05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਾਮੋਸ਼ੀਜਨਕ ਹਾਰ

ਨਾਮੋਸ਼ੀਜਨਕ ਹਾਰ

Ad Position 21
No active advertisement
ਅਜੀਤ ਡੈਸਕ 06-11-2026

ਅਮਰੀਕਾ ਵਿਚ ਮੱਧਕਾਲੀ ਚੋਣਾਂ ਨੂੰ  ਬੜੀ ਹੀ ਦਿਲਚਸਪੀ ਨਾਲ ਉਡੀਕਿਆ ਜਾ ਰਿਹਾ ਸੀ | ਹੁਣ ਇਸ ਦੇ ਨਤੀਜੇ ਲਗਭਗ ਉਹੀ ਆਏ ਹਨ, ਜਿਨ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ ਅਤੇ ਬਹੁ-ਗਿਣਤੀ ਅਮਰੀਕੀ ਅਤੇ ਦੁਨੀਆ ਦੇ ਹੋਰ ਲੋਕ ਵੀ ਅਜਿਹਾ ਹੀ ਚਾਹੁੰਦੇ ਸਨ | ਚੋਣਾਂ ਤੋਂ ਪਹਿਲਾਂ ਵੀ ਉੱਥੇ ਤਰ੍ਹਾਂ-ਤਰ੍ਹਾਂ ਦੇ ਸਰਵੇਖਣ ਕਰਵਾਏ ਗਏ, ਜਿਨ੍ਹਾਂ ਤੋਂ ਇਹੀ ਪ੍ਰਭਾਵ ਮਿਲਦਾ ਸੀ ਕਿ ਲੋਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਮਕਾਜ ਤੋਂ ਅਸੰਤੁਸ਼ਟ ਹਨ | 'ਐਸੋਸੀਏਟਿਡ ਪ੍ਰੈੱਸ' ਦੇ ਇਕ ਸਰਵੇਖਣ ਅਨੁਸਾਰ 10 'ਚੋਂ 6 ਦੇ ਲਗਭਗ ਵੋਟਰ ਟਰੰਪ ਦੇ ਕੰਮਕਾਜ ਨੂੰ  ਠੀਕ ਨਹੀਂ ਸਨ ਸਮਝਦੇ | 70 ਫ਼ੀਸਦੀ ਦੇ ਲਗਭਗ ਇਹ ਚਾਹੁੰਦੇ ਸਨ ਕਿ ਸੰਸਦ ਨੂੰ  ਰਾਸ਼ਟਰਪਤੀ ਦੀਆਂ ਨੀਤੀਆਂ ਨੂੰ  ਜ਼ਾਬਤੇ ਵਿਚ ਲਿਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ  ਸੰਤੁਲਿਤ ਰੱਖਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ | ਟਰੰਪ ਦੇਸ਼ ਦੇ ਹਿਤਾਂ ਤੋਂ ਪਹਿਲਾਂ ਆਪਣੇ ਹਿਤਾਂ ਨੂੰ  ਵਧੇਰੇ ਪਹਿਲ ਦਿੰਦੇ ਰਹੇ ਹਨ | ਸੈਨਿਟ ਦੇ ਨਤੀਜੇ ਵੀ ਲਗਭਗ ਅਜਿਹੇ ਹੀ ਆਏ ਹਨ | 

ਅਮਰੀਕੀ ਲੋਕਤੰਤਰਿਕ ਪ੍ਰਣਾਲੀ ਦਾ ਭਾਰਤੀ ਲੋਕਤੰਤਰਿਕ ਪ੍ਰਣਾਲੀ ਨਾਲੋਂ ਫ਼ਰਕ ਹੈ | ਇੱਥੇ ਰਾਸ਼ਟਰਪਤੀ ਆਜ਼ਾਦਾਨਾ ਤੌਰ 'ਤੇ ਚੁਣਿਆ ਜਾਂਦਾ ਹੈ | ਉਸ ਦੇ ਅਹੁਦੇ ਦਾ ਅਮਰੀਕੀ ਪਾਰਲੀਮੈਂਟ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੁੰਦਾ | ਇੱਥੇ ਦੀ ਸੰਸਦ ਦੇ ਦੋ ਸਦਨ ਹੁੰਦੇ ਹਨ. ਇਕ ਨੂੰ  'ਹਾਊਸ ਆਫ਼ ਰਿਪਰੈਂਜ਼ਟੇਟਿਵ' ਅਤੇ ਦੂਜੇ ਦਾ ਨਾਂਅ 'ਸੈਨਿਟ' ਹੈ | 'ਹਾਊਸ ਆਫ਼ ਰਿਪਰੈਂਜ਼ਟੇਟਿਵ' ਲਈ ਰਾਜਾਂ ਦੇ ਵੱਖ-ਵੱਖ ਹਲਕਿਆਂ ਤੋਂ ਚੋਣਾਂ ਹੁੰਦੀਆਂ ਹਨ | ਇਸ ਦੇ ਕੁੱਲ 435 ਮੈਂਬਰ ਹਨ ਅਤੇ ਸੈਨਿਟ ਵਿਚ ਇਕ ਰਾਜ 'ਚੋਂ ਦੋ ਸੈਨੇਟਰ ਚੁਣੇ ਜਾਂਦੇ ਹਨ | ਅਮਰੀਕਾ ਵਿਚ 50 ਰਾਜ ਹਨ | ਇਸ ਲਈ ਸੈਨਿਟ ਦੇ ਕੁੱਲ ਮੈਂਬਰਾਂ ਦੀ ਗਿਣਤੀ ਵੀ 100 ਹੀ ਹੁੰਦੀ ਹੈ | ਰਾਸ਼ਟਰਪਤੀ ਆਮ ਚੋਣਾਂ ਰਾਹੀਂ ਸਿੱਧੇ ਰੂਪ ਵਿਚ 4 ਸਾਲ ਲਈ ਚੁਣਿਆ ਜਾਂਦਾ ਹੈ | ਇੱਥੇ 2 ਸਾਲ ਬਾਅਦ ਸੰਸਦ ਦੀਆਂ ਮੱਧਕਾਲੀ ਚੋਣਾਂ ਹੁੰਦੀਆਂ ਹਨ | ਚੁਣੇ ਹੋਏ ਮੈਂਬਰ ਇਨ੍ਹਾਂ ਦੋਵਾਂ ਸਦਨਾਂ ਦੀ ਪ੍ਰਤੀਨਿਧਤਾ ਕਰਦੇ ਹਨ | ਡੋਨਾਲਡ ਟਰੰਪ ਰਿਪਬਲਕਿਨ ਪਾਰਟੀ ਨਾਲ ਸੰਬੰਧਿਤ ਹਨ | ਚੋਣਾਂ ਤੋਂ ਪਹਿਲਾਂ ਦੋਵਾਂ ਹੀ ਸਦਨਾਂ ਵਿਚ ਰਿਪਬਲਕਿਨ ਪਾਰਟੀ ਦੇ ਮੈਂਬਰਾਂ ਦਾ ਬਹੁਮਤ ਸੀ | ਚਾਹੇ ਇਨ੍ਹਾਂ ਦਾ ਆਪਸੀ ਫ਼ਰਕ ਬਹੁਤ ਘੱਟ ਸੀ | ਇਸ ਵਾਰ ਪ੍ਰਤੀਨਿਧੀ ਸਭਾ (ਹਾਊਸ ਆਫ਼ ਰਿਪਰੈਂਜ਼ੇਟਟਿਵ) ਦੀਆਂ 435 ਅਤੇ ਸੈਨਿਟ ਦੀਆਂ 100  'ਚੋਂ 35 ਸੀਟਾਂ ਲਈ ਚੋਣਾਂ ਹੋਈਆਂ ਸਨ | ਚਾਹੇ ਇਨ੍ਹਾਂ ਚੋਣਾਂ ਦਾ ਰਾਸ਼ਟਰਪਤੀ ਸਿੱਧੇ ਤੌਰ 'ਤੇ ਹਿੱਸਾ ਨਹੀਂ ਹੁੰਦੇ, ਪਰ ਇਨ੍ਹਾਂ ਮੱਧਕਾਲੀ ਚੋਣਾਂ ਨੂੰ  ਆਮ ਤੌਰ 'ਤੇ ਰਾਸ਼ਟਰਪਤੀ ਦੀ ਕਾਰਜਸ਼ੈਲੀ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ | ਇਨ੍ਹਾਂ ਚੋਣਾਂ ਵਿਚ ਟੈਰਿਫ਼, ਈਰਾਨ ਯੁੱਧ ਅਤੇ ਮਹਿੰਗਾਈ ਮੁੱਖ ਮੁੱਦੇ ਸਨ | 
ਵਿਰੋਧੀ ਡੈਮੋਕ੍ਰੇਟਸ ਨੇ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ  ਹਰਾ ਕੇ ਉਸ ਦੀਆਂ ਨੀਤੀਆਂ ਦੇ ਵਿਰੋਧ 'ਤੇ ਆਪਣੀ ਮੋਹਰ ਲਗਾਈ ਹੈ | ਇਸ ਤੋਂ ਪਹਿਲਾਂ ਵੀ ਟਰੰਪ ਜਨਵਰੀ, 2017 ਵਿਚ 4 ਸਾਲ ਲਈ ਰਾਸ਼ਟਰਪਤੀ ਚੁਣੇ ਗਏ ਸਨ, ਪਰ ਉਸ ਸਮੇਂ ਵੀ ਉਨ੍ਹਾਂ ਦੀਆਂ ਅਸੰਤੁਲਿਤ ਅਤੇ ਆਪਮੁਹਾਰੀਆਂ ਨੀਤੀਆਂ ਕਰਕੇ ਉਨ੍ਹਾਂ ਨੂੰ  ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ | ਇੱਥੋਂ ਤੱਕ ਕਿ ਸਾਲ 2019 ਅਤੇ 2021 ਵਿਚ ਉਨ੍ਹਾਂ 'ਤੇ ਮਹਾਂਦੋਸ਼ ਅਧੀਨ ਮੁਕੱਦਮੇ ਵੀ ਚੱਲੇ ਸਨ | ਅਮਰੀਕਾ ਵਿਚ ਰਾਸ਼ਟਰਪਤੀ 'ਤੇ ਅਜਿਹੇ ਮੁਕੱਦਮੇ ਚੱਲਣ ਦੀਆਂ ਉੱਥੋਂ ਦੇ ਸੈਂਕੜੇ ਵਰਿ੍ਹਆਂ ਦੇ ਲੋਕਤੰਤਰੀ ਇਤਿਹਾਸ ਵਿਚ ਬਹੁਤ ਘੱਟ ਮਿਸਾਲਾਂ ਹਨ | ਉਸ ਸਮੇਂ ਉਨ੍ਹਾਂ ਨੂੰ  ਇਨ੍ਹਾਂ ਕੇਸਾਂ ਤੋਂ ਰਾਹਤ ਜ਼ਰੂਰ ਮਿਲ ਗਈ ਸੀ, ਪਰ ਇਕ ਵਕਫ਼ੇ ਤੋਂ ਬਾਅਦ ਉਨ੍ਹਾਂ ਦਾ ਮੁੜ ਰਾਸ਼ਟਰਪਤੀ ਚੁਣਿਆ ਜਾਣਾ ਜ਼ਰੂਰ ਹੈਰਾਨੀਜਨਕ ਸੀ, ਪਰ ਦੋ ਸਾਲਾਂ ਵਿਚ ਹੀ ਲੋਕਾਂ ਦਾ ਮੋਹ ਉਨ੍ਹਾਂ ਤੋਂ ਭੰਗ ਹੋ ਗਿਆ ਜਾਪਦਾ ਹੈ | ਇਨ੍ਹਾਂ ਨਤੀਜਿਆਂ ਨਾਲ ਚਾਹੇ ਟਰੰਪ ਅਗਲੇ ਦੋ ਸਾਲਾਂ ਲਈ ਰਾਸ਼ਟਰਪਤੀ ਤਾਂ ਬਣੇ ਰਹਿਣਗੇ ਪਰ ਸੈਨਿਟ ਅਤੇ ਪ੍ਰਤੀਨਿਧੀ ਸਭਾ ਵਿਚ ਉਨ੍ਹਾਂ ਦੀ ਪਾਰਟੀ ਦੀਆਂ ਸੀਟਾਂ ਘਟਣ ਨਾਲ ਉਨ੍ਹਾਂ ਦੀਆਂ ਸ਼ਕਤੀਆਂ ਵੀ ਘਟ ਜਾਣਗੀਆਂ | ਉਨ੍ਹਾਂ ਦੀਆਂ ਆਰਥਿਕ ਨੀਤੀਆਂ 'ਤੇ ਇਕ ਤਰ੍ਹਾਂ ਨਾਲ ਲਗਾਮ ਲੱਗ ਜਾਏਗੀ, ਕਿਉਂਕਿ ਉਨ੍ਹਾਂ ਵਲੋਂ ਲਏ ਗਏ ਹਰ ਵਿੱਤੀ ਫ਼ੈਸਲੇ ਦੀ ਦੋਵਾਂ ਸਦਨਾਂ, ਭਾਵ ਕਾਂਗਰਸ ਤੋਂ ਮਨਜ਼ੂਰੀ ਲੈਣੀ ਪਵੇਗੀ, ਜੋ ਇਸ ਹਾਲਾਤ ਵਿਚ ਬੇਹੱਦ ਮੁਸ਼ਕਿਲ ਹੋਵੇਗੀ |
ਨਵੀਂ ਕਾਂਗਰਸ ਜਨਵਰੀ ਦੇ ਮਹੀਨੇ ਤੋਂ ਕੰਮ ਸੰਭਾਲੇਗੀ | ਉਸ ਤੋਂ ਬਾਅਦ ਟਰੰਪ ਦੇ ਪਿਛਲੇ ਦੋ ਸਾਲਾਂ ਦੇ ਪ੍ਰਸ਼ਾਸਨ ਨੂੰ  ਵੀ ਆਲੋਚਨਾਤਮਿਕ ਦਿ੍ਸ਼ਟੀ ਤੋਂ ਦੇਖਿਆ ਜਾਣ ਲੱਗੇਗਾ | ਇੱਥੋਂ ਤੱਕ ਕਿ ਉਨ੍ਹਾਂ ਵਲੋਂ ਵੱਖ-ਵੱਖ ਅਹੁਦਿਆਂ ਲਈ ਕੀਤੀ ਗਈ ਚੋਣ 'ਤੇ ਵੀ ਸਵਾਲ ਉਠਾਏ ਜਾ ਸਕਦੇ ਹਨ | ਬਰਾਕ ਓਬਾਮਾ ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹਨ, ਦੇ ਕੰਮ ਨੂੰ  ਹੁਣ ਤੱਕ ਵੀ ਸਲਾਹਿਆ ਜਾਂਦਾ ਰਿਹਾ ਹੈ | ਉਨ੍ਹਾਂ ਨੇ ਵੀ ਆਪਣੀ ਡੈਮੋਕ੍ਰੇਟਿਕ ਪਾਰਟੀ ਵਲੋਂ ਟਰੰਪ ਦੀਆਂ ਨੀਤੀਆਂ 'ਤੇ ਸਵਾਲ ਉਠਾਏ ਸਨ | ਓਬਾਮਾ ਨੇ ਇਸ ਲੋਕ ਫ਼ੈਸਲੇ ਤੋਂ ਬਾਅਦ ਕਿਹਾ ਹੈ ਕਿ ਵੰਡਣ ਵਾਲੀ ਸਿਆਸਤ ਹਾਰ ਗਈ ਹੈ ਅਤੇ ਜੋੜਨ ਵਾਲੇ ਜਿੱਤੇ ਹਨ | ਘੱਟੋ-ਘੱਟ ਟਰੰਪ ਹੁਣ ਅਗਲੇ ਦੋ ਸਾਲ ਸਹਿਮਤੀ ਨਾਲ ਹੀ ਫ਼ੈਸਲੇ ਲੈ ਸਕਣਗੇ |
ਅਮਰੀਕਾ ਅੱਜ ਇਕ ਮਹਾਂਸ਼ਕਤੀ ਹੈ | ਇਸ ਦੇ ਫ਼ੈਸਲਿਆਂ ਦਾ ਦੁਨੀਆ ਭਰ 'ਤੇ ਅਸਰ ਪੈਂਦਾ ਹੈ | ਟੈਰਿਫ਼ ਦੇ ਮਾਮਲਿਆਂ 'ਤੇ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ  ਚਿੰਤਾ ਵਿਚ ਪਾਈ ਰੱਖਿਆ ਹੈ | ਈਰਾਨ ਨਾਲ ਛੇੜੇ ਯੁੱਧ ਵਿਚ ਉਸ ਨੇ ਈਰਾਨ ਸਮੇਤ ਮੱਧ ਪੂਰਬ ਦਾ ਹੀ ਨਹੀਂ, ਸਗੋਂ ਦੁਨੀਆ ਭਰ ਦਾ ਅਤੇ ਆਪਣੇ ਦੇਸ਼ ਦਾ ਵੀ ਵੱਡਾ ਨੁਕਸਾਨ ਕੀਤਾ ਹੈ | ਇਸ ਕਾਰਨ ਜਿੱਥੇ ਤੇਲ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ, ਉੱਥੇ ਵੱਡੀ ਪੱਧਰ 'ਤੇ ਮਹਿੰਗਾਈ ਵੀ ਵਧੀ ਹੈ | ਅਮਰੀਕਾ 'ਤੇ ਵੀ ਇਸ ਦਾ ਬਹੁਤ ਵੱਡਾ ਅਸਰ ਪਿਆ ਹੈ | ਇਕ ਵਾਰ ਤਾਂ ਟਰੰਪ ਦੀ ਪਾਰਟੀ ਦੀ ਇਸ ਹਾਰ ਨੇ ਦੁਨੀਆ ਭਰ ਨੂੰ  ਰਾਹਤ ਦਿੱਤੀ ਹੈ, ਚਾਹੇ ਉਹ ਹਾਲੇ ਆਪਣੇ ਅਹੁਦੇ 'ਤੇ ਬਣੇ ਰਹਿਣਗੇ, ਪਰ ਉਨ੍ਹਾਂ ਦੀਆਂ ਸ਼ਕਤੀਆਂ ਦੇ ਘਟਣ ਨਾਲ ਇਸ ਨੂੰ  ਨਾਮੋਸ਼ੀਜਨਕ ਹਾਰ ਹੀ ਕਿਹਾ ਜਾਏਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ | ¸ਫ੍ਰੈਂਕਲਿਨ ਰੂਜਵੈਲਟ ਅਗਲੀ ਖ਼ਬਰ ਨਵੰਬਰ '84 ਦੇ ਘਟਨਾਕ੍ਰਮ ਸੰਬੰਧੀ 'ਸੱਚ ਤੇ ਸੁਲਾਹ-ਸਫ਼ਾਈ ਕਮਿਸ਼ਨ' ਬਣੇ
Ad Position 24