28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਿਆਸਤ ਅਤੇ ਕੁਨਬਾਪਰਵਰੀ

ਸਿਆਸਤ ਅਤੇ ਕੁਨਬਾਪਰਵਰੀ

Ad Position 21
No active advertisement
ਅਜੀਤ ਡੈਸਕ 29-11-2026

ਸੂਬੇ ਦੇ ਚੋਣ ਦਿ੍ਸ਼ ਵਿਚ ਕਾਫੀ ਹਲਚਲ ਦਿਖਾਈ ਦਿੰਦੀ ਹੈ | ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਅਤੇ ਉੱਭਰ ਰਹੇ ਛੋਟੇ-ਮੋਟੇ ਆਗੂਆਂ ਅੰਦਰ ਵੀ ਲਾਲਸਾ ਦੀ ਭਾਵਨਾ ਛਲਕਦੀ ਨਜ਼ਰ ਆ ਰਹੀ ਹੈ | ਹਰ ਕੋਈ ਹਰ ਹੀਲੇ ਰਾਜਭਾਗ ਦੀਆਂ ਪੌੜੀਆਂ ਰਾਹੀਂ ਸਿਖ਼ਰ 'ਤੇ ਪਹੁੰਚਣ ਦਾ ਚਾਹਵਾਨ ਨਜ਼ਰ ਆਉਂਦਾ ਹੈ | ਹਰ ਪਾਰਟੀ ਆਪੋ-ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਵੋਟਰਾਂ 'ਤੇ ਆਪਣਾ ਪ੍ਰਭਾਵ ਬਣਾਉਣ ਦੀ ਕਾਹਲ ਵਿਚ ਹੈ | ਢਾਈ ਦਹਾਕਿਆਂ ਤੋਂ ਇਹ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਲੋਕ ਲੁਭਾਊ ਵਾਅਦੇ ਕਰਦੀਆਂ ਆ ਰਹੀਆਂ ਹਨ | ਇਨ੍ਹਾਂ ਸਾਰੀਆਂ ਹੀ ਪਾਰਟੀਆਂ ਨੇ ਸਮੇਂ-ਸਮੇਂ ਵੋਟਾਂ ਹਾਸਿਲ ਕਰ ਕੇ ਵੋਟਰਾਂ ਨੂੰ  ਕਈ ਤਰ੍ਹਾਂ ਦੀਆਂ ਵਿੱਤੀ ਸਹੂਲਤਾਂ ਦੇਣ ਦੇ ਵੀ ਐਲਾਨ ਕੀਤੇ ਹਨ ਅਤੇ ਅਜਿਹੀਆਂ ਨੀਤੀਆਂ ਲਾਗੂ ਵੀ ਕੀਤੀਆਂ ਹਨ |

ਕਿਸੇ ਵੀ ਪਾਰਟੀ ਨੇ ਪਿਛਲੇ ਸਮੇਂ ਵਿਚ ਗੰਭੀਰਤਾ ਨਾਲ ਇਹ ਨਹੀਂ ਸੋਚਿਆ ਕਿ ਮੁਫ਼ਤ ਦੀਆਂ ਯੋਜਨਾਵਾਂ ਨੂੰ  ਆਧਾਰ ਬਣਾ ਕੀਤੇ ਵਾਅਦੇ ਲਾਗੂ ਕਰਨ ਲਈ ਪੈਸੇ ਕਿੱਥੋਂ ਅਤੇ ਕਿਵੇਂ ਆਉਣੇ ਹਨ? ਬਜਟ ਦੇ ਖਸਾਰੇ ਨੂੰ  ਕਿਵੇਂ ਪੂਰਾ ਕਰਨਾ ਹੈ? ਇਸ ਲਈ ਕੋਈ ਗੰਭੀਰ ਯੋਜਨਾਬੰਦੀ ਆਗੂ ਅਤੇ ਉਨ੍ਹਾਂ ਦੇ ਸਲਾਹਕਾਰ ਕਰ ਸਕਣ ਤੋਂ ਅਸਮਰੱਥ ਰਹੇ ਹਨ, ਉਨ੍ਹਾਂ ਦਾ ਤੇ ਉਨ੍ਹਾਂ ਦੇ ਪ੍ਰਸ਼ਾਸਨ ਦਾ ਧਿਆਨ ਸੂਬੇ ਦੀਆਂ ਜਾਇਦਾਦਾਂ ਨੂੰ  ਧੜਾਧੜ ਵੇਚਣ ਜਾਂ ਕਰਜ਼ਾ ਲੈਣ ਵੱਲ ਵਧੇਰੇ ਰਿਹਾ ਹੈ | ਇਹ ਹੀ ਸਭ ਤੋਂ ਵੱਡਾ ਕਾਰਨ ਹੈ ਕਿ ਅੱਜ ਪੰਜਾਬ ਕਰਜ਼ੇ ਦੇ ਬੋਝ ਥੱਲੇ  ਦੱਬਿਆ ਜਾ ਰਿਹਾ ਹੈ | ਖਾੜਕੂਵਾਦ ਦੇ ਦੌਰ ਤੋਂ ਬਾਅਦ ਪੰਜਾਬ ਸਿਰਫ਼ 8 ਹਜ਼ਾਰ ਕਰੋੜ ਦਾ ਕਰਜ਼ਾਈ ਸੀ, ਜੋ ਅੱਜ ਵਧ ਕੇ ਪੌਣੇ ਪੰਜ ਲੱਖ ਕਰੋੜ ਦੇ ਲਗਭਗ ਹੋ ਗਿਆ ਹੈ | ਸੂਬੇ ਦੀ ਆਮਦਨ ਦਾ ਵੱਡਾ ਹਿੱਸਾ ਇਸ ਕਰਜ਼ੇ ਦਾ ਵਿਆਜ ਲਾਹੁਣ 'ਤੇ ਹੀ ਖ਼ਰਚ ਹੋ ਜਾਂਦਾ ਹੈ |
ਅੱਜ ਸੂਬਾ ਦੇਸ਼ ਭਰ ਵਿਚ ਪਿਛਲੀ ਕਤਾਰ ਵਿਚ ਖੜ੍ਹਾ ਦਿਖਾਈ ਦੇ ਰਿਹਾ ਹੈ | ਇਸ ਦੀ ਆਰਥਿਕਤਾ ਕੰਬਦੀ ਨਜ਼ਰ ਆ ਰਹੀ ਹੈ | ਇਸ ਹਾਲਤ ਤੋਂ ਕੁਝ ਸਬਕ ਤਾਂ ਕੀ ਸਿੱਖਣਾ ਸੀ, ਸਗੋਂ ਇਸ ਦੀ ਬਜਾਏ ਕੁਰਸੀ ਦੀ ਪ੍ਰਾਪਤੀ ਲਈ ਸਿਆਸਤ ਦੀ ਖੇਡ ਹੀ ਜਾਰੀ ਰਹੀ ਹੈ | ਹਰ ਕੋਈ ਇਸ ਖੇਤਰ ਵਿਚ ਤੇਜ਼ ਦੌੜਨਾ ਚਾਹੁੰਦਾ ਹੈ, ਪਰ ਸੂਬਾ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਹੋ ਚੁੱਕਾ ਹੈ | ਇਸ ਦਾ ਫ਼ਿਕਰ ਕਿਸੇ ਸਿਆਸਤਦਾਨ ਜਾਂ ਸਿਆਸੀ ਪਾਰਟੀਆਂ ਨੂੰ  ਨਹੀਂ ਹੈ, ਸਗੋਂ ਉਨ੍ਹਾਂ ਵਿਚ ਇਕ ਹਾਬੜ ਮਚੀ ਦਿਖਾਈ ਦਿੰਦੀ ਹੈ, ਜੋ ਆਪਣੇ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ | ਜਿਵੇਂ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਵਿਚ ਪਰਿਵਾਰਵਾਦ ਭਾਰੂ ਹੋ ਚੁੱਕਾ ਹੈ, ਉਸ ਨੇ ਸਿਆਸਤ ਨੂੰ  ਲੋਕ ਪੱਖੀ ਨਹੀਂ ਸਗੋਂ ਆਪਣੇ ਪਰਿਵਾਰਾਂ ਤੱਕ ਸੀਮਤ ਕਰ ਦਿੱਤਾ ਹੈ | ਇਹ ਸਿਆਸੀ ਬਿਮਾਰੀ ਪਹਿਲਾਂ ਅਕਾਲੀਆਂ ਨੂੰ  ਤੇ ਕਾਂਗਰਸ ਨੂੰ  ਲੱਗੀ ਸੀ, ਹੁਣ ਇਹ ਦੂਸਰੀਆਂ ਪਾਰਟੀਆਂ ਦੇ ਵੱਡੇ ਸਿਆਸੀ ਆਗੂਆਂ ਤੱਕ ਵੀ ਫੈਲ ਚੁੱਕੀ ਹੈ |
ਹੁਣ ਚੋਣਾਂ ਸਿਰ 'ਤੇ ਹਨ ਤੇ ਬਹੁਤੇ ਆਗੂ ਆਪਣੇ ਨਾਲ ਆਪਣੇ ਬੱਚਿਆਂ ਨੂੰ  ਵੀ ਹਰ ਹੀਲੇ ਟਿਕਟਾਂ ਦਿਵਾਉਣ ਲਈ ਤਰਲੋਮੱਛੀ ਹੋ ਰਹੇ ਹਨ | ਅਜਿਹਾ ਲਗਦਾ ਹੈ ਕਿ ਇਨ੍ਹਾਂ ਆਗੂਆਂ ਨੇ ਸਿਆਸਤ ਨੂੰ  ਆਪਣੀ ਵਿਰਾਸਤ ਜਾਂ ਜਗੀਰ ਹੀ ਸਮਝ ਲਿਆ ਹੈ | ਇਸੇ ਲਈ ਹੀ ਅੱਜ ਇਨ੍ਹਾਂ ਪਾਰਟੀਆਂ ਵਿਚ ਸਮਰਪਿਤ ਵਰਕਰਾਂ ਦੀ ਘਾਟ ਰੜਕ ਰਹੀ ਹੈ | ਜੇਕਰ ਅੱਜ ਇਨ੍ਹਾਂ ਪਾਰਟੀਆਂ ਦੇ ਵੱਡੇ ਆਗੂਆਂ ਦੀ ਕੁਨਬਾਪਰਵਰੀ ਦੀ ਸੂਚੀ ਬਣਾਈ ਜਾਏ ਤਾਂ ਇਹ ਬੇਹੱਦ ਹੈਰਾਨ ਕਰਨ ਵਾਲੀ ਅਤੇ ਲੰਮੀ ਬਣ ਜਾਏਗੀ, ਜਿਸ ਤੋਂ ਇਹ ਅਹਿਸਾਸ ਤੇ ਆਭਾਸ ਹੋਣਾ ਵੀ ਕੁਦਰਤੀ ਹੈ ਕਿ ਅੱਜ ਦੀ ਸਿਆਸਤ ਕੁਨਬਾਪਰਵਰੀ ਅਤੇ ਮੌਕਾਪ੍ਰਸਤੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ | ਪੈਦਾ ਹੋਏ ਅਜਿਹੇ ਹਾਲਾਤ ਨੇ ਆਮ ਵਿਅਕਤੀ ਨੂੰ  ਹੈਰਾਨ ਅਤੇ ਪ੍ਰੇਸ਼ਾਨ ਕੀਤਾ ਹੈ ਅਤੇ ਇਹ ਵੀ ਸਵਾਲ ਪੈਦਾ ਕੀਤੇ ਹਨ ਕਿ ਅਜਿਹੀ ਜ਼ਹਿਨੀਅਤ ਵਾਲੇ ਸਿਆਸਤਦਾਨਾਂ ਤੋਂ ਸੂਬੇ ਦੀ ਬਿਹਤਰੀ ਲਈ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ, ਪਰ ਸਿਆਸਤ ਦੀ ਅਜਿਹੀ ਖੇਡ ਲਗਾਤਾਰ ਜਾਰੀ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ | ¸ਡਾ: ਇਕਬਾਲ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਤੇ ਪੰਜਾਬ ਦਾ ਭਵਿੱਖ
Ad Position 24