18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਾਜਪਾ ਦੀ ਨਵੀਂ ਕੌਮੀ ਟੀਮ

ਭਾਜਪਾ ਦੀ ਨਵੀਂ ਕੌਮੀ ਟੀਮ

Ad Position 21
No active advertisement
ਅਜੀਤ ਡੈਸਕ 19-08-2026

ਭਾਰਤੀ ਜਨਤਾ ਪਾਰਟੀ ਦੇ ਕੌਮੀ ਸੰਗਠਨ ਵਿਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦੀ ਵੱਡੀ ਪੱਧਰ 'ਤੇ ਚਰਚਾ ਹੋਈ ਹੈ | ਇਨ੍ਹਾਂ ਦੇ ਨਾਵਾਂ 'ਤੇ ਨਜ਼ਰ ਮਾਰਦਿਆਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਇਨ੍ਹਾਂ ਵਿਚ ਜਿੱਥੇ ਵੱਖ-ਵੱਖ ਵਰਗਾਂ ਨੂੰ  ਨੁਮਾਇੰਦਗੀ ਦੇਣ ਦਾ ਯਤਨ ਕੀਤਾ ਗਿਆ ਹੈ, ਉੱਥੇ ਵੱਖ-ਵੱਖ ਰਾਜਾਂ ਦੀ ਪ੍ਰਤੀਨਿਧਤਾ ਨੂੰ  ਵੀ ਯਕੀਨੀ ਬਣਾਇਆ ਗਿਆ ਹੈ | ਸਾਲ 2024 ਵਿਚ ਕੌਮੀ ਜਮਹੂਰੀ ਗੱਠਜੋੜ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਤੀਸਰੀ ਵਾਰ ਸਹੁੰ ਚੁੱਕੀ ਸੀ | ਇਕ ਵੱਡੇ, ਬੇਹੱਦ ਗੁੰਝਲਦਾਰ, ਕਈ ਧਰਮਾਂ ਅਤੇ ਅਨੇਕਾਂ-ਅਨੇਕ ਜਾਤਾਂ-ਬਰਾਦਰੀਆਂ ਵਾਲੇ ਇਸ ਮੁਲਕ ਵਿਚ 5-5 ਸਾਲ ਦੇ ਵਕਫ਼ੇ ਤੋਂ ਬਾਅਦ ਲਗਾਤਾਰ ਤੀਸਰੀ ਵਾਰ ਮੁਲਕ ਦੀ ਵਾਗਡੋਰ ਸੰਭਾਲਣਾ ਵੱਡੀ ਹੈਰਾਨੀ ਵਾਲੀ ਗੱਲ ਜ਼ਰੂਰ ਹੈ | ਅੱਜ ਵੀ ਸਰਕਾਰ ਸਾਹਮਣੇ ਅਨੇਕਾਂ-ਅਨੇਕ ਚੁਣੌਤੀਆਂ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ | ਚਾਹੇ ਭਾਜਪਾ ਨੇ ਸਿਆਸੀ ਤੌਰ 'ਤੇ ਦੂਸਰੀਆਂ ਵੱਡੀਆਂ ਪਾਰਟੀਆਂ ਨੂੰ  ਹਾਸ਼ੀਏ 'ਤੇ ਲਿਆ ਖੜ੍ਹਾ ਕੀਤਾ ਹੈ, ਪਰ ਪਿਛਲੇ ਦਿਨੀਂ ਦਿੱਲੀ ਦੇ ਜੰਤਰ-ਮੰਤਰ ਵਿਚ ਹਵਾ 'ਚੋਂ ਹੀ ਨਵੀਂ ਉੱਭਰੀ ਕਾਕਰੋਚ ਜਨਤਾ ਪਾਰਟੀ ਨੇ ਸਰਕਾਰ ਲਈ ਇਕ ਬਹੁਤ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਸੀ |
ਅੱਜ ਨੌਜਵਾਨ ਵਰਗ ਸਾਹਮਣੇ ਮੁੱਖ ਮੁੱਦੇ ਨੌਕਰੀਆਂ ਦੇ ਨਾਲ-ਨਾਲ ਵਿੱਦਿਆ ਦੇ ਹਨ | ਮੋਦੀ ਸਰਕਾਰ ਦੇਸ਼ ਵਿਚੋਂ ਗੁਰਬਤ ਘਟਾਉਣ ਦੇ ਅੰਕੜੇ ਪੇਸ਼ ਕਰਦੀ ਰਹੀ ਹੈ, ਪਰ ਲਗਾਤਾਰ ਕੀਤੇ ਵਾਅਦਿਆਂ ਦੇ ਬਾਵਜੂਦ ਇਹ ਦੇਸ਼ ਦੀ ਵੱਡੀ ਸਮੱਸਿਆ ਬਣੀ ਬੇਰੁਜ਼ਗਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਣ ਵਿਚ ਅਸਮਰੱਥ ਰਹੀ ਹੈ | ਦੁਨੀਆ ਭਰ ਵਿਚ ਸਭ ਤੋਂ ਵੱਡੀ ਆਬਾਦੀ ਵਾਲੇ ਇਸ ਮੁਲਕ ਵਿਚ ਆਉਣ ਵਾਲੇ ਸਮੇਂ ਵਿਚ ਵੀ ਰੁਜ਼ਗਾਰ ਦਾ ਮਸਲਾ ਇਕ ਵੱਡੀ ਸਮੱਸਿਆ ਬਣਿਆ ਰਹੇਗਾ | ਸਰਕਾਰ ਨੂੰ  ਮਿਲ ਰਹੀਆਂ ਅਜਿਹੀਆਂ ਚੁਣੌਤੀਆਂ ਨੂੰ  ਮੁੱਖ ਰੱਖਦਿਆਂ ਹੀ ਭਾਜਪਾ ਵਲੋਂ ਨਵੀਂ ਟੀਮ ਬਣਾਉਣ ਸਮੇਂ ਇਨ੍ਹਾਂ ਚੁਣੌਤੀਆਂ ਨੂੰ  ਵੀ ਧਿਆਨ 'ਚ ਰੱਖਿਆ ਗਿਆ ਹੈ | ਨਿਤਿਨ ਨਬੀਨ ਨੂੰ  ਭਾਜਪਾ ਦਾ ਕੌਮੀ ਪ੍ਰਧਾਨ ਬਣਿਆਂ ਮਹਿਜ਼ 7 ਮਹੀਨੇ ਹੋਏ ਹਨ, ਜਿਸ ਤੋਂ ਬਾਅਦ ਪਾਰਟੀ ਵਲੋਂ ਇਸ ਟੀਮ ਦਾ ਐਲਾਨ ਕੀਤਾ  ਗਿਆ ਹੈ | ਆਉਂਦੇ ਸਾਲ ਵਿਚ ਕੁਝ ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ | ਇਨ੍ਹਾਂ ਵਿਚੋਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਇਸ ਲਈ ਵੱਡੀ ਮਹੱਤਤਾ ਰੱਖਦੀਆਂ ਹਨ, ਕਿਉਂਕਿ ਇਸ ਰਾਜ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਅਸਰ ਪੂਰੇ ਮੁਲਕ ਦੀ ਸਿਆਸਤ 'ਤੇ ਸਪੱਸ਼ਟ ਦੇਖਿਆ ਜਾਂਦਾ ਰਿਹਾ ਹੈ | ਇਸੇ ਲਈ ਹੀ ਨਵੀਂ ਟੀਮ ਵਿਚ ਉੱਤਰ ਪ੍ਰਦੇਸ਼ ਦੀ ਹਰ ਤਰ੍ਹਾਂ ਦੀ ਪ੍ਰਤੀਨਿਧਤਾ ਨੂੰ  ਸਾਹਮਣੇ ਰੱਖਿਆ ਗਿਆ ਹੈ | ਇਸੇ ਲਈ ਇਸ ਟੀਮ ਵਿਚ 2 ਮਹੱਤਵਪੂਰਨ ਮੁਸਲਿਮ ਚਿਹਰਿਆਂ ਨੂੰ  ਵੀ ਥਾਂ ਦਿੱਤੀ ਗਈ ਹੈ | ਡਾ. ਤਾਰਿਕ ਮਨਸੂਰ, ਕੁੰਵਰ ਬਾਸਿਤ ਅਲੀ ਇਸ ਟੀਮ ਦੇ ਮੈਂਬਰ ਹਨ | ਡਾ. ਤਾਰਿਕ, ਜੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰਹਿ ਚੁੱਕੇ ਹਨ, ਨੂੰ  ਰਾਸ਼ਟਰੀ ਉਪ ਪ੍ਰਧਾਨ ਐਲਾਨਿਆ ਗਿਆ ਹੈ ਅਤੇ ਕੁੰਵਰ ਬਾਸਿਤ ਅਲੀ ਨੂੰ  ਘੱਟ ਗਿਣਤੀ ਮੋਰਚੇ ਦਾ ਪ੍ਰਧਾਨ ਬਣਾਇਆ ਗਿਆ ਹੈ | ਇਹ ਦੋਵੇਂ ਹੀ ਮੁਸਲਿਮ ਨੇਤਾ ਉੱਤਰ ਪ੍ਰਦੇਸ਼ ਨਾਲ ਸੰਬੰਧ ਰੱਖਦੇ ਹਨ | ਮੋਦੀ ਸਰਕਾਰ ਨੇ ਸੰਸਦ ਅਤੇ ਰਾਜਾਂ ਵਿਚ ਔਰਤਾਂ ਦੀ ਵੱਧ ਤੋਂ ਵੱਧ ਪ੍ਰਤੀਨਿਧਤਾ ਨੂੰ  ਯਕੀਨੀ ਬਣਾਉਣ ਦਾ ਵੀ ਵਾਅਦਾ ਕੀਤਾ ਹੈ | ਆਪਣੀ ਨਵੀਂ ਟੀਮ ਵਿਚ ਨਿਤਿਨ ਨਬੀਨ ਨੇ ਔਰਤਾਂ ਦੀ ਗਿਣਤੀ ਵੀ ਵਧਾਈ ਹੈ ਅਤੇ ਉਨ੍ਹਾਂ ਨੂੰ  ਵੱਡੇ ਅਹੁਦੇ ਵੀ ਦਿੱਤੇ ਹਨ | ਇਸ ਟੀਮ ਵਿਚ 12 ਔਰਤਾਂ ਸ਼ਾਮਿਲ ਹਨ, ਜੋ ਆਪੋ-ਆਪਣੇ ਖੇਤਰ ਵਿਚ ਵੱਡਾ ਪ੍ਰਭਾਵ ਰੱਖਦੀਆਂ ਹਨ | ਪਿਛਲੇ ਸਮੇਂ ਵਿਚ ਪਾਰਟੀ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਅੱਜ ਬਿਜਲਈ ਦੌਰ ਵਿਚ ਪਾਰਟੀ ਦਾ ਬਹੁਤਾ ਪ੍ਰਭਾਵ ਡਿਜੀਟਲ ਢੰਗ ਤਰੀਕਿਆਂ ਨਾਲ ਹੀ ਬਣਾਇਆ ਜਾ ਸਕਦਾ ਹੈ | ਕਾਕਰੋਚ ਜਨਤਾ ਪਾਰਟੀ ਨੇ ਵੀ ਇਸ ਮਾਧਿਅਮ ਦੀ ਵੱਡੀ ਵਰਤੋਂ ਕੀਤੀ ਸੀ | ਉਸ ਸਮੇਂ ਇਹ ਮਹਿਸੂਸ ਕੀਤਾ ਗਿਆ ਸੀ ਕਿ ਭਾਜਪਾ ਦਾ ਆਈ.ਟੀ. ਸੈੱਲ ਆਪਣਾ ਪੂਰਾ ਪ੍ਰਭਾਵ ਨਹੀਂ ਦਿਖਾ ਸਕਿਆ | ਇਸੇ ਲਈ ਹੀ ਇਸ ਦੇ ਇੰਚਾਰਜ ਅਮਿਤ ਮਾਲਵੀਆ ਨੂੰ  ਹਟਾ ਕੇ ਦੀਪਕ ਮਹਸਕੇ ਨੂੰ  ਇਹ ਅਹੁਦਾ ਦਿੱਤਾ ਗਿਆ ਹੈ |
ਭਾਜਪਾ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿਚ ਵੀ ਆਪਣਾ ਪ੍ਰਭਾਵ ਬਣਾਉਣ ਦੇ ਯਤਨ ਵਿਚ ਹੈ | ਸੂਬੇ ਨਾਲ ਸੰਬੰਧਿਤ ਰਹੇ ਤਿੰਨ ਵੱਡੇ ਆਗੂਆਂ ਨੂੰ  ਵਿਸ਼ੇਸ਼ ਅਹੁਦੇ ਦਿੱਤੇ ਗਏ ਹਨ | ਮਨਪ੍ਰੀਤ ਸਿੰਘ ਬਾਦਲ, ਜੋ ਪਹਿਲਾਂ ਅਕਾਲੀ ਦਲ ਵਿਚ ਸਨ, ਨੇ ਇਕ ਸਮੇਂ ਆਪਣੀ ਪੰਜਾਬ ਪੀਪਲਜ਼ ਪਾਰਟੀ ਬਣਾ ਲਈ ਸੀ | ਉਸ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ | ਫਿਰ ਉਹ ਕੁਝ ਸਾਲ ਪਹਿਲਾਂ ਹੀ ਭਾਜਪਾ 'ਚ ਸ਼ਾਮਿਲ ਹੋ ਗਏ ਸਨ | ਉਨ੍ਹਾਂ ਨੂੰ  ਰਾਸ਼ਟਰੀ ਉਪ ਪ੍ਰਧਾਨ ਬਣਾਉਣ ਨੂੰ  ਵੀ ਪੰਜਾਬ ਦੀਆਂ ਆਉਂਦੀਆਂ ਚੋਣਾਂ ਦੇ ਸੰਦਰਭ ਵਿਚ ਹੀ ਦੇਖਿਆ ਜਾ ਸਕਦਾ ਹੈ | ਅੰਮਿ੍ਤਸਰ ਨਾਲ ਸੰਬੰਧਿਤ ਰਹੇ ਤਰੁਣ ਚੁੱਘ ਨੂੰ  ਇਸ ਕੌਮੀ ਪਾਰਟੀ ਵਿਚ ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਰਿਹਾ ਹੈ | ਹੁਣ ਉਨ੍ਹਾਂ ਨੂੰ  ਰਾਸ਼ਟਰੀ ਦਫ਼ਤਰ ਦਾ ਇੰਚਾਰਜ ਐਲਾਨਣਾ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ | ਸੰਦੀਪ ਪਾਠਕ ਨੂੰ  ਵੀ ਰਾਸ਼ਟਰੀ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ | ਉਹ ਵੀ ਪਿਛਲਾ ਲੰਮਾ ਸਮਾਂ ਪੰਜਾਬ ਵਿਚ ਵਿਚਰਦੇ ਰਹੇ ਹਨ | ਸੂਬੇ ਵਿਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਵਿਚ ਸੰਦੀਪ ਪਾਠਕ ਦੀ ਵੀ ਅਹਿਮ ਭੂਮਿਕਾ ਮੰਨੀ ਜਾਂਦੀ ਰਹੀ ਹੈ | ਇਸ ਨਵੀਂ ਟੀਮ ਤੋਂ ਕੁੱਲ ਮਿਲਾ ਕੇ ਇਹ ਪ੍ਰਭਾਵ ਜ਼ਰੂਰ ਬਣਿਆ ਹੈ, ਕਿ ਭਾਜਪਾ ਮੁਲਕ ਭਰ ਵਿਚ ਆਪਣੇ ਪ੍ਰਭਾਵ ਨੂੰ  ਬਣਾਈ ਰੱਖਣ ਲਈ ਯਤਨਸ਼ੀਲ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਸੁਚੇਤ ਹੋ ਕੇ ਦੇਸ਼ ਦੀ ਸਿਆਸਤ ਵਿਚ ਵਿਚਰਨ ਦਾ ਯਤਨ ਕਰ ਰਹੀ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਦੀ ਵਧੇਰੇ ਵਰਤੋਂ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-ਪੰਜਾਬੀਆਂ ਨੂੰ ਸੋਚਣ ਦੀ ਲੋੜ
Ad Position 24