ਮੋਬਾਈਲ ਦੀ ਵਧੇਰੇ ਵਰਤੋਂ
ਅੱਜ ਦੇ ਡਿਜੀਟਲ ਯੁੱਗ ਵਿਚ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ | ਭਾਵੇਂ ਇਸ ਨੇ ਜੀਵਨ ਨੂੰ ਸੁਖਾਲਾ ਬਣਾਇਆ ਹੈ, ਪਰ ਇਸ ਦੀ ਬੇਲੋੜੀ ਅਤੇ ਵਧੇਰੇ ਵਰਤੋਂ ਕਈ ਗੰਭੀਰ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ | ਲੰਬੇ ਸਮੇਂ ਤੱਕ ਮੋਬਾਈਲ ਦੀ ਸਕਰੀਨ ਵਲ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੁੰਦੀ ਹੈ, ਸਿਰਦਰਦ, ਨੀਂਦ ਦੀ ਕਮੀ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ | ਇਸ ਤੋਂ ਇਲਾਵਾ, ਹਰ ਸਮੇਂ ਮੋਬਾਈਲ ਵਿਚ ਰੁੱਝੇ ਰਹਿਣ ਕਾਰਨ ਪਰਿਵਾਰਕ ਸਾਂਝ ਕਮਜ਼ੋਰ ਹੋ ਰਹੀ ਹੈ ਅਤੇ ਆਪਸੀ ਗੱਲਬਾਤ ਵੀ ਘਟਦੀ ਜਾ ਰਹੀ ਹੈ | ਬੱਚਿਆਂ ਦੀ ਪੜ੍ਹਾਈ, ਸਰੀਰਕ ਖੇਡਾਂ ਅਤੇ ਸਰਬਪੱਖੀ ਵਿਕਾਸ 'ਤੇ ਵੀ ਇਸ ਦਾ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ | ਇਸ ਲਈ ਸਾਨੂੰ ਮੋਬਾਈਲ ਫੋਨ ਦੀ ਵਰਤੋਂ ਸੰਜਮ ਅਤੇ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਇਸ ਲਈ ਇਕ ਨਿਸਚਿਤ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ, ਤਾਂ ਜੋ ਸਿਹਤਮੰਦ ਅਤੇ ਸੰਤੁਲਿਤ ਜੀਵਨ ਬਤੀਤ ਕੀਤਾ ਜਾ ਸਕੇ |
-ਅਕਾਸ਼ਪ੍ਰੀਤ ਸਿੰਘ ਸੋਮਲ, ਸਹੇੜੀ
ਰਿਸ਼ਤਾ ਸੋਚ ਕੇ ਬਣਾਓ, ਸੋਚ ਕੇ ਤੋੜੋ!
ਅਸੀ ਝੱਟ ਦੇਣੇ ਕੋਈ ਰਿਸ਼ਤਾ ਬਣਾ ਲੈਂਦੇ ਹਾਂ ਤੇ ਫੇਰ ਬਿਨਾਂ ਸੋਚੇ ਸਮਝੇ ਛੋਟੀ ਜਿਹੀ ਗੱਲ ਤੋ ਤੋੜ ਦਿੰਦੇ ਹਾਂ, ਜੋ ਬਿਲਕੁਲ ਗਲਤ ਹੈ | ਜ਼ਿੰਦਗੀ 'ਚ ਇਕ ਗੱਲ ਯਾਦ ਰੱਖੋ ਕਿ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਤੇ ਪਛਾਣ ਹੁੰਦੀ ਹੈ | ਕਦੇ ਵੀ ਕੋਈ ਰਿਸ਼ਤਾ ਮਾੜਾ ਨਹੀਂ ਹੁੰਦਾ | ਬਸ਼ਰਤੇ ਰਿਸ਼ਤੇ 'ਚ ਖੁਦਗਰਜ਼ੀ ਜਾਂ ਲਾਲਚ ਨਾ ਹੋਵੇ | ਜੇਕਰ ਕਿਸੇ ਰਿਸ਼ਤੇ 'ਚ ਇਹ ਚੀਜ਼ਾਂ ਆ ਜਾਣ ਤਾਂ ਸਮਝ ਲਵੋ ਉਸ ਰਿਸ਼ਤੇ ਦੀ ਬੁਨਿਆਦ ਕਮਜ਼ੋਰ ਹੈ | ਉਹ ਜਲਦੀ ਟੁੱਟ ਜਾਵੇਗਾ | ਇਸੇ ਕਰਕੇ ਜਦੋਂ ਵੀ ਤੁਸੀਂ ਕੋਈ ਨਵਾਂ ਰਿਸ਼ਤਾ ਬਣਾਉਣਾ ਹੈ ਤਾਂ ਉਸ ਨੂੰ ਨਿਰਸਵਾਰਥ ਹੋ ਕੇ ਬਣਾਓ ਤਾਂ ਕਿ ਉਸ ਦੀ ਬੁਨਿਆਦ ਚਟਾਨ ਵਾਂਗ ਮਜ਼ਬੂਤ ਹੋਵੇ | ਕਮਜ਼ੋਰ ਬੁਨਿਆਦ ਰਿਸ਼ਤੇ ਨੂੰ ਕਮਜ਼ੋਰ ਬਣਾਉਂਦੀ ਹੈ | ਉਹ ਬਹੁਤੀ ਦੇਰ ਚਲ ਨਹੀਂ ਸਕੇਗਾ | ਸੋ, ਰਿਸ਼ਤਾ ਬਣਾਉਂਦੇ ਸਮੇਂ ਇਸ ਗੱਲ ਨੂੰ ਧਿਆਨ 'ਚ ਰੱਖੋ, ਜੋ ਰਿਸ਼ਤਾ ਜਲਦੀ 'ਚ ਬਿਨ-ਸੋਚੇ ਬਣਾਉਗੇ ਉਹ ਜਲਦੀ ਹੀ ਟੁੱਟ ਜਾਵੇਗਾ, ਜਿਸ ਦਾ ਪਛਤਾਵਾ ਤੁਹਾਨੂੰ ਸਾਰੀ ਉਮਰ ਰਹੇਗਾ | ਕਈ ਵਾਰ ਵਿਅਕਤੀ ਰਿਸ਼ਤੇ ਦੇ ਟੁੱਟਣ ਨਾਲ ਜ਼ਿੰਦਗੀ ਤੋਂ ਟੁੱਟ ਜਾਂਦਾ ਹੈ | ਏਸੇ ਕਰਕੇ ਅੱਲ੍ਹੜ ਉਮਰੇ ਵਿਅਕਤੀ ਜਲਦੀ 'ਚ ਰਿਸ਼ਤਾ ਤਾਂ ਬਣਾ ਲੈਂਦਾ ਹੈ ਤੇ ਫਿਰ ਉਹ ਤੜੱਕ ਕਰਕੇ ਟੁੱਟ ਜਾਂਦੇ ਹਨ |
-ਲੈਕਚਰਾਰ ਅਜੀਤ ਖੰਨਾ |
ਮਾਪਿਆਂ ਨੂੰ ਖੁਸ਼ ਰੱਖੋ
ਮਾਪੇ ਰੱਬ ਦਾ ਦੂਜਾ ਰੂਪ ਹੁੰਦੇ ਹਨ | ਉਨ੍ਹਾਂ ਦੇ ਤਿਆਗ, ਪਿਆਰ ਅਤੇ ਬਲੀਦਾਨ ਨੂੰ ਸਨਮਾਨਿਤ ਕਰਨ ਲਈ ਹਰ ਸਾਲ ਜੁਲਾਈ ਮਹੀਨੇ ਦੇ ਚੌਥੇ ਐਤਵਾਰ ਨੂੰ 'ਰਾਸ਼ਟਰੀ ਮਾਪੇ ਦਿਵਸ' ਮਨਾਇਆ ਜਾਂਦਾ ਹੈ | ਮਾਤਾ-ਪਿਤਾ ਬੱਚੇ ਦੇ ਪਹਿਲੇ ਗੁਰੂ ਅਤੇ ਮਾਰਗਦਰਸ਼ਕ ਹੁੰਦੇ ਹਨ | ਮਾਂ ਸਾਨੂੰ ਦੁਨੀਆ ਵਿਚ ਲੈ ਕੇ ਆਉਂਦੀ ਹੈ ਅਤੇ ਨਿਰਸਵਾਰਥ ਪਿਆਰ ਕਰਦੀ ਹੈ | ਪਿਤਾ ਸਾਨੂੰ ਉਂਗਲੀ ਫੜ ਕੇ ਚੱਲਣਾ ਸਿਖਾਉਂਦਾ ਹੈ ਅਤੇ ਹਰ ਮੁਸ਼ਕਲ ਤੋਂ ਸਾਡੀ ਰੱਖਿਆ ਕਰਦਾ ਹੈ | ਉਹ ਆਪਣੀਆਂ ਖੁਸ਼ੀਆਂ ਨੂੰ ਕੁਰਬਾਨ ਕਰਕੇ ਵੀ ਬੱਚਿਆਂ ਦੀ ਹਰ ਇੱਛਾ ਪੂਰੀ ਕਰਦੇ ਹਨ | ਅਜੋਕੇ ਦੌਰ ਵਿਚ ਜਿੱਥੇ ਜ਼ਿੰਦਗੀ ਬਹੁਤ ਰੁੱਝੀ ਹੋਈ ਹੈ, ਅਸੀਂ ਅਕਸਰ ਆਪਣੇ ਮਾਪਿਆਂ ਨੂੰ ਸਮਾਂ ਦੇਣਾ ਭੁੱਲ ਜਾਂਦੇ ਹਾਂ | ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਉਨ੍ਹਾਂ ਕੋਲ ਬੈਠੀਏ, ਉਨ੍ਹਾਂ ਦੇ ਦਿਲ ਦੀ ਗੱਲ ਸੁਣੀਏ ਅਤੇ ਉਨ੍ਹਾਂ ਦਾ ਧੰਨਵਾਦ ਕਰੀਏ | ਮਾਪਿਆਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਨੂੰ ਖੁਸ਼ ਰੱਖਣਾ ਹੀ ਦੁਨੀਆ ਦੀ ਸਭ ਤੋਂ ਵੱਡੀ ਪੂਜਾ ਹੈ | ਸਾਡਾ ਫਰਜ਼ ਹੈ ਕਿ ਅਸੀਂ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣੀਏ ਅਤੇ ਉਨ੍ਹਾਂ ਨੂੰ ਕਦੇ ਇਕੱਲੇਪਣ ਦਾ ਅਹਿਸਾਸ ਨਾ ਹੋਣ ਦੇਈਏ |
-ਮੰਜਿਸ਼ਠਾ ਗੁਪਤਾਮੰਡੀ ਅਹਿਮਦਗੜ੍ਹ |