ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਫਰਵਰੀ ਮਹੀਨੇ ਤੱਕ ਹੋਣੀਆਂ ਹਨ | ਇਸ ਵਿਚ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਸ਼ਾਮਿਲ ਹਨ | ਪੰਜਾਬ 'ਚ ਇਹ ਚੋਣਾਂ ਨਵੰਬਰ 2026 ਵਿਚ ਹੋ ਜਾਣ ਦੇ ਵੀ ਚਰਚੇ ਹਨ | ਇਸ ਵੇਲੇ ਚੋਣਾਂ ਲੜਨ ਵਾਲੀਆਂ ਸਾਰੀਆਂ ਧਿਰਾਂ ਕਈ ਮਹੀਨਿਆਂ ਤੋਂ ਪੂਰੀ ਤਰ੍ਹਾਂ ਸਰਗਰਮ ਹਨ ਤੇ ਸੱਤਾ ਲਈ ਵੱਡੇ ਲਾਮ ਲਸ਼ਕਰ ਲੈ ਕੇ ਲੋਕਾਂ ਨੂੰ ਭਰਮਾਉਣ ਲਈ ਪੂਰੀ ਟਿੱਲ ਲਾ ਰਹੀਆਂ ਹਨ | ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਦਿਆਂ ਲੋਕਾਂ ਨੂੰ ਸਬਜ਼ਬਾਗ਼ ਦਿਖਾਏ ਜਾ ਰਹੇ ਹਨ | ਝੂਠੇ ਲਾਰਿਆਂ ਦੀ ਭਰਮਾਰ ਹੈ | ਧਰਮ, ਜਾਤ, ਫਿਰਕੇ ਆਦਿ ਦਾ ਵਾਸਤਾ ਵੀ ਪਾਇਆ ਜਾ ਰਿਹਾ ਹੈ, ਪਰ ਲੋਕਾਂ ਦੇ ਮੁੱਦੇ ਗ਼ਾਇਬ ਹਨ | ਪਹਿਲੀਆਂ ਚੋਣਾਂ ਵਾਂਗ ਇਸ ਵਾਰ ਵੀ ਕਾਵਾਂ ਰੌਲੀ ਪਾ ਕੇ ਪਹਿਲਾਂ ਨਾਲੋਂ ਵੱਡੇ ਕੀਰਤੀਮਾਨ ਸਥਾਪਿਤ ਕਰਨ ਲਈ ਪੂਰੀ ਟਿੱਲ ਲਾਈ ਜਾ ਰਹੀ ਹੈ |
ਪੰਜਾਬ 'ਚ ਨਸ਼ੇ ਵੱਡੀ ਸਮੱਸਿਆ ਬਣੇ ਹੋਏ ਹਨ | ਹਰ ਕੋਈ ਨਸ਼ੇ ਖਤਮ ਕਰਨ ਦੇ ਵਾਅਦੇ ਕਰ ਰਿਹਾ ਹੈ, ਪਰ ਨਸ਼ੇ ਵੇਚਣ ਵਾਲੇ ਹਰ ਪਾਰਟੀ 'ਚ ਮੌਜੂਦ ਹਨ | ਇਕ ਟੈਲੀਫੋਨ 'ਤੇ ਨਸ਼ਾ ਘਰੋ-ਘਰੀ ਪਹੁੰਚ ਜਾਂਦਾ ਹੈ | ਪੁਲਿਸ ਤੇ ਨਸ਼ੇ ਰੋਕਣ ਦਾ ਦਾਅਵਾ ਕਰਨ ਵਾਲੇ ਨੇਤਾਵਾਂ ਦੇ ਸਾਰੇ ਨਸ਼ੇ ਵੇਚਣ ਵਾਲੇ ਭਾਈਵਾਲ ਹਨ, ਕਿਉਂਕਿ ਇਨ੍ਹਾਂ ਦੀ ਸਰਪ੍ਰਸਤੀ ਤੋਂ ਬਿਨਾਂ ਨਸ਼ੇ ਦਾ ਧੰਦਾ ਹੋ ਹੀ ਨਹੀਂ ਸਕਦਾ | ਸਰਹੱਦ ਨਾਲ ਲਗਦੀ ਪੰਜਾਬ ਦੀ 50 ਕਿਲੋਮੀਟਰ ਦੀ ਪੱਟੀ ਕੇਂਦਰੀ ਸੁਰੱਖਿਆ ਬਲ ਦੇ ਅਧੀਨ ਹੈ, ਫਿਰ ਵੀ ਨਸ਼ਿਆਂ ਨਾਲ ਲੱਦੇ ਡਰੋਨ ਸਰਹੱਦ ਪਾਰੋਂ ਆ ਰਹੇ ਹਨ | ਦੋ ਦਹਾਕਿਆਂ ਤੋਂ ਕਈ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰ ਨਸ਼ਿਆਂ 'ਤੇ ਕੋਈ ਵੀ ਕਾਬੂ ਨਾ ਪਾ ਸਕਿਆ | ਪਤਾਂ ਨਹੀਂ ਪੰਜਾਬ ਸਿਰੋਂ ਇਹ ਲਾਅਨਤ ਕਦੋਂ ਲੱਥੇਗੀ? ਸਾਰੇ ਦੇਸ਼ ਵਾਂਗ ਪੰਜਾਬ ਵਿਚ ਵੀ ਬੇਰੁਜ਼ਗਾਰੀ ਘੱਟ ਨਹੀਂ | ਸਾਡੇ ਬੱਚੇ ਡਿਗਰੀਆਂ ਚੁੱਕੀ ਫਿਰਦੇ ਹਨ, ਪਰ ਰੁਜ਼ਗਾਰ ਨਾ ਹੋਣ ਕਰਕੇ ਅਣਸੁਖਾਵੇਂ ਮਾਹੌਲ 'ਚ ਕਰਜ਼ੇ ਚੁੱਕ-ਚੁੱਕ ਕੇ ਪੜ੍ਹਾਈ ਦੇ ਬਹਾਨੇ ਵਿਦੇਸ਼ਾਂ ਨੂੰ ਭੱਜ ਰਹੇ ਹਨ | ਪਰ ਹੁਣ ਉਹ ਵਿਦੇਸ਼ਾਂ ਵਿਚ ਵੀ ਫਸੇ ਹੋਏ ਮਹਿਸੂਸ ਕਰ ਰਹੇ ਹਨ | ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ ਮੋਦੀ ਸਰਕਾਰ ਦੇ ਰਾਜ 'ਚ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ | ਪੰਜਾਬ ਦੇ ਮੁੱਖ ਮੰਤਰੀ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕਰਦੇ ਹਨ, ਪਰ ਨੌਕਰੀਆਂ ਕਿਸ ਨੂੰ ਦਿੱਤੀਆਂ ਹਨ ਕਦੇ ਨਹੀਂ ਦੱਸਦੇ | ਠੇਕਾ ਭਰਤੀ ਜਾਂ ਮਾਮੂਲੀ ਤਨਖਾਹ 'ਤੇ ਕੰਮ ਕਰਦੇ ਮੁਲਾਜ਼ਮ ਪੱਕੇ ਹੋਣ ਲਈ ਸੜਕਾਂ 'ਤੇ ਅੰਦੋਲਨ ਕਰਦਿਆਂ ਸਰਕਾਰ ਤੋਂ ਡਾਂਗਾਂ ਖਾ ਰਹੇ ਹਨ | ਭਗਵੰਤ ਮਾਨ ਸਰਕਾਰ ਨੇ ਨੌਕਰੀ ਲੈਣ ਸਮੇਂ ਪ੍ਰਾਰਥਨਾ ਪੱਤਰ ਨਾਲ ਪੰਜਾਬ ਦਾ ਵਾਸੀ ਹੋਣ ਦਾ ਸਰਟੀਫਿਕੇਟ ਲਾਉਣ ਦੀ ਸ਼ਰਤ ਹਟਾ ਕੇ ਪਾਪ ਕੀਤਾ ਹੈ, ਜਿਸ ਦੇ ਚਲਦਿਆਂ ਪਿਛਲੇ ਸਾਲ ਬਿਜਲੀ ਬੋਰਡ 'ਚ ਭਰਤੀ ਸਮੇਂ ਦੋ ਤਿਹਾਈ ਨੌਕਰੀਆਂ ਰਾਜਸਥਾਨ, ਹਰਿਆਣੇ ਤੇ ਹਿਮਾਚਲ ਦੇ ਲੋਕ ਹੀ ਲੈ ਗਏ |
ਵਿੱਦਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਦੇਸ਼ ਭਰ 'ਚ ਮੋਹਰੀ ਹੋਣ ਦੇ ਦਾਅਵੇ ਕਰਦੀ ਹੈ, ਪਰ ਦਸਵੀਂ ਜਮਾਤ ਦੇ ਬਹੁਤੇ ਵਿਦਿਆਰਥੀਆਂ ਨੂੰ ਪਹਾੜੇ ਤੱਕ ਨਹੀਂ ਆਉਂਦੇ | ਸਰਕਾਰੀ ਸਕੂਲਾਂ ਤੇ ਕਾਲਜਾਂ ਵਿਚ ਲੋੜੀਂਦੇ ਅਧਿਆਪਕ ਨਹੀਂ ਹਨ | ਪੰਜਾਬ ਦਾ ਧਰਤੀ ਹੇਠਲਾ ਪਾਣੀ ਬਹੁਤ ਦੂਸ਼ਿਤ ਹੋ ਗਿਆ ਹੈ, ਇਸ 'ਚ ਯੂਰੇਨੀਅਮ, ਫਲੋਰਾਈਡ, ਲੈੱਡ, ਹੈਵੀ ਮੈਟਲਜ਼, ਨਾਈਟਰੇਟਸ ਜਿਹੇ ਜ਼ਹਿਰੀਲੇ ਤੱਤਾਂ ਦੀ ਭਰਮਾਰ ਹੈ | ਇਸ ਨਾਲ ਪੰਜਾਬ ਵਿਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ | ਸਨਅਤਾਂ ਵਾਲੇ ਕਾਰਖਾਨਿਆਂ ਦਾ ਗੰਦਾ ਪਾਣੀ ਬੋਰਾਂ ਰਾਹੀਂ ਸਿੱਧਾ ਧਰਤੀ 'ਚ ਪਾ ਰਹੇ ਹਨ, ਪਰ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ | ਭਾਰਤੀ ਮੈਡੀਕਲ ਖੋਜ ਸੰਸਥਾ ਦੀ ਰਿਪੋਰਟ ਅਨੁਸਾਰ ਪੰਜਾਬ 'ਚ ਰੋਜ਼ਾਨਾ ਕੈਂਸਰ ਨਾਲ 68 ਮੌਤਾਂ ਹੋ ਰਹੀਆਂ ਹਨ | ਕੇਂਦਰੀ ਜਲ ਸਰੋਤ ਮੰਤਰੀ ਨੇ 2025 ਵਿਚ ਪਾਰਲੀਮੈਂਟ ਵਿਚ ਕਿਹਾ ਕਿ ਪੰਜਾਬ ਕੈਂਸਰ ਸਟੇਟ ਬਣ ਚੁੱਕਾ ਹੈ | ਇਕ ਖੋਜ ਅਨੁਸਾਰ ਜੇ ਫੌਰੀ ਕਦਮ ਨਾ ਚੁੱਕੇ ਗਏ ਤਾਂ ਅਗਲੇ 3 ਸਾਲਾਂ ਬਾਅਦ ਪੰਜਾਬ ਦੇ ਹਰ ਘਰ 'ਚ ਘੱਟੋ-ਘੱਟ ਇਕ ਕੈਂਸਰ ਦਾ ਮਰੀਜ਼ ਹੋਵੇਗਾ | ਪੰਜਾਬੀ ਇਸ ਵੇਲੇ ਧਰਤੀ ਦੀ ਦੂਜੀ ਤਹਿ 'ਚੋਂ ਪਾਣੀ ਕੱਢ ਰਹੇ ਹਨ, ਜੋ ਬੇਹੱਦ ਦੂਸ਼ਿਤ ਹੈ ਤੇ ਇਸ ਤਹਿ ਦਾ ਪਾਣੀ ਬਹੁਤ ਜਲਦੀ ਕੁਝ ਸਾਲਾਂ ਵਿਚ ਹੀ ਮੁੱਕਣ ਵਾਲਾ ਹੈ | ਕੋਈ ਵੀ ਸਿਆਸੀ ਧਿਰ ਇਸ ਬੇਹੱਦ ਗੰਭੀਰ ਮੁੱਦੇ 'ਤੇ ਨਹੀਂ ਬੋਲਦੀ | ਕੇਵਲ ਕਿਸਾਨ ਜਥੇਬੰਦੀਆਂ ਇਸ ਲੜਾਈ ਲਈ ਪ੍ਰੋਗਰਾਮ ਉਲੀਕ ਰਹੀਆਂ ਹਨ | ਸਰਕਾਰ ਨੂੰ ਤੁਰੰਤ ਹਰ ਪਿੰਡ ਤੇ ਸ਼ਹਿਰ ਦੇ ਹਰ ਘਰ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ |
ਸਾਡੇ ਦੇਸ਼ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ | ਦੇਸ਼ ਦੀ ਕੁੱਲ ਆਬਾਦੀ ਦਾ ਤਿੰਨ ਚੌਥਾਈ ਤੋਂ ਵੱਧ ਹਿੱਸਾ ਕਿਸਾਨ ਤੇ ਮਜ਼ਦੂਰ ਹਨ, ਜੋ ਖੇਤੀ 'ਚੋਂ ਉਪਜੀਵਕਾ ਪੈਦਾ ਕਰਕੇ ਪਰਿਵਾਰ ਪਾਲਦੇ ਹਨ ਤੇ ਇਹ ਖੇਤੀ ਦਾ ਕਿੱਤਾ ਖਤਰੇ ਵਿਚ ਹੈ | ਮੋਦੀ ਸਰਕਾਰ ਅਮਰੀਕਾ ਨਾਲ ਇਕ ਕਰ ਮੁਕਤ ਵਪਾਰ ਸਮਝੌਤਾ ਕਰਨ ਲਈ ਪੱਬਾਂ ਭਾਰ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਤਾ ਨਹੀਂ ਕਿਉਂ ਸਾਡੇ ਪ੍ਰਧਾਨ ਮੰਤਰੀ 'ਤੇ ਦਬਾਅ ਪਾ ਕੇ ਉਨ੍ਹਾਂ ਨੂੰ ਇਹ ਸਮਝੌਤਾ ਛੇਤੀ ਕਰਨ ਲਈ ਧਮਕਾ ਰਹੇ ਹਨ | ਮੋਦੀ ਸਰਕਾਰ ਕਿਸਾਨਾਂ ਤੇ ਦੇਸ਼ ਵਾਸੀਆਂ ਨੂੰ ਇਸ ਸਮਝੌਤੇ ਦੀ ਪੂਰੀ ਸਚਾਈ ਦੱਸਣ ਲਈ ਤਿਆਰ ਨਹੀਂ | ਜਦਕਿ ਅਮਰੀਕਾ ਦੇ ਖੇਤੀ ਵਿਭਾਗ ਦੀ ਸੈਕਟਰੀ ਅਰਥਾਤ ਖੇਤੀ ਮੰਤਰੀ ਅਮਰੀਕਨ ਕਿਸਾਨਾਂ ਨਾਲ ਸ਼ੈਂਪੇਨ ਪਾਰਟੀਆਂ ਕਰਕੇ ਕਹਿ ਰਹੀ ਹੈ ਕਿ ਅਮਰੀਕਾ ਨੂੰ ਭਾਰਤ ਦੀ 145 ਕਰੋੜ ਦੀ ਆਬਾਦੀ ਵਾਲੀ ਮੰਡੀ ਮਿਲ ਗਈ ਹੈ | ਹੁਣ ਅਮਰੀਕਨ ਕਿਸਾਨਾਂ ਦੇ ਵਾਰੇ ਨਿਆਰੇ ਹੋ ਜਾਣਗੇ | ਪਰ ਸਾਡੀ ਸਰਕਾਰ ਨੇ ਸਾਜਸ਼ੀ ਚੁੱਪ ਧਾਰੀ ਹੋਈ ਹੈ | ਅਮਰੀਕਾ ਵਿਚ ਕਿਸਾਨਾਂ ਕੋਲ ਹਜ਼ਾਰਾਂ ਏਕੜ ਦੀ ਮਾਲਕੀ ਵਾਲੇ ਖੇਤ ਹਨ, ਜਿਨ੍ਹਾਂ ਨੂੰ ਅਮਰੀਕਾ ਸਰਕਾਰ ਮੋਟੀਆਂ ਰਕਮਾਂ ਸਬਸਿਡੀ ਵਜੋਂ ਵੀ ਦਿੰਦੀ ਹੈ | ਭਾਰਤ ਦੇ 86 ਫ਼ੀਸਦੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ, ਉਹ ਅਮਰੀਕਨ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਣਗੇੇ | ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਟਰੰਪ ਵਲੋਂ ਵਾਸ਼ਿੰਗਟਨ 'ਚ ਜਾਰੀ ਸਾਂਝੇ ਬਿਆਨ/ਫੈਕਟ ਸ਼ੀਟ ਅਨੁਸਾਰ ਅਮਰੀਕਾ ਤੋਂ ਭਾਰਤ ਦੀ ਮੰਡੀ ਵਿਚ ਹਰ ਤਰ੍ਹਾਂ ਦਾ ਅਨਾਜ, ਫ਼ਲਾਂ ਦਾ ਜੂਸ, ਖਾਣ ਵਾਲੇ ਤੇਲ ਖਾਸਕਰ ਸੋਇਆ ਤੇਲ, ਦੁੱਧ ਤੇ ਇਸ ਤੋਂ ਬਣੇ ਪਦਾਰਥ, ਮੱਛੀ ਤੇ ਪੋਲਟਰੀ ਦੀ ਪੈਦਾਵਾਰ ਭਾਰਤ ਦੀ ਮੰਡੀ ਵਿਚ ਆਵੇਗੀ | ਇਸ ਸਮਝੌਤੇ ਨਾਲ ਭਾਰਤ ਦੀ ਖੇਤੀ, ਪੋਲਟਰੀ, ਡੇਅਰੀ ਤੇ ਮੱਛੀ ਪਾਲਣ ਦੇ ਧੰਦਿਆਂ ਵਿਚ ਲੱਗੇ ਕਿਸਾਨ ਬਰਬਾਦ ਹੋ ਜਾਣਗੇ | ਅਫਸੋਸ ਹੈ ਕਿ ਵੋਟਾਂ ਮੰਗ ਕੇ ਸੱਤਾ ਪ੍ਰਾਪਤੀ ਦੀ ਲਾਲਸਾ ਵਾਲੇ ਲੋਕ ਚੁੱਪ ਹਨ ਅਤੇ ਉਹ ਇਸ ਮੁੱਦੇ ਉੱਤੇ ਬੋਲਣ ਲਈ ਤਿਆਰ ਨਹੀਂ ਹਨ |
ਪੰਜਾਬ ਅੱਜ ਹੈਡਲੈਸ ਸਟੇਟ ਹੈ, ਮਤਲਬ ਪੰਜਾਬ ਕੋਲ ਆਪਣੀ ਰਾਜਧਾਨੀ ਵੀ ਨਹੀਂ ਹੈ | ਪਰ ਸਾਡੀ ਰਾਜਧਾਨੀ ਚੰਡੀਗੜ੍ਹ 'ਤੇ ਕੇਂਦਰ ਦਾ ਕਬਜ਼ਾ ਹੈ | ਸਾਨੂ ਰੋਸ ਪ੍ਰਦਰਸ਼ਨ ਲਈ ਚੰਡੀਗੜ੍ਹ ਜਾਣ ਵਾਸਤੇ ਕੇਂਦਰੀ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ | ਦੇਸ਼ ਦੀ ਰਾਜਧਾਨੀ ਦਿੱਲੀ 'ਚ ਜਾ ਕੇ ਕੋਈ ਰੈਲੀ, ਧਰਨਾ, ਮੁਜ਼ਹਾਰਾ ਕਰਨਾ ਹੋਵੇ ਤਾਂ ਪੰਜਾਬੀਆਂ ਨੂੰ ਹਰਿਆਣਾ ਸਰਕਾਰ ਸ਼ੰਭੂ ਤੋਂ ਅੱਗੇ ਨਹੀਂ ਲੰਘਣ ਦਿੰਦੀ | ਮਨੋਹਰ ਲਾਲ ਖੱਟਰ ਦੇ ਸਮੇਂ ਗੈਰਕਾਨੂੰਨੀ ਬੈਰੀਕੇਡ ਲਾ ਕੇ ਪੰਜਾਬੀ ਕਿਸਾਨਾਂ 'ਤੇ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਫੱਟੜ ਕੀਤਾ ਗਿਆ |
ਮੌਜੂਦਾ ਮੁੱਖ ਮੰਤਰੀ ਸੈਣੀ ਨੇ ਵੀ ਇਸੇ ਤਰ੍ਹਾਂ ਬੈਰੀਕੇਡ ਲਾ ਕੇ ਰਸਤਾ ਬੰਦ ਕਰਕੇ ਸਾਨੂੰ ਵਾਰ-ਵਾਰ ਜ਼ਲੀਲ ਕੀਤਾ ਹੈ | ਫਿਰ ਉਹ ਕਿਹੜੇ ਮੂੰਹ ਨਾਲ ਪੰਜਾਬ ਵਿਚ ਵੋਟਾਂ ਮੰਗਣ ਲਈ ਆਉਂਦਾ ਹੈ | ਦਰਅਸਲ ਕਸੂਰ ਪੰਜਾਬੀਆਂ ਦਾ ਵੀ ਹੈ, ਇਹ ਸਿਆਸੀ ਲੋਕਾਂ ਨੂੰ ਦੇਖ ਕੇ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਭੱਜਦੇ ਹਨ | ਚੋਣਾਂ ਸਮੇਂ ਅਸੀਂ ਅੱਡੀਆਂ ਚੁੱਕ-ਚੁੱਕ ਨੇਤਾਵਾਂ ਦੀਆਂ ਕਾਰਾਂ ਵਿਚ ਚੜ੍ਹਨ ਲਈ ਕਾਹਲੇ ਪੈ ਜਾਂਦੇ ਹਾਂ | ਅਸੀਂ ਹੀ ਪਿੰਡਾਂ ਵਿਚ ਧੜੇਬਾਜ਼ੀ ਖੜ੍ਹੀ ਕਰਦੇ ਹਾਂ, ਅਸੀਂ ਸ਼ਰਾਬ ਬਦਲੇ ਵੋਟ ਦਿੰਦੇ ਹਾਂ, ਮਤਲਬ ਕੁਝ ਛਿੱਲੜਾਂ ਪਿੱਛੇ ਵੋਟਾਂ ਵੇਚ ਕੇ 5 ਸਾਲਾਂ ਲਈ ਆਪਣੇ ਹੱਕ ਗਹਿਣੇ ਪਾ ਦਿੰਦੇ ਹਾਂ | ਜਦੋਂ ਸੱਤਾਧਾਰੀ ਲੈਂਡ ਪੂਿਲੰਗ ਪਾਲਿਸੀ ਲਿਆ ਕੇ ਜ਼ਮੀਨਾਂ ਖੋਹਣ ਦੀ ਤਿਆਰੀ ਕਰਦੇ ਹਨ ਤਾਂ ਕਿਸਾਨ ਜਥੇਬੰਦੀਆਂ ਦੇ ਮੋਰਚੇ ਦੀ ਉਡੀਕ ਕਰਦੇ ਹਾਂ | ਇਸ ਵੇਲੇ ਪੰਜਾਬ ਸਾਢੇ 5 ਲੱਖ ਕਰੋੜ ਦਾ ਕਰਜ਼ਾਈ ਹੈ | ਇਹ ਸਾਰਾ ਕਰਜ਼ਾ ਸਰਕਾਰਾਂ ਨੇ ਵਿੰਗੇ ਟੇਢੇ ਢੰਗ ਨਾਲ ਤੁਹਾਡੀਆਂ ਹੀ ਜੇਬਾਂ 'ਚੋਂ ਕੱਢਣਾ ਹੈ |
ਪੰਜਾਬ ਵਾਸੀਆਂ ਲਈ ਹੁਣ ਸਮਝਣ ਤੇ ਵਿਚਾਰ ਕਰਨ ਦਾ ਸਮਾਂ ਹੈ, ਕਿਉਂਕਿ ਤੁਹਾਡਾ ਭਵਿੱਖ ਖਤਰਨਾਕ ਦੌਰ ਵਿਚ ਦਾਖਲ ਹੋ ਰਿਹਾ ਹੈ | ਕੀ ਤੁਹਾਡੇ ਵਿਰੁੱਧ ਜਾ ਕੇ ਸਮਝੌਤੇ ਕਰਨ ਵਾਲੇ ਲੋਕ ਸਰਕਾਰ ਵਿਚ ਜਾ ਕੇ ਤੁਹਾਡਾ ਭਵਿੱਖ ਬਚਾਅ ਸਕਣਗੇ | ਹੁਣ ਲੋਕਾਂ ਨੂੰ ਕਿਸੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣ ਕੇ ਸੋਚ ਸਮਝ ਕੇ ਵੋਟ ਪਾਉਣੀ ਸਿੱਖਣੀ ਪਵੇਗੀ | ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰ ਮੁਕਤ ਵਪਾਰਕ ਸਮਝੌਤਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਨਸ਼ਿਆਂ ਤੇ ਭਿ੍ਸ਼ਟਾਚਾਰ ਦੇ ਮਸਲੇ ਨੂੰ ਹੱਲ ਕਰਨ ਲਈ ਤੁਹਾਡੀ ਪਸੰਦ ਦਾ ਉਮੀਦਵਾਰ ਕਿੰਨੀ ਕੁ ਸਮਝ ਰੱਖਦਾ ਹੈ | ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਲੋਕਾਂ ਨੂੰ ਸਿਆਣੇ ਬਣਨਾ ਪਵੇਗਾ |
ਪ੍ਰਧਾਨ ਬੀ.ਕੇ.ਯੂ., ਭਗਵਾਨਪੁਰਾ ਰੋਡ, ਸਮਰਾਲਾ 141114, ਲੁਧਿਆਣਾ |
ਮੋਬਾਈਲ : 98142-28005