04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕਾਂਗਰਸ ਦਾ ਚੋਣ ਬਿਗਲ

ਕਾਂਗਰਸ ਦਾ ਚੋਣ ਬਿਗਲ

Ad Position 21
No active advertisement
ਅਜੀਤ ਡੈਸਕ 05-11-2026

ਚਾਹੇ ਦੇਰ ਬਾਅਦ ਹੀ ਸਹੀ ਅਖ਼ੀਰ ਕਾਂਗਰਸ ਨੇ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ | ਸੰਗਰੂਰ ਵਿਚ ਇਕ ਪ੍ਰਭਾਵਸ਼ਾਲੀ ਰੈਲੀ ਵਿਚ ਰਾਹੁਲ ਗਾਂਧੀ ਅਤੇ ਮਲਿਕਅਰਜੁਨ ਖੜਗੇ ਦੀ ਸ਼ਮੂਲੀਅਤ ਨੇ ਕਈ ਸੰਕੇਤ ਦਿੱਤੇ ਹਨ | ਪਿਛਲੀ ਵਾਰ ਮਾਲਵੇ 'ਚੋਂ ਕਾਂਗਰਸ ਨੂੰ  ਮੱਠਾ ਹੁੰਗਾਰਾ ਮਿਲਿਆ ਸੀ | ਇਸ ਖਿੱਤੇ ਦੀਆਂ ਵਧੇਰੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਈਆਂ ਸਨ, ਇਸ ਵਾਰ ਸੰਗਰੂਰ ਤੋਂ ਸ਼ੁਰੂ ਕੀਤੀ ਪ੍ਰਚਾਰ ਮੁਹਿੰਮ ਨਾਲ ਇਹ ਸੰਕੇਤ ਜ਼ਰੂਰ ਮਿਲਦਾ ਹੈ ਕਿ ਕਾਂਗਰਸ ਸੂਬੇ ਦੇ ਇਸ ਸਭ ਤੋਂ ਵੱਡੇ ਖਿੱਤੇ ਵੱਲ ਪੂਰਾ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਤੋਂ ਕਾਫੀ ਚਿਰ ਪਹਿਲਾਂ ਦੂਸਰੀਆਂ ਸੰਬੰਧਿਤ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਸੀ |

ਆਮ ਆਦਮੀ ਪਾਰਟੀ ਨੇ ਤਾਂ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਦਿੱਤੀ ਹੈ | ਭਾਰਤੀ ਜਨਤਾ ਪਾਰਟੀ ਕਈ ਮਹੀਨਿਆਂ ਤੋਂ ਚੋਣ ਤਿਆਰੀਆਂ ਕਰਦੀ ਆ ਰਹੀ ਹੈ | ਉਸ ਨੇ ਨਸ਼ਿਆਂ ਵਿਰੁੱਧ ਪੰਜਾਬ ਭਰ ਵਿਚ ਮਾਰਚ ਵੀ ਕੀਤਾ ਸੀ | ਚਾਹੇ ਵੱਖ-ਵੱਖ ਅਕਾਲੀ ਦਲਾਂ ਦੀਆਂ ਕਿਸ਼ਤੀਆਂ ਹਾਲੇ ਤੱਕ ਕਿਸੇ ਤਣ-ਪੱਤਣ ਲੱਗੀਆਂ ਤਾਂ ਦਿਖਾਈ ਨਹੀਂ ਦਿੰਦੀਆਂ ਪਰ ਉਨ੍ਹਾਂ ਦੀ ਆਪੋ-ਆਪਣੀ ਪੱਧਰ 'ਤੇ ਸਰਗਰਮੀ ਜਾਰੀ ਹੈ | ਜਦੋਂ ਕਿ ਦੂਜੇ ਪਾਸੇ ਕਾਂਗਰਸ ਹੁਣ ਤੱਕ ਆਪਣੀ ਅੰਦਰੂਨੀ ਕਸ਼ਮਕਸ਼ ਵਿਚ ਹੀ ਫਸੀ ਰਹੀ ਹੈ | ਲੀਡਰਸ਼ਿਪ ਦੇ ਸਵਾਲ 'ਤੇ ਇਸ ਅੰਦਰ ਪਾਟੋਧਾੜ ਵਿਖਾਈ ਦਿੰਦੀ ਰਹੀ ਹੈ | ਚਾਹੇ ਸਚਿਨ ਪਾਇਲਟ ਨੂੰ  ਸੂਬੇ ਦੀ ਜ਼ਿੰਮੇਵਾਰੀ ਸੌਂਪਣ ਨਾਲ ਕੁਝ ਫ਼ਰਕ ਜ਼ਰੂਰ ਪਿਆ ਹੈ, ਪਰ ਅਜੇ ਤੱਕ ਕੌਮੀ ਲੀਡਰਸ਼ਿਪ ਪੰਜਾਬ ਸਮੇਤ ਚੋਣਾਂ ਵਾਲੇ ਰਾਜਾਂ ਨੂੰ  ਅੱਖੋਂ-ਪਰੋਖੇ ਕਰਕੇ ਕੌਮੀ ਅਤੇ ਕੌਮਾਂਤਰੀ ਮਸਲਿਆਂ ਵਿਚ ਹੀ ਵਧੇਰੇ ਕਰਕੇ ਉਲਝੀ ਰਹੀ ਹੈ | ਚਾਹੇ ਦੇਰ ਨਾਲ ਹੀ ਸਹੀ ਪਰ ਕਾਂਗਰਸ ਅੰਦਰ ਹੁਣ ਇਹ ਅਹਿਸਾਸ ਜ਼ਰੂਰ ਪੈਦਾ ਹੋਇਆ ਹੈ ਕਿ ਸੂਬੇ ਅੰਦਰ ਆਪਣਾ ਪ੍ਰਭਾਵ ਬਣਾਉਣ ਲਈ ਸਰਗਰਮੀ ਤਾਂ ਸ਼ੁਰੂ ਕਰਨੀ ਹੀ ਪਵੇਗੀ | ਸੰਗਰੂਰ ਦੀ ਰੈਲੀ ਵਿਚ ਪੰਜਾਬ ਭਰ ਦੇ ਵੱਡੇ-ਛੋਟੇ ਆਗੂ ਜੁੜੇ, ਮਿਹਨਤ ਨਾਲ ਇੱਥੇ ਇਕੱਠ ਵੀ ਕਰ ਲਿਆ ਗਿਆ, ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸਟੇਜ ਤੋਂ ਬੋਲਦਿਆਂ ਜਿੱਥੇ ਕਈ ਪੱਖਾਂ ਤੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਸਖ਼ਤ ਆਲੋਚਨਾ ਕੀਤੀ, ਉੱਥੇ ਕੇਂਦਰ ਵਿਚ ਸ਼ਾਸਨ ਚਲਾ ਰਹੀ ਮੋਦੀ ਸਰਕਾਰ ਨੂੰ  ਵੀ ਪੂਰੀ ਤਰ੍ਹਾਂ ਭੰਡਣ ਦਾ ਯਤਨ ਕੀਤਾ | ਇੱਥੇ ਵੀ ਰਾਹੁਲ ਨੇ ਵੋਟ ਚੋਰੀ ਦੀ ਗੱਲ ਕੀਤੀ ਅਤੇ ਮੋਦੀ ਸਰਕਾਰ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੀਤੀਆਂ ਨੂੰ  ਵੀ ਭੰਡਿਆ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ  ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਸੀ ਬਹਿਸ ਵਿਚ 5 ਮਿੰਟ ਵਿਚ ਹੀ ਉਨ੍ਹਾਂ ਨੂੰ  ਦੇਸ਼ਧ੍ਰੋਹੀ ਸਾਬਿਤ ਕਰ ਦੇਣਗੇ | ਅਜਿਹੀਆਂ ਗੱਲਾਂ ਦਾ ਲੋਕਾਂ 'ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ, ਇਸ ਸੰਬੰਧੀ ਅਸੀਂ ਕੁਝ ਨਹੀਂ ਆਖ ਸਕਦੇ, ਪਰ ਇਹ ਜ਼ਰੂਰ ਮਹਿਸੂਸ ਕਰਦੇ ਹਾਂ ਕਿ ਵੱਡੇ ਆਗੂਆਂ ਨੂੰ  ਆਪਣੇ ਭਾਸ਼ਨਾਂ ਵਿਚ ਪ੍ਰੋੜ੍ਹਤਾ ਜ਼ਰੂਰ ਦਿਖਾਉਣੀ ਚਾਹੀਦੀ ਹੈ | ਜਿੱਥੋਂ ਤੱਕ ਇਸ ਰੈਲੀ ਵਿਚ ਰਾਹੁਲ ਵਲੋਂ ਨਸ਼ਿਆਂ ਦੇ ਮਸਲੇ ਨੂੰ  ਮੁੱਖ ਮੁੱਦਾ ਬਣਾਉਣ ਦੀ ਗੱਲ ਹੈ, ਇਸ ਮੁੱਦੇ ਨੂੰ  ਆਮ ਆਦਮੀ ਪਾਰਟੀ ਨੇ ਵੀ ਅਤੇ ਭਾਜਪਾ ਨੇ ਵੀ ਕੇਂਦਰੀ ਮੁੱਦਾ ਬਣਾਇਆ ਹੋਇਆ ਹੈ | ਜਿੱਥੋਂ ਤੱਕ ਨਸ਼ਿਆਂ ਦੇ ਵਰਤਾਰੇ ਦਾ ਸੰਬੰਧ ਹੈ, ਇੱਥੇ ਪਿਛਲੇ ਸਮੇਂ ਵਿਚ ਤਿੰਨ ਵਾਰ ਅਕਾਲੀ-ਭਾਜਪਾ ਸਰਕਾਰਾਂ ਬਣੀਆਂ | ਵਾਰ-ਵਾਰ ਕਾਂਗਰਸੀ ਵੀ ਸੱਤਾ ਵਿਚ ਆਏ ਅਤੇ ਹੁਣ ਆਮ ਆਦਮੀ ਪਾਰਟੀ ਇੱਥੇ ਪ੍ਰਸ਼ਾਸਨ ਚਲਾ ਰਹੀ ਹੈ | ਪਰ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਨੇ ਪੰਜਾਬ ਨੂੰ  ਖੋਖਲਾ ਕਰ ਦਿੱਤਾ ਹੈ | ਇਸ ਨਾਂਹ-ਪੱਖੀ ਵਰਤਾਰੇ ਨੂੰ  ਖ਼ਤਮ ਕਰਨ ਲਈ ਇਕ-ਦੂਸਰੇ 'ਤੇ ਇਲਜ਼ਾਮ ਲਗਾਉਣ ਦੀ ਬਜਾਏ ਗੰਭੀਰ ਯੋਜਨਾਬੰਦੀ ਦੀ ਜ਼ਰੂਰਤ ਹੋਵੇਗੀ |
ਇਸ ਸਮੇਂ ਗੱਲ ਕਾਂਗਰਸ ਦੀ ਹੋ ਰਹੀ ਹੈ, ਸੰਗਰੂਰ ਇਕੱਠ ਅਤੇ ਆਗੂਆਂ ਦੇ ਭਾਸ਼ਨਾਂ ਤੋਂ ਬਾਅਦ ਆਉਂਦੇ ਸਮੇਂ ਵਿਚ ਇੱਥੋਂ ਦੇ ਸਥਾਨਕ ਕਾਂਗਰਸੀ ਆਗੂ ਅਤੇ ਪਾਰਟੀ ਦੇ ਦਿੱਲੀ ਦੇ ਬੌਸ ਕਿਸ ਤਰ੍ਹਾਂ ਚੱਲਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ | ਅਸਲੀ ਇਮਤਿਹਾਨ ਟਿਕਟਾਂ ਦੀ ਵੰਡ ਸਮੇਂ ਹੋਵੇਗਾ | ਉਸ ਤੋਂ ਬਾਅਦ ਹੀ ਇਹ ਪਾਰਟੀ ਚੋਣਾਂ ਲਈ ਕੋਈ ਚੰਗੀ ਯੋਜਨਾਬੰਦੀ ਕਰਨ ਦੇ ਸਮਰੱਥ ਹੋਵੇਗੀ | ਪਾਰਟੀ ਵਲੋਂ ਹੁਣ ਤੱਕ ਦੇ ਇਸ ਦਿਸ਼ਾ ਵਿਚ ਕੀਤੇ ਗਏ ਯਤਨ ਚੰਗੇ ਹਨ, ਪਰ ਨੇੜ ਭਵਿੱਖ ਵਿਚ ਇਨ੍ਹਾਂ ਦੇ ਨਤੀਜੇ ਹੀ ਇਸ ਦੀ ਮਜ਼ਬੂਤੀ ਜਾਂ ਕਮਜ਼ੋਰੀ ਦਾ ਕਾਰਨ ਬਣਨਗੇ | ਕਾਂਗਰਸ ਦੀ ਇਸ ਵੱਡੀ ਰੈਲੀ ਨਾਲ ਸਿਆਸੀ ਪਿੜ ਦੇ ਹੋਰ ਵੀ ਭਖਣ ਦੀ ਸੰਭਾਵਨਾ ਬਣ ਗਈ ਹੈ | ਬਿਨਾਂ ਸ਼ੱਕ ਕੁਝ ਮਹੀਨਿਆਂ ਬਾਅਦ ਨਿਕਲੇ ਚੋਣ ਨਤੀਜੇ ਹੀ ਇਸ ਬੇਹੱਦ ਲਿੱਸੇ ਹੋ ਚੁੱਕੇ ਸੂਬੇ ਵਿਚ ਕੁਝ ਤਾਕਤ ਭਰਨ ਦੇ ਸਮਰੱਥ ਹੋ ਸਕਣਗੇ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਵਾਤਾਵਰਨਿਕ ਸਰੋਕਾਰਾਂ ਪ੍ਰਤੀ ਬੇਪਰਵਾਹ ਹੈ ਭਾਰਤੀ ਸਮਾਜ
Ad Position 24