26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅਕਾਲੀ ਦਲ ਤੇ ਭਾਜਪਾ ਵਿਚਕਾਰ ਸਮਝੌਤੇ ਦੇ ਕਾਰਨ ਕੀ ਰਹੇ?

ਅਕਾਲੀ ਦਲ ਤੇ ਭਾਜਪਾ ਵਿਚਕਾਰ ਸਮਝੌਤੇ ਦੇ ਕਾਰਨ ਕੀ ਰਹੇ?

Ad Position 21
No active advertisement
ਅਜੀਤ ਡੈਸਕ 27-11-2026

ਰਸਮ-ਓ-ਰਿਵਾਜ਼ ਛੋੜ ਕੇ ਸਭ ਆ ਗਏ ਯਹਾਂ

ਰਖੀ ਹੂਈ ਹੈਾ ਤਾਕ ਮੇਂ ਅਬ ਗੈਰਤੇਂ ਤਮਾਮ |

ਅਦੀਲ ਜ਼ੈਦੀ ਦਾ ਇਹ ਸ਼ਿਅਰ ਉਂਝ ਤਾਂ ਸਮੁੱਚੇ ਭਾਰਤ ਦੀ ਸਿਆਸਤ 'ਤੇ ਢੁਕਦਾ ਹੈ, ਪਰ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਕੁਝ ਜ਼ਿਆਦਾ ਹੀ ਹਾਣ ਦਾ ਜਾਪਦਾ ਹੈ | ਕਿਉਂਕਿ ਇਸ ਵੇਲੇ ਰਾਜਨੀਤਕ ਪਾਰਟੀਆਂ ਵਿਚ ਸਮਝੌਤੇ ਅਤੇ ਨੇਤਾਵਾਂ ਦੀ ਦਲਬਦਲੀ ਦਾ ਅਜਿਹਾ ਦੌਰ ਚੱਲ ਰਿਹਾ ਹੈ ਕਿ ਕਿਸੇ ਨੂੰ  ਕਿਸੇ ਰਸਮੋ-ਰਿਵਾਜ, ਗ਼ੈਰਤ ਜਾਂ ਵਿਚਾਰਧਾਰਾ ਦੀ ਕੋਈ ਪ੍ਰਵਾਹ ਨਹੀਂ | ਅਸਲ ਵਿਚ ਸਭ ਰਾਜਸੀ ਪਾਰਟੀਆਂ ਦਾ ਸਿਰਫ਼ ਤੇ ਸਿਰਫ਼ ਇਕ ਹੀ ਨਿਸ਼ਾਨਾ ਹੈ ਕਿ ਜਿੱਤ ਹਾਸਿਲ ਕਰਨੀ ਹੈ, ਜਿਵੇਂ ਕਿਵੇਂ ਮਰਜ਼ੀ ਹਾਸਿਲ ਹੋਵੇ | ਕਿਸੇ ਅਸੂਲ, ਕਿਸੇ ਆਪਣੇ ਪੁਰਾਣੇ ਬਿਆਨ, ਕਿਸੇ ਮੁੱਦੇ ਦੀ ਕੋਈ ਕੀਮਤ ਨਹੀਂ ਰਹੀ | ਪਰ ਇਸ ਦੇ ਬਾਵਜੂਦ ਇਕ ਗੱਲ ਜ਼ਰੂਰ ਸਪੱਸ਼ਟ ਹੈ ਕਿ ਭਾਵੇਂ ਭਾਜਪਾ ਵੀ ਸਮਝੌਤੇ ਕਰਨ ਲੱਗਿਆਂ ਕਿਸੇ ਲੋਕ-ਲੱਜਾ ਦੀ ਪ੍ਰਵਾਹ ਨਹੀਂ ਕਰਦੀ ਪਰ ਉਹ ਆਪਣੇ ਟੀਚਿਆਂ ਦੀ ਸਿਆਸਤ ਤੋਂ ਪਿਛੇ ਨਹੀਂ ਹਟਦੀ, ਉਹ ਆਪਣੇ ਲੰਮੇ ਸਮੇਂ ਦੇ ਟੀਚਿਆਂ ਦੀ ਪ੍ਰਾਪਤੀ ਲਈ ਛੋਟੇ ਸਮੇਂ ਦੇ ਸਮਝੌਤੇ ਕਰਨ ਲਈ ਕਿਸੇ ਵੀ ਪੱਧਰ 'ਤੇ ਚਲੀ ਜਾਂਦੀ ਹੈ | ਇਨ੍ਹਾਂ ਕਾਲਮਾਂ ਵਿਚ ਕਈ ਵਾਰ ਸਪੱਸ਼ਟ ਲਿਖਿਆ ਗਿਆ ਹੈ ਕਿ ਭਾਜਪਾ ਪੰਜਾਬ ਵਿਚ ਕਾਂਗਰਸ ਦੀ ਜਿੱਤ ਕਿਸੇ ਕੀਮਤ 'ਤੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ | ਜਿਵੇਂ ਹੀ ਉਸ ਨੂੰ  ਦਿਖੇਗਾ ਕਿ ਕਾਂਗਰਸ ਦੀ ਜਿੱਤ ਦੇ ਆਸਾਰ ਬਣ ਰਹੇ ਹਨ, ਉਹ ਅਕਾਲੀ ਦਲ  ਨਾਲ ਸਮਝੌਤਾ ਕਰੇਗੀ | ਕਿਉਂਕਿ ਭਾਜਪਾ ਦੇ ਅੰਦਰੂਨੀ ਸਰਵੇਖਣਾਂ ਵਿਚ ਇਹ ਸਪੱਸ਼ਟ ਦਿਖਾਈ ਦੇ ਰਿਹਾ ਸੀ ਕਿ ਸ਼ਹਿਰੀ ਹਿੰਦੂ ਵੋਟ ਮਜ਼ਬੂਤ ਭਾਜਪਾ ਨੂੰ  ਵੋਟ ਪਾਉਣ ਲਈ ਤਾਂ ਤਿਆਰ ਹੈ ਪਰ ਭਾਜਪਾ ਦੇ ਕਮਜ਼ੋਰ ਉਮੀਦਵਾਰਾਂ ਦੀ ਸੂਰਤ ਵਿਚ ਉਹ ਕਾਂਗਰਸ ਵੱਲ ਖਿਸਕ ਸਕਦਾ ਹੈ | ਦੇਸ਼ ਵਿਚ ਅਜੇ ਆਮ ਆਦਮੀ ਪਾਰਟੀ ਭਾਜਪਾ ਲਈ ਚੁਣੌਤੀ ਨਹੀਂ ਹੈ ਪਰ ਕਾਂਗਰਸ ਹੈ | ਥੋੜ੍ਹੀ ਮਜ਼ਬੂਤ 'ਆਪ' ਗੁਜਰਾਤ ਵਰਗੇ ਰਾਜਾਂ ਵਿਚ ਭਾਜਪਾ ਵਿਰੋਧੀ ਵੋਟ ਕਾਂਗਰਸ ਨਾਲ ਵੰਡਣ ਦੇ ਸਮਰੱਥ ਹੈ ਤੇ ਇਹ ਭਾਜਪਾ ਨੂੰ  ਸੂਤ ਬੈਠਦਾ ਹੈ | ਸੋ, ਮੇਰੀ ਸਮਝ ਵਿਚ ਭਾਜਪਾ ਦੇ ਵੱਡੇ-ਵੱਡੇ ਲੀਡਰਾਂ ਦੇ 117 ਦੀਆਂ 117 ਸੀਟਾਂ ਲੜਨ ਦੇ ਬਿਆਨਾਂ ਦੇ ਬਾਵਜੂਦ ਅਕਾਲੀ ਦਲ ਨਾਲ ਛੋਟੇ ਭਰਾ ਵਜੋਂ ਸਮਝੌਤਾ ਕਰਨ ਦੇ ਕਾਰਨਾਂ ਪਿੱਛੇ ਇਹੀ ਪ੍ਰਮੁੱਖ ਕਾਰਨ ਹੈ | ਹੁਣ ਅਕਾਲੀ-ਭਾਜਪਾ ਸਮਝੌਤੇ ਨਾਲ ਤਿਕੋਣੇ ਜਾਂ ਚਾਰ ਕੌਣੇ ਮੁਕਾਬਲਿਆਂ ਵਿਚ ਭਾਜਪਾ-ਅਕਾਲੀ ਗੱਠਜੋੜ ਦੇ ਉਮੀਦਵਾਰ ਕਮਜ਼ੋਰ ਨਹੀਂ ਦਿਖਣਗੇ ਤਾਂ ਸ਼ਹਿਰੀ ਹਿੰਦੂ ਵੋਟ ਭਾਜਪਾ ਤੇ ਕਾਂਗਰਸ ਵਿਚ ਵੰਡੀ ਜਾਵੇਗੀ | ਖ਼ੈਰ ਇਸ ਸਮਝੌਤੇ ਨੇ ਭਾਜਪਾ ਤੇ ਅਕਾਲੀ ਦਲ ਦੋਵਾਂ ਨੂੰ  ਮਜ਼ਬੂਤ ਕੀਤਾ ਹੈ ਤੇ ਇਸ ਦਾ ਸਪੱਸ਼ਟ ਅਸਰ ਵੀ ਦਿਖਾਈ ਦੇਣ ਲੱਗਾ ਹੈ | ਕਾਂਗਰਸ ਨੂੰ  ਖੱਬੀਆਂ ਪਾਰਟੀਆਂ ਨਾਲ ਸਮਝੌਤੇ ਦੀ ਯਾਦ ਆ ਗਈ ਹੈ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਮਾਨ, ਬਸਪਾ ਅਤੇ ਹੋਰ ਪੰਥਕ ਧਿਰਾਂ ਨਾਲ ਮਹਾਂਗੱਠਜੋੜ ਦੀਆਂ ਕੋਸ਼ਿਸ਼ਾਂ ਵਿਚ ਲੱਗ ਗਿਆ ਹੈ | ਹਾਲਾਂਕਿ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਗੱਲਾਂ-ਬਾਤਾਂ ਬੇਸ਼ੱਕ ਚਲਦੀਆਂ ਹਨ, ਪਰ ਆਖਰੀ ਫ਼ੈਸਲਾ ਬਸਪਾ ਦੀ ਹਾਈਕਮਾਂਡ ਹੀ ਕਰੇਗੀ | ਜੇ ਇਹ ਸਮਝੌਤਾ ਸਿਰੇ ਲੱਗ ਗਿਆ ਤਾਂ ਪੰਜਾਬ ਵਿਚ ਬਹੁਤੀਆਂ ਥਾਵਾਂ 'ਤੇ ਚਾਰ ਕੋਨੇ ਮੁਕਾਬਲੇ ਦਿਖਾਈ ਦੇਣਗੇ | ਕੁਝ ਵੀ ਹੋਵੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਅਤੇ ਰਾਜਸੀ ਆਗੂ ਹਰ ਅਸੂਲ, ਮੁੱਦੇ, ਮੰਗ ਨੂੰ  ਪਾਸੇ ਰੱਖ ਕੇ ਆਪੋ-ਆਪਣੀ ਮਸਲਹਤ ਅਨੁਸਾਰ ਸਮਝੌਤੇ ਕਰਦੀਆਂ ਜਾ ਰਹੀਆਂ ਹਨ |
ਕਯਾ ਮਸਲਹਤ-ਸ਼ਨਾਸ ਥਾ ਵੋ ਆਦਮੀ 'ਕਤੀਲ',
ਮਜਬੂਰੀਓਾ ਕਾ ਜਿਸ ਨੇ ਨਾਮ ਵਫ਼ਾ ਰਖ ਦੀਆ |
(ਕਤੀਲ ਸ਼ਿਫਾਈ)
ਗੱਠਜੋੜ ਦੀ ਕਹਾਣੀ
ਬੇਸ਼ੱਕ ਅਕਾਲੀ-ਭਾਜਪਾ ਗੱਠਜੋੜ ਪਿੱਛੇ ਵੱਡੇ ਕਾਰਨਾਂ ਵਿਚੋਂ ਇਕ ਤਾਂ ਕਾਂਗਰਸ ਨੂੰ  ਹਰਾਉਣ ਦੀ ਚਾਹ ਹੈ ਪਰ ਜਦੋਂ ਭਾਜਪਾ ਦੇ ਵੱਡੇ ਲੀਡਰ ਤੇ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਵੀ ਲਗਾਤਾਰ ਇਕ-ਦੂਜੇ 'ਤੇ ਤਿੱਖੇ ਵਾਰ ਕਰਦੇ ਆ ਰਹੇ ਸਨ ਤਾਂ ਦੋਵੇਂ ਹੀ 117 ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦੇ ਦਮਗਜੇ ਹੀ ਨਹੀਂ ਮਾਰ ਰਹੇ ਸਨ, ਸਗੋਂ ਤਿਆਰੀਆਂ ਵਿਚ ਵੀ ਲੱਗੇ ਹੋਏ ਸਨ ਤਾਂ ਫਿਰ ਇਸ ਸਮਝੌਤੇ 'ਤੇ ਅੱਪੜਨ ਲਈ ਪਰਦੇ ਪਿੱਛੇ ਕੀ ਕੁਝ ਵਾਪਰਿਆ ਇਹ ਜਾਣਨਾ ਸੱਚਮੁੱਚ ਦਿਲਚਸਪ ਹੈ | ਭਾਜਪਾ ਦੇ ਅੰਦਰੂਨੀ ਸਰਵੇਖਣਾਂ ਵਿਚ ਇਹ ਸਪੱਸ਼ਟ ਪ੍ਰਭਾਵ ਸੀ ਕਿ ਇਕੱਲੇ-ਇਕੱਲੇ ਲੜ ਕੇ ਭਾਜਪਾ ਤੇ ਅਕਾਲੀ ਦਲ ਸੱਤਾ ਦੀ ਲੜਾਈ ਵਿਚ ਹੀ ਸ਼ਾਮਿਲ ਨਹੀਂ ਹੋ ਸਕਦੇ, ਜਦੋਂ ਕਿ ਜੇ ਦੋਵੇਂ ਦਲਾਂ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਉਹ ਕਰੀਬ 37 ਫ਼ੀਸਦੀ ਵੋਟਾਂ ਲੈਣ ਦੇ ਸਮਰੱਥ ਹੋ ਸਕਦੇ ਹਨ | ਗੌਰਤਲਬ ਹੈ ਕਿ ਚਾਰ ਕੋਨੇ ਮੁਕਾਬਲਿਆਂ ਵਿਚ 37 ਫ਼ੀਸਦੀ ਵੋਟ ਬਹੁਤ ਵੱਡੀ ਤਾਕਤ ਹੈ | ਇਹ ਵੀ ਚਰਚਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਕਾਲੀ ਦਲ ਨਾਲ ਸਮਝੌਤੇ ਦੇ ਵਿਰੁੱਧ ਸਨ ਤੇ ਉਨ੍ਹਾਂ ਨਾਲ ਆਰ.ਐਸ.ਐਸ. ਤੇ ਭਾਜਪਾ ਵਿਚ ਕੰਮ ਕਰਦੇ ਕੁਝ ਵੱਡੇ ਆਗੂ ਵੀ ਸਹਿਮਤ ਸਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਖਬੀਰ ਸਿੰਘ ਬਾਦਲ ਦੀ ਅਗਸਤ 2026 ਦੀ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਸਮਝੌਤੇ ਵਿਚ ਨਿੱਜੀ ਰੁਚੀ ਦਿਖਾਈ | ਉਨ੍ਹਾਂ ਨੇ ਸਪੱਸ਼ਟ ਨਿਰਦੇਸ਼ ਵੀ ਦਿੱਤੇ ਅਤੇ ਆਪਣੇ ਭਰੋਸੇਯੋਗ ਸਾਥੀ ਸੀ.ਆਰ. ਪਟੇਲ ਨੂੰ  ਪੰਜਾਬ ਵੀ ਭੇਜਿਆ, ਜਿਨ੍ਹਾਂ ਦੀ ਰਿਪੋਰਟ ਅਤੇ ਸਰਵੇਖਣਾਂ ਦੇ ਨਤੀਜਿਆਂ ਨੇ ਅਕਾਲੀ ਦਲ ਨਾਲ ਸਮਝੌਤੇ ਦਾ ਰਾਹ ਪੱਧਰਾ ਕਰ ਦਿੱਤਾ | ਇਥੇ ਗੌਰਤਲਬ ਹੈ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਸਮਝੌਤਾ ਕਰਨਾ ਚਾਹੁੰਦੇ ਸਨ, ਪਰ ਉਹ ਇਸ ਸਟੈਂਡ 'ਤੇ ਲਗਾਤਾਰ ਖੜ੍ਹੇ ਰਹੇ ਕਿ ਅਕਾਲੀ ਦਲ ਵੱਧ ਸੀਟਾਂ ਵੀ ਲੜੇਗਾ ਅਤੇ ਮੁੱਖ ਮੰਤਰੀ ਦਾ ਦਾਅਵੇਦਾਰ ਵੀ ਅਕਾਲੀ ਦਲ ਦਾ (ਭਾਵ ਖ਼ੁਦ ਸੁਖਬੀਰ ਬਾਦਲ) ਹੀ ਹੋਣਗੇ | ਸਾਡੀ ਜਾਣਕਾਰੀ ਅਨੁਸਾਰ ਹੁਣ ਭਾਜਪਾ ਨੂੰ  45 ਦੇ ਆਸ-ਪਾਸ ਸੀਟਾਂ 'ਤੇ ਹੀ ਸਬਰ ਕਰਨਾ ਪਵੇਗਾ | ਇਹ ਪਹਿਲੀ ਵਾਰ ਹੈ ਕਿ ਸਮਝੌਤੇ ਦਾ ਐਲਾਨ ਕਰਨ ਵੇਲੇ ਭਾਜਪਾ ਦੇ ਵੱਡੇ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਦਾ ਸਤਿਕਾਰ ਵੀ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਿਆ ਕਰਦੇ ਸਨ | ਭਾਵੇਂ ਬਹੁਤੇ ਵਿਸ਼ਲੇਸ਼ਕ ਇਸ ਰਾਏ ਦੇ ਹਨ ਕਿ ਇਸ ਸਮਝੌਤੇ ਦਾ ਜ਼ਿਆਦਾ ਫਾਇਦਾ ਭਾਜਪਾ ਨੂੰ  ਹੋਵੇਗਾ, ਪਰ ਮੇਰੀ ਸਮਝ ਇਸ ਦੇ ਉਲਟ ਹੈ ਤੇ ਮੈਨੂੰ ਜਾਪਦਾ ਹੈ ਕਿ ਜ਼ਿਆਦਾ ਫਾਇਦਾ ਅਕਾਲੀ ਦਲ ਨੂੰ  ਹੋਵੇਗਾ | ਨਤੀਜੇ ਕੀ ਨਿਕਲਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਭਾਜਪਾ ਦੇ ਅੰਦਰੂਨੀ ਸਰਵੇਖਣ ਇਸ ਗੱਠਜੋੜ ਨੂੰ  50 ਤੋਂ 60 ਸੀਟਾਂ 'ਤੇ ਮਜ਼ਬੂਤ ਦਿਖਾ ਰਹੇ ਹਨ | ਜਦੋੋਂ ਕਿ ਇਕੱਲੇ-ਇਕੱਲੇ ਦੋਵੇਂ ਦਲ 10-10 ਸੀਟਾਂ 'ਤੇ ਵੀ ਮਜ਼ਬੂਤ ਨਹੀਂ ਦਿੱਸਦੇ ਸਨ | ਸੋ ਇਹ ਸਪੱਸ਼ਟ ਹੈ ਕਿ ਇਹ ਸਮਝੌਤਾ ਦੋਵਾਂ ਧਿਰਾਂ ਦੀ ਮਜਬੂਰੀ ਵਿਚੋਂ ਨਿਕਲਿਆ ਹੈ ਅਤੇ ਟੁੱਟੇ ਹੋਏ ਰਿਸ਼ਤਿਆਂ ਨੂੰ  ਦੁਬਾਰਾ ਜੋੜਨ ਵਿਚ ਕਾਮਯਾਬ ਹੋਇਆ ਹੈ |
ਇਸ਼ਕ ਕੇ ਟੂਟੇ ਹੂਏ ਰਿਸ਼ਤੋਂ ਕਾ ਮਾਤਮ ਕਯਾ ਕਰੇਂ,
ਜ਼ਿੰਦਗੀ ਆ ਤੁਝ ਸੇ ਫਿਰ ਏਕ ਬਾਰ ਸਮਝੌਤਾ ਕਰੇ |
(ਅਖ਼ਤਰ ਸਈਦ ਖ਼ਾਨ)
ਪਰਦੇ ਪਿੱਛੇ ਦਾ ਸਿਤਾਰਾ
ਕਿਸੇ ਵੇਲੇ ਸੁਖਬੀਰ ਸਿੰਘ ਬਾਦਲ ਦੇ ਰਾਜਨੀਤਕ ਸਲਾਹਕਾਰ ਰਹੇ ਅਤੇ ਪਰਦੇ ਪਿਛੇ ਦੀ ਰਾਜਨੀਤੀ ਚਲਾਉਣ ਵਿਚ ਸਫਲ ਖਿਡਾਰੀ ਪਰਮਜੀਤ ਸਿੰਘ ਸਿਧਵਾਂ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ | ਸਾਡੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਹੋਈ ਸੀ ਤੇ ਅਕਾਲੀ ਦਲ ਵਿਚ ਵਾਪਸੀ ਦੀ ਗੱਲਬਾਤ ਵੀ ਚੱਲ ਰਹੀ ਸੀ | ਪਰ ਅਚਾਨਕ ਉਨ੍ਹਾਂ ਦਾ ਕਾਂਗਰਸ ਵਿਚ ਸ਼ਾਮਿਲ ਹੋਣਾ ਹੈਰਾਨੀਜਨਕ ਹੈ | ਪਤਾ ਲੱਗਾ ਹੈ ਕਿ ਉਨ੍ਹਾਂ ਨੂੰ  ਕਾਂਗਰਸ ਵਿਚ ਸ਼ਾਮਿਲ ਕਰਵਾਉਣ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੀਆਂ ਨਿੱਜੀ ਕੋਸ਼ਿਸ਼ਾਂ ਦਾ ਵੱਡਾ ਹੱਥ ਹੈ ਤੇ ਉਹ ਪੰਜਾਬ ਕਾਂਗਰਸ ਪ੍ਰਧਾਨ ਦੇ ਰਾਜਨੀਤਕ ਸਲਾਹਕਾਰ ਵਜੋਂ ਕੰਮ ਕਰਨਗੇ | ਗੌਰਤਲਬ ਹੈ ਕਿ ਸਿਧਵਾਂ ਰਾਜਨੀਤੀ ਵਿਚ ਪਰਦੇ ਉੱਪਰ ਘੱਟ ਤੇ ਪਰਦੇ ਪਿਛੇ ਜ਼ਿਆਦਾ ਕੰਮ ਕਰਦੇ ਰਹੇ ਹਨ | ਉਹ ਹਰਕਿਸ਼ਨ ਸਿੰਘ ਸੁਰਜੀਤ, ਉਜਾਗਰ ਸਿੰਘ ਸੇਖਵਾਂ ਅਤੇ ਲੋਕ ਭਲਾਈ ਪਾਰਟੀ ਦੇ ਸਕੱਤਰ ਜਨਰਲ ਵਜੋਂ ਬਲਵੰਤ ਸਿੰਘ ਰਾਮੂਵਾਲੀਆ ਨਾਲ ਵੀ ਕਾਫੀ ਸਮਾਂ ਕੰਮ ਕਰਦੇ ਰਹੇ ਹਨ | ਹੁਣ ਦੇਖਣਾ ਹੋਵੇਗਾ ਕਿ ਉਹ ਕਾਂਗਰਸ ਵਿਚ ਆਪਣੀ ਨਵੀਂ ਪਾਰੀ ਕਿਵੇਂ ਖੇਡਦੇ ਹਨ | ਪਰ ਇਕ ਗੱਲ ਸਪੱਸ਼ਟ ਹੈ ਕਿ ਉਹ ਆਪਣੇ ਘਰੇਲੂ ਗਰਾਊਾਡ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ, ਦੇ ਵੱਡੇ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਖਿਲਾਫ਼ ਕਾਂਗਰਸੀ ਉਮੀਦਵਾਰ ਲਈ ਕਾਫੀ ਕੰਮ ਕਰਨਗੇ |
ਕੈਨੇਡਾ ਵਿਚ ਝੂਠਾ ਪ੍ਰਚਾਰ
ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਹਾਲ ਵਿਚ ਹੀ ਇਕ ਦਸਤਾਵੇਜ਼ ਜਾਰੀ ਕਰਕੇ ਕਿਹਾ ਹੈ ਕਿ ਸਿੱਖਾਂ ਖਿਲਾਫ਼ ਸੋਸ਼ਲ ਮੀਡੀਆ 'ਤੇ ਝੂਠੇ ਪ੍ਰਚਾਰ ਦੀ ਇਕ ਸੰਗਠਿਤ ਮੁਹਿੰਮ ਚਲ ਰਹੀ ਹੈ | ਸਿੱਖ ਭਾਈਚਾਰੇ ਨੂੰ  ਕੈਨੇਡਾ ਤੇ ਦੁਨੀਆ ਭਰ ਵਿਚ ਬਦਨਾਮ ਕਰਨ ਤੇ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਹੋ ਰਹੀ ਹੈ | ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਸਰਕਾਰ ਨੂੰ  ਇਸ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ | ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਨਕਲੀ ਸੋਸ਼ਲ ਮੀਡੀਆ ਖਾਤਿਆਂ ਤੇ ਕੰਪਿਊਟਰ ਬੋਟਸ ਰਾਹੀਂ ਇਹ ਮੁਹਿੰਮ ਚਲਾਈ ਜਾ ਰਹੀ ਹੈ | ਕਈ ਨਕਲੀ ਖਾਤੇ ਤਾਂ ਸਿੱਖ ਨਾਵਾਂ ਵਾਲੇ ਹੋਣ ਦੀ ਗੱਲ ਵੀ ਕਹੀ ਗਈ ਹੈ | ਹਾਲਤ ਇਹ ਹੈ ਕਿ ਇਸ ਝੂਠੇ ਪ੍ਰਚਾਰ ਦਾ ਸ਼ਿਕਾਰ ਕੈਨੇਡੀਅਨ ਅਫਸਰ ਵੀ ਹੋ ਰਹੇ ਹਨ | ਜਿਵੇਂ ਕੈਨੇਡਾ ਵਿਚ ਨਫ਼ਰਤ ਰੋਕਣ ਵਾਲੇ ਕਾਨੂੰਨ ਸੀ-9 ਤਹਿਤ ਝੂਠਾ ਪ੍ਰਚਾਰ ਕੀਤਾ ਗਿਆ ਕਿ ਸਿੱਖਾਂ 'ਤੇ ਨਿਸ਼ਾਨ ਸਾਹਿਬ ਨਗਰ ਕੀਰਤਨ ਵਿਚ ਲਹਿਰਾਉਣ 'ਤੇ ਪਾਬੰਦੀ ਲਾਈ ਗਈ ਹੈ | ਸਿੱਟੇ ਵਜੋਂ ਅਜਿਹੀ ਪਾਬੰਦੀ ਨਾ ਹੋਣ ਦੇ ਬਾਵਜੂਦ ਵੀ ਇਕ ਪੁਲਿਸ ਅਧਿਕਾਰੀ ਨੇ ਟੋਰਾਂਟੋ ਵਿਖੇ ਨਗਰ ਕੀਰਤਨ ਵਿਚ ਨਿਸ਼ਾਨ ਸਾਹਿਬ ਲਹਿਰਾਉਣ ਤੋਂ ਰੋਕਿਆ | ਦਸਤਾਵੇਜ਼ ਵਿਚ ਦੋਸ਼ ਹੈ ਕਿ ਇਸ ਪ੍ਰਚਾਰ ਮੁਹਿੰਮ ਕਾਰਨ ਹੀ ਸਿੱਖਾਂ ਦੀ ਵੱਖਰੀ ਪਹਿਚਾਣ ਕਾਰਨ ਉਨ੍ਹਾਂ ਨੂੰ  ਨਫ਼ਰਤੀ ਵਿਰੋਧ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਜਦੋਂ ਅਕਾਲੀ-ਭਾਜਪਾ ਸਮਝੌਤਾ ਹੋ ਗਿਆ ਹੈ ਤਾਂ ਅਕਾਲੀ ਦਲ ਨੂੰ  ਭਾਰਤ ਸਰਕਾਰ ਨੂੰ  ਅਪੀਲ ਕਰਨੀ ਚਾਹੀਦੀ ਹੈ ਕਿ ਉਹ ਇਸ ਝੂਠੀ ਪ੍ਰਚਾਰ ਮੁਹਿੰਮ ਨੂੰ  ਰੋਕਣ ਲਈ ਕੈਨੇਡਾ ਸਰਕਾਰ ਨਾਲ ਗੱਲ ਕਰੇ |
ਝੂਠ ਦਾ ਬੜ ਗਯਾ ਚਲਨ ਇਤਨਾ
ਆਈਨੋਂ ਪਰ ਭੀ ਆਜ ਤੋਹਮਤ ਹੈ |
(ਖ਼ਾਲਿਦ ਅਖ਼ਲਾਕ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000

E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਸ਼ੇਖ ਹਸੀਨਾ ਦੀ ਵਾਪਸੀ ਅਗਲੀ ਖ਼ਬਰ ਬੁਢਾਪਾ ਕੋਈ ਸਰਾਪ ਨਹੀਂ ਹੈ
Ad Position 24