂ ਤੇ ਕਿਤਾਬਾਂ ਸਮੇਤ ਕਰੀਬ 78 ਚੀਜ਼ਾਂ ਜ਼ਬਤ ਕੀਤੀਆਂ ਗਈਆਂ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕੁਝ ਤਸਵੀਰਾਂ ਵਿਚ ਦਿਖ ਰਹੇ ਵਿਅਕਤੀ ਦੀ ਪਛਾਣ ਇਕ ਗਵਾਹ ਨੇ ਮਾਰਕਲ ਵਜੋਂ ਕੀਤੀ ਹੈ।
ਮਾਰਕਲ ਦੇ ਪੁੱਤਰ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਫ਼ਿਲੀਪੀਨਜ਼ ਵਿਚ ਆਪਣੇ ਪਿਤਾ ਦੇ ਘਰੋਂ ਅਜਿਹੀ ਸਮੱਗਰੀ ਮਿਲੀ ਸੀ ਅਤੇ ਉਸ ਨੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਸੀ। ਥਾਮਸ ਮਾਰਕਲ ਨੇ ਪੁੱਤਰ ਦੇ ਇਲਜ਼ਾਮ ਰੱਦ ਕੀਤੇ ਸਨ। ਜੱਜ ਨੇ ਮਾਰਕਲ ਦੀ ਉਮਰ, ਸਰੀਰਕ ਹਾਲਤ ਤੇ ਯਾਦਦਾਸ਼ਤ ਬਾਰੇ ਉੱਠੇ ਸਵਾਲਾਂ ਨੂੰ ਧਿਆਨ ਵਿਚ ਰੱਖਦਿਆਂ ਮਾਮਲਾ ਅੱਗੇ ਵਧਾਉਣ ਤੋਂ ਪਹਿਲਾਂ ਉਨ੍ਹਾਂ ਦੀ ਮਾਨਸਿਕ ਹਾਲਤ ਦੀ ਜਾਂਚ ਕਰਵਾਉਣ ਦਾ ਹੁਕਮ ਵੀ ਦਿੱਤਾ ਹੈ। ਅਦਾਲਤ ਵਿਚ ਦੋਸ਼ ਬਾਰੇ ਉਨ੍ਹਾਂ ਦਾ ਰਸਮੀ ਜਵਾਬ ਹਾਲੇ ਬਾਕੀ ਹੈ। ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ।