07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਅਭੁੱਲ ਅਨੁਭਵ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਅਭੁੱਲ ਅਨੁਭਵ

Ad Position 21
No active advertisement
ਅਜੀਤ ਡੈਸਕ 08-11-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਉਦਘਾਟਨ 27 ਅਕਤੂਬਰ, 2026 ਨੂੰ  ਉਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਜਲੰਧਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਕੀਤਾ ਗਿਆ | ਗੀਤ-ਸੰਗੀਤ, ਭੰਗੜੇ-ਗਿੱਧੇ, ਪਟਾਕੇ-ਆਤਿਸ਼ਬਾਜ਼ੀ ਅਤੇ ਲਾਈਟ ਸ਼ੋਅ ਦੇ ਮਤਾਬੀ ਰੰਗਾਂ ਨੇ ਸਟੇਡੀਅਮ ਨੂੰ  ਮਨਮੋਹਕ ਦਿ੍ਸ਼ 'ਚ ਬਦਲਿਆ | ਸਟੇਡੀਅਮ ਦੇ ਮੁੱਖ ਬਲਾਕ ਦੇ ਖੱਬੇ ਪਾਸੇ ਦਾ ਹਿੱਸਾ ਉਲੰਪੀਅਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰਾਖਵਾਂ ਰੱਖਿਆ ਗਿਆ | ਡੇਢ ਸੌ ਤੋਂ ਵੱਧ ਸੋਫ਼ਿਆਂ ਅਤੇ ਕੁਰਸੀਆਂ 'ਤੇ 'ਉਲੰਪੀਅਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ' ਚਿਟਾਂ ਲੱਗੀਆਂ ਹੋਈਆਂ ਸਨ | ਚਾਰ ਏਸ਼ੀਅਨ ਗੇਮਜ਼ ਖੇਡਣ ਵਾਲੀ ਰਾਜਬੀਰ ਕੌਰ, ਉਲੰਪੀਅਨ ਮਨਪ੍ਰੀਤ ਦਾ ਪਰਿਵਾਰ ਅਤੇ ਉਸਦੀ ਸਾਲ ਕੁ ਦੀ ਧੀ ਇਸ ਬਲਾਕ ਦੀ ਸ਼ੋਭਾ ਸਨ | ਉਘਾਟਨੀ ਸਮਾਰੋਹ ਤੋਂ ਘੰਟਾ ਪਹਿਲਾਂ ਹੀ ਇਹ ਬਲਾਕ ਨੱਕੋ-ਨੱਕ ਭਰ ਗਿਆ | ਦਰਅਸਲ, ਜਲੰਧਰ ਅੰਤਰ-ਰਾਸ਼ਟਰੀ ਹਾਕੀ ਖਿਡਾਰੀਆਂ ਦਾ ਗੜ੍ਹ ਹੈ |

 

ਜਲੰਧਰ ਛਾਉਣੀ ਦੇ ਨੇੜਲੇ ਪਿੰਡਾਂ ਸੰਸਾਰਪੁਰ, ਮਿੱਠਾਪੁਰ ਅਤੇ ਖੁਸਰੋਪੁਰ ਨੇ ਕਈ ਹਾਕੀ ਉਲੰਪੀਅਨ ਪੈਦਾ ਕੀਤੇ ਹਨ ਜਿਨ੍ਹਾਂ ਵਿਚ ਊਧਮ ਸਿੰਘ, ਬਲਬੀਰ ਸਿੰਘ ਕੁਲਾਰ, ਅਜੀਤ ਪਾਲ ਸਣੇ 14 ਖਿਡਾਰੀ ਸੰਸਾਰਪੁਰ ਪਿੰਡ ਦੇ ਹਨ | ਪ੍ਰਗਟ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਪਿੰਡ ਮਿੱਠਾਪੁਰ ਅਤੇ ਹਾਰਦਿਕ ਸਿੰਘ ਪਿੰਡ ਖੁਸਰੋਪੁਰ ਦੇ ਨਾਮ ਵਿਸ਼ੇਸ਼ ਹਨ | 
1848 ਵਿਚ ਪਹਿਲੀ ਸਿੱਖ-ਐਂਗਲੋ ਵਾਰ ਉਪਰੰਤ ਬਿ੍ਟਿਸ਼ ਹਕੂਮਤ ਨੇ ਜਲੰਧਰ ਵਿਖੇ ਛਾਉਣੀ ਸਥਾਪਿਤ ਕੀਤੀ ਸੀ | ਇੱਥੇ ਫ਼ੌਜ ਦੀਆਂ ਪਲਟੂਨਾਂ ਪੱਕੇ ਤੌਰ 'ਤੇ ਰੱਖੀਆਂ ਜਾਣ ਲੱਗੀਆਂ | ਫ਼ੌਜੀਆਂ ਲਈ ਪਰੇਡ ਅਤੇ ਖੇਡ ਮੈਦਾਨ ਇਨ੍ਹਾਂ ਪਿੰਡਾਂ ਦੀ ਜੂਹ ਵਿਚ ਬਣੇ | ਛੋਟੇ-ਛੋਟੇ ਬਾਲ ਫ਼ੌਜੀਆਂ ਨੂੰ  ਹਾਕੀ ਖੇਡਦੇ ਅਤੇ ਦੌੜਾਂ ਲਾਉਂਦਿਆਂ ਨੂੰ  ਵੇਖਦੇ ਰਹਿੰਦੇ ਸਨ | ਸਾਲ 1910 ਨੂੰ  ਇੱਥੇ ਬਿ੍ਟਿਸ਼ ਆਰਮੀ ਦੀ ਸਿੱਖ ਅਤੇ ਮਾਨਚੈਸਟਰ ਗਾਰਡੀਅਨ ਰੈਜੀਮੈਂਟ ਦੀਆਂ ਹਾਕੀ ਟੀਮਾਂ ਵਿਚਕਾਰ ਅਭਿਆਸ ਮੈਚ ਹੋਣ ਦਾ ਜ਼ਿਕਰ ਵੀ ਮਿਲਦਾ ਹੈ | ਅਚੇਤ ਮਨ ਵਿਚ ਕੋਈ ਬੀਜ ਬੀਜਿਆ ਗਿਆ ਜੋ ਸਮਾਂ ਪਾ ਕੇ ਉਲੰਪੀਅਨਾਂ ਦੀ ਭਰਵੀਂ ਫ਼ਸਲ ਬਣਿਆ | ਜਲੰਧਰ ਸ਼ਹਿਰ ਵਿਖੇ ਸਪੋਰਟਸ ਸਕੂਲ ਅਤੇ ਕਾਲਜ ਇਸੇ ਬੀਜ ਦੇ ਫ਼ਲ ਹਨ | ਜਲੰਧਰ ਸਪੋਰਟਸ ਉਦਯੋਗ ਅੰਤਰ-ਰਾਸ਼ਟਰੀ ਪਛਾਣ ਵਾਲਾ ਸ਼ਹਿਰ ਬਣ ਗਿਆ | ਸਾਲ 2026 ਹਾਕੀ ਪ੍ਰੇਮੀਆਂ ਲਈ ਭਰਪੂਰ ਸਰਗਰਮੀਆਂ ਵਾਲਾ ਵਰ੍ਹਾ ਰਿਹਾ | ਜੂਨ ਵਿਚ ਹਾਕੀ ਦੀ ਪ੍ਰੋ-ਲੀਗ ਖੇਡੀ ਗਈ, ਅਗਸਤ ਵਿਚ ਸੰਸਾਰ ਹਾਕੀ ਕੱਪ ਹਾਲੈਂਡ ਅਤੇ ਬੈਲਜ਼ੀਅਮ ਵਿਚ ਖੇਡਿਆ ਗਿਆ | ਸਤੰਬਰ ਵਿਚ ਏਸ਼ੀਅਨ ਖੇਡਾਂ ਵਿਚ ਵੀ ਹਾਕੀ ਮੁਕਾਬਲਾ ਹੋਇਆ | ਅਕਤੂਬਰ-ਨਵੰਬਰ 2026 ਦੌਰਾਨ ਏਸ਼ੀਅਨ ਚੈਂਪੀਅਨ ਟਰਾਫ਼ੀ ਜਲੰਧਰ ਅਤੇ ਮੁਹਾਲੀ ਵਿਖੇ ਖੇਡੀ ਗਈ | ਏਸ਼ੀਅਨ ਚੈਂਪੀਅਨਸ਼ਿੱਪ ਟਰਾਫ਼ੀ ਦੀ ਸ਼ੁਰੂਆਤ 2011 ਵਿਚ ਏਸ਼ੀਅਨ ਹਾਕੀ ਫ਼ੈਡਰੇਸ਼ਨ ਵਲੋਂ ਕੀਤੀ ਗਈ ਸੀ | ਇਸ ਦਾ ਉਦੇਸ਼ ਏਸ਼ੀਅਨ ਟੀਮਾਂ ਨੂੰ  ਹਾਕੀ ਖੇਡਣ ਦੇ ਮੌਕੇ ਮੁਹੱਈਆ ਕਰਵਾਉਣੇ ਅਤੇ ਹਾਕੀ ਨੂੰ  ਇਸ ਖੇਤਰ ਵਿਚ ਮਕਬੂਲ ਕਰਨਾ ਹੈ | ਇਹ ਟਰਾਫ਼ੀ ਹਰ ਸਾਲ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਪਲੇਠਾ ਖੇਡ ਮੁਕਾਬਲਾ 2011 ਵਿਚ ਚੀਨ ਵਿਚ ਹੋਇਆ, ਜੋ ਭਾਰਤ ਨੇ ਜਿੱਤਿਆ ਸੀ | ਇਹ ਟਰਾਫ਼ੀ ਭਾਰਤ ਛੇ ਵਾਰ, ਪਾਕਿਸਤਾਨ ਤਿੰਨ ਵਾਰ ਅਤੇ ਦੱਖਣੀ ਕੋਰੀਆ ਇਕ ਵਾਰ ਜਿੱਤ ਚੁੱਕਿਆ ਹੈ | ਇਕ ਵਾਰ ਭਾਰਤ ਤੇ ਪਾਕਿਸਤਾਨ ਸਾਂਝੇ ਜੇਤੂ ਕਰਾਰ ਦਿੱਤੇ ਗਏ ਸਨ |
ਤਾਮਿਲਨਾਡੂ ਦੇ ਚੇਨਈ ਸ਼ਹਿਰ ਨੇ ਸੱਤਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2023 ਵਿਚ ਕਰਵਾਈ ਸੀ | 2026 ਵਿਚ ਜਲੰਧਰ ਅਤੇ ਮੁਹਾਲੀ ਵਿਚ ਨੌਵੀਂ ਏਸ਼ੀਅਨ ਚੈਪੀਂਅਨਜ਼ ਟਰਾਫ਼ੀ ਕਰਵਾ ਕੇ ਪੰਜਾਬ ਅਜਿਹਾ ਦੂਜਾ ਸੂਬਾ ਬਣ ਗਿਆ | ਭਾਰਤੀ ਹਾਕੀ ਟੀਮ ਦੇ ਲਗਭਗ ਅੱਧ ਤੋਂ ਵੱਧ ਖਿਡਾਰੀ ਪੰਜਾਬ ਪ੍ਰਾਂਤ ਵਿਚੋਂ ਰਹੇ ਹਨ | ਮੌਜੂਦਾ ਟੀਮ ਵਿਚ ਵੀ ਪੰਜਾਬ ਦੇ ਨੌਂ ਖਿਡਾਰੀ ਖੇਡ ਰਹੇ ਹਨ, ਪਰ ਪੰਜਾਬ ਵਿਚ ਇਹ ਪਹਿਲਾ ਅੰਤਰ-ਰਾਸ਼ਟਰੀ ਟੂਰਨਾਮੈਂਟ ਹੋਇਆ ਹੈ | ਨੌਜਵਾਨਾਂ ਨੂੰ  ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪ੍ਰਾਂਤ ਨੂੰ  ਅਜਿਹਾ ਯਤਨ 25-30 ਵਰ੍ਹੇ ਪਹਿਲਾਂ ਕਰ ਲੈਣਾ ਚਾਹੀਦਾ ਸੀ | ਇਸ ਪੱਖੋਂ ਓਡੀਸ਼ਾ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ | ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਨੇ ਇੰਡੀਆ ਹਾਕੀ ਨੂੰ  ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ | 2014 ਵਿਚ ਕਿਲੰਗਾ ਹਾਕੀ ਸਟੇਡੀਅਮ ਉਸਾਰਿਆ ਅਤੇ ਭੁਵਨੇਸ਼ਵਰ ਵਿਖੇ ਪਹਿਲੀ ਵਰਲਡ ਹਾਕੀ ਚੈਂਪੀਅਨਸ਼ਿਪ ਕਰਵਾਈ | 2018 ਦਾ ਹਾਕੀ ਵਲਰਡ ਕੱਪ ਭੁਵਨੇਸ਼ਵਰ ਵਿਖੇ ਹੋਇਆ ਅਤੇ 2023 ਦਾ ਹਾਕੀ ਵਰਲਡ ਕੱਪ ਰੁੜਕੇਲਾ ਅਤੇ ਭੁਵਨੇਸ਼ਵਰ ਵਿਖੇ ਖੇਡਿਆ ਗਿਆ | 2021 ਦਾ ਜੂਨੀਅਰ ਹਾਕੀ ਵਰਲਡ ਕੱਪ ਵੀ ਭੁਵਨੇਸ਼ਵਰ ਵਿਖੇ ਖੇਡਿਆ ਗਿਆ ਸੀ | ਪ੍ਰੋ-ਲੀਗ ਅਤੇ ਕੁਆਲੀਫਾਈ ਟੂਰਨਾਮੈਂਟਾਂ ਨੂੰ  ਸ਼ਾਮਿਲ ਕਰਦਿਆਂ ਭੁਵਨੇਸ਼ਵਰ 2014 ਤੋਂ ਔਸਤਨ ਪ੍ਰਤੀ ਸਾਲ ਇਕ ਅੰਤਰ-ਰਾਸ਼ਟਰੀ ਟੂਰਨਾਮੈਂਟ ਕਰਵਾਉਂਦਾ ਆ ਰਿਹਾ ਹੈ | ਓਡੀਸ਼ਾ ਨੇ ਅੰਤਰ-ਰਾਸ਼ਟਰੀ ਹਾਕੀ ਲਈ ਸਿਰਫ਼ ਸਟੇਡੀਅਮ ਹੀ ਨਹੀਂ ਬਣਵਾਏ, ਸਗੋਂ ਖਿਡਾਰੀ ਪੈਦਾ ਕਰਨ ਲਈ ਇਕ ਵਿਸ਼ੇਸ਼ ਪ੍ਰਣਾਲੀ ਵੀ ਵਿਕਸਿਤ ਕੀਤੀ ਹੈ | ਓਡੀਸ਼ਾ ਦਾ ਕਬਾਇਲੀ ਜ਼ਿਲ੍ਹਾ ਸੁੰਦਰਗੜ੍ਹ ਹਾਕੀ ਖਿਡਾਰੀ ਪੈਦਾ ਕਰਨ ਲਈ ਮੋਹਰੀ ਜ਼ਿਲ੍ਹਾ ਬਣਿਆ | ਇੱਥੇ ਵੀ ਬੱਚਿਆਂ ਨੇ ਬਿ੍ਟਿਸ਼ ਫ਼ੌਜੀਆਂ ਨੂੰ  ਹਾਕੀ ਖੇਡਦੇ ਵੇਖਿਆ, ਫੇਰ ਈਸਾਈ ਮਿਸ਼ਨਰੀ ਆਪਣੇ ਸਕੂਲਾਂ ਰਾਹੀਂ ਇਸ ਖੇਡ ਨੂੰ  ਪਿੰਡ-ਪਿੰਡ ਲੈ ਗਏ | ਕਬਾਇਲੀ ਖੇਤਰ ਦੀ ਜੁਝਾਰੂ ਭਾਵਨਾ ਨੇ ਹਾਕੀ ਦੀ ਪਨੀਰੀ ਨੂੰ  ਖੇਡਣ ਲਈ ਪ੍ਰਪੱਕ ਕੀਤਾ | ਦਲੀਪ ਟਿਰਕੀ, ਇਗਲਾਸ ਟਿਰਕੀ ਅਤੇ ਅਮਿਤ ਰੋਹਿਦਾਸ ਇਨ੍ਹਾਂ ਜੰਗਲੀ ਬੂਟੀਆਂ ਦੇ ਖ਼ੁਸ਼ਬੋਏ ਫੁੱਲ ਹਨ | ਖੇਡ ਗਰਾਊਾਡ, ਕੋਚਿੰਗ, ਸਪੋਰਟਸ ਹੋਸਟਲ ਰਾਹੀਂ ਵਿਵਹਾਰਿਕ ਹਾਕੀ ਮਾਡਲ ਵਿਕਸਿਤ ਕੀਤਾ ਗਿਆ | ਓਡੀਸ਼ਾ ਦੇ ਇਕੱਲੇ ਸੁੰਦਰਗੜ੍ਹ ਜ਼ਿਲ੍ਹੇ ਵਿਚ ਹਾਕੀ ਦੇ 24 ਤੋਂ ਵੱਧ ਟਰਫ਼ ਹਨ, ਪੰਜਾਬ ਪ੍ਰਾਂਤ ਵਿਚ ਇਹ ਗਿਣਤੀ ਇਸ ਤੋਂ ਅੱਧੀ ਹੈ | 
ਓਡੀਸ਼ਾ ਸਰਕਾਰ ਨੇ ਟਾਟਾ ਸਟੀਲਜ਼ ਦੇ ਸਹਿਯੋਗ ਨਾਲ ਹਾਕੀ ਦੀ ਇਸ ਵਿਕਸਿਤ ਪ੍ਰਣਾਲੀ ਨੂੰ  ਲਾਗੂ ਕੀਤਾ ਜਿਸ ਅਧੀਨ ਓਡੀਸ਼ਾ ਦੇ 17 ਜ਼ਿਲਿ੍ਹਆਂ ਵਿਚ 33 ਕੇਂਦਰ ਬਣਾਏ ਗਏ | ਅਜਿਹੇ ਯਤਨ ਪੰਜਾਬ ਵਿਚ ਰਾਊਾਡ ਗਲਾਸ ਸੰਸਥਾ ਵਲੋਂ ਆਰੰਭੇ ਗਏ ਹਨ | ਰਾਊਾਡ ਗਲਾਸ ਵਲੋਂ ਪੰਜਾਬ ਵਿਚ ਹਾਕੀ ਅਕੈਡਮੀਆਂ ਲਈ ਲਗਭਗ 24 ਟ੍ਰੇਨਿੰਗ ਸੈਂਟਰ ਚਲਾਏ ਜਾ ਰਹੇ ਹਨ | ਮੁਹਾਲੀ ਵਿਖੇ 2 ਹਾਕੀ ਟਰਫ਼ ਉਸਾਰੇ ਗਏ ਹਨ ਜਿੱਥੇ ਹਾਕੀ ਸਿਖਲਾਈ ਲਈ ਹਰ ਸਹੂਲਤ ਮੁਹੱਈਆ ਹੈ | ਪ੍ਰਾਈਵੇਟ ਸੰਸਥਾਵਾਂ ਅਤੇ ਵਿਅਕਤੀਆਂ ਵਲੋਂ ਖੇਡਾਂ ਵਿਚ ਨਿਵੇਸ਼ ਸਮਾਜ ਦਾ ਇਕ ਉਸਾਰੂ ਪਹਿਲੂ ਹੈ | 
ਏਸ਼ੀਅਨ ਚੈਂਪੀਅਨਸ਼ਿਪ ਟਰਾਫ਼ੀ ਲਈ ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਕੋਰੀਆ, ਅਤੇ ਚੀਨ ਦੀਆਂ ਟੀਮਾਂ ਵਲੋਂ ਕੁਆਲੀਫਾਈ ਕੀਤਾ ਗਿਆ ਸੀ | ਪਾਕਿਸਤਾਨ ਦੀ ਟੀਮ ਵਲੋਂ ਨਾ ਆਉਣ ਕਰਨ ਬੰਗਲਾ ਦੇਸ਼ ਨੂੰ  ਖੇਡਣ ਦਾ ਮੌਕਾ ਮਿਲਿਆ | ਪਾਕਿਸਤਾਨ ਦੀ ਟੀਮ ਜੇਕਰ ਇਸ ਮੁਕਾਬਲੇ ਵਿਚ ਸ਼ਾਮਲ ਹੁੰਦੀ ਤਾਂ 1 ਨਵੰਬਰ ਨੂੰ  ਭਾਰਤ-ਪਾਕਿਸਤਾਨ ਵਿਚ ਖੇਡਿਆ ਜਾਣ ਵਾਲਾ ਮੈਚ ਇਸ ਖੇਡ ਮੇਲੇ ਦਾ ਮਾਣ ਹੋਣਾ ਸੀ | ਏਸ਼ੀਅਨ ਚੈਂਪੀਅਨ ਟਰਾਫ਼ੀ ਦੇ ਲੀਗ ਮੈਚ ਜਲੰਧਰ ਵਿਖੇ ਹੋਏ | ਰੋਜ਼ਾਨਾ ਤਿੰਨ-ਤਿੰਨ ਮੈਚ ਹੁੰਦੇ ਰਹੇ | ਪੰਜ ਦਿਨਾਂ ਵਿਚ 15 ਲੀਗ ਮੈਚ ਮੁਕੰਮਲ ਕਰ ਲਏ ਗਏ | ਇਹ ਮੈਚ ਜਲੰਧਰ ਵਿਖੇ ਹੋਣ ਕਾਰਨ ਦੁਆਬੇ ਅਤੇ ਮਾਝੇ ਦੇ ਹਾਕੀ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਨੂੰ  ਏਸ਼ੀਅਨ ਹਾਕੀ ਦੇਖਣ ਦਾ ਚੰਗਾ ਮੌਕਾ ਮਿਲਿਆ | ਇਨ੍ਹਾਂ ਪੰਜ ਦਿਨਾਂ ਦੌਰਾਨ ਸਕੂਲਾਂ ਅਤੇ ਅਕੈਡਮੀਆਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਇਹ ਮੈਚ ਵੇਖੇ | 
4 ਨਵੰਬਰ ਨੂੰ  ਦੋਵੇਂ ਫਾਈਨਲ ਮੈਚ ਮੁਹਾਲੀ ਸਟੇਡੀਅਮ ਵਿਖੇ ਖੇਡੇ ਗਏ | ਇਸ ਦਿਨ 1975 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਸਲਮ ਸ਼ੇਰ ਖ਼ਾਂ ਅਤੇ ਹਾਲੈਂਡ ਦੇ ਪੈਲਨਟੀ ਕਾਰਨਰ ਮਾਹਰ ਬੌਵ ਲੈਂਡਰ ਹਾਕੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ | ਪੂਲ ਮੈਚਾਂ ਤੱਕ ਕੋਈ ਵੀ ਵੱਡਾ ਉਲਟ-ਫੇਰ ਨਹੀਂ ਹੋਇਆ | ਲੇਕਿਨ ਮਲੇਸ਼ੀਆ ਅਤੇ ਜਾਪਾਨ ਵਿਚਕਾਰ ਖੇਡਿਆ ਜਾਣ ਵਾਲਾ ਪਹਿਲਾ ਸੈਮੀ ਫਾਈਨਲ ਕਾਂਟੇ ਦੀ ਟੱਕਰ ਸੀ | ਮਲੇਸ਼ੀਆ ਦੇ ਦੋ-ਤਿੰਨ ਪਾਵਰਫੁੱਲ ਸ਼ਾਰਟ ਜਾਪਾਨੀ ਗੋਲਕੀਪਰ ਨੇ ਰੋਕ ਲਏ ਸਨ | ਮੈਚ ਖ਼ਤਮ ਹੋਣ ਤੋਂ ਦੋ-ਢਾਈ ਮਿੰਟ ਪਹਿਲਾਂ ਜਾਪਾਨ ਦਾ ਤੇਜ਼-ਤਰਾਰ ਮੂਵ ਗੋਲ ਵਿਚ ਨਾ ਬਦਲਿਆ ਜਾ ਸਕਿਆ | ਪੈਲਨਟੀ ਸਟਰੋਕ ਲੱਗਣ ਲੱਗੇ ਤਾਂ ਮਲੇਸ਼ੀਆ ਦਾ ਇਕ ਖਿਡਾਰੀ ਸਟਰੋਕ ਮਿੱਸ ਕਰ ਗਿਆ | ਇਸ ਉਪਰੰਤ ਮਲੇਸ਼ੀਅਨ ਖਿਡਾਰੀਆਂ 'ਤੇ ਮਾਨਸਿਕ ਤਣਾਓ ਵੇਖਣ ਵਾਲਾ ਸੀ | ਜਾਪਾਨ ਝਕਾਨੀ ਦੇ ਕੇ ਫਾਈਨਲ ਵਿਚ ਪਹੁੰਚ ਗਿਆ | ਫਾਈਨਲ ਮੈਚ ਵਿਚ ਭਾਰਤ ਨੇ ਜਾਪਾਨ ਨੂੰ  4-1 ਗੋਲਾਂ ਨਾਲ ਹਰਾਇਆ | ਪਰ ਇਹ ਅੰਕੜੇ ਮੈਚ ਦੀ ਸਹੀ ਤਸਵੀਰ ਦਾ ਪ੍ਰਤੀਬਿੰਬ ਨਹੀਂ ਹਨ | ਜਾਪਾਨ ਦੇ ਤੇਜ਼-ਤਰਾਰ ਫਾਰਵਰਡ ਮਾਤਸਮੋਟੋਂ ਨੇ ਮੈਚ ਦੇ ਤੀਸਰੇ ਹੀ ਮਿੰਟ ਵਿਚ ਸ਼ਾਨਦਾਰ ਫੀਲਡ ਗੋਲ ਕੀਤਾ | ਜਾਪਾਨੀਆਂ ਨੇ ਇਸ ਗੋਲ ਦੁਆਲੇ ਇਕ ਕਿਲ੍ਹਾ ਉਸਾਰ ਲਿਆ | ਮੈਚ ਦੀ 'ਜਾਪਾਨੀ ਪਕੜ' ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੰਡੀਆ ਨੂੰ  ਪਹਿਲੇ ਦੋ ਕੁਆਰਟਰਾਂ ਵਿਚ ਇਕ ਵੀ ਪੈਲਨਟੀ ਕਾਰਨਰ ਨਹੀਂ ਮਿਲਿਆ | ਜਾਪਾਨ ਨੇ ਤੀਜੇ ਕੁਆਰਟਰ ਦੇ 11ਵੇਂ ਮਿੰਟ ਤੱਕ ਭਾਰਤੀ ਦਰਸ਼ਕਾਂ ਦੇ ਸਾਹ ਸੂਤੇ ਰਹੇ | ਭਾਰਤ ਨੇ ਗੋਲਡ ਮੈਡਲ ਜਿੱਤਿਆ | ਜਾਪਾਨ ਨੇ ਸਿਲਵਰ ਮੈਡਲ ਦੇ ਨਾਲ ਵਾਹ-ਵਾਹ ਵੀ ਲਈ | 
ਸ਼ਾਮੀਂ 5 ਵਜੇ ਖੇਡੇ ਜਾਣ ਵਾਲੇ ਮੈਚ ਦਿਨ ਛਿਪਣ ਅਤੇ ਦਿਨ ਦੇ ਰਾਤ ਵਿਚ ਬਦਲਣ ਸਮੇਂ ਦਾ ਅਦਭੁਤ ਨਜ਼ਾਰਾ ਪੇਸ਼ ਕਰਦੇ ਸਨ | 4 ਅਤੇ 5 ਨਵੰਬਰ ਨੂੰ  ਮੁਹਾਲੀ ਸਟੇਡੀਅਮ ਦਾ ਇਹ ਨਜ਼ਾਰਾ ਮੇਰੇ ਚੇਤਿਆਂ ਵਿਚ ਖੁਣਿਆ ਗਿਆ | ਛੇ ਦੇਸ਼ਾਂ ਅਤੇ ਭਾਰਤੀ ਤੇ ਏਸ਼ੀਅਨ ਹਾਕੀ ਫੈਡਰੇਸ਼ਨਾਂ ਦੇ ਝੰਡੇ ਸਟੇਡੀਅਮ ਦੇ ਸਾਹਮਣੇ ਵਾਲੀ ਦਿਸ਼ਾ ਉੱਪਰ ਉੱਚੇ ਲਹਿਰਾਉਂਦੇ ਮੇਰੇ ਲਈ ਖਿੱਚ ਦਾ ਕੇਂਦਰ ਸਨ | ਸਾਹਮਣੇ ਇਨ੍ਹਾਂ ਨੂੰ  ਵੇਖਦਿਆਂ ਮੈਂ ਛਿਪਦੇ ਦਿਨ ਦਾ ਅੰਦਾਜ਼ਾ ਲਗਾਉਂਦਾ | ਜਦੋਂ ਬੱਤੀਆਂ ਜਗਦੀਆਂ ਤਾਂ ਸਟੇਡੀਅਮ ਦੇ ਸੁਹੱਪਣ ਵਿਚ ਢੇਰ ਵਾਧਾ ਹੋ ਜਾਂਦਾ | ਇਨ੍ਹਾਂ ਝੰਡਿਆਂ ਦੇ ਪਿੱਛੇ ਸੰਘਣੇ ਰੁੱਖ ਸਨ | ਹਨੇਰਾ ਹੁੰਦਿਆਂ ਇਨ੍ਹਾਂ ਰੁੱਖਾਂ ਦੀ ਦਿੱਖ ਗਹਿਰੀ ਹੁੰਦੀ ਜਾਂਦੀ | ਹਵਾ ਵਗਦੀ ਤਾਂ ਝੰਡੇ ਲਹਿਰਾਉਣ ਤੇ ਰੁੱਖ ਝੂਮਣ ਲੱਗ ਜਾਂਦੇ | ਏਅਰਪੋਰਟ ਨੇੜੇ ਹੋਣ ਕਾਰਨ ਟੇਕ ਆਫ਼ ਕਰਦੇ ਜਹਾਜ਼ ਰੁੱਖਾਂ, ਝੰਡਿਆਂ ਉਪਰ ਦੀ ਸਟੇਡੀਅਮ ਦੇ ਕੇਂਦਰ ਵਿਚੋਂ ਦੀ ਲੰਘਦੇ | ਲਹਿਰਾਉਂਦੇ ਝੰਡੇ, ਗਹਿਰੀ ਦਿੱਖ ਵਾਲੇ ਰੁੱਖ, ਜਹਾਜ਼ਾਂ ਦੀ ਗੂੰਜ ਅਤੇ ਟਿਮਟਮਾਉਂਦੀਆਂ ਬੱਤੀਆਂ ਮੇਰੇ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ | ਹਰ 10-12 ਮਿੰਟ ਬਾਅਦ ਜਹਾਜ਼ ਉੱਡਦੇ ਰਹੇ | ਮੈਂ ਅੱਧਾ ਸਮਾਂ ਇਹ ਦਿ੍ਸ਼ ਵੇਖਦਾ ਰਿਹਾ ਅਤੇ ਬਾਕੀ ਅੱਧਾ ਸਮਾਂ ਮੈਚ ਵੇਖਦਾ ਰਿਹਾ | ਇੱਥੇ ਬੈਠਿਆਂ ਮੈਨੂੰ ਪੰਜਾਬ ਖ਼ੁਸ਼ਹਾਲ ਜਾਪਿਆ | 
ਲਹਿਰਾਉਂਦੇ ਝੰਡੇ, ਝੂਮਦੇ ਰੁੱਖ ਅਤੇ ਜਹਾਜ਼ਾਂ ਦੀ ਗੂੰਜ ਦੀ ਗੋਦ ਵਿਚ ਹੇਠਾਂ ਰੰਗ-ਬਰੰਗੀਆਂ ਸਕੂਲੀ ਵਰਦੀਆਂ ਪਾਈ ਸਟੇਡੀਅਮ ਵਿਚ ਬੈਠੇ ਮੁੰਡੇ-ਕੁੜੀਆਂ ਦਾ ਇਕੱਠ ਅਦਭੁਤ ਨਜ਼ਾਰਾ ਪੇਸ਼ ਕਰਦਾ ਸੀ | ਜਵਾਨੀ ਨੂੰ  ਨਸ਼ਿਆਂ ਅਤੇ ਲੜਾਈ ਝਗੜਿਆਂ ਤੋਂ ਦੂਰ ਰੱਖਣ ਲਈ ਅਜਿਹੇ ਅੰਤਰ-ਰਾਸ਼ਟਰੀ ਖੇਡ ਮੇਲੇ ਆਪਣਾ ਸਾਰਥਕ ਰੋਲ ਅਦਾ ਕਰਦੇ ਹਨ | 'ਜਦੋਂ ਬੀਜ ਪੁੰਗਰਨ ਲੱਗ ਜਾਣ' ਜਲੰਧਰ ਛਾਉਣੀ ਅਤੇ ਸੁੰਦਰਗੜ੍ਹ (ਰੁੜਕੇਲਾ, ਓਡੀਸ਼ਾ) ਨੇ ਇਸ ਦੇ ਸਪੱਸ਼ਟ ਪ੍ਰਮਾਣ ਦਿੱਤੇ ਹਨ | ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਪੰਜਾਬ ਵਲੋਂ ਮੇਜ਼ਬਾਨੀ ਕਰਨਾ ਇਕ ਅਤਿ ਲੋੜੀਂਦਾ, ਸਾਰਥਕ ਅਤੇ ਸਚਮੁੱਚ ਸਲਾਹੁਣਯੋਗ ਯਤਨ ਹੈ | ਅਜਿਹੇ ਯਤਨਾਂ ਨਾਲ ਹੀ ਪੰਜਾਬ ਨੂੰ  ਮੁੜ ਖ਼ੁਸ਼ਹਾਲੀ ਦੀਆਂ ਲੀਹਾਂ 'ਤੇ ਲਿਆਂਦਾ ਜਾ ਸਕੇਗਾ | 

-ਮੋਬਾਈਲ : 9815800405

Ad Position 22
No active advertisement
ਪਿਛਲੀ ਖ਼ਬਰ ਖੁਸ਼ਵੰਤ ਸਿੰਘ ਸਾਹਿਤ ਉਤਸਵ ਤੇ ਕੁਲਵੰਤ ਸਿੰਘ ਵਿਰਕ ਨਾਲ ਜੁੜੀਆਂ ਯਾਦਾਂ ਅਗਲੀ ਖ਼ਬਰ ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
Ad Position 24