ਗਰੀਬੀ ਵੀ ਇਕ ਸਰਾਪ ਹੈ
ਵੈਸੇ ਤਾਂ ਹਰ ਬੰਦਾ ਰੋਜ਼ੀ-ਰੋਟੀ ਲਈ ਕੋਈ-ਨਾ-ਕੋਈ ਕੰਮ-ਧੰਦਾ ਕਰਦਾ ਹੈ ਜਿਵੇਂ ਕਿ ਕੋਈ ਦਿਹਾੜੀ ਕਰ ਕੇ, ਕੋਈ ਰਿਕਸ਼ਾ ਚਲਾ ਕੇ ਅਤੇ ਕੋਈ ਮਜ਼ਦੂਰੀ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ | ਸਾਡੇ ਪ੍ਰਬੰਧਕੀ ਢਾਂਚੇ ਵਿਚ ਬਹੁਤ ਖਾਮੀਆਂ ਹਨ ਅਤੇ ਸਮਾਜ ਦੀ ਕਾਣੀ-ਵੰਡ ਹੋਣ ਕਰਕੇ ਗਰੀਬ ਅਤੇ ਅਮੀਰ ਵਿਚ ਆਰਥਿਕ ਪਾੜਾ ਬਹੁਤ ਜ਼ਿਆਦਾ ਹੈ, ਜਿਵੇਂ ਕਿ ਇਕ ਬੰਦਾ ਇਕ ਦਿਨ ਵਿਚ ਤੀਹ ਹਜ਼ਾਰ ਰੁਪਏ ਕਮਾ ਲੈਂਦਾ ਹੈ ਪਰ ਇਕ ਮਜ਼ਦੂਰ ਪੂਰੇ ਮਹੀਨੇ ਵਿਚ ਤੀਹ ਹਜ਼ਾਰ ਰੁਪਏ ਨਹੀਂ ਕਮਾ ਸਕਦਾ | ਗਰੀਬ ਬੰਦਾ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਹੀ ਜਿਊਾਦਾ ਹੈ, ਕਿਉਂਕਿ ਉਹ ਆਪਣੇ ਪਰਿਵਾਰ ਨੂੰ ਉਨ੍ਹਾਂ ਦੀ ਮਨਪਸੰਦ ਦਾ ਖਾਣ-ਪੀਣ, ਚੰਗਾ ਰਹਿਣ-ਸਹਿਣ ਅਤੇ ਪਹਿਨਣ ਲਈ ਸਾਫ਼-ਸੁਥਰਾ ਕੱਪੜਾ ਲੈ ਕੇ ਨਹੀਂ ਦੇ ਸਕਦਾ | ਇਹ ਸਰਕਾਰ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਤਾਂ ਦਿੰਦੀ ਹੈ | ਜੇਕਰ ਸਰਕਾਰ ਆਰਥਿਕ ਤੌਰ 'ਤੇ ਕੰਮਜ਼ੋਰ ਬੰਦਿਆਂ ਨੂੰ ਪਹਿਲ ਦੇ ਆਧਾਰ 'ਤੇ ਰੁਜ਼ਗਾਰ ਦੇਵੇ ਤਾਂ ਇਹ ਸ਼ਲਾਘਾਯੋਗ ਕਦਮ ਹੋਵੇਗਾ | ਸੋ, ਬੰਦੇ ਦੀ ਜ਼ਿੰਦਗੀ ਵਿਚ ਪੈਸਾ ਹੋਣਾ ਬਹੁਤ ਜ਼ਰੂਰੀ ਹੈ | ਪੈਸੇ ਤੋਂ ਬਗ਼ੈਰ ਆਰਥਿਕ ਤੇ ਸਮਾਜਿਕ ਲੋੜਾਂ ਦੀ ਪੂਰਤੀ ਨਹੀਂ ਹੋ ਸਕਦੀ ਪਰ ਜ਼ਿਆਦਾ ਪੈਸਾ ਵੀ ਬੰਦੇ ਨੂੰ ਸੁਖਿਆਰਾ ਤੇ ਆਲਸੀ ਬਣਾ ਦਿੰਦਾ ਹੈ ਅਤੇ ਜ਼ਿਆਦਾ ਪੈਸਾ ਕੋਲ ਹੋਣ ਕਰਕੇ ਬੰਦਾ ਪੈਸੇ ਦੀ ਦੁਰਵਰਤੋਂ ਵੀ ਕਰਨ ਲੱਗ ਜਾਂਦਾ ਹੈ | ਇਥੇ ਸਿੱਟਾ ਇਹ ਕੱਢਿਆ ਜਾ ਸਕਦਾ ਹੈ ਕਿ ਜ਼ਿਆਦਾ ਦੌਲਤ ਕਦੇ ਨਹੀਂ ਫਲਦੀ ਪਰ ਇਸ ਤੋਂ ਬਿਨਾਂ ਦੁਨੀਆਦਾਰੀ ਵੀ ਨਹੀਂ ਚਲਦੀ |
-ਸੁਖਰਾਮ ਸਿੰਘ
ਅਨੰਦ ਨਗਰ-ਏ, ਤਿ੍ਪੜੀ, ਪਟਿਆਲਾ |
ਵਿਦਿਆਰਥੀ ਅਤੇ ਖੇਡਾਂ
ਵਿਦਿਆਰਥੀ ਜੀਵਨ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ | ਇਸ ਸਮੇਂ ਦੌਰਾਨ ਵਿਦਿਆਰਥੀ ਅੰਦਰ ਭਾਵਨਾਵਾਂ, ਕਦਰਾਂ ਕੀਮਤਾਂ ਅਤੇ ਸਹੀ ਗ਼ਲਤ ਦਾ ਫ਼ੈਸਲਾ ਰਕਨ ਦੇ ਗੁਣ ਪੈਦਾ ਹੁੰਦੇ ਹਨ | ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ | ਕਿਉਂਕਿ ਜੇਕਰ ਵਿਦਿਆਰਥੀ ਸਿਰਫ਼ ਪੜ੍ਹਾਈ ਕਰੇਗਾ ਤਾਂ ਉਹ ਆਪਣਾ ਸਰਵਪੱਖੀ ਵਿਕਾਸ ਕਰਨ ਤੋਂ ਵਾਂਝਾ ਰਹਿ ਜਾਵੇਗਾ | ਸਕੂਲ ਇਕ ਅਜਿਹੀ ਥਾਂ ਹੈ ਜਿੱਥੇ ਬੱਚੇ ਦਾ ਹਰ ਪੱਖ ਤੋਂ ਵਿਕਾਸ ਹੁੰਦਾ ਹੈ | ਭਾਵੇਂ ਉਹ ਬੌਧਿਕ, ਸਰੀਰਕ, ਸਮਾਜਿਕ, ਨੈਤਿਕ ਜਾਂ ਮਾਨਸਿਕ ਹੋਵੇ | ਇਨ੍ਹਾਂ ਸਭ 'ਚੋਂ ਇਕ ਬਹੁਤ ਜ਼ਰੂਰੀ ਪੱਖ ਹੈ 'ਸਰੀਰਕ ਵਿਕਾਸ' | ਇਸ ਪੱਖ ਦੇ ਵਿਕਾਸ ਲਈ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਸਕੂਲ ਅੰਦਰ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਖੇਡਣ ਲਈ ਮੌਕੇ ਦਿੱਤੇ ਜਾਂਦੇ ਹਨ | ਖੇਡਾਂ ਜਿੱਥੇ ਪੜ੍ਹਾਈ ਅਤੇ ਸਿਲੇਬਸ ਦਾ ਹਿੱਸਾ ਹਨ, ਉੱਥੇ ਹੀ ਸਰੀਰਕ ਵਿਕਾਸ ਲਈ ਅਤਿ ਜ਼ਰੂਰੀ ਹਨ | ਉੱਥੇ ਹੀ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ-ਕੀਮਤਾਂ, ਟੀਮ-ਭਾਵਨਾ, ਸਹਿਣਸ਼ੀਲਤਾ, ਤਾਲਮੇਲ, ਸੰਚਾਰ, ਜ਼ਿੰਮੇਵਾਰੀ ਆਦਿ ਦੀਆਂ ਭਾਵਨਾਵਾਂ ਦਾ ਵੀ ਵਿਕਾਸ ਹੁੰਦਾ ਹੈ | ਖੇਡਾਂ ਖੇਡਣ ਵਾਲਾ ਵਿਦਿਆਰਥੀ ਤੰਦਰੁਸਤ ਰਹਿੰਦਾ ਹੈ | ਉਸ ਦੀਆਂ ਮਾਸਪੇਸ਼ੀਆਂ ਅਤੇ ਪੱਠੇ ਮਜ਼ਬੂਤ ਰਹਿੰਦੇ ਹਨ ਅਤੇ ਉਸ ਅੰਦਰ ਆਤਮ-ਵਿਸ਼ਵਾਸ ਦਾ ਵੀ ਵਾਧਾ ਹੁੰਦਾ ਹੈ | ਪਰ ਅਕਸਰ ਹੀ ਵੇਖਿਆ ਸੁਣਿਆ ਗਿਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਖੇਡਾਂ ਵਿਚ ਭਾਗ ਲੈਣ ਨੂੰ ਸਮੇਂ ਅਤੇ ਪੜ੍ਹਾਈ ਦੀ ਬਰਬਾਦੀ ਸਮਝਣ ਲੱਗ ਜਾਂਦੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਖੇਡਾਂ ਵਿਚ ਭਾਗ ਲੈਣ ਨਾਲ ਵਿਦਿਆਰਥੀ ਦਾ ਸਮਾਂ ਨਸ਼ਟ ਹੋਵਗਾ ਅਤੇ ਉਨ੍ਹਾਂ ਦਾ ਬੱਚਾ ਪੜ੍ਹਾਈ ਵਿਚ ਪਛੜ ਜਾਵੇਗਾ | ਪਰ ਅਜਿਹਾ ਬਿਲਕੁਲ ਨਹੀਂ ਹੈ | ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਕਿ ਜੋ ਵਿਦਿਆਰਥੀ ਪੜ੍ਹਨ ਵਿਚ ਚੰਗੇ ਹਨ ਉਹ ਖੇਡਾਂ ਵਿਚ ਵੀ ਚੰਗਾ ਨਾਮਣਾ ਖੱਟਦੇ ਹਨ | ਖੇਡਾਂ ਵਿਦਿਆਰਥੀ ਨੂੰ ਜੀਵਨ-ਜਾਂਚ ਸਿਖਾਉਂਦੀਆਂ ਹਨ ਅਤੇ ਉਸ ਅੰਦਰ ਚੰਗੇ ਗੁਣਾਂ ਦਾ ਵਿਕਾਸ ਕਰਦੀਆਂ ਹਨ |
-ਅਮਨਦੀਪ ਸਿੰਘ
ਹੈੱਡਮਾਸਟਰ, ਸਰਕਾਰੀ ਹਾਈ ਸਕੂਲ, ਬੁੱਗਾ ਕਲਾਂ |
ਬੇਰੁਜ਼ਗਾਰੀ
ਬੇਰੁਜ਼ਗਾਰੀ ਅੱਜ ਦੇ ਸਮੇਂ ਵਿਚ ਸਮਾਜ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ 'ਚੋਂ ਇਕ ਹੈ | ਲਗਭਗ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੇਰੁਜ਼ਗਾਰੀ ਦਾ ਸਭ ਤੋਂ ਨੁਕਸਾਨਦਾਇਕ ਪ੍ਰਭਾਵ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ 'ਤੇ ਪੈ ਰਿਹਾ ਹੈ | ਅੱਜ ਦੇ ਦੌਰ 'ਚ ਲਗਭਗ ਹਰ ਨੌਜਵਾਨ ਨੌਕਰੀ ਦੀ ਭਾਲ ਕਰ ਰਿਹਾ ਹੈ, ਜਦਕਿ ਰੁਜ਼ਗਾਰ ਦੇ ਮੌਕਿਆਂ ਨਾਲੋਂ ਨੌਕਰੀਆਂ ਜਾਂ ਕੰਮ ਮੰਗਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ | ਕਈ ਵਾਰ ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨ ਨਿਰਾਸ਼ ਹੋ ਕੇ ਨਸ਼ਿਆਂ ਦੇ ਰਾਹ ਅਪਣਾ ਲੈਂਦੇ ਹਨ ਜਿਸ ਦਾ ਉਨ੍ਹਾਂ ਦੇ ਪਰਿਵਾਰਾਂ ਤੇ ਸਮਾਜ 'ਤੇ ਬਹੁਤ ਪ੍ਰਭਾਵ ਪੈਂਦਾ ਹੈ | ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਵੀਆਂ ਰਣਨੀਤੀਆਂ ਬਣਾਉਣ ਤੇ ਹੁਨਰ ਵਿਕਾਸ ਵੱਲ ਧਿਆਨ ਦੇਣ ਤਾਂ ਜੋ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਬਣਾਇਆ ਜਾ ਸਕੇ ਤੇ ਉਨ੍ਹਾਂ ਨੂੰ ਬੇਰੁਜ਼ਗਾਰੀ ਵਰਗੀ ਸਮੱਸਿਆ 'ਚੋਂ ਬਾਹਰ ਕੱਢਿਆ ਜਾ ਸਕੇ |
-ਜਸ਼ਨਪ੍ਰੀਤ ਕੌਰ ਸਰਹਿੰਦ
ਟੋਲ ਪਲਾਜ਼ਾ ਦੀ ਜ਼ਿੰਮੇਵਾਰੀ
ਜਲੰਧਰ ਤੋਂ ਟਾਂਡਾ ਜਾਂਦੇ ਹੋਏ ਰਸਤੇ ਵਿਚ ਚੋਲਾਂਗ ਟੋਲ ਪਲਾਜ਼ਾ ਪੈਂਦਾ ਹੈ | ਵੱਡੇ ਵਾਹਨਾਂ ਤੋਂ ਇਹ ਟੋਲ ਪਲਾਜ਼ਾ ਸਿਰਫ਼ ਸੜਕ 'ਤੇ ਚੱਲਣ ਦਾ ਹੀ ਲਿਆ ਜਾਂਦਾ ਹੈ ਜਦਕਿ ਟੋਲ ਪਲਾਜ਼ਾ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਥੋਂ ਲੈ ਕੇ ਜਿੱਥੇ ਤੱਕ ਟੋਲ ਪਲਾਜ਼ਾ ਵਸੂਲਦੇ ਹਨ ਉਸ ਰਸਤੇ ਵਿਚ ਦੀਆਂ ਮੁਢਲੀਆਂ ਸੁਵਿਧਾਵਾਂ ਵੀ ਉਪਲਬਧ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ | ਇਨ੍ਹਾਂ ਮੁਢਲੀਆਂ ਸੁਵਿਧਾਵਾਂ ਵਿਚ ਸਭ ਤੋਂ ਪਹਿਲਾਂ ਆਉਂਦੀ ਹੈ ਸੜਕ ਦੇ ਦੋਵੇਂ ਪਾਸੇ ਲਾਈਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ | ਜਦਕਿ ਜਲੰਧਰ ਤੋਂ ਟਾਂਡਾ ਜਾਂਦੇ ਹੋਏ ਰਸਤੇ ਵਿਚ ਪਿੰਡਾਂ ਦੀਆਂ ਜਾਂ ਦੁਕਾਨਦਾਰਾਂ ਦੀਆਂ ਹੀ ਲਾਈਟਾਂ ਨਜ਼ਰ ਆਉਂਦੀਆਂ ਹਨ | ਇਸ ਤੋਂ ਇਲਾਵਾ ਟੋਲ ਪਲਾਜ਼ਾ ਵਲੋਂ ਕਿਸੇ ਵੀ ਲਾਈਟ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਜੇਕਰ ਕਿਸੇ ਦੀ ਗੱਡੀ ਖਰਾਬ ਹੋ ਗਈ ਹੋਵੇ ਜਾਂ ਗੱਡੀ ਵਾਲੇ ਨੇ ਗੱਡੀ ਦਾ ਸਿਰਫ਼ ਟਾਇਰ ਹੀ ਬਦਲਣਾ ਹੋਵੇ ਤਾਂ ਉਸ ਨੂੰ ਜਾਂ ਤਾਂ ਆਪਣੀ ਲਾਈਟ ਦਾ ਪ੍ਰਬੰਧ ਕਰਨਾ ਪੈਂਦਾ ਹੈ ਜਾਂ ਫਿਰ ਪਿੰਡਾਂ ਜਾਂ ਦੁਕਾਨਦਾਰਾਂ ਵਾਲੀ ਲਾਈਟ ਦੇ ਸਹਾਰੇ ਰਹਿਣਾ ਪੈਂਦਾ ਹੈ | ਇਸ ਤੋਂ ਇਲਾਵਾ ਜਦ ਵੀ ਕਦੇ ਜਲੰਧਰ ਤੋਂ ਚੋਲਾਂਗ ਜਾਂਦੇ ਹੋਏ ਰਸਤੇ ਵਿਚ ਕੋਈ ਵੀ ਦੁਰਘਟਨਾ ਹੋ ਗਈ ਹੋਵੇ ਤਾਂ ਟੋਲ ਪਲਾਜ਼ੇ ਦੀ ਡਿਊਟੀ ਹੁੰਦੀ ਹੈ ਕਿ ਉਹ ਆਪਣੇ ਟੋਹ ਵਾਹਨ ਨਾਲ ਉਸ ਗੱਡੀ ਨੂੰ ਸਾਈਡ 'ਤੇ ਕਰ ਕੇ ਟ੍ਰੈਫਿਕ ਨੂੰ ਚਲਾਉਣ ਪਰ ਇਹ ਸਭ ਕੁਝ ਵੀ ਲੋਕਾਂ ਵਲੋਂ ਆਪਣੇ ਪੈਸੇ 'ਤੇ ਹੀ ਕੀਤਾ ਜਾਂਦਾ ਹੈ, ਤਾਂ ਕੀ ਇਹ ਸਰਕਾਰ ਨੂੰ ਪੁੱਛਣਾ ਨਹੀਂ ਬਣਦਾ ਕਿ ਇਹ ਟੋਲ ਪਲਾਜ਼ਾ ਸਿਰਫ਼ ਸੜਕ 'ਤੇ ਚੱਲਣ ਦਾ ਹੀ ਲੈ ਕਿਉਂ ਲੈ ਰਹੇ ਹਨ, ਬਾਕੀ ਦੀਆਂ ਸੁਵਿਧਾਵਾਂ ਕੌਣ ਦੇਵੇਗਾ |
-ਅਸ਼ੀਸ਼ ਸ਼ਰਮਾ ਜਲੰਧਰ