ਸੁਸਰੀ ਤੋਂ ਦੁਖੀ
ਸਮਰਾਲਾ ਸ਼ਹਿਰ ਦੇ ਚਾਵਾ ਰੋਡ ਸਥਿਤ ਗੁਦਾਮਾਂ ਤੋਂ ਰਿਹਾਇਸ਼ੀ ਕਾਲੋਨੀ ਦੇ ਵਾਸੀ ਬਹੁਤ ਦੁਖੀ ਹਨ। ਇਨ੍ਹਾਂ ਗੁਦਾਮਾਂ 'ਚੋਂ ਉਡਦੀ ਸੁਸਰੀ ਖਾਣ-ਪੀਣ ਦੀਆਂ ਚੀਜ਼ਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਉਂਦੀ ਹੈ। ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਅਗਸਤ ਮਹੀਨੇ ਤੱਕ ਇਹ ਸੁਸਰੀ ਲੋਕਾਂ ਨੂੰ ਤੰਗ ਕਰੀ ਰੱਖਦੀ ਹੈ। ਕਾਲੋਨੀ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਗੁਦਾਮਾਂ ਨੂੰ ਜਾਂ ਤਾਂ ਸੰਘਣੀ ਵਸੋਂ ਤੋਂ ਕਿਤੇ ਦੂਰ ਤਬਦੀਲ ਕਰੇ ਨਹੀਂ ਤਾਂ ਘੱਟੋ ਘੱਟ ਸੰਬੰਧਿਤ ਮਹਿਕਮੇ ਨੂੰ ਸਖ਼ਤ ਤਾੜਨਾ ਕੀਤੀ ਜਾਵੇ ਕਿ ਸੀਜ਼ਨ ਦੇ ਦਿਨਾਂ ਦੌਰਾਨ ਸੁਸਰੀ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਦਵਾਈ ਛਿੜਕਣ ਦਾ ਪ੍ਰਬੰਧ ਕੀਤਾ ਜਾਵੇ।
-ਜਸਕਰਨ ਕਲੇਰ
ਕਮਲ ਕਾਲੋਨੀ ਸਮਰਾਲਾ, (ਲੁਧਿਆਣਾ)।
ਦੋਸਤੀ ਦਾ ਨਿੱਘ
ਅਸੀਂਸਾਰੇ ਹੀ ਜਿਵੇਂ ਸੰਸਾਰ ਵਿਚ ਵਿਚਰਦੇ ਹਾਂ। ਅਸੀਂ ਵੱਖ-ਵੱਖ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹਾਂ। ਕਈ ਬੰਦੇ ਅਜਿਹੀ ਛਾਪ ਛੱਡ ਜਾਂਦੇ ਹਨ ਕਿ ਉਹ ਸਾਡੇ ਜਿਗਰੀ ਦੋਸਤ ਬਣ ਜਾਂਦੇ ਹਨ, ਦੋਸਤ ਹਰ ਕੋਈ ਬਣ ਜਾਂਦਾ ਹੈ। ਸੱਚਾ ਦੋਸਤ ਉਹੀ ਹੁੰਦਾ ਹੈ ਜੋ ਸਮੇਂ-ਸਮੇਂ 'ਤੇ ਦੁੱਖ ਵਿਚ ਸ਼ਰੀਕ ਹੋਏ। ਸੁਦਾਮਾ ਕ੍ਰਿਸ਼ਨ ਦੀ ਦੋਸਤੀ ਦਾ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਲੰਗੋਟੀਆ ਯਾਰ ਸਨ। ਕਿਸ ਤਰ੍ਹਾਂ ਸੁਦਾਮਾ ਕ੍ਰਿਸ਼ਨ ਜੀ ਦੇ ਮਹਿਲ ਵਿਚ ਗਏ ਤੇ ਸ੍ਰੀ ਕ੍ਰਿਸ਼ਨ ਜੀ ਨੇ ਉਨ੍ਹਾਂ ਨੂੰ ਗਲਵੱਕੜੀ ਵਿਚ ਲੈ ਲਿਆ। ਹਾਲਾਂਕਿ ਸ੍ਰੀ ਕ੍ਰਿਸ਼ਨ ਜੀ ਇਕ ਰਾਜਾ ਸਨ। ਉਨ੍ਹਾਂ ਨੇ ਅਮੀਰ ਗ਼ਰੀਬ ਦਾ ਕੋਈ ਵੀ ਫਰਕ ਨਹੀਂ ਰੱਖਿਆ ਸੀ। ਅੱਜ ਦੇ ਜ਼ਮਾਨੇ ਵਿਚ ਸੱਚੇ ਦੋਸਤ ਘੱਟ ਹੀ ਮਿਲਦੇ ਹਨ। ਕੁਝ ਲੋਕ ਤਾਂ ਪੈਸਾ ਦੇਖ ਕੇ ਦੋਸਤੀ ਕਰਦੇ ਹਨ। ਜੇ ਤੁਸੀਂ ਸਮੇਂ ਸਮੇਂ ਤੇ ਉਨ੍ਹਾਂ ਦੀ ਲੋੜਾਂ ਪੂਰੀ ਕਰਦੇ ਰਹੋਗੇ ਤਾਂ ਤੁਸੀਂ ਉਨ੍ਹਾਂ ਦੇ ਦੋਸਤ ਹੋ, ਨਹੀਂ! ਤਾਂ ਅੱਜ ਕੱਲ੍ਹ ਲੋਕ ਦੋਸਤ ਨਾਲੋਂ ਜ਼ਿਆਦਾ ਪੈਸੇ ਤਰਜੀਹ ਦਿੰਦੇ ਹਨ। ਅੱਜ ਦੇ ਸਮੇਂ ਵਿਚ ਮਤਲਬ ਦੀ ਦੋਸਤੀ ਰਹਿ ਗਈ ਹੈ। ਦੋਸਤੀ ਵਿਸ਼ਵਾਸ 'ਤੇ ਚੱਲਦੀ ਹੈ। ਸੱਚੇ ਦੋਸਤ ਨਾਲ ਹੀ ਅਸੀਂ ਦੁੱਖ-ਸੁੱਖ ਸਾਂਝਾ ਕਰ ਸਕਦੇ ਹਾਂ। ਜਦਕਿ ਚੰਗਾ ਦੋਸਤ ਹਮੇਸ਼ਾ ਤੁਹਾਡੇ ਹਿਤਾਂ ਦੀਆਂ ਗੱਲਾਂ ਕਰਦਾ ਹੈ। ਦੋਸਤਾਂ ਨੇ ਸਾਨੂੰ ਅਜਿਹੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ, ਜੋ ਅਸੀਂ ਪਰਿਵਾਰ ਦੇ ਕਿਸੇ ਮੈਂਬਰ ਕੋਲ ਅਸੀਂ ਨਹੀਂ ਸਿੱਖ ਸਕਦੇ। ਜਿੰਨੀ ਉੱਚੀ ਸੋਚ ਵਾਲੇ ਦੋਸਤ ਤੁਹਾਡੇ ਕਰੀਬੀ ਹੋਣਗੇ, ਤੁਹਾਨੂੰ ਬਹੁਤ ਘੱਟ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ। ਤੁਹਾਡੇ ਅੰਦਰ ਵਧੀਆ ਵਿਚਾਰ ਆਉਣਗੇ। ਸੱਚਾ ਦੋਸਤ ਉਹ ਹੁੰਦਾ ਹੈ ਜੋ ਮੰਜ਼ਿਲ ਸਰ ਕਰਨ ਵਿਚ ਤੁਹਾਡੇ ਹੌਂਸਲਿਆਂ ਨੂੰ ਬੁਲੰਦ ਕਰਦਾ ਹੈ।
-ਸੰਜੀਵ ਸਿੰਘ ਸੈਣੀ,
ਮੁਹਾਲੀ