ਬੇਰੁਜ਼ਗਾਰੀ
ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਨੇ ਨੌਜਵਾਨ ਪੀੜ੍ਹੀ ਦਾ ਲੱਕ ਤੋੜ ਦਿੱਤਾ ਹੈ | ਪੜ੍ਹੇ ਲਿਖੇ ਨੌਜਵਾਨਾਂ ਦਾ ਹਰ ਖੇਤਰ ਵਿਚ ਸ਼ੋਸ਼ਣ ਹੋ ਰਿਹਾ ਹੈ | ਇਸੇ ਕਰਕੇ ਅੱਜ ਦੇ ਨੌਜਵਾਨ ਲੜਕੇ-ਲੜਕੀਆਂ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਜੋ ਨੌਜਵਾਨ ਵਿਦੇਸ਼ ਜਾਣ ਤੋਂ ਅਸਮਰੱਥ ਹਨ, ਉਹ ਵੀ ਆਪਣੇ ਜੱਦੀ ਘਰ ਛੱਡ ਕੇ ਸ਼ਹਿਰਾਂ ਵੱਲ ਕੂਚ ਕਰ ਰਹੇ ਹਨ | ਉੱਥੇ ਵੀ ਉਨ੍ਹਾਂ ਨੂੰ ਨਾਜ਼ੁਕ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ | ਹਾਂ, ਅਜਿਹੇ 'ਚ ਸ਼ਹਿਰਾਂ 'ਤੇ ਬਹੁਤ ਜ਼ਿਆਦਾ ਦਬਾਅ ਹੋਣ ਕਾਰਨ ਉਨ੍ਹਾਂ ਸ਼ਹਿਰਾਂ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਰਹਿੰਦੀਆਂ ਹਨ | ਉੱਥੇ ਰੁਜ਼ਗਾਰ ਦੇ ਮੌਕੇ ਵੀ ਸੀਮਤ ਹਨ | ਆਖ਼ਰ ਜੇ ਨੌਜਵਾਨ ਜਾਣ ਵੀ ਤਾਂ ਕਿੱਥੇ ਜਾਣ? ਇਹ ਗੱਲ ਵੀ ਵਿਚਾਰਨ ਯੋਗ ਹੈ | ਨਿਰਾਸ਼ ਨੌਜਵਾਨਾਂ ਦੇ ਭਵਿੱਖ ਦਾ ਖਿਆਲ ਰੱਖਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ | ਇਸ ਲਈ ਸ਼ਹਿਰਾਂ 'ਤੇ ਇਸ ਤਰ੍ਹਾਂ ਦੇ ਵਧਦੇ ਬੋਝ ਨੂੰ ਸਮੇਂ ਸਿਰ ਘਟਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਕੁਝ ਠੋਸ ਕਦਮ ਚੁੱਕਣੇ ਚਾਹੀਦੇ ਹਨ | ਹਰ ਵਿਅਕਤੀ ਸਰਕਾਰੀ ਨੌਕਰੀ ਦੇ ਪਿੱਛੇ ਭੱਜਦਾ ਹੈ ਪਰ ਪ੍ਰਾਈਵੇਟ ਸੈਕਟਰ ਵਿਚ ਵੀ ਬਹੁਤ ਸਾਰੇ ਰਸਤੇ ਖੁੱਲ੍ਹੇ ਹਨ | ਨੌਜਵਾਨ ਲੜਕੇ ਅਤੇ ਲੜਕੀਆਂ ਆਪਣੇ ਪਿੰਡਾਂ ਵਿਚ ਆਪਣੇ ਮਾਪਿਆਂ ਨਾਲ ਰਹਿ ਕੇ ਕਿਸੇ ਵੀ ਖੇਤਰ ਵਿਚ ਆਪਣਾ ਹੱਥ ਆਜ਼ਮਾ ਸਕਦੇ ਹਨ | ਪਿੰਡਾਂ ਵਿਚ ਛੋਟੇ ਉਦਯੋਗ ਵੀ ਹਨ, ਉੱਥੇ ਵੀ ਕੰਮ ਕੀਤਾ ਜਾ ਸਕਦਾ ਹੈ | ਇਸ ਲਈ ਨੌਜਵਾਨਾਂ ਨੂੰ ਕਾਹਲੀ ਅਤੇ ਚਕਾਚੌਂਧ ਦੀ ਖਿੱਚ ਨੂੰ ਛੱਡ ਕੇ ਪੂਰੀ ਇਕਾਗਰਤਾ ਨਾਲ ਆਪਣੇ ਆਲੇ-ਦੁਆਲੇ ਕੰਮ ਕਰਨ ਦਾ ਯਤਨ ਕਰਨਾ ਉਨ੍ਹਾਂ ਦੇ ਹੀ ਭਲੇ ਦੀ ਗੱਲ ਹੋਵੇਗੀ | ਵੈਸੇ ਵੀ ਸਾਡੇ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਬਹੁਤ ਸਾਰੇ ਉਦਯੋਗਿਕ ਖੇਤਰ ਹਨ | ਬੇਰੁਜ਼ਗਾਰਾਂ ਲਈ ਬਹੁਤ ਸੁਨਹਿਰੀ ਮੌਕੇ ਹਨ, ਬਸ ਲੋੜ ਹੈ ਤਾਂ ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਦੀ | ਇਨ੍ਹਾਂ ਸੁਨਹਿਰੀ ਪਲ ਨੂੰ ਬਰਬਾਦ ਨਾ ਕਰੋ |
-ਵਰਿੰਦਰ ਸ਼ਰਮਾ ਵਾਤਸਾਯਾਨ
ਧਰਮਕੋਟ (ਮੋਗਾ) ਡਾਕ. ਚੱਕ ਅਤਰ ਸਿੰਘ ਵਾਲਾ, ਬਠਿੰਡਾ |
ਭਾਵਨਾਵਾਂ ਦੀ ਕਦਰ ਕਰੋ
ਇਨਸਾਨ ਕਿੰਨੀ ਵੀ ਕੋਸ਼ਿਸ਼ ਕਰੇ ਪਰ ਕਈ ਗੱਲਾਂ ਮਨੁੱਖ ਦੇ ਵੱਸ 'ਚ ਨਹੀਂ ਹੁੰਦੀਆਂ, ਉਨ੍ਹਾਂ ਦਾ ਕੰਟਰੋਲ ਸ਼ਾਇਦ ਕੁਦਰਤ ਦੇ ਕੋਲ਼ ਹੁੰਦਾ ਹੈ | ਆਦਮੀ ਸੋਚਦਾ ਕੁਝ ਹੋਰ ਹੈ ਤੇ ਹੋ ਕੁਝ ਹੋਰ ਜਾਂਦਾ ਹੈ | ਜਦੋਂ ਮਨੁੱਖ ਨੂੰ ਕੋਈ ਅਜਿਹਾ ਧੱਕਾ ਲੱਗਦਾ ਹੈ ਜਿਸ ਦਾ ਉਸ ਨੇ ਕਿਆਸ ਵੀ ਨਾ ਕੀਤਾ ਹੋਵੇ ਤਾਂ ਦਿਲ ਦਿਮਾਗ ਨੂੰ ਬਹੁਤ ਤਕਲੀਫ਼ ਹੁੰਦੀ ਹੈ | ਰਹਿ-ਰਹਿ ਕੇ ਬੀਤੇ ਦੀਆਂ ਬਾਤਾਂ ਮਨ ਦੇ ਕੈਨਵਸ 'ਤੇ ਵਾਰ-ਵਾਰ ਉੱਘੜਦੀਆਂ ਰਹਿੰਦੀਆਂ ਹਨ | ਖ਼ੁਸ਼ਗਵਾਰ ਮਾਹੌਲ ਜਦੋਂ ਇਕਦਮ ਉਦਾਸੀ ਦੇ ਘੇਰੇ ਵਿਚ ਆ ਜਾਵੇ ਤਾਂ ਆਲ਼ਾ-ਦੁਆਲ਼ਾ ਵੀ ਚੰਗਾ ਲੱਗਣੋਂ ਹਟ ਜਾਂਦਾ ਹੈ | ਸਭ ਕੁਝ ਵਿਖਰਿਆ, ਲੁੱਟਿਆ ਮਹਿਸੂਸ ਹੋਣ ਲੱਗਦਾ ਹੈ | ਆਪਣਿਆਂ ਵਿਚ ਦੂਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ | ਸਿਆਣਿਆਂ ਦਾ ਕਥਨ ਹੈ ਕਿ ਜੇਕਰ ਇੱਕ ਵਾਰ ਰਿਸ਼ਤਿਆਂ ਵਿਚ ਤਰੇੜ ਆ ਜਾਵੇ ਤਾਂ ਉਸ ਨੂੰ ਜਿੰਨਾ ਮਰਜ਼ੀ ਭਰ ਲਵੋ ਪਰ ਨਿਸ਼ਾਨ ਰਹਿ ਹੀ ਜਾਂਦਾ ਹੈ, ਕਿਉਂਕਿ ਟੁੱਟਿਆ ਮੁੜ ਕੇ ਸਾਬਤ ਨਹੀਂ ਬਣਦਾ | ਕਈ ਦੂਜੇ ਦੀ ਅਸਲ ਤੇ ਸੱਚੀ ਭਾਵਨਾ ਸਮਝਣ ਦੀ ਬਜਾਇ ਉਸ ਨੂੰ ਦੋਸ਼ੀ ਦੇ ਕਟਹਿਰੇ ਵਿਚ ਲਿਆ ਖੜ੍ਹਾ ਕਰਦੇ ਹਨ, ਜਿੱਥੇ ਉਸ ਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ | ਇੱਕ ਪਾਸੜ ਹੋ ਕੇ ਕਿਸੇ ਨਤੀਜੇ 'ਤੇ ਪਹੁੰਚ ਜਾਣਾ ਦੂਜੇ ਦੀਆਂ ਭਾਵਨਾਵਾਂ ਦਾ ਕਤਲ ਕਰਨ ਦੇ ਸਮਾਨ ਹੈ | ਅਜਿਹਾ ਨਾ ਕਰਕੇ ਆਓ ਅਸੀਂ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝੀਏ ਤੇ ਉਨ੍ਹਾਂ ਦੀ ਕਦਰ ਕਰੀਏ |
-ਲਾਭ ਸਿੰਘ ਸ਼ੇਰਗਿੱਲ,
ਅੱਧੀ ਟਿੱਬੀ ਬਡਰੁੱਖਾਂ (ਸੰਗਰੂਰ) |
ਤੀਜ ਪ੍ਰਤੀ ਔਰਤਾਂ ਦੀ ਘਟਦੀ ਰੁਚੀ
ਤੀਜ ਪੰਜਾਬੀ ਸੱਭਿਆਚਾਰ ਦਾ ਰਵਾਇਤੀ ਤਿਉਹਾਰ ਹੈ, ਜੋ ਸਦੀਆਂ ਤੋਂ ਔਰਤਾਂ ਵਲੋਂ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਆ ਰਿਹਾ ਹੈ | ਇਹ ਸਿਰਫ਼ ਇਕ ਤਿਉਹਾਰ ਹੀ ਨਹੀਂ, ਸਗੋਂ ਔਰਤਾਂ ਲਈ ਇਕੱਠੇ ਹੋਣ, ਖੁਸ਼ੀਆਂ ਸਾਂਝੀਆਂ ਕਰਨ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸੁੰਦਰ ਮੌਕਾ ਵੀ ਹੈ | ਪਰ ਅੱਜ ਦੇ ਆਧੁਨਿਕ ਦੌਰ ਵਿਚ ਤੀਜ ਦੇ ਤਿਉਹਾਰ ਪ੍ਰਤੀ ਔਰਤਾਂ ਵਿਚ ਪਹਿਲਾਂ ਵਰਗਾ ਉਤਸ਼ਾਹ ਅਤੇ ਰੁਚੀ ਨਜ਼ਰ ਨਹੀਂ ਆਉਂਦੀ, ਜਿਸ ਕਰਕੇ ਸਾਡੀਆਂ ਕਈ ਪੁਰਾਣੀਆਂ ਰਵਾਇਤਾਂ ਹੌਲੀ-ਹੌਲੀ ਪਿੱਛੇ ਛੁੱਟ ਰਹੀਆਂ ਹਨ | ਤੀਜ ਦੇ ਮੌਕੇ 'ਤੇ ਔਰਤਾਂ ਵਲੋਂ ਪਹਿਨੇ ਜਾਣ ਵਾਲੇ ਰਵਾਇਤੀ ਪਹਿਰਾਵੇ, ਗਿੱਧੇ, ਬੋਲੀਆਂ, ਮਹਿੰਦੀ ਅਤੇ ਝੂਟਿਆਂ ਵਿਚ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਝਲਕ ਦਿਖਾਈ ਦਿੰਦੀ ਹੈ | ਇਸ ਲਈ ਇਸ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ |
-ਰੱਜੀ,
ਸਰਹਿੰਦ