18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਪ੍ਰਭਾਵੀ ਵਿਰੋਧੀ ਧਿਰ

ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਪ੍ਰਭਾਵੀ ਵਿਰੋਧੀ ਧਿਰ

Ad Position 21
No active advertisement
ਅਜੀਤ ਡੈਸਕ 19-08-2026

ਮੈਂ ਆਪਣੀ ਗੱਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਥਨ ਨਾਲ ਸ਼ੁਰੂ ਕਰਦਾ ਹਾਂ ਕਿ ਇਕ ਮਜ਼ਬੂਤ ਸਰਕਾਰ ਦੇ ਨਾਲ-ਨਾਲ ਇਕ ਮਜ਼ਬੂਤ ਵਿਰੋਧੀ ਧਿਰ ਵੀ ਦੇਸ਼ ਦੀ ਜ਼ਰੂਰਤ ਹੈ | ਉਨ੍ਹਾਂ ਅਨੁਸਾਰ ਸਰਕਾਰਾਂ ਆਉਂਦੀਆਂ-ਜਾਂਦੀਆਂ ਹਨ, ਪਾਰਟੀਆਂ ਬਣਦੀਆਂ-ਟੁੱਟਦੀਆਂ ਰਹਿੰਦੀਆਂ ਪਰ ਦੇਸ਼ ਅਤੇ ਲੋਕਤੰਤਰ ਦਾ ਬਚਣਾ ਜ਼ਰੂਰੀ ਹੁੰਦਾ ਹੈ | ਮੈਂ ਸ੍ਰੀ ਵਾਜਪਾਈ ਦੀ ਗੱਲ ਨੂੰ ਅੱਜ ਦੇ ਸੰਦਰਭ ਵਿਚ ਵੇਖ ਰਿਹਾ ਹਾਂ ਕਿ ਅੱਜ ਦੀ ਸਿਆਸੀ ਸਥਿਤੀ ਇਹ ਹੈ ਕਿ ਗੱਲ ਦੇਸ਼ ਦੀ ਹੋਵੇ ਜਾਂ ਰਾਜ ਦੀ, ਸੱਤਾ 'ਤੇ ਕਾਬਜ਼ ਪਾਰਟੀਆਂ ਦਾ ਯਤਨ ਹੁੰਦਾ ਹੈ ਕਿ ਵਿਰੋਧੀ ਧਿਰ ਕਮਜ਼ੋਰ ਹੋਵੇ | ਏਨੀ ਕਮਜ਼ੋਰ ਹੋਵੇ ਕਿ ਹਾਕਮ ਖੁੱਲ੍ਹ ਕੇ ਆਪਣੀ ਮਨਮਰਜ਼ੀ ਕਰ ਸਕਣ | ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ | ਸਾਡਾ ਸੰਵਿਧਾਨ ਸਿਰਫ਼ ਚੋਣਾਂ ਨੂੰ ਹੀ ਨਹੀਂ ਵਿਚਾਰਾਂ ਦੇ ਟਕਰਾਅ ਨੂੰ ਵੀ ਓਨਾ ਹੀ ਮਹੱਤਵ ਦਿੰਦਾ ਹੈ | ਲੋਕਤੰਤਰ ਦਾ ਮਤਲਬ ਸਿਰਫ਼ ਬਹੁਮਤ ਨਹੀਂ ਹੁੰਦਾ, ਸਗੋਂ ਬਹੁਮਤ ਅਤੇ ਘੱਟ ਗਿਣਤੀ, ਸੱਤਾ ਅਤੇ ਵਿਰੋਧੀ ਧਿਰ ਵਿਚਕਾਰ ਸੰਤੁਲਨ ਹੁੰਦਾ ਹੈ | ਅੱਜ ਜੇਕਰ ਇਸ ਸੰਤੁਲਨ 'ਤੇ ਸਵਾਲ ਉੱਠ ਰਹੇ ਹਨ ਤਾਂ ਇਹ ਸਿਰਫ਼ ਕਿਸੇ ਇਕ ਪਾਰਟੀ ਦਾ ਮਸਲਾ ਨਹੀਂ, ਸਗੋਂ ਪੂਰੇ ਦੇਸ਼ ਦੇ ਲੋਕਤੰਤਰਿਕ ਢਾਂਚੇ ਦਾ ਮਸਲਾ ਹੈ | ਲੋਕਤੰਤਰ ਵਿਚ ਵਿਰੋਧੀ ਧਿਰ ਦਾ ਕੰਮ ਸਿਰਫ਼ ਵਿਰੋਧ ਕਰਨਾ ਨਹੀਂ, ਸਗੋਂ ਸਰਕਾਰ ਨੂੰ ਜਵਾਬਦੇਹ ਬਣਾਉਣਾ, ਨੀਤੀਆਂ ਦੀ ਕਮੀ ਦੱਸਣਾ ਅਤੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚਾਉਣਾ ਹੁੰਦਾ ਹੈ | 
ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਸਭਾ ਵਿਚ ਸਪੱਸ਼ਟ ਕਿਹਾ ਸੀ ਕਿ ਵਿਰੋਧੀ ਧਿਰ ਸੰਸਦ ਵਿਚ ਸਰਕਾਰ ਨਾਲੋਂ ਵੀ ਵੱਧ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਸਰਕਾਰ ਨੀਤੀ ਬਣਾਉਂਦੀ ਹੈ ਅਤੇ ਵਿਰੋਧੀ ਧਿਰ ਉਸ ਨੀਤੀ ਦੀ ਕਸੌਟੀ ਬਣਦੀ ਹੈ | ਜਦ ਇਹ ਕਸੌਟੀ ਹੀ ਖ਼ਤਮ ਹੋ ਜਾਵੇ ਤਾਂ ਗ਼ਲਤੀ ਦੇ ਸੁਧਰਨ ਦਾ ਮੌਕਾ ਹੀ ਨਹੀਂ ਰਹਿੰਦਾ | 
ਅੱਜ ਦੇਸ਼ ਦੀ ਵਿਰੋਧੀ ਧਿਰ ਦੋਸ਼ ਲਾ ਰਹੀ ਹੈ ਕਿ ਹਾਕਮ ਧਿਰ ਵਲੋਂ ਵੱਖ-ਵੱਖ ਯੋਜਨਾਬੱਧ ਤਰੀਕੇ ਅਪਣਾ ਕੇ ਵਿਰੋਧੀ ਧਿਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ | ਕੇਂਦਰ ਵਿਚ ਈ.ਡੀ., ਸੀ.ਬੀ.ਆਈ ਅਤੇ ਇਨਕਮ ਟੈਕਸ ਵਰਗੀਆਂ ਏਜੰਸੀਆਂ ਅਤੇ ਰਾਜਾਂ ਵਿਚ ਵਿਜੀਲੈਂਸ ਦੀ ਕਾਰਵਾਈ ਵੱਡੇ ਆਗੂਆਂ ਦੀ ਗਿ੍ਫ਼ਤਾਰੀ, ਪਾਰਟੀ ਫੰਡਾਂ 'ਤੇ ਰੋਕ ਅਤੇ ਮੀਡੀਆ ਦੀ ਇਕਪਾਸੜ ਕਵਰੇਜ ਨੂੰ ਇਸ ਦੀ ਉਦਾਹਰਨ ਵਜੋਂ ਪੇਸ਼ ਕੀਤਾ ਜਾਂਦਾ ਹੈ | ਕਾਂਗਰਸ ਦੇ ਸੀਨੀਅਰ ਆਗੂ ਮਲਿਕ ਅਰਜੁਨ ਖੜਗੇ ਨੇ ਰਾਜ ਸਭਾ ਵਿਚ ਕਿਹਾ ਸੀ ਜਦ ਕੁੱਝ ਸੰਸਥਾਵਾਂ ਨੂੰ ਵਿਰੋਧੀ ਧਿਰ ਨੂੰ ਚੁੱਪ ਕਰਵਾਉਣ ਲਈ ਵਰਤਿਆ ਜਾਵੇ ਤਾਂ ਲੋਕਤੰਤਰ ਖ਼ਤਰੇ ਵਿਚ ਆ ਜਾਂਦਾ ਹੈ | ਜੇਕਰ ਸੰਸਥਾਵਾਂ ਨਿਰਪੱਖ ਨਾ ਰਹਿਣ ਤਾਂ ਚੋਣ ਮੈਦਾਨ ਹੀ ਬਰਾਬਰ ਨਹੀਂ ਰਹਿੰਦਾ | 
ਦੂਸਰੇ ਪਾਸੇ ਇਹ ਵੀ ਸੱਚ ਹੈ ਕਿ ਵਿਰੋਧੀ ਧਿਰ ਆਪਣੀਆਂ ਗ਼ਲਤੀਆਂ ਕਾਰਨ ਕਮਜ਼ੋਰ ਹੋਈ ਹੈ | ਪਰਿਵਾਰਵਾਦ, ਅੰਦਰੂਨੀ ਕਲੇਸ਼, ਸਪੱਸ਼ਟ ਵਿਚਾਰਧਾਰਾ ਦੀ ਕਮੀ, ਕੁਰਸੀ ਦੀ ਲਾਲਸਾ, ਆਪਣੇ ਦੂਸਰੇ ਸਾਥੀਆਂ ਨੂੰ ਠਿੱਬੀ ਲਗਾਉਣ ਅਤੇ ਜ਼ਮੀਨੀ ਪੱਧਰ 'ਤੇ ਆਪਣੇ ਵਰਕਰਾਂ ਨਾਲ ਤਾਲਮੇਲ ਟੁੱਟਣਾ ਇਸ ਦੇ ਵੱਡੇ ਕਾਰਨ ਹਨ | ਸਿਆਸੀ ਵਿਦਵਾਨ ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਆਪਣੀ ਵਿਸ਼ਵਾਸਯੋਗਤਾ ਦਾ ਸੁਨੇਹਾ ਦੇਣ ਵਿਚ ਅਸਫਲ ਰਹੀ ਹੈ | ਲੋਕ ਸਿਰਫ਼ ਵਿਰੋਧ ਨਹੀਂ, ਸਗੋਂ ਬਦਲ ਚਾਹੁੰਦੇ ਹਨ | ਜਦ 26 ਪਾਰਟੀਆਂ ਦਾ ਗੱਠਜੋੜ ਵੀ ਇਕ ਸਾਂਝਾ ਏਜੰਡਾ ਦੇਣ ਵਿਚ ਅਸਫਲ ਰਹਿੰਦਾ ਹੈ ਤਾਂ ਲੋਕਾਂ ਦਾ ਭਰੋਸਾ ਹਿੱਲ ਜਾਂਦਾ ਹੈ | ਇਤਿਹਾਸ ਗਵਾਹ ਹੈ ਕਿ ਜਿੱਥੇ ਵਿਰੋਧੀ ਧਿਰ ਖ਼ਤਮ ਹੋਈ ਉੱਥੇ ਲੋਕਤੰਤਰ ਵੀ ਕਮਜ਼ੋਰ ਹੋ ਜਾਂਦਾ ਹੈ | ਜਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਘਟ ਜਾਂਦੇ ਹਨ ਤਾਂ ਬਿੱਲ ਬਿਨਾਂ ਬਹਿਸ ਤੋਂ ਪਾਸ ਹੋ ਜਾਂਦੇ ਹਨ | ਵਿਰੋਧੀ ਸੰਸਦ ਦੀ ਗਿਣਤੀ ਘੱਟ ਹੋਣ ਕਾਰਨ ਸੰਸਦੀ ਕਮੇਟੀਆਂ ਵੀ ਇਕ ਰਸਮ ਬਣ ਕੇ ਰਹਿ ਜਾਂਦੀਆਂ ਹਨ | ਨੋਬਲ ਪੁਰਸਕਾਰ ਜੇਤੂ ਅਤੇ ਅਰਥਸ਼ਾਸਤਰੀ ਅਮਰਤਿਆ ਸੇਨ ਨੇ ਚਿਤਾਵਨੀ ਦਿੱਤੀ ਸੀ ਕਿ ਅਸਹਿਮਤੀ ਤੋਂ ਬਿਨਾਂ ਲੋਕਤੰਤਰ ਸਿਰਫ਼ ਨਾਂਅ ਦਾ ਹੀ ਰਹਿ ਜਾਂਦਾ ਹੈ | ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਕਿ ਅੱਜ ਲੋਕਤੰਤਰ ਦਾ ਸਰੂਪ ਕੀ ਹੈ?
ਦੇਸ਼ ਦੇ ਹਿਤਾਂ ਲਈ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਲਈ ਦੋਵਾਂ ਧਿਰਾਂ ਨੂੰ ਕਦਮ ਚੁੱਕਣੇ ਪੈਣਗੇ | ਸਰਕਾਰ ਅਤੇ ਸੰਸਥਾਵਾਂ ਦਾ ਫ਼ਰਜ਼ ਹੈ ਕਿ ਨਿਰਪੱਖਤਾ ਕਾਇਮ ਰੱਖੀ ਜਾਵੇ | ਲੋਕਤੰਤਰ ਨੂੰ ਚੰਗੀ ਪ੍ਰਣਾਲੀ ਬਣਾਈ ਰੱਖਣ ਲਈ ਵਿਰੋਧੀ ਧਿਰ ਨੂੰ ਥਾਂ ਦੇਣੀ ਪਵੇਗੀ | ਦੂਸਰੇ ਪਾਸੇ ਵਿਰੋਧੀ ਧਿਰ ਨੂੰ ਵੀ ਆਤਮ ਚਿੰਤਨ ਕਰਨਾ ਪਵੇਗਾ | ਉਸ ਨੂੰ ਪੁਰਾਣੀ ਰਾਜਨੀਤੀ ਤੋਂ ਉੱਪਰ ਉੱਠ ਕੇ ਮੁੱਦਿਆਂ ਦੀ ਰਾਜਨੀਤੀ ਕਰਨੀ ਪਵੇਗੀ | ਰੁਜ਼ਗਾਰ, ਮਹਿੰਗਾਈ, ਸਿੱਖਿਆ ਅਤੇ ਸਿਹਤ ਵਰਗੇ ਮਸਲਿਆਂ 'ਤੇ ਇਕਜੁੱਟ ਹੋ ਕੇ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਪਵੇਗਾ, ਤਾਂ ਹੀ ਲੋਕਾਂ ਦਾ ਭਰੋਸਾ ਵਾਪਸ ਜਿੱਤਿਆ ਜਾ ਸਕਦਾ ਹੈ | ਹਾਕਮ ਧਿਰ ਨੂੰ ਵੀ ਵਿਰੋਧੀ ਧਿਰ ਬਹੁਤ ਜ਼ਿਆਦਾ ਕਮਜ਼ੋਰ ਕਰਨ ਲਈ ਕੰਮ ਨਹੀਂ ਕਰਨਾ ਚਾਹੀਦਾ | ਉਦਾਹਰਨ ਵਜੋਂ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਅੱਜ ਜਿਸ ਸਥਿਤੀ ਵਿਚ ਹੈ, ਉਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਲਈ ਕੇਵਲ ਅਕਾਲੀ ਆਗੂ ਹੀ ਜ਼ਿੰਮੇਵਾਰ ਨਹੀਂ, ਸਗੋਂ ਉਨ੍ਹਾਂ ਨੂੰ ਆਪਸ ਵਿਚ ਲੜਾ ਕੇ ਵੱਖ-ਵੱਖ ਧੜੇ ਬਣਾ ਕੇ ਵੀ ਖੇਡ ਖੇਡੀ ਜਾ ਰਹੀ ਹੈ |

-ਇੰਚਾਰਜ 'ਅਜੀਤ' ਉਪ ਦਫ਼ਤਰ, ਸੰਗਰੂਰ |
ਮੋਬਾਈਲ : 98142-82543

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-ਪੰਜਾਬੀਆਂ ਨੂੰ ਸੋਚਣ ਦੀ ਲੋੜ ਅਗਲੀ ਖ਼ਬਰ ਦੇਸ਼ ਵਿਚ ਪੈਰੋਲ ਦੇ ਵੱਖਰੇ-ਵੱਖਰੇ ਪੈਮਾਨੇ ਕਿਉਂ?
Ad Position 24