11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕਾਮਰੇਡ ਸੋਹਣ ਸਿੰਘ ਜੋਸ਼ ਨੂੰ ਯਾਦ ਕਰਦਿਆਂ...…

ਕਾਮਰੇਡ ਸੋਹਣ ਸਿੰਘ ਜੋਸ਼ ਨੂੰ ਯਾਦ ਕਰਦਿਆਂ...…

Ad Position 21
No active advertisement
ਅਜੀਤ ਡੈਸਕ 12-11-2026

ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਅਜਿਹੇ ਸਪੁੱਤਰ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਅਤੇ ਲੋਕਾਂ ਦੇ ਅਧਿਕਾਰਾਂ ਤੇ ਸਮਾਜਿਕ ਬਰਾਬਰੀ ਲਈ ਲੜਦਿਆਂ ਆਪਣਾ ਜੀਵਨ ਬਤੀਤ ਕੀਤਾ ਹੈ | ਅਜਿਹੇ ਯੋਧਿਆਂ 'ਚ ਕਾਮਰੇਡ ਸੋਹਣ ਸਿੰਘ ਜੋਸ਼ ਦਾ ਨਾਂਅ ਬਹੁਤ ਮਾਣ-ਸਤਿਕਾਰ ਨਾਲ ਲਿਆ ਜਾਂਦਾ ਹੈ | ਉਹ ਆਜ਼ਾਦੀ ਘੁਲਾਟੀਏ, ਕਮਿਊਨਿਸਟ ਨੇਤਾ, ਪੱਤਰਕਾਰ, ਸੰਪਾਦਕ, ਇਤਿਹਾਸਕਾਰ ਤੇ ਲੇਖਕ ਸਨ | ਉਨ੍ਹਾਂ ਦਾ ਜਨਮ 12 ਨਵੰਬਰ, 1898 ਨੂੰ  ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਚੇਤਨਪੁਰਾ ਵਿਚ ਪਿਤਾ ਲਾਲ ਸਿੰਘ ਤੇ ਮਾਤਾ ਦਿਆਲ ਕੌਰ ਦੇ ਘਰ ਹੋਇਆ | ਉਹ ਤਿੰਨ ਭਰਾਵਾਂ 'ਚ ਸਭ ਤੋਂ ਵੱਡੇ ਸਨ | ਮੁਢਲੀ ਸਿੱਖਿਆ ਤੋਂ ਬਾਅਦ ਉਨ੍ਹਾਂ ਮਜੀਠਾ ਸਕੂਲ ਤੋਂ 8ਵੀਂ ਜਮਾਤ, ਅੰਮਿ੍ਤਸਰ ਦੇ ਡੀ.ਏ.ਵੀ. ਸਕੂਲ ਤੋਂ 10ਵੀਂ ਅਤੇ ਖ਼ਾਲਸਾ ਕਾਲਜ ਅੰਮਿ੍ਤਸਰ ਤੋਂ ਬੀ.ਏ. ਕੀਤੀ ਸੀ | ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਹੁਬਲੀ ਤੇ ਬੰਬਈ ਵਿਚ ਨਿੱਜੀ ਕੰਪਨੀਆਂ 'ਚ ਕੰਮ ਕੀਤਾ | ਪਰ 1918 'ਚ ਪਿਤਾ ਦੀ ਮੌਤ ਪਿੱਛੋਂ ਉਹ ਪਿੰਡ ਵਾਪਸ ਆ ਗਏ ਤੇ ਮਜੀਠੇ 'ਚ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ |

1921 'ਚ ਉਨ੍ਹਾਂ ਨੇ ਅਕਾਲੀ ਲਹਿਰ ਵਿਚ ਸਰਗਰਮੀ ਨਾਲ ਹਿੱਸਾ ਲਿਆ | ਸ਼੍ਰੋਮਣੀ ਕਮੇਟੀ ਮੈਂਬਰ ਬਣਨ ਮਗਰੋਂ ਬਿ੍ਟਿਸ਼ ਸਰਕਾਰ ਨੇ ਉਨ੍ਹਾਂ 'ਤੇ ਸਾਜਿਸ਼ ਦਾ ਦੋਸ਼ ਲਾ ਕੇ ਗਿ੍ਫ਼ਤਾਰ ਕਰ ਲਿਆ | ਰਿਹਾਈ ਤੋਂ ਬਾਅਦ ਉਨ੍ਹਾਂ ਦਾ ਜੀਵਨ ਪੱਤਰਕਾਰੀ ਤੇ ਜਨਤਕ ਜਾਗਰੂਕਤਾ ਦੇ ਪ੍ਰਚਾਰ ਨਾਲ ਹੋਰ ਡੂੰਘਾ ਜੁੜ ਗਿਆ | ਉਹ ਸੰਤੋਖ ਸਿੰਘ ਕੀਰਤੀ ਦੁਆਰਾ ਜਾਰੀ ਅਖ਼ਬਾਰ 'ਕਿਰਤੀ' ਦੇ ਸੰਪਾਦਕ ਬਣੇ | ਉਹ ਕਿਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲੇ ਆਗੂਆਂ 'ਚੋਂ ਇਕ ਸਨ ਤੇ 1927 ਤੋਂ 1929 ਤੱਕ ਇਸ ਦੇ ਜਨਰਲ ਸਕੱਤਰ ਰਹੇ | ਉਨ੍ਹਾਂ ਨੇ 1928 'ਚ ਕਲਕੱਤਾ ਵਿਚ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਹਿਲੇ ਸੰਮੇਲਨ ਦੀ ਪ੍ਰਧਾਨਗੀ ਕੀਤੀ | ਇਸ ਦੌਰਾਨ ਉਹ ਯੁਵਾ ਭਾਰਤ ਸਭਾ ਰਾਹੀਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜੇ ਰਹੇ | ਬਿ੍ਟਿਸ਼ ਸਰਕਾਰ ਨੇ ਉਨ੍ਹਾਂ ਦੀਆਂ ਸਗਰਮੀਆਂ ਨੂੰ  ਗੰਭੀਰਤਾ ਨਾਲ ਲਿਆ ਤੇ ਉਨ੍ਹਾਂ ਨੂੰ  ਮੇਰਠ ਸਾਜਿਸ਼ ਕੇਸ 'ਚ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਦੀ ਲੋਕਾਂ ਤੇ ਰਾਜਨੀਤਿਕ ਸਰਗਮੀਆਂ 'ਚ ਪਕੜ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 1937 ਵਿਚ ਉਹ ਅਸੈਂਬਲੀ ਦੇ ਇਕਲੌਤੇ ਕਮਿਊਨਿਸਟ ਮੈਂਬਰ ਬਣੇ | ਉਨ੍ਹਾਂ ਨੂੰ  1939, 1948 ਤੇ 1962 ਵਿਚ ਵੀ ਗਿ੍ਫ਼ਤਾਰੀਆਂ ਦਾ ਸਾਹਮਣਾ ਕਰਨਾ ਪਿਆ | ਉਹ ਸਾਰੀ ਉਮਰ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੇ ਰਹੇ | ਉਨ੍ਹਾਂ ਲਈ ਰਾਜਨੀਤੀ ਸਿਰਫ਼ ਸੱਤਾ ਹਾਸਿਲ ਕਰਨਾ ਨਹੀਂ ਸੀ, ਸਗੋਂ ਮਿਹਨਤਕਸ਼ ਲੋਕਾਂ ਦੇ ਹੱਕਾਂ ਲਈ ਲੜਨਾ ਉਨ੍ਹਾਂ ਦੀ ਮੁੱਖ ਤਰਜੀਹ ਸੀ | ਉਨ੍ਹਾਂ ਦਾ ਪੱਤਰਕਾਰੀ ਦੇ ਖੇਤਰ 'ਚ ਅਹਿਮ ਯੋਗਦਾਨ ਰਿਹਾ | ਉਹ 'ਕਿਰਤੀ', 'ਜੰਗ-ਏ-ਆਜ਼ਾਦੀ' ਤੇ 'ਨਵਾਂ ਜ਼ਮਾਨਾ' ਵਰਗੇ ਅਖ਼ਬਾਰਾਂ ਦੇ ਸੰਪਾਦਕ ਰਹੇ | ਉਨ੍ਹਾਂ ਦੀ ਕਲਮ ਨੇ ਗੁਲਾਮੀ ਵਿਰੁੱਧ ਜਾਗਰੂਕਤਾ ਪੈਦਾ ਕਰਨ, ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦਿਆਂ ਨੂੰ  ਉਜਾਗਰ ਕਰਨ ਅਤੇ ਸਮਾਜਿਕ ਤਬਦੀਲੀ ਲਈ ਲੋਕਾਂ ਨੂੰ  ਜਾਗਰੂਕ ਕਰਨ ਦਾ ਕੰਮ ਕੀਤਾ | ਉਨ੍ਹਾਂ ਨੇ ਇਤਿਹਾਸ ਦੇ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਵਿਚ ਅਕਾਲੀ ਮੋਰਚਿਆਂ ਦਾ ਇਤਿਹਾਸ, ਗ਼ਦਰ ਪਾਰਟੀ, ਕਾਮਾਗਾਟਾ ਮਾਰੂ, ਸੋਹਣ ਸਿੰਘ ਭਕਨਾ ਅਤੇ ਭਾਈ ਸੰਤੋਖ ਸਿੰਘ ਆਦਿ ਸ਼ਾਮਿਲ ਹਨ |
ਉਨ੍ਹਾਂ ਦਾ ਮੰਨਣਾ ਸੀ ਕਿ ਚੰਗੀਆਂ ਕਿਤਾਬਾਂ ਵਿਅਕਤੀ ਨੂੰ  ਵਹਿਮਾਂ-ਭਰਮਾਂ, ਰੂੜੀਵਾਦੀ ਸੋਚ ਅਤੇ ਪੁਰਾਣੀਆਂ ਬੇੜੀਆਂ ਤੋਂ ਮੁਕਤ ਕਰਦੀਆਂ ਹਨ | ਉਨ੍ਹਾਂ ਨੇ 'ਸੋਵੀਅਤ ਲੈਂਡ ਨਹਿਰੂ ਐਵਾਰਡ' ਦੀ ਰਾਸ਼ੀ ਨਾਲ ਆਪਣੇ ਪਿੰਡ 'ਚ ਇਕ ਲਾਇਬ੍ਰੇਰੀ ਬਣਾਈ | ਪੰਜਾਬ ਸਰਕਾਰ ਨੇ ਅੰਮਿ੍ਤਸਰ ਵਿਚ ਉਨ੍ਹਾਂ ਦੀ ਯਾਦ ਵਿਚ ਇਕ ਲਾਇਬ੍ਰੇਰੀ ਸਥਾਪਤ ਕੀਤੀ, ਜੋ ਕਚਹਿਰੀ ਦੇ ਪੁਰਾਣੇ ਡੀ.ਸੀ. ਦਫ਼ਤਰ 'ਚ ਮੌਜੂਦ ਹੈ | ਉਨ੍ਹਾਂ ਦੀ ਵਸੀਅਤ ਉਨ੍ਹਾਂ ਦੀ ਮਜ਼ਬੂਤ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ | ਆਪਣੀ ਵਸੀਅਤ ਵਿਚ ਉਨ੍ਹਾਂ ਨੇ ਖ਼ੁਦ ਨੂੰ  ਇਕ ਕਮਿਊਨਿਸਟ ਦੱਸਿਆ ਤੇ ਮਾਰਕਸਵਾਦ-ਲੈਨਿਨਵਾਦ ਵਿਚ ਆਪਣਾ ਵਿਸ਼ਵਾਸ ਪ੍ਰਗਟਾਇਆ ਅਤੇ ਲਿਖਿਆ ਕਿ ਉਨ੍ਹਾਂ ਨੇ ਆਪਣੀ ਪੂਰੀ ਸਮਰੱਥਾ ਨਾਲ ਕਮਿਊਨਿਸਟ ਪਾਰਟੀ ਦੇ ਨਿਰਮਾਣ, ਵਿਕਾਸ ਤੇ ਕਮਿਊਨਿਸਟ ਆਦਰਸ਼ਾਂ ਦੇ ਪ੍ਰਚਾਰ ਵਿਚ ਯੋਗਦਾਨ ਪਾਇਆ ਹੈ | ਉਨ੍ਹਾਂ ਨੇ ਮਿਹਨਤੀ ਲੋਕਾਂ ਨੂੰ  ਆਪਣਾ ਜੀਵਨ ਸਮਰਪਿਤ ਕਰਨ 'ਤੇ ਖੁਸ਼ੀ ਪ੍ਰਗਟ ਕੀਤੀ | ਉਨ੍ਹਾਂ ਨੇ ਆਪਣੀ ਮੌਤ ਤੋਂ ਬਾਅਦ ਧਾਰਮਿਕ ਕਰਮਕਾਂਡ ਨਾ ਕਰਨ ਦੀ ਇੱਛਾ ਸਪੱਸ਼ਟ ਪ੍ਰਗਟ ਕੀਤੀ ਸੀ | ਉਨ੍ਹਾਂ ਇਹ ਵੀ ਇੱਛਾ ਪ੍ਰਗਟ ਕੀਤੀ ਸੀ ਕਿ ਸਸਕਾਰ ਤੋਂ ਬਾਅਦ ਅਸਥੀਆਂ ਨੂੰ  ਲਾਹÏਰ ਬ੍ਰਾਂਚ ਨਹਿਰ 'ਚ ਜਲ ਪ੍ਰਵਾਹ ਕੀਤਾ ਜਾਵੇ | ਇਸ ਇੱਛਾ ਪਿੱਛੇ ਉਨ੍ਹਾਂ ਦੇ ਵਿਚਾਰਾਂ 'ਚ ਪੰਜਾਬ ਤੇ ਵੰਡ ਦਾ ਦਰਦ ਸੀ |
ਚੇਤਨਪੁਰਾ ਦੀ ਧਰਤੀ ਤੋਂ ਉੱਠਿਆ ਇਹ ਸਪੂਤ ਭਾਵੇਂ 29 ਜੁਲਾਈ, 1982 ਨੂੰ  ਹਮੇਸ਼ਾ ਲਈ ਸਾਨੂੰ ਅਲਵਿਦਾ ਆਖ ਗਿਆ, ਪਰ ਉਹ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਲੋਕਾਂ ਦੇ ਨਾਂਅ ਕਰ ਗਿਆ | ਉਨ੍ਹਾਂ ਦੀ ਕਲਮ ਨੇ ਇਤਿਹਾਸ ਲਿਖਿਆ, ਉਨ੍ਹਾਂ ਦੇ ਵਿਚਾਰਾਂ ਨੇ ਲੋਕਾਂ ਨੂੰ  ਸੋਚਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਦੀਆਂ ਕਿਤਾਬਾਂ ਨੇ ਗਿਆਨ ਦੀ ਉਹ ਲਾਟ ਜਗਾਈ, ਜਿਸ ਦੀ ਰੌਸ਼ਨੀ ਅੱਜ ਵੀ ਨਵੀਆਂ ਪੀੜ੍ਹੀਆਂ ਲਈ ਰਾਹ ਦਸੇਰੀ ਹੈ | ਸ਼ਾਇਦ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਸੰਦੇਸ਼ ਇਹ ਸੀ ਕਿ ਮਨੁੱਖ ਦੀ ਅਸਲ ਪਛਾਣ ਉਸ ਦੇ ਆਪਣੇ ਲਈ ਜਿਊਣ 'ਚ ਨਹੀਂ, ਸਗੋਂ ਇਸ ਵਿਚ ਹੈ ਕਿ ਉਹ ਪਿੱਛੇ ਸਮਾਜ ਲਈ ਕੀ ਛੱਡ ਕੇ ਜਾਂਦਾ ਹੈ | ਅੱਜ ਕਾਮਰੇਡ ਸੋਹਣ ਸਿੰਘ ਜੋਸ਼ ਹੁਰਾਂ ਦਾ ਜਨਮ ਦਿਨ ਉਨ੍ਹਾਂ ਦੇ ਪਰਿਵਾਰ, ਕਮਿਊਨਿਸਟ ਪਾਰਟੀ ਤੇ ਉਨ੍ਹਾਂ ਦੇ ਚਹੇਤਿਆਂ ਵਲੋਂ ਪਿੰਡ ਚੇਤਨਪੁਰਾ 'ਚ ਉਨ੍ਹਾਂ ਦੀ ਯਾਦਗਾਰ 'ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ |

-ਪ੍ਰਤੀਨਿਧੀ, ਰਾਮ ਤੀਰਥ (ਅੰਮਿ੍ਤਸਰ) |
ਮੋਬਾਈਲ : 98152-82283

Ad Position 22
No active advertisement
ਪਿਛਲੀ ਖ਼ਬਰ ਆਪਣੀਆਂ ਜਥੇਬੰਦਕ ਕਮਜ਼ੋਰੀਆਂ ਨਾਲ ਜੂਝ ਰਹੀ ਹੈ ਕਾਂਗਰਸ ਅਗਲੀ ਖ਼ਬਰ ਹਰਿਆਣਾ 'ਚ ਬਣੀ 1857 ਦੀ ਕ੍ਰਾਂਤੀ ਦੀ ਗੌਰਵਮਈ ਯਾਦਗਾਰ
Ad Position 24