10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮਾਪਿਆਂ 'ਤੇ ਖ਼ਰਚੇ ਅਤੇ ਬੱਚਿਆਂ 'ਤੇ ਅੰਕਾਂ ਦਾ ਦਬਾਅ

ਮਾਪਿਆਂ 'ਤੇ ਖ਼ਰਚੇ ਅਤੇ ਬੱਚਿਆਂ 'ਤੇ ਅੰਕਾਂ ਦਾ ਦਬਾਅ

Ad Position 21
No active advertisement
ਅਜੀਤ ਡੈਸਕ 11-11-2026

ਮਾਪੇ ਬੱਚਿਆਂ ਨੂੰ  ਸਕੂਲ ਭੇਜਦੇ ਹਨ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਸੌਖੀ ਹੋਵੇ | ਪਰ ਜਦੋਂ ਉਸੇ ਪੜ੍ਹਾਈ ਲਈ ਮਾਪਿਆਂ ਨੂੰ  ਆਪਣੀਆਂ ਬੁਨਿਆਦੀ ਲੋੜਾਂ ਟਾਲਣੀਆਂ ਪੈਣ ਅਤੇ ਬੱਚੇ ਨੂੰ  ਖੇਡ, ਆਰਾਮ ਤੇ ਆਪਣੀ ਪਸੰਦ ਦਾ ਸਮਾਂ ਛੱਡਣਾ ਪਵੇ ਤਾਂ ਸਿੱਖਿਆ ਦੇ ਮੌਜੂਦਾ ਰੂਪ 'ਤੇ ਸਵਾਲ ਉੱਠਣਾ ਸੁਭਾਵਿਕ ਹੈ | ਸਵੇਰੇ ਸਕੂਲ, ਦੁਪਹਿਰੇ ਟਿਊਸ਼ਨ, ਸ਼ਾਮ ਨੂੰ  ਘਰ ਦਾ ਕੰਮ ਤੇ ਰਾਤ ਨੂੰ  ਅਗਲੇ ਟੈਸਟ ਦੀ ਤਿਆਰੀ, ਇਸ ਸਮਾਂ ਸਾਰਨੀ 'ਚ ਬੱਚੇ ਲਈ ਆਪਣੀ ਜ਼ਿੰਦਗੀ ਜਿਊਣ ਦੀ ਥਾਂ ਕਿੱਥੇ ਰਹਿ ਜਾਂਦੀ ਹੈ? ਉੱਧਰ ਫੀਸਾਂ ਦੀਆਂ ਰਸੀਦਾਂ ਸੰਭਾਲਦੇ ਮਾਪੇ ਅਗਲੇ ਖ਼ਰਚੇ ਦਾ ਹਿਸਾਬ ਲਾ ਰਹੇ ਹੁੰਦੇ ਹਨ | ਬੱਚੇ ਦਾ ਭਵਿੱਖ ਸੰਵਾਰਨ ਦੀ ਕੋਸ਼ਿਸ਼ 'ਚ ਅਸੀਂ ਉਸ ਦਾ ਵਰਤਮਾਨ ਕਿੰਨਾ ਔਖਾ ਬਣਾ ਦਿੱਤਾ ਹੈ, ਇਹ ਸੋਚਣਾ ਪਵੇਗਾ |

ਹਰ ਸਾਲ 11 ਨਵੰਬਰ ਨੂੰ  ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜਨਮ ਦਿਵਸ ਮੌਕੇ ਕੌਮੀ ਸਿੱਖਿਆ ਦਿਵਸ ਮਨਾਇਆ ਜਾਂਦਾ ਹੈ | ਉਨ੍ਹਾਂ ਨੂੰ  ਯਾਦ ਕਰਨ ਦਾ ਅਰਥ ਉਨ੍ਹਾਂ ਦੀ ਵਿੱਦਿਅਕ ਸੋਚ ਦੇ ਸਾਹਮਣੇ ਅੱਜ ਦੀ ਪੜ੍ਹਾਈ ਨੂੰ  ਰੱਖ ਕੇ ਵੇਖਣਾ ਵੀ ਹੈ | ਉਨ੍ਹਾਂ ਨੇ ਸਭ ਲਈ ਮੁੱਢਲੀ ਸਿੱਖਿਆ, ਲੜਕੀਆਂ ਦੀ ਪੜ੍ਹਾਈ, ਚੌਦਾਂ ਸਾਲ ਤੱਕ ਦੇ ਬੱਚਿਆਂ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ, ਵਿਗਿਆਨ ਅਤੇ ਕਿੱਤਾਮੁਖੀ ਸਿਖਲਾਈ ਦੀ ਵਕਾਲਤ ਕੀਤੀ ਸੀ | ਆਈ.ਆਈ.ਟੀ. ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਰਗੀਆਂ ਸੰਸਥਾਵਾਂ ਦੇ ਵਿਕਾਸ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ | ਉਨ੍ਹਾਂ ਦੇ ਕਥਨ ਦਾ ਇਕ ਅੰਸ਼ ਇਹ ਹੈ, 'ਘੱਟੋ-ਘੱਟ ਮੁੱਢਲੀ ਸਿੱਖਿਆ ਪ੍ਰਾਪਤ ਕਰਨਾ ਹਰ ਵਿਅਕਤੀ ਦਾ ਜਨਮ ਸਿੱਧ ਹੱਕ ਹੈ |' ਇਸ ਵਿਚਾਰ ਦੇ ਸਾਹਮਣੇ ਅੱਜ ਦੀ ਮਹਿੰਗੀ ਪੜ੍ਹਾਈ ਨੂੰ  ਰੱਖੀਏ ਤਾਂ ਪੁੱਛਣਾ ਬਣਦਾ ਹੈ ਕਿ ਜਿਸ ਸਿੱਖਿਆ ਤੱਕ ਹਰ ਬੱਚੇ ਦੀ ਪਹੁੰਚ ਹੋਣੀ ਚਾਹੀਦੀ ਸੀ, ਉਸ ਲਈ ਪਰਿਵਾਰਾਂ ਨੂੰ  ਆਪਣੀ ਸਮਰੱਥਾ ਤੋਂ ਵੱਧ ਖ਼ਰਚੇ ਕਿਉਂ ਕਰਨੇ ਪੈ ਰਹੇ ਹਨ? ਬੱਚਿਆਂ ਦੀ ਪੜ੍ਹਾਈ ਪ੍ਰਤੀ ਮਾਪਿਆਂ ਦੀ ਚਿੰਤਾ ਨੂੰ  ਕਮਾਈ ਦਾ ਮੌਕਾ ਬਣਾਉਣਾ, ਸਿੱਖਿਆ ਦੀ ਸੇਵਾ-ਭਾਵਨਾ ਨਾਲ ਧੋਖਾ ਹੈ |
ਨਿੱਜੀ ਸਕੂਲਾਂ ਦੀ ਗੱਲ ਕਰਦਿਆਂ ਜਿੱਥੇ ਚੰਗੇ ਅਧਿਆਪਨ ਦੀ ਕਦਰ ਕੀਤੀ ਜਾ ਸਕਦੀ ਹੈ, ਤਾਂ ਉੱਥੇ ਨਾਜਾਇਜ਼ ਵਸੂਲੀ ਨੂੰ  ਵੀ ਸਾਫ਼ ਸ਼ਬਦਾਂ 'ਚ ਨਾਜਾਇਜ਼ ਕਹਿਣਾ ਪਵੇਗਾ | ਅਜਿਹੀ ਲੁੱਟ ਲਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ | ਮਾਪੇ ਸਵਾਲ ਕਰਨ ਤਾਂ ਉਨ੍ਹਾਂ ਨੂੰ  ਆਪਣੇ ਬੱਚਿਆਂ ਨਾਲ ਮਾੜੇ ਵਿਹਾਰ ਦਾ ਡਰ ਨਹੀਂ ਹੋਣਾ ਚਾਹੀਦਾ | ਪਰਿਵਾਰ ਦੀ ਆਰਥਿਕ ਸਮੱਸਿਆ ਨੂੰ  ਬੱਚਿਆਂ ਲਈ ਸ਼ਰਮਿੰਦਗੀ ਦਾ ਕਾਰਨ ਬਣਾਉਣਾ ਕਿਸੇ ਵੀ ਵਿੱਦਿਅਕ ਸੰਸਕਾਰ ਨਾਲ ਮੇਲ ਨਹੀਂ ਖਾਂਦਾ | ਅੱਜ ਹਰ ਸਕੂਲ ਵਲੋਂ ਹਰ ਸਾਲ ਕਿਤਾਬਾਂ ਦੇ ਪ੍ਰਕਾਸ਼ਕ ਜਾਂ ਐਡੀਸ਼ਨ ਬਦਲੇ ਜਾਣ ਨਾਲ ਪੁਰਾਣੀਆਂ ਕਿਤਾਬਾਂ ਦੀ ਵਰਤੋਂ ਦਾ ਰਾਹ ਰੁਕ ਜਾਂਦਾ ਹੈ, ਜਿਸ ਵੱਲ ਸਰਕਾਰਾਂ ਵਲੋਂ ਉਚੇਚਾ ਧਿਆਨ ਦੇਣ ਦੀ ਲੋੜ ਹੈ | ਹਫ਼ਤੇ ਦੇ ਵੱਖਰੇ-ਵੱਖਰੇ ਦਿਨਾਂ ਲਈ ਤਿੰਨ-ਤਿੰਨ ਵਰਦੀਆਂ ਰੱਖੀਆਂ ਜਾਂਦੀਆਂ ਹਨ | ਮੌਸਮ ਤੇ ਖੇਡ ਲਈ ਢੁਕਵੇਂ ਕੱਪੜੇ ਤਾਂ ਸਮਝ ਆਉਂਦੇ ਹਨ, ਪਰ ਹਰ ਸਰਗਰਮੀ ਨੂੰ  ਨਵੀਂ ਖ਼ਰੀਦ ਨਾਲ ਜੋੜਨਾ ਕਿੰਨਾ ਕੁ ਵਾਜਬ ਹੈ?
ਅੰਕਾਂ ਦੀ ਦੌੜ 'ਚ ਬੱਚੇ ਦੀ ਪਛਾਣ ਸੁੰਗੜ ਸਕਦੀ ਹੈ | ਮਿਹਨਤ ਤੇ ਪ੍ਰਾਪਤੀ ਦੀ ਕਦਰ ਹੋਵੇ, ਪਰ ਘੱਟ ਅੰਕ ਬੇਇੱਜ਼ਤੀ ਦਾ ਆਧਾਰ ਨਾ ਬਣਨ | ਬੱਚਿਆਂ ਦੇ ਹੱਥਾਂ 'ਚ ਰਿਪੋਰਟ ਕਾਰਡ ਹੋਵੇ, ਉਨ੍ਹਾਂ ਦੀ ਸਮੁੱਚੀ ਯੋਗਤਾ ਦਾ ਫ਼ੈਸਲਾ ਸੁਣਾਉਣ ਵਾਲਾ ਕਾਗ਼ਜ਼ ਨਹੀਂ | ਬੱਚਾ ਲਗਾਤਾਰ ਉਦਾਸ ਜਾਂ ਚਿੜਚਿੜਾ ਰਹੇ, ਪਸੰਦ ਦੇ ਕੰਮਾਂ ਤੋਂ ਦੂਰ ਹੋਵੇ, ਨੀਂਦ ਜਾਂ ਖਾਣ-ਪੀਣ 'ਚ ਤਬਦੀਲੀ ਆਵੇ ਜਾਂ ਆਪਣੇ-ਆਪ ਨੂੰ  ਬੇਕਾਰ ਆਖੇ ਤਾਂ ਉਸ ਦੀ ਗੱਲ ਗੰਭੀਰਤਾ ਨਾਲ ਸੁਣਨੀ ਚਾਹੀਦੀ ਹੈ | ਰੱਟੇ ਦੀ ਆਦਤ ਕਾਰਨ ਬੱਚੇ ਜਾਣਦੇ ਹਨ ਕਿ ਕਿਹੜਾ ਉੱਤਰ ਕਿਹੜੇ ਸ਼ਬਦਾਂ 'ਚ ਲਿਖਣਾ ਹੈ, ਪਰ ਉਸ ਦੇ ਪਿੱਛੇ ਦੀ ਗੱਲ ਪੁੱਛੋ ਤਾਂ ਉਹ ਅਟਕ ਜਾਂਦੇ ਹਨ | ਯਾਦ ਰੱਖਣ ਦੇ ਨਾਲ ਤਰਕ ਤੇ ਅਭਿਆਸ ਲੋੜੀਂਦੇ ਹਨ | ਗਣਿਤ ਖ਼ਰੀਦਦਾਰੀ ਦਾ ਹਿਸਾਬ ਸਮਝਾਵੇ, ਵਿਗਿਆਨ ਰੋਜ਼ਾਨਾ ਘਟਨਾਵਾਂ ਦੀ ਪੜਚੋਲ ਸਿਖਾਵੇ ਅਤੇ ਭਾਸ਼ਾ ਆਪਣੀ ਗੱਲ ਸਪੱਸ਼ਟ ਰੱਖਣ ਦਾ ਸਾਧਨ ਬਣੇ |
ਮੌਲਾਨਾ ਆਜ਼ਾਦ ਦਾ ਇਕ ਹੋਰ ਕਥਨ ਹੈ, 'ਕਿਸੇ ਵੀ ਸਿੱਖਿਆ ਪ੍ਰਣਾਲੀ ਦਾ ਮੁੱਖ ਉਦੇਸ਼ ਅਜਿਹੇ ਸੰਤੁਲਿਤ ਮਨ ਤਿਆਰ ਕਰਨਾ ਹੈ, ਜਿਨ੍ਹਾਂ ਨੂੰ  ਗੁੰਮਰਾਹ ਨਾ ਕੀਤਾ ਜਾ ਸਕੇ |' ਅਜਿਹੇ ਮਨ ਸਵਾਲ ਪੁੱਛਣ, ਤੱਥ ਪਰਖਣ ਤੇ ਸਮਝ ਨਾਲ ਫ਼ੈਸਲਾ ਕਰਨ ਰਾਹੀਂ ਵਿਕਸਿਤ ਹੁੰਦੇ ਹਨ | ਅੰਕਾਂ ਨਾਲ ਤਰਕ, ਪ੍ਰਾਪਤੀ ਨਾਲ ਨਿਮਰਤਾ ਤੇ ਗਿਆਨ ਨਾਲ ਜ਼ਿੰਮੇਵਾਰੀ ਵਿਕਸਿਤ ਹੋਣੀ ਚਾਹੀਦੀ ਹੈ | ਗਿਆਨ ਤੇ ਵਿਹਾਰ ਦਾ ਰਿਸ਼ਤਾ ਵੀ ਧਿਆਨ ਮੰਗਦਾ ਹੈ | ਸਫ਼ਾਈ ਦਾ ਲੇਖ ਯਾਦ ਹੋਵੇ ਪਰ ਆਪਣਾ ਕੂੜਾ ਚੁੱਕਣ ਵਿਚ ਝਿਜਕ ਹੋਵੇ, ਬਰਾਬਰੀ ਦਾ ਪਾਠ ਆਉਂਦਾ ਹੋਵੇ ਪਰ ਕਮਜ਼ੋਰ ਸਾਥੀ ਦਾ ਮਜ਼ਾਕ ਉਡਾਇਆ ਜਾਵੇ, ਤਾਂ ਸਿੱਖਿਆ ਦਾ ਕੰਮ ਅਧੂਰਾ ਹੈ | ਸਕੂਲੀ ਸਰਗਰਮੀਆਂ (ਐਕਟੀਵਿਟੀਜ਼) ਦੇ ਨਾਂਅ 'ਤੇ ਦਿਖਾਵੇ ਦੀ ਵੀ ਪੜਚੋਲ ਹੋਵੇ | ਅੱਜ ਖ਼ਾਸ ਰੰਗ ਦੀ ਪੁਸ਼ਾਕ, ਕੱਲ੍ਹ ਕੋਈ ਖਾਣੇ ਦੀ ਚੀਜ਼ ਅਤੇ ਫਿਰ ਸਜਾਵਟੀ ਸਮੱਗਰੀ ਲਿਆਉਣ ਦਾ ਸੁਨੇਹਾ ਆ ਜਾਂਦਾ ਹੈ | ਇਨ੍ਹਾਂ ਦਾ ਵਿੱਦਿਅਕ ਮਕਸਦ ਹੋ ਸਕਦਾ ਹੈ, ਪਰ ਅਦਾਰਾ ਇਹ ਵੀ ਸੋਚੇ ਕਿ ਬੱਚੇ ਕੀ ਸਿੱਖਣਗੇ, ਖ਼ਰਚਾ ਕਿੰਨਾ ਹੋਵੇਗਾ ਤੇ ਮੰਗੀ ਚੀਜ਼ ਨਾ ਲਿਆ ਸਕਣ ਵਾਲੇ ਬੱਚੇ, ਅਜਿਹੀ ਵਿੱਦਿਅਕ ਗਤੀਵਿਧੀ ਨੂੰ  ਕਿਵੇਂ ਸਿਖ ਸਕਣਗੇ? ਘਰੋਂ ਲਿਆਂਦੀ ਮਹਿੰਗੀ ਚੀਜ਼ ਦੀ ਥਾਂ ਜਮਾਤ 'ਚ ਮਿਲ ਕੇ ਕੀਤਾ ਕੰਮ ਤੇ ਸਹਿਯੋਗ ਬਰਾਬਰੀ ਦਾ ਤਜਰਬਾ ਦੇ ਸਕਦਾ ਹੈ | ਚੰਗੇ ਸਕੂਲ ਦੀ ਪਛਾਣ ਲਈ ਸਹੀ ਸਵਾਲ ਪੁੱਛਣੇ ਪੈਣਗੇ- ਕੀ ਅਧਿਆਪਕ ਬੱਚੇ ਦੀ ਮੁਸ਼ਕਿਲ ਜਾਣਦਾ ਹੈ? ਕੀ ਬੱਚਾ ਬਿਨਾਂ ਡਰ ਗੱਲ ਕਰ ਸਕਦਾ ਹੈ? ਕੀ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ ਅਤੇ ਪ੍ਰਯੋਗਸ਼ਾਲਾ 'ਚ ਬੱਚਿਆਂ ਨੂੰ  ਆਪਣੇ ਹੱਥੀਂ ਕੰਮ ਕਰਨ ਦਾ ਮੌਕਾ ਮਿਲਦਾ ਹੈ? ਕੀ ਵੱਖਰੀਆਂ ਵਿੱਦਿਅਕ ਲੋੜਾਂ ਵਾਲੇ ਬੱਚਿਆਂ ਨੂੰ  ਸਹਾਰਾ ਮਿਲਦਾ ਹੈ? ਸਕੂਲ ਦੀ ਪਰਖ ਉਸ ਦੇ ਅੰਦਰ ਹੋ ਰਹੇ ਅਧਿਆਪਨ ਤੇ ਬੱਚਿਆਂ ਦੀ ਤਰੱਕੀ ਦੇ ਆਧਾਰ 'ਤੇ ਹੋਵੇ | ਅੰਗਰੇਜ਼ੀ ਬੋਲਣ ਨੂੰ  ਹੀ ਪੂਰੀ ਯੋਗਤਾ ਦਾ ਪੈਮਾਨਾ ਨਹੀਂ ਬਣਾਉਣਾ ਚਾਹੀਦਾ | ਹੋਰ ਭਾਸ਼ਾਵਾਂ ਸਿੱਖਣਾ ਮੌਕੇ ਵਧਾਉਂਦਾ ਹੈ, ਪਰ ਕੁਝ ਵਾਕ ਬੋਲ ਲੈਣਾ ਤੇ ਵਿਸ਼ਾ ਸਮਝਣਾ ਵੱਖਰੀਆਂ ਗੱਲਾਂ ਹਨ | ਬੱਚਾ ਪੰਜਾਬੀ 'ਚ ਗੱਲ ਸਪੱਸ਼ਟ ਸਮਝ ਸਕਦਾ ਹੈ ਤਾਂ ਉਸ ਦੀ ਸਮਝ ਦੀ ਕਦਰ ਹੋਵੇ ਤੇ ਨਵੀਂ ਭਾਸ਼ਾ ਸਿੱਖਣ ਲਈ ਸਹਾਇਤਾ ਮਿਲੇ | ਅਧਿਆਪਕਾਂ ਨੂੰ  ਕੇਵਲ ਕਟਹਿਰੇ 'ਚ ਖੜ੍ਹਾ ਕਰਨਾ ਵੀ ਨਿਆਂ ਨਹੀਂ ਹੋਵੇਗਾ | ਉਨ੍ਹਾਂ ਨੂੰ  ਪਾਠ ਤਿਆਰ ਕਰਨ, ਬੱਚਿਆਂ ਦੀਆਂ ਵੱਖਰੀਆਂ ਲੋੜਾਂ ਸਮਝਣ ਅਤੇ ਪਿੱਛੇ ਰਹਿ ਰਹੇ ਵਿਦਿਆਰਥੀਆਂ ਦੀ ਮਦਦ ਲਈ ਸਮਾਂ ਚਾਹੀਦਾ ਹੈ | ਬੇਲੋੜੀ ਕਾਗ਼ਜ਼ੀ ਕਾਰਵਾਈ ਤੇ ਪ੍ਰਚਾਰ ਸਰਗਰਮੀਆਂ 'ਚ ਸਮਾਂ ਲੱਗੇਗਾ ਤਾਂ ਜਮਾਤ ਪ੍ਰਭਾਵਿਤ ਹੋਵੇਗੀ | ਟੀਚਰਾਂ ਨੂੰ  ਉਚਿਤ ਤਨਖ਼ਾਹ, ਸਤਿਕਾਰ ਤੇ ਸਹਿਯੋਗ ਵੀ ਮਿਲਣਾ ਚਾਹੀਦਾ ਹੈ ਤੇ | ਨਾਲ ਹੀ ਅਧਿਆਪਨ ਦੀ ਗੁਣਵੱਤਾ ਤੇ ਬੱਚਿਆਂ ਨਾਲ ਵਿਹਾਰ ਬਾਰੇ ਜਵਾਬਦੇਹੀ ਵੀ ਹੋਵੇ |
ਸਿੱਖਿਆ ਦੀ ਸਫ਼ਲਤਾ ਉਸ ਵੇਲੇ ਹੋਵੇਗੀ ਜਦੋਂ ਬੱਚਾ ਕੰਮ ਸਿੱਖ ਸਕੇ, ਤਰਕ ਕਰ ਸਕੇ, ਆਪਣੀ ਗ਼ਲਤੀ ਸੁਧਾਰ ਸਕੇ ਅਤੇ ਦੂਜੇ ਦੇ ਦੁੱਖ ਨੂੰ  ਸਮਝ ਸਕੇ | ਉਸ ਦੀਆਂ ਅੱਖਾਂ 'ਚ ਨਵੇਂ ਸਵਾਲਾਂ ਦਾ ਉਤਸ਼ਾਹ ਅਤੇ ਵਿਹਾਰ 'ਚ ਮਨੁੱਖ ਲਈ ਸਤਿਕਾਰ ਹੋਵੇ | ਮਾਪਿਆਂ ਦੀ ਮਿਹਨਤ ਦਾ ਫ਼ਲ ਇਕ ਅਜਿਹਾ ਮਨੁੱਖ ਹੋਵੇ, ਜੋ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਸਮਝੇ | ਸਿੱਖਿਆ ਦੀ ਕੀਮਤ ਤਾਰਦਿਆਂ ਜੇ ਘਰ ਦਾ ਸੁੱਖ, ਬੱਚੇ ਦਾ ਬਚਪਨ ਅਤੇ ਸਿੱਖਣ ਦੀ ਖ਼ੁਸ਼ੀ ਹੀ ਗੁਆਚ ਜਾਣ ਤਾਂ ਸਵਾਲ ਸਿਰਫ਼ ਇਹ ਨਹੀਂ ਰਹਿ ਜਾਂਦਾ ਕਿ ਫ਼ੀਸ ਕਿੰਨੀ ਹੈ, ਸਵਾਲ ਇਹ ਬਣ ਜਾਂਦਾ ਹੈ ਕਿ ਅਸੀਂ ਸਿੱਖਿਆ ਕਿਸ ਨੂੰ  ਕਹਿ ਰਹੇ ਹਾਂ?

-ਐਡਮਿੰਟਨ (ਕੈਨੇਡਾ) |
ਮੋਬਾਈਲ : +1 416-399-6594

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ-ਸਵਾਲ ਹੈ ਰਾਜ ਦੇ ਭਵਿੱਖ ਦਾ ਅਗਲੀ ਖ਼ਬਰ ਤਿ੍ਪਤੀ ਡਿਮਰੀ ਮੀਨਾ ਕੁਮਾਰੀ ਬਣਨ ਦਿਓ
Ad Position 24