ਮਹਾਰਾਸ਼ਟਰ ਦੇ ਨਾਂਦੇੜ ਵਿਖੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਨੇ ਜਿੱਥੇ ਵੱਡੀ ਚਿੰਤਾ ਪੈਦਾ ਕੀਤੀ ਹੈ, ਉੱਥੇ ਇਸ ਪਵਿੱਤਰ ਧਾਰਮਿਕ ਸਥਾਨ 'ਤੇ ਕੀਤੀ ਗਈ ਇਸ ਮਾਰੂ ਕਾਰਵਾਈ ਦੀ ਸਭ ਪਾਸਿਓਂ ਸਖ਼ਤ ਨਿਖੇਧੀ ਵੀ ਕੀਤੀ ਗਈ ਹੈ। ਧਾਰਮਿਕ ਸਥਾਨ 'ਤੇ ਅਜਿਹੀ ਮੰਦਭਾਗੀ ਘਟਨਾ ਦੇ ਵਾਪਰਨ ਨਾਲ ਇਨ੍ਹਾਂ ਪਵਿੱਤਰ ਸਥਾਨਾਂ ਦੇ ਸਨਮਾਨ 'ਤੇ ਵੀ ਆਂਚ ਆਉਂਦੀ ਹੈ। ਇਸ ਨਾਲ ਧਾਰਮਿਕ ਸਥਾਨਾਂ ਦੀ ਪ੍ਰਤਿਭਾ 'ਤੇ ਵੀ ਵੱਡਾ ਅਸਰ ਪੈਂਦਾ ਹੈ। ਸੁਖਬੀਰ 'ਤੇ ਵੀ ਇਹ ਦੂਸਰਾ ਮਾਰੂ ਹਮਲਾ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਹੀ ਹੋਇਆ। ਇਸ ਤੋਂ ਪਹਿਲਾਂ ਦਸੰਬਰ, 2024 ਵਿਚ ਉਨ੍ਹਾਂ 'ਤੇ ਉਸ ਸਮੇਂ ਗੋਲੀ ਚਲਾਈ ਗਈ ਸੀ, ਜਦੋਂ ਉਹ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਅਕਾਲ ਤਖ਼ਤ ਦੀ ਹਦਾਇਤ 'ਤੇ 'ਸੇਵਾ ਨਿਭਾ' ਰਹੇ ਸਨ।ਕਦੇ ਸਿੱਖ ਇਤਿਹਾਸ ਵਿਚ ਅਜਿਹੀਆਂ ਮਾਨਤਾਵਾਂ ਸਨ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੋਈ ਵੀ ਹਿੰਸਕ ਕਾਰਵਾਈ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦਾ ਪਰ ਪਿਛਲੇ ਲੰਮੇ ਸਮੇਂ ਤੋਂ ਇਹ ਉੱਚ-ਮਾਨਤਾਵਾਂ ਖ਼ੁਰਦ-ਬੁਰਦ ਹੁੰਦੀਆਂ ਜਾ ਰਹੀਆਂ ਹਨ। ਸੁਖਬੀਰ ਨਾਲ ਜਾਂ ਅਕਾਲੀ ਦਲ ਬਾਦਲ ਨਾਲ ਸਿੱਖ ਭਾਈਚਾਰੇ ਦੇ ਹੀ ਕਈ ਧੜੇ ਨਾਰਾਜ਼ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਗੱਲਾਂ ਨੂੰ ਹੀ ਲੈ ਕੇ ਸੁਖਬੀਰ ਅਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋਣਾ ਪਿਆ ਸੀ ਅਤੇ ਆਪਣੇ ਰਾਜ ਕਾਲ ਸਮੇਂ ਕੀਤੀਆਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਉਨ੍ਹਾਂ ਨੇ ਨਿਮਰਤਾ ਸਹਿਤ ਧਾਰਮਿਕ ਸਜ਼ਾ ਵੀ ਭੁਗਤੀ ਸੀ। ਅਜਿਹੀਆਂ ਨਾਰਾਜ਼ਗੀਆਂ ਅਤੇ ਸਿਧਾਂਤਕ ਵਖਰੇਵੇਂ ਹੁਣ ਵੀ ਕਾਇਮ ਨਜ਼ਰ ਆਉਂਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਪਵਿੱਤਰ ਸਥਾਨਾਂ 'ਤੇ ਨਿਸ਼ਾਨਾ ਬਣਾ ਕੇ ਆਪਣੇ ਕਿਸੇ ਵਿਰੋਧੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾਏ। ਸਿਆਸੀ ਖੇਤਰ ਵਿਚ ਵੀ ਸਿਆਸਤਦਾਨਾਂ ਦੇ ਅਤੇ ਵੱਖ-ਵੱਖ ਧੜਿਆਂ ਦੇ ਅਨੇਕਾਂ ਵਖਰੇਵੇਂ ਨਜ਼ਰ ਆਉਂਦੇ ਹਨ। ਅੱਜ ਤਾਂ ਬਹੁਤੇ ਸਿਆਸਤਦਾਨ ਇਸ ਪੱਧਰ 'ਤੇ ਪਹੁੰਚ ਚੁੱਕੇ ਹਨ ਕਿ ਉਹ ਆਪਣੇ ਵਿਰੋਧੀਆਂ ਨਾਲ ਗਾਲੀ-ਗਲੋਚ ਤੱਕ ਵੀ ਉਤਰ ਆਉਂਦੇ ਹਨ, ਪਰ ਇਨ੍ਹਾਂ ਵਿਰੋਧਾਂ ਵਿਚ ਹਿੰਸਕ ਮਾਨਸਿਕਤਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਨਾ ਹੀ ਸਮਾਜ ਅਜਿਹੀਆਂ ਕਾਰਵਾਈਆਂ ਦੀ ਕਿਸੇ ਤਰ੍ਹਾਂ ਦੀ ਪ੍ਰੋੜ੍ਹਤਾ ਕਰਦਾ ਹੈ। ਇਸੇ ਲਈ ਹੀ ਸੁਖਬੀਰ ਸਿੰਘ ਬਾਦਲ ਨੂੰ ਗੁਰਦੁਆਰਾ ਸਾਹਿਬ ਵਿਚ ਇਕ ਵਾਰ ਫਿਰ ਨਿਸ਼ਾਨਾ ਬਣਾਉਣ 'ਤੇ ਵੱਡਾ ਰੋਸ ਪੈਦਾ ਹੋਇਆ ਦਿਖਾਈ ਦਿੱਤਾ ਹੈ। ਚਾਹੇ ਸੰਬੰਧਿਤ ਹਮਲਾ ਕਰਨ ਵਾਲਾ ਇਕ ਪੜ੍ਹਿਆ ਲਿਖਿਆ ਵਿਅਕਤੀ ਹੈ। ਆਪਣੀ ਵਧੀਆ ਨੌਕਰੀ ਤੋਂ ਬਾਅਦ ਨਿਹੰਗ ਬਾਣਾ ਧਾਰਨ ਕਰ ਕੇ ਉਹ ਪਿਛਲੇ 2 ਸਾਲ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਰਿਹਾ ਹੈ ਪਰ ਅਜਿਹੇ ਵਿਅਕਤੀ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਹਰ ਪਾਸਿਓਂ ਸਖ਼ਤ ਆਲੋਚਨਾ ਹੀ ਹੋਈ ਹੈ। ਅੱਜ ਦੀ ਸਿਆਸਤ ਵੀ ਅਜਿਹੇ ਮੋੜ 'ਤੇ ਖੜ੍ਹੀ ਦਿਖਾਈ ਦਿੰਦੀ ਹੈ, ਜਿਸ ਤੋਂ ਅੱਗੇ ਆਪਸੀ ਵਿਰੋਧ ਨਹੀਂ, ਸਗੋਂ ਆਪਸੀ ਹਿੰਸਕ ਲੜਾਈਆਂ-ਝਗੜੇ ਹੀ ਨਜ਼ਰ ਆਉਂਦੇ ਹਨ।ਜਮਹੂਰੀਅਤ ਵਿਚ ਆਪਸੀ ਵਿਰੋਧਾਂ ਦਾ ਹੋਣਾ ਕੁਦਰਤੀ ਹੈ ਪਰ ਇਸ ਵਿਚ ਹਿੰਸਕ ਪ੍ਰਵਿਰਤੀਆਂ ਦਾ ਪੈਦਾ ਹੋਣਾ ਨਾਂਹ-ਪੱਖੀ ਅਮਲ ਹੀ ਕਿਹਾ ਜਾ ਸਕਦਾ ਹੈ। ਸੁਖਬੀਰ ਸਿੰਘ ਬਾਦਲ ਨੇ ਸਰਜਰੀ ਤੋਂ ਬਾਅਦ ਬੜੀ ਦ੍ਰਿੜ੍ਹਤਾ ਨਾਲ ਇਹ ਕਿਹਾ ਹੈ ਕਿ ਸੂਬੇ ਵਿਚਲੇ ਹਾਲਾਤ ਦਾ ਲਾਹਾ ਲੈ ਕੇ ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਕਦੀ ਵੀ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਫਿਰਕਿਆਂ ਵਿਚ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਹੀ ਸਾਡੀ ਨੀਤੀ ਦਾ ਧੁਰਾ ਹੈ। ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਅਸੀਂ ਸੁਖਬੀਰ ਸਿੰਘ ਬਾਦਲ ਦੀਆਂ ਪ੍ਰਗਟਾਈਆਂ ਅਜਿਹੀਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।
-ਬਰਜਿੰਦਰ ਸਿੰਘ ਹਮਦਰਦ