25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਜਪਾ ਦੀ ਵਧਦੀ ਸਰਗਰਮੀ

ਭਾਜਪਾ ਦੀ ਵਧਦੀ ਸਰਗਰਮੀ

Ad Position 21
No active advertisement
ਅਜੀਤ ਡੈਸਕ 26-08-2026

ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਤੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਦੀ ਪੰਜਾਬ ਦੀ ਦੋ ਦਿਨਾਂ ਦੀ ਫੇਰੀ ਨੇ ਇਕ ਤਾਂ ਸੂਬੇ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਨਵਾਂ ਉਤਸ਼ਾਹ ਭਰਿਆ ਹੈ, ਦੂਸਰਾ ਉਨ੍ਹਾਂ ਵਲੋਂ ਇੱਥੇ ਆ ਕੇ ਦਿੱਤੇ ਗਏ ਬਿਆਨਾਂ ਨੇ ਭਾਜਪਾ-ਅਕਾਲੀ ਗੱਠਜੋੜ ਸੰਬੰਧੀ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ  ਵੀ ਕਾਫੀ ਹੱਦ ਤੱਕ ਸਪੱਸ਼ਟ ਕਰ ਦਿੱਤਾ ਹੈ | ਇਹ ਸਾਰੇ ਜਾਣਦੇ ਹਨ ਕਿ ਵੱਖ-ਵੱਖ ਧੜਿਆਂ ਵਿਚ ਵੰਡੇ ਗਏ ਰਵਾਇਤੀ ਅਕਾਲੀਆਂ ਨੇ ਭਾਜਪਾ ਦੀ ਵਧਦੀ ਤਾਕਤ ਨੂੰ  ਵੇਖਦਿਆਂ ਉਸ ਨਾਲ ਪਿਛਲੇ ਕਾਫੀ ਸਮੇਂ ਤੋਂ ਰਾਜ ਵਿਚ ਚੋਣਾਂ ਲਈ ਗੰਢਤੁਪ ਕਰਨ ਦੇ ਯਤਨ ਜਾਰੀ ਰੱਖੇ ਹੋਏ ਹਨ, ਦੂਸਰੇ ਪਾਸੇ ਭਾਜਪਾ ਦੇ ਆਗੂਆਂ ਨੇ ਲਗਾਤਾਰ ਇਹ ਬਿਆਨ ਦਿੱਤੇ ਹਨ ਕਿ ਪਾਰਟੀ ਆਪਣੇ ਬਲਬੂਤੇ ਸੂਬੇ ਦੀਆਂ ਚੋਣਾਂ ਲੜੇਗੀ ਅਤੇ ਸਾਰੀਆਂ 117 ਸੀਟਾਂ 'ਤੇ ਉਮੀਦਵਾਰ ਉਤਾਰੇਗੀ, ਜਿਸ ਤਰ੍ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਸ ਵਲੋਂ ਅਜਿਹੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਅਨੇਕਾਂ ਕੌਮੀ ਆਗੂਆਂ ਨੇ ਸੂਬੇ ਦੀਆਂ ਯਾਤਰਾਵਾਂ ਆਰੰਭੀਆਂ ਹੋਈਆਂ ਹਨ, ਉਨ੍ਹਾਂ ਤੋਂ ਵੀ ਇਸ ਪਾਰਟੀ ਵਲੋਂ ਪੂਰੇ ਯੋਜਨਾਬੱਧ ਢੰਗ ਨਾਲ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦਾ ਅਹਿਸਾਸ ਹੁੰਦਾ ਰਿਹਾ ਹੈ |
ਪਾਰਟੀ ਵਲੋਂ ਤੈਅਸ਼ੁਦਾ ਯੋਜਨਾ ਅਧੀਨ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਆਪਣਾ ਆਧਾਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ | ਗੁਆਂਢੀ ਸੂਬੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਫੇਰੀਆਂ ਨੇ ਵੀ ਇਸ ਦੇ ਪ੍ਰਭਾਵ ਨੂੰ  ਹੋਰ ਵਧਾਇਆ ਹੈ | ਬਿਨਾਂ ਸ਼ੱਕ ਇਥੇ ਅੱਜ ਨਾਇਬ ਸਿੰਘ ਸੈਣੀ ਦੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ | ਉਨ੍ਹਾਂ ਨੇ ਵੀ ਵੱਖ-ਵੱਖ ਫਿਰਕਿਆਂ ਅਤੇ ਸੰਗਠਨਾਂ ਦੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਕੇ ਇਸ ਗੱਲ ਨੂੰ  ਦਿ੍ੜਾਇਆ ਹੈ ਕਿ, ਇਸ ਵਾਰ ਭਾਜਪਾ ਆਪਣੇ ਬਲਬੂਤੇ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਹੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ | ਪਿਛਲੇ ਸਮੇਂ ਵਿਚ ਪਾਰਟੀ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ  ਇਕ ਤਰ੍ਹਾਂ ਨਾਲ ਪੰਜਾਬ ਵਿਚ ਆਪਣੀਆਂ ਸਰਗਰਮੀਆਂ ਵਧਾਉਣ ਦੀ ਹਦਾਇਤ ਕੀਤੀ ਹੋਈ ਸੀ | ਦੂਸਰੇ ਪਾਸੇ ਰਵਾਇਤੀ ਅਕਾਲੀ ਧਿਰਾਂ ਹਾਲੇ ਵੀ ਉਮੀਦ ਲਗਾਈ ਬੈਠੀਆਂ ਹਨ ਕਿ ਸ਼ਾਇਦ ਭਾਜਪਾ ਨਾਲ ਉਨ੍ਹਾਂ ਦਾ ਗੱਠਜੋੜ ਹੋ ਜਾਏ, ਕਿਉਂਕਿ ਅਕਾਲੀ ਆਗੂਆਂ ਵਲੋਂ ਭਾਜਪਾ ਵਲੋਂ ਸਾਰੀਆਂ ਸੀਟਾਂ ਲੜਨ ਸੰਬੰਧੀ ਕੀਤੇ ਜਾ ਰਹੇ ਲਗਾਤਾਰ ਦਾਅਵਿਆਂ ਦਾ ਕੋਈ ਦਮਦਾਰ ਉੱਤਰ ਨਹੀਂ ਦਿੱਤਾ ਗਿਆ | ਸਗੋਂ ਉਨ੍ਹਾਂ ਵਲੋਂ ਇਹੀ ਸੰਭਾਵਨਾ ਪ੍ਰਗਟਾਈ ਜਾਂਦੀ ਰਹੀ ਹੈ, ਕਿ ਇਹ ਗੱਠਜੋੜ ਛੇਤੀ ਹੀ ਸਿਰੇ ਚੜ੍ਹੇਗਾ | ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਮੰਤਰੀ ਨੂੰ  ਮਿਲਣਾ, ਉਸ ਦੇ ਹਮਲੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਦਾ ਹਾਲਚਾਲ ਪੁੱਛਣ ਨੇ ਵੀ ਆਸਾਂ ਦੀ ਇਸ ਡੋਰੀ ਨੂੰ  ਲੰਮੀ ਕਰੀ ਰੱਖਿਆ ਸੀ | ਇਸੇ 20 ਅਗਸਤ ਨੂੰ  ਲੋਂਗੋਵਾਲ ਵਿਚ ਬੀਬਾ ਹਰਸਿਮਰਤ ਕੌਰ ਨੇ ਵੀ ਆਯੋਜਿਤ ਕਾਨਫਰੰਸ ਵਿਚ ਭਾਜਪਾ ਨਾਲ ਸਮਝੌਤੇ ਦੀ ਸੰਭਾਵਨਾ ਸੰਬੰਧੀ ਕਿਹਾ ਸੀ ਕਿ 'ਗੁਰੂ ਸਾਹਿਬ ਮਿਹਰ ਕਰਨ ਇਹ ਮੇਰਾ ਬੋਲਣ ਦਾ ਅਧਿਕਾਰ ਨਹੀਂ ਹੈ ਇਸ ਲਈ ਮੈਂ ਆਪਣੀ ਜ਼ੁਬਾਨ ਰੋਕ ਰਹੀ ਹਾਂ, ਤੁਹਾਨੂੰ ਖ਼ੁਦ ਹੀ ਪਤਾ ਲੱਗ ਜਾਏਗਾ, ਐਸੇ ਸਮਝੌਤੇ ਜਿਨ੍ਹਾਂ ਦੇ ਜ਼ਰੀਏ ਦਿੱਲੀ ਤੋਂ ਪੰਜਾਬ ਦੇ ਵਿਕਾਸ ਅਤੇ ਤਰੱਕੀ ਦੇ ਕੰਮ ਹੁੰਦੇ ਰਹਿਣ' ਪਰ ਲਗਦਾ ਹੈ ਕਿ ਹੁਣ ਭਾਜਪਾ ਦੇ ਪ੍ਰਮੁੱਖ ਆਗੂ ਬੀ.ਐਲ. ਸੰਤੋਸ਼ ਵਲੋਂ ਸਪੱਸ਼ਟ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕਿਸੇ ਵੀ ਕਿਸਮ ਦੇ ਗੱਠਜੋੜ ਨੂੰ  ਫਿਲਹਾਲ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਹੈ | ਅਜਿਹੇ ਹਾਲਾਤ ਵਿਚ ਇਕ ਵਾਰ ਤਾਂ ਅਕਾਲੀ ਸਫ਼ਾਂ ਵਿਚ ਨਿਰਾਸ਼ਾ ਦਿਖਾਈ ਦੇਣ ਲੱਗੀ ਹੈ | ਉਨ੍ਹਾਂ ਨੂੰ  ਹਾਲਾਤ ਨੂੰ  ਸਮਝਦੇ ਹੋਏ ਮੁੜ ਕੇ ਆਪਣੀ ਚੋਣ ਨੀਤੀ ਨੂੰ  ਨਵਾਂ ਰੁਖ ਦੇਣ ਬਾਰੇ ਯੋਜਨਾਬੰਦੀ ਕਰਨੀ ਪਵੇਗੀ | 
ਜਿਥੋਂ ਤੱਕ ਦੂਸਰੀਆਂ ਪਾਰਟੀਆਂ ਦਾ ਸੰਬੰਧ ਹੈ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੋਈ ਦਿਖਾਈ ਦੇ ਰਹੀ ਹੈ, ਇਸੇ ਹੀ ਕੜੀ ਵਿਚ ਉਸ ਵਲੋਂ ਪਿਛਲੇ ਦਿਨੀਂ ਕੁੱਝ ਨਵੀਆਂ, ਆਰਥਿਕ ਯੋਜਨਾਵਾਂ ਦਾ ਐਲਾਨ ਵੀ ਕੀਤਾ ਗਿਆ ਹੈ | ਪਾਰਟੀ ਇਸ ਪੱਖੋਂ ਵੀ ਸੁਚੇਤ ਦਿਖਾਈ ਦਿੰਦੀ ਹੈ ਕਿ ਉਸ ਨੇ ਸੂਬੇ ਵਿਚ ਸਥਾਪਤੀ ਸੰਬੰਧੀ ਰੁਝਾਨ ਨੂੰ  ਕਿਸ ਤਰ੍ਹਾਂ ਮੋੜਾ ਦੇਣਾ ਹੈ | ਹਾਲ ਦੀ ਘੜੀ ਸੂਬਾ ਕਾਂਗਰਸ ਦੀ ਲੀਡਰਸ਼ਿਪ ਵਿਚ ਛਿੜੀ ਖਾਨਾਜੰਗੀ ਵੀ ਖ਼ਤਮ ਹੁੰਦੀ ਦਿਖਾਈ ਨਹੀਂ ਦੇ ਰਹੀ | ਲਗਾਤਾਰ ਬਣ ਰਹੀ ਅਜਿਹੀ ਸਥਿਤੀ ਨੇ ਜਿੱਥੇ ਪਾਰਟੀ ਅੰਦਰ ਵੱਡੇ ਬਿਖਰਾਅ ਨੂੰ  ਜਨਮ ਦਿੱਤਾ ਹੈ, ਉਥੇ ਇਸ ਦੀ ਚੋਣ ਤਿਆਰੀ ਨੂੰ  ਵੀ ਕਮਜ਼ੋਰ ਕੀਤਾ ਹੈ | ਜੇਲ੍ਹ ਵਿਚ ਨਜ਼ਰਬੰਦ ਅੰਮਿ੍ਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ  ਕਈ ਪਾਸਿਆਂ ਤੋਂ ਮਿਲ ਰਹੇ ਹੁੰਗਾਰੇ ਨੂੰ  ਵੀ ਪੰਜਾਬੀਆਂ ਵਲੋਂ ਧਿਆਨ ਨਾਲ ਵੇਖਿਆ ਜਾ ਰਿਹਾ ਹੈ | ਹੁਣ ਵੇਖਣਾ ਇਹ ਹੋਵੇਗਾ ਕਿ ਆਉਂਦੇ ਮਹੀਨਿਆਂ ਵਿਚ ਸੂਬੇ ਵਿਚਲੀ ਸਿਆਸੀ ਹਲਚਲ, ਕਿਨ੍ਹਾਂ ਦਿਸ਼ਾਵਾਂ ਵੱਲ ਮੁੜਦੀ  ਹੈ | ਪੰਜਾਬ ਨੂੰ  ਬਿਨਾਂ ਸ਼ੱਕ ਅਗਲੀਆਂ ਚੋਣਾਂ ਵਿਚ ਬਿਹਰਤ ਪ੍ਰਸ਼ਾਸਨ ਦੀ ਲੋੜ ਹੈ, ਜੋ ਰਾਜ ਲਈ ਚੰਗੀਆਂ ਸੰਭਾਵਨਾਵਾਂ ਪੈਦਾ ਕਰ ਸਕੇ|

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰੀ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਣ
Ad Position 24