ਵਿ੍ਕਸ਼ ਕਬਹੂੰ ਨਹੀਂ ਫਲ ਭਖੈ
ਨਦੀ ਨ ਸੰਚੈ ਨੀਰ |
ਪਰਮਾਰਥ ਕੇ ਕਾਰਨੇ
ਸਾਧੁਨ ਧਰਾ ਸਰੀਰ |'
ਇਸ ਦਾ ਅਰਥ ਹੈ ਕਿ ਰੁੱਖ ਕਦੇ ਆਪਣੇ ਫ਼ਲ ਖ਼ੁਦ ਨਹੀਂ ਖਾਂਦਾ, ਨਦੀ ਆਪਣਾ ਪਾਣੀ ਆਪਣੇ ਕੋਲ ਨਹੀਂ ਰੱਖਦੀ | ਇਸੇ ਤਰ੍ਹਾਂ ਸੰਤ ਸੁਭਾਅ ਵਾਲੇ ਲੋਕ ਵੀ ਆਪਣੇ-ਆਪ ਨੂੰ ਪਹਿਲ ਨਹੀਂ ਦਿੰਦੇ, ਸਗੋਂ ਹਮੇਸ਼ਾ ਦੂਜਿਆਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਅਤੇ ਆਪਣਾ ਜੀਵਨ ਲੋਕ-ਭਲਾਈ ਲਈ ਸਮਰਪਿਤ ਕਰ ਦਿੰਦੇ ਹਨ | ਸਤਿਕਾਰਯੋਗ ਸ੍ਰੀ ਅਸ਼ੋਕ ਸਿੰਘਲ ਦਾ ਜੀਵਨ ਵੀ ਇਸੇ ਭਾਵਨਾ ਦੀ ਇਕ ਨੇਕ ਮਿਸਾਲ ਹੈ |
![]()
27 ਸਤੰਬਰ, 1926 ਨੂੰ ਜਨਮੇ ਸ੍ਰੀ ਅਸ਼ੋਕ ਸਿੰਘਲ ਦਾ 27 ਸਤੰਬਰ, 2026 ਤੋਂ ਅਸੀਂ ਜਨਮ ਸ਼ਤਾਬਦੀ ਵਰ੍ਹਾ ਮਨਾਉਣ ਜਾ ਰਹੇ ਹਾਂ | ਇਹ ਇਕ ਮਹਾਨ ਹਸਤੀ ਦੇ ਸਨਮਾਨ ਦਾ ਸ਼ੁਭ ਮੌਕਾ ਹੈ | ਉਨ੍ਹਾਂ ਨੇ ਅਧਿਆਤਮਕ ਸਾਧਨਾ, ਸੱਭਿਆਚਾਰਕ ਜਾਗਰਣ ਤੇ ਦਹਾਕਿਆਂ ਤੱਕ ਸਮਰਪਿਤ ਭਾਵਨਾ ਨਾਲ ਸਮਾਜ ਅਤੇ ਸੰਗਠਨ ਦੇ ਕਾਰਜਾਂ ਨੂੰ ਅੱਗੇ ਵਧਾਇਆ | ਇਹ ਮੇਰੇ ਲਈ ਸੁਭਾਗ ਦੀ ਗੱਲ ਹੈ ਕਿ ਮੈਨੂੰ ਉਨ੍ਹਾਂ ਨਾਲ ਲੰਬੇ ਸਮੇਂ ਤੱਕ ਕੰਮ ਕਰਨ, ਉਨ੍ਹਾਂ ਤੋਂ ਸਿੱਖਣ, ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦਾ ਪ੍ਰੇਮ ਪ੍ਰਾਪਤ ਕਰਨ ਦਾ ਮੌਕਾ ਮਿਲਿਆ | ਮੈਨੂੰ 1981 ਦਾ ਇਕ ਪ੍ਰਸੰਗ ਯਾਦ ਆਉਂਦਾ ਹੈ | ਉਸ ਸਮੇਂ ਮੈਂ ਇਕ ਨੌਜਵਾਨ ਕਾਰਕੁੰਨ ਦੇ ਰੂਪ 'ਚ ਸੰਗਠਨ ਵਲੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਸੀ | ਤਦ ਮੈਨੂੰ ਉਨ੍ਹਾਂ ਦੀ ਆਪਣੇ ਹੱਥੀਂ ਲਿਖੀ ਇਕ ਚਿੱਠੀ ਮਿਲੀ, ਜਿਸ ਵਿਚ ਇਕ ਮਹੱਤਵਪੂਰਨ ਪ੍ਰੋਗਰਾਮ ਬਾਰੇ ਜਾਣਕਾਰੀ ਸੀ ਅਤੇ ਮੈਨੂੰ ਕੁਝ ਜ਼ਿੰਮੇਵਾਰੀਆਂ ਸੌਂਪੀਆਂ ਸਨ | ਉਸ ਸਮੇਂ ਸ੍ਰੀ ਅਸ਼ੋਕ ਸਿੰਘਲ ਤੋਂ ਚਿੱਠੀ ਹਾਸਿਲ ਕਰਨਾ ਮੇਰੇ ਲਈ ਬਹੁਤ ਖ਼ਾਸ ਤੇ ਯਾਦਗਾਰ ਪਲ ਬਣ ਗਿਆ ਸੀ |
ਮੈਂ ਉਨ੍ਹਾਂ ਨੂੰ ਕਈ ਦਹਾਕਿਆਂ ਤੱਕ ਦਿਨ-ਰਾਤ ਕੰਮ ਕਰਦੇ ਦੇਖਿਆ | ਗੁਜਰਾਤ ਦੇ ਆਦਿਵਾਸੀ ਖੇਤਰਾਂ 'ਚ ਜਾਣਾ ਉਨ੍ਹਾਂ ਨੂੰ ਖ਼ਾਸ ਤੌਰ 'ਤੇ ਪਸੰਦ ਸੀ | ਉਹ ਲਗਾਤਾਰ ਇਸ ਗੱਲ 'ਤੇ ਚਿੰਤਨ ਕਰਦੇ ਰਹਿੰਦੇ ਸਨ ਕਿ ਸਮਾਜ ਦੇ ਵਾਂਝੇ ਤੇ ਅੰਤਿਮ ਕਤਾਰ 'ਚ ਖੜ੍ਹੇ ਲੋਕਾਂ ਲਈ ਹੋਰ ਕੀ ਕੀਤਾ ਜਾ ਸਕਦਾ ਹੈ | ਜਦੋਂ ਵੀ ਦੇਸ਼ 'ਚ ਕਿਤੇ ਕੁਦਰਤੀ ਆਫ਼ਤ ਆਉਂਦੀ ਤਾਂ ਉਹ ਸਭ ਤੋਂ ਪਹਿਲਾਂ ਉੱਥੇ ਪਹੁੰਚਣ ਵਾਲਿਆਂ 'ਚ ਹੁੰਦੇ ਜਾਂ ਫਿਰ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕਾਰਕੁੰਨਾਂ ਦਾ ਮਾਰਗਦਰਸ਼ਨ ਕਰਦੇ | 2001 'ਚ ਕੱਛ ਵਿਚ ਆਏ ਭੁਚਾਲ ਤੋਂ ਬਾਅਦ ਉਨ੍ਹਾਂ ਨਾਲ ਮੇਰਾ ਤਜਰਬਾ ਯਾਦਗਾਰ ਬਣ ਗਿਆ | ਉਨ੍ਹਾਂ ਦੇ ਪਿਤਾ ਸ੍ਰੀ ਮਹਾਵੀਰ ਦੀ ਇਕ ਪ੍ਰਸ਼ਾਸਕ ਦੇ ਰੂਪ 'ਚ ਪਛਾਣ ਸੀ | ਉਨ੍ਹਾਂ ਦਾ ਇਕ ਭਰਾ ਸ੍ਰੀ ਬੀ.ਪੀ. ਸਿੰਘਲ ਪੁਲਿਸ ਅਧਿਕਾਰੀ ਬਣਿਆ ਤੇ ਬਾਅਦ 'ਚ ਸੰਸਦ ਮੈਂਬਰ ਵੀ ਰਿਹਾ | ਦੂਜਾ ਭਰਾ ਸ੍ਰੀ ਵੀ.ਪੀ. ਸਿੰਘਲ ਤਿ੍ਪੁਰਾ ਦਾ ਤਤਕਾਲੀ ਮੁੱਖ ਸਕੱਤਰ ਬਣਿਆ, ਜਦੋਂ ਇਹ ਨਵਾਂ ਰਾਜ ਬਣਿਆ ਸੀ | ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਵਣਜ ਤੇ ਖੇਤੀਬਾੜੀ ਦੇ ਖੇਤਰ 'ਚ ਸਫਲਤਾ ਹਾਸਿਲ ਕੀਤੀ | ਪਰ ਸ਼ੁਰੂ ਤੋਂ ਹੀ ਅਸ਼ੋਕ ਜੀ ਦਾ ਰੁਝਾਨ ਬਿਲਕੁਲ ਵੱਖਰੀ ਦਿਸ਼ਾ ਵੱਲ ਸੀ | ਉਹ ਚਾਹੁੰਦੇ ਸਨ ਕਿ ਭਾਰਤ ਤਰੱਕੀ ਕਰੇ ਤੇ ਭਾਰਤ ਦੀਆਂ ਸੰਤਾਨਾਂ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਨ | ਉਹ ਪ੍ਰਯਾਗਰਾਜ 'ਚ ਵੱਡੇ ਹੋਏ ਤੇ ਕਈ-ਕਈ ਘੰਟੇ ਸੰਗਮ ਦੇ ਕੰਢੇ 'ਤੇ ਬੈਠੇ ਰਹਿੰਦੇ ਸਨ | ਉੱਥੇ ਆਉਣ ਵਾਲੇ ਸਾਧੂ-ਸੰਤਾਂ ਤੇ ਸ਼ਰਧਾਲੂਆਂ ਨਾਲ ਵੀ ਉਨ੍ਹਾਂ ਦੀ ਬਹੁਤ ਆਤਮਿਕਤਾ ਸੀ | ਇਸ ਨਾਲ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਬਾਰੇ ਉਨ੍ਹਾਂ ਦੀ ਸਮਝ ਹੋਰ ਵਧੀ ਤੇ ਸਮਾਜ ਲਈ ਕੁਝ ਕਰਨ ਦਾ ਸੰਕਲਪ ਵੀ ਹੋਰ ਦਿ੍ੜ੍ਹ ਹੋਇਆ | ਦੂਜਿਆਂ ਲਈ ਜਿਊਣ ਦੀ ਇਹੀ ਲਗਨ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਵਿਚ ਲੈ ਆਈ | ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੀ ਉਸ ਨੂੰ ਉਨ੍ਹਾਂ ਨੇ ਪੂਰੇ ਉਤਸ਼ਾਹ, ਅਨੁਸ਼ਾਸਨ ਤੇ ਫ਼ਰਜ਼ ਭਾਵਨਾ ਨਾਲ ਨਿਭਾਇਆ |
ਮੇਰੀ ਯਾਦ ਵਿਚ ਅਜਿਹੀਆਂ ਦੋ ਘਟਨਾਵਾਂ ਉੱਭਰ ਰਹੀਆਂ ਹਨ, ਜਿਨ੍ਹਾਂ ਰਾਹੀਂ ਸ੍ਰੀ ਅਸ਼ੋਕ ਸਿੰਘਲ ਦੀ ਵੱਡੀ ਹਸਤੀ ਨੂੰ ਸਮਝਿਆ ਜਾ ਸਕਦਾ ਹੈ | ਪਹਿਲੀ ਘਟਨਾ 1993 ਦੀ ਹੈ | ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਸੰਬੋਧਨ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਅਮਰੀਕਾ ਵਿਚ ਇਕ ਸੰਮੇਲਨ ਆਯੋਜਿਤ ਕੀਤਾ ਸੀ | ਵਿਦੇਸ਼ ਵਿਚ ਅਜਿਹੇ ਸ਼ਾਨਦਾਰ ਸੰਮੇਲਨ ਦੀ ਸੋਚ, ਉਸ ਦੀ ਯੋਜਨਾ ਅਤੇ ਵੱਖ-ਵੱਖ ਸਮੂਹਾਂ ਨੂੰ ਇਕ ਮੰਚ 'ਤੇ ਲਿਆਉਣ ਦਾ ਵੱਡਾ ਯਤਨ ਸ੍ਰੀ ਅਸ਼ੋਕ ਜੀ ਦੇ ਅਦੁੱਤੀ ਸੰਗਠਨਾਤਮਕ ਹੁਨਰ ਦਾ ਸੂਚਕ ਸੀ | ਦੂਜੀ ਘਟਨਾ ਸਾਲ 2000 ਦੀ ਹੈ, ਜਦੋਂ ਤਿ੍ਨੀਦਾਦ ਅਤੇ ਟੋਬੈਗੋ ਦੇ ਪੋਰਟ ਆਫ਼ ਸਪੇਨ ਵਿਚ ਵਿਸ਼ਵ ਹਿੰਦੂ ਸੰਮੇਲਨ ਦਾ ਆਯੋਜਨ ਹੋਇਆ ਸੀ | ਉਸ ਸਮੇਂ ਮੈਂ ਵੀ ਉੱਥੇ ਸੀ | ਮੈਂ ਪ੍ਰਤੱਖ ਦੇਖਿਆ ਕਿ ਉਨ੍ਹਾਂ ਦੀ ਮੌਜੂਦਗੀ ਨੇ ਹੋਰ ਪ੍ਰਤੀਨਿਧੀਆਂ 'ਚ ਕਿੰਨਾ ਉਤਸ਼ਾਹ ਭਰ ਦਿੱਤਾ ਸੀ | ਮੇਰੇ ਸੰਬੋਧਨ ਤੋਂ ਬਾਅਦ ਉਨ੍ਹਾਂ ਨੇ ਜਿਸ ਤਰ੍ਹਾਂ ਮੇਰੀ ਸ਼ਲਾਘਾ ਕੀਤੀ, ਉਹ ਮੇਰੇ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਅਹਿਸਾਸ ਸੀ | ਮੈਂ ਇਕ ਵਾਰ ਫਿਰ ਅਨੁਭਵ ਕੀਤਾ ਕਿ ਉਨ੍ਹਾਂ ਦਾ ਉਤਸ਼ਾਹ ਵਧਾਉਣਾ ਕਿਸ ਤਰ੍ਹਾਂ ਹਰ ਕਾਰਕੁੰਨ ਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਸੀ |
ਰਾਮ ਜਨਮ ਭੂਮੀ ਅੰਦੋਲਨ ਵਿਚ ਉਨ੍ਹਾਂ ਦੀ ਇਤਿਹਾਸਕ ਭੂਮਿਕਾ ਨੂੰ ਯਾਦ ਕੀਤੇ ਬਿਨਾਂ ਉਨ੍ਹਾਂ ਦਾ ਕੋਈ ਵੀ ਜ਼ਿਕਰ ਅਧੂਰਾ ਹੈ | 1991 ਦੀ ਬੋਟ ਕਲੱਬ ਰੈਲੀ ਵਿਚ ਦਿੱਤੇ ਗਏ ਉਨ੍ਹਾਂ ਦੇ ਸੰਬੋਧਨ ਨੂੰ ਕੌਣ ਭੁੱਲ ਸਕਦਾ ਹੈ? ਜਾਂ ਅੰਦੋਲਨ ਦੇ ਸਿਖ਼ਰ 'ਤੇ ਲਹੂ-ਲੁਹਾਨ ਅਤੇ ਜ਼ਖ਼ਮੀ ਅਵਸਥਾ 'ਚ ਉਨ੍ਹਾਂ ਦੀ ਉਹ ਇਤਿਹਾਸਕ ਤਸਵੀਰ ਭਲਾ ਕਿਸ ਦੀ ਯਾਦ ਤੋਂ ਮਿਟ ਸਕਦੀ ਹੈ? ਅੱਜ ਅਯੁਧਿਆ ਵਿਚ ਸ਼ਾਨਦਾਰ ਰਾਮ ਮੰਦਰ ਹੈ ਤਾਂ ਇਸ ਪਿੱਛੇ ਉਨ੍ਹਾਂ ਵਰਗੀਆਂ ਹਸਤੀਆਂ ਦਾ ਨਿਸ਼ਕਾਮ ਸਮਰਪਣ ਹੈ | ਉਨ੍ਹਾਂ ਦੀ ਸਪੱਸ਼ਟ ਸੋਚਣੀ ਸੀ ਕਿ ਸਮਾਜ ਵਿਚ ਕਿਸੇ ਵੀ ਕਿਸਮ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ | ਇਹੀ ਕਾਰਨ ਸੀ ਕਿ ਉਨ੍ਹਾਂ ਨੇ ਅਯੁਧਿਆ 'ਚ ਰਾਮ ਮੰਦਰ ਦੀ ਪਹਿਲੀ ਇੱਟ ਰੱਖਣ ਨੂੰ ਲੈ ਕੇ ਆਪਣੇ ਵਿਚਾਰ ਸਪੱਸ਼ਟ ਰੂਪ 'ਚ ਰੱਖੇ ਤੇ ਕਿਹਾ ਸੀ ਕਿ ਇਹ ਪੁੰਨ ਦਾ ਕੰਮ ਬਿਹਾਰ ਦੇ ਵੀ.ਐੱਚ.ਪੀ. ਕਾਰਕੁੰਨ ਅਤੇ ਵਾਂਝੇ ਵਰਗ ਨਾਲ ਸੰਬੰਧਿਤ ਸ੍ਰੀ ਕਾਮੇਸ਼ਵਰ ਚੌਪਾਲ ਦੇ ਹੱਥਾਂ ਨਾਲ ਹੋਵੇ | ਕਾਸ਼ੀ ਵਿਚ ਇਕ ਧਰਮ ਸੰਸਦ ਦੌਰਾਨ ਉਨ੍ਹਾਂ ਨੇ ਡੋਮ ਰਾਜਾ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਤੇ ਕਈ ਭਾਈਚਾਰਕ ਮੁਹਿੰਮਾਂ 'ਚ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕੀਤਾ |
ਰਾਸ਼ਟਰ-ਨਿਰਮਾਣ ਦੇ ਨਾਲ ਹੀ ਸ੍ਰੀ ਅਸ਼ੋਕ ਸਿੰਘਲ ਦੇ ਦੋ ਅਜਿਹੇ ਪਸੰਦੀਦਾ ਖੇਤਰ ਸਨ, ਜੋ ਉਨ੍ਹਾਂ ਦੇ ਹਿਰਦੇ ਦੇ ਬਹੁਤ ਨੇੜੇ ਸਨ | ਸਿੱਖਿਆ (ਵਿਸ਼ੇਸ਼ ਤੌਰ 'ਤੇ ਵੈਦਿਕ ਸਿੱਖਿਆ) ਅਤੇ ਸੰਗੀਤ, ਇਨ੍ਹਾਂ ਦੋਵਾਂ ਨਾਲ ਉਨ੍ਹਾਂ ਦਾ ਡੂੰਘਾ ਲਗਾਅ ਸੀ | ਵਾਰਾਣਸੀ ਦੇ ਸੰਸਦ ਮੈਂਬਰ ਦੇ ਰੂਪ 'ਚ ਮੈਨੂੰ ਇਸ ਗੱਲ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਿੱਥੇ ਦੀ ਮੈਂ ਨੁਮਾਇੰਦਗੀ ਕਰਦਾ ਹਾਂ, ਉਸ ਸਦੀਵੀ ਕਾਸ਼ੀ ਨੇ ਸ੍ਰੀ ਅਸ਼ੋਕ ਸਿੰਘਲ ਦੇ ਜੀਵਨ 'ਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਨੇ ਬੀ.ਐੱਚ.ਯੂ. ਤੋਂ ਸਿੱਖਿਆ ਹਾਸਿਲ ਕੀਤੀ ਤੇ ਉਹ ਇਕ ਹੋਣਹਾਰ ਵਿਦਿਆਰਥੀ ਦੇ ਰੂਪ 'ਚ ਜਾਣੇ ਜਾਂਦੇ ਸਨ | ਉਹ 'ਏਕਲ ਵਿਦਿਆਲਯ' ਦੀ ਪਹਿਲਕਦਮੀ ਨਾਲ ਵੀ ਨੇੜਿਓਾ ਜੁੜੇ ਹੋਏ ਸਨ, ਜਿਸ ਨੇ ਦੂਰ-ਦੁਰਾਡੇ ਦੇ ਪਿੰਡਾਂ, ਖ਼ਾਸ ਕਰਕੇ ਆਦਿਵਾਸੀ ਭਾਈਚਾਰਿਆਂ ਤੱਕ ਮੁਢਲੀ ਸਿੱਖਿਆ ਪਹੁੰਚਾਉਣ ਦਾ ਕੰਮ ਕੀਤਾ | ਸਤਿਕਾਰਯੋਗ ਅਸ਼ੋਕ ਜੀ ਨੂੰ ਨੇੜਿਓਾ ਜਾਣਨ ਵਾਲਿਆਂ ਨੂੰ ਪਤਾ ਹੈ ਕਿ ਉਹ ਕਿੰਨਾ ਵਧੀਆ ਗਾਉਂਦੇ ਸਨ | ਮੈਨੂੰ ਨਾਗਪੁਰ ਦੀਆਂ ਉਨ੍ਹਾਂ ਬੈਠਕਾਂ ਦੀ ਯਾਦ ਆਉਂਦੀ ਹੈ, ਜਿਨ੍ਹਾਂ ਵਿਚ ਉਹ 'ਏਕਲ ਗੀਤ' ਗਾਇਆ ਕਰਦੇ ਸਨ |
ਸਵਰਗੀ ਅਸ਼ੋਕ ਸਿੰਘਲ ਨੇ ਆਪਣੇ ਜੀਵਨ 'ਚ ਹਰ ਪਲ ਇਸ ਮਹਾਨ ਰਾਸ਼ਟਰ ਦੇ ਪ੍ਰਫੁੱਲਿਤ ਹੋਣ ਦਾ ਹੀ ਸੁਪਨਾ ਦੇਖਿਆ ਸੀ | ਉਨ੍ਹਾਂ ਦੇ ਆਦਰਸ਼ਾਂ ਤੋਂ ਅੱਜ ਵੀ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ | ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਇਸ ਪਾਵਨ ਮੌਕੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਉਨ੍ਹਾਂ ਦੀ ਵੱਡੀ ਸ਼ਖ਼ਸੀਅਤ ਤੇ ਮਹਾਨਤਾ ਤੋਂ ਜਾਣੂ ਹੋਣ | ਆਓ, ਅਸੀਂ ਆਪਣੇ ਰਾਸ਼ਟਰ ਤੇ ਦੇਸ਼ ਵਾਸੀਆਂ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸੰਕਲਪ ਨੂੰ ਇਕ ਵਾਰ ਫਿਰ ਦੁਹਰਾਈਏ |