25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਰਾਸ਼ਟਰ ਲਈ ਰਾਹ-ਦਸੇਰਾ ਹੈ ਸਾਡਾ ਸੰਵਿਧਾਨ

ਰਾਸ਼ਟਰ ਲਈ ਰਾਹ-ਦਸੇਰਾ ਹੈ ਸਾਡਾ ਸੰਵਿਧਾਨ

Ad Position 21
No active advertisement
ਅਜੀਤ ਡੈਸਕ 26-11-2026

26 ਨਵੰਬਰ... 1949 ਨੂੰ  ਅੱਜ ਦੇ ਦਿਨ ਸੰਵਿਧਾਨ ਸਭਾ ਨੇ ਸਾਡੇ ਸੰਵਿਧਾਨ ਨੂੰ  ਅਪਣਾਇਆ ਸੀ | ਅੱਜ ਅਸੀਂ ਡਾ. ਰਾਜੇਂਦਰ ਪ੍ਰਸਾਦ, ਡਾ. ਬਾਬਾ ਸਾਹਿਬ ਅੰਬੇਡਕਰ ਤੇ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਂ ਨੂੰ  ਯਾਦ ਕਰਦੇ ਹਾਂ | ਉਨ੍ਹਾਂ ਦੀ ਮਹਾਨਤਾ ਇਸ ਗੱਲ ਵਿਚ ਸੀ ਕਿ ਉਨ੍ਹਾਂ ਨੇ ਇਕ ਆਧੁਨਿਕ ਸੰਵਿਧਾਨ ਬਣਾਉਣ ਸਮੇਂ ਭਾਰਤ ਦੀਆਂ ਅਮੀਰ ਪਰੰਪਰਾਵਾਂ ਤੇ ਸਾਡੀ ਸੱਭਿਅਤਾ ਦੇ ਅਨੁਭਵ ਨੂੰ  ਪ੍ਰਮੁੱਖ ਸਥਾਨ ਦਿੱਤਾ | ਭਾਰਤ ਜਿਹੇ ਵਿਭਿੰਨਤਾ ਭਰੇ ਦੇਸ਼ 'ਚ ਅਨੇਕਾਂ ਧਰਮ, ਭਾਸ਼ਾਵਾਂ, ਰੀਤੀ-ਰਿਵਾਜ ਤੇ ਬੌਧਿਕ ਪਰੰਪਰਾਵਾਂ ਮੌਜੂਦ ਹਨ | ਇਸ ਲਈ ਜ਼ਰੂਰੀ ਹੈ ਕਿ ਸੰਵਿਧਾਨ ਦੀ ਗੂੰਜ ਸੰਸਦ ਤੇ ਅਦਾਲਤਾਂ ਦੇ ਦਾਇਰੇ ਤੋਂ ਅੱਗੇ ਤੱਕ ਪਹੁੰਚੇ | ਸਭ ਲੋਕਾਂ ਦਾ ਸੰਵਿਧਾਨ ਨਾਲ ਨਾਤਾ ਗਹਿਰਾ ਹੋਣ ਨਾਲ ਰਾਸ਼ਟਰੀ ਏਕਤਾ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ, ਜੋ ਭਾਰਤ ਦੇ ਸੁਨਹਿਰੀ ਭਵਿੱਖ ਲਈ ਬਹੁਤ ਜ਼ਰੂਰੀ ਹੈ | ਇਸੇ ਦਿ੍ਸ਼ਟੀਕੋਣ ਨੂੰ  ਧਿਆਨ ਵਿਚ ਰੱਖਦਿਆਂ ਸਾਡੀ ਸਰਕਾਰ ਨੇ ਇਕ ਦਹਾਕਾ ਪਹਿਲਾਂ 26 ਨਵੰਬਰ ਨੂੰ  'ਸੰਵਿਧਾਨ ਦਿਵਸ' ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਸੀ |

ਸਾਡਾ ਸੰਵਿਧਾਨ ਮੇਰੇ ਸਮੇਤ ਕਰੋੜਾਂ ਭਾਰਤੀਆਂ ਦੀ ਜੀਵਨ ਯਾਤਰਾ ਦਾ ਇਕ ਅਨਿੱਖੜਵਾਂ ਅੰਗ ਹੈ | ਬਚਪਨ ਦੇ ਉਹ ਸਾਧਾਰਨ ਹਾਲਾਤ, ਜੀਵਨ ਦੇ ਉਹ ਸੰਘਰਸ਼, ਜਦੋਂ ਵੀ ਮੈਂ ਉਸ ਦੌਰ ਨੂੰ  ਯਾਦ ਕਰਦਾ ਹਾਂ ਤਾਂ ਸੰਵਿਧਾਨ ਪ੍ਰਤੀ ਮੇਰਾ ਹਿਰਦਾ  ਧੰਨਵਾਦ ਨਾਲ ਭਰ ਜਾਂਦਾ ਹੈ | ਇਕ ਸਾਧਾਰਨ ਪਰਿਵਾਰ ਵਿਚ ਜਨਮ ਲੈਣ ਵਾਲਾ ਬੱਚਾ ਇਕ ਦਿਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸੇਵਾ ਦੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ, ਇਹ ਸਾਡੇ ਸੰਵਿਧਾਨ ਦੀ ਅਸਾਧਾਰਨ ਸ਼ਕਤੀ ਦਾ ਸਬੂਤ ਹੈ | ਇਹ ਸਾਡੇ ਸੰਵਿਧਾਨ ਦੀ ਹੀ ਦੇਣ ਹੈ ਕਿ ਅੱਜ ਕਿਸੇ ਵਿਅਕਤੀ ਦੇ ਜਨਮ ਦੇ ਹਾਲਾਤ ਉਸਦੇ ਭਵਿੱਖ ਦੀਆਂ ਸੀਮਾਵਾਂ ਤੈਅ ਨਹੀਂ ਕਰਦੇ |  ਮਸ਼ਹੂਰ ਸੰਵਿਧਾਨਕ ਮਾਹਿਰ ਗ੍ਰੈਨਵਿਲੇ ਆਸਟਿਨ ਨੇ ਸਾਡੇ ਸੰਵਿਧਾਨ ਨੂੰ  'ਪਹਿਲਾ ਤੇ ਸਭ ਤੋਂ ਵੱਧ ਸਮਾਜਿਕ ਦਸਤਾਵੇਜ਼' ਦੱਸਿਆ ਸੀ | ਸਮਾਜਿਕ ਤੇ ਆਰਥਿਕ ਨਿਆਂ ਦੀ ਭਾਵਨਾ ਸਾਡੇ ਸੰਵਿਧਾਨ ਦੇ ਮੂਲ 'ਚ ਸ਼ਾਮਿਲ ਹੈ | 
ਵਿਸ਼ਵ ਬੈਂਕ ਦੀ ਹਾਲ ਹੀ ਦੀ ਇਕ ਰਿਪੋਰਟ ਅਨੁਸਾਰ ਭਾਰਤ ਦੇ ਕਰੀਬ 50 ਕਰੋੜ ਲੋਕ ਅਤਿ ਗਰੀਬੀ ਤੋਂ ਬਾਹਰ ਨਿਕਲੇ ਹਨ | ਜਦੋਂ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਰਾਹੀਂ ਕਿਸੇ ਪਰਿਵਾਰ ਨੂੰ  ਝੌਂਪੜੀ ਤੋਂ ਨਿਕਲ ਕੇ ਪੱਕੇ ਮਕਾਨ 'ਚ ਦਾਖ਼ਲ ਹੋਣ ਦਾ ਮੌਕਾ ਮਿਲਦਾ ਹੈ ਤਾਂ ਸਨਮਾਨਜਨਕ ਜੀਵਨ ਜਿਊਣ ਦਾ ਸੰਵਿਧਾਨਕ ਸੰਕਲਪ ਸਹੀ ਮਾਇਨਿਆਂ 'ਚ ਸਾਕਾਰ ਹੁੰਦਾ ਹੈ | ਜਦੋਂ 'ਉੱਜਵਲਾ ਯੋਜਨਾ' ਕਿਸੇ ਮਾਂ ਨੂੰ  ਧੂੰਏਾ ਨਾਲ ਭਰੀ ਰਸੋਈ ਦੀਆਂ ਤਕਲੀਫ਼ਾਂ ਤੋਂ ਮੁਕਤ ਕਰਦੀ ਹੈ ਤਾਂ ਅਸੀਂ ਸਮਾਨਤਾ ਤੇ ਲੋਕ ਭਲਾਈ ਦੇ ਆਦਰਸ਼ਾਂ ਨੂੰ  ਅੱਗੇ ਵਧਾਉਂਦੇ ਹਾਂ | ਜਦੋਂ 'ਆਯੁਸ਼ਮਾਨ ਭਾਰਤ' ਦੀ ਬਦੌਲਤ ਕਿਸੇ ਗਰੀਬ ਪਰਿਵਾਰ ਨੂੰ  ਕਰਜ਼ੇ ਦੀ ਚਿੰਤਾ ਕੀਤੇ ਬਿਨਾਂ ਚੰਗਾ ਇਲਾਜ ਮਿਲਦਾ ਹੈ ਤਾਂ ਉਸ ਦੇ ਜੀਵਨ 'ਚ ਸਮਾਜਿਕ ਨਿਆਂ ਦਾ ਸੰਕਲਪ ਸਾਕਾਰ ਹੁੰਦਾ ਹੈ | ਇਸੇ ਤਰ੍ਹਾਂ ਮੁਦਰਾ ਯੋਜਨਾ ਤੇ ਪੀਐਮ ਸਵਨਿਧੀ ਤਹਿਤ ਛੋਟੇ ਉੱਦਮੀਆਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ  ਬਿਨਾਂ ਕਿਸੇ ਗਾਰੰਟੀ ਦੇ ਕਰਜ਼ਾ ਮਿਲਣ ਨਾਲ ਆਰਥਿਕ ਨਿਆਂ ਦੀ ਸੰਵਿਧਾਨਕ ਭਾਵਨਾ ਜ਼ਮੀਨੀ ਪੱਧਰ 'ਤੇ ਉਤਰਦੀ ਹੈ | ਜਦੋਂ ਡਿਜ਼ੀਟਲ ਟੈਕਨਾਲੋਜੀ 'ਰੁਪੈ ਕਾਰਡ ਤੇ ਯੂ.ਪੀ.ਆਈ.' ਜਿਹੇ ਪਲੇਟਫਾਰਮਾਂ ਦੀ ਹਰੇਕ ਨਾਗਰਿਕ ਤੱਕ ਪਹੁੰਚ ਹੁੰਦੀ ਹੈ ਤਾਂ ਸੰਵਿਧਾਨਕ ਆਦਰਸ਼ ਸਾਕਾਰ ਹੁੰਦਾ ਹੈ, ਪਹਿਲਾਂ ਇਹ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਤੱਕ ਹੀ ਸੀਮਿਤ ਹੁੰਦੀ ਸੀ | 
ਸੰਵਿਧਾਨ ਦੀ ਸ਼ਕਤੀ ਨਾਲ ਆਮ ਮਨੁੱਖ ਨੂੰ  ਸਮਰੱਥ ਬਣਾਉਣ ਦੀਆਂ ਕਈ ਹੋਰ ਉਦਾਹਰਨਾਂ ਵੀ ਹਨ | ਸਾਡੀ ਸਰਕਾਰ ਵਲੋਂ ਕੀਤੀਆਂ ਗਈਆਂ ਸੰਵਿਧਾਨਕ ਸੋਧਾਂ ਨੂੰ  ਵੀ ਇਸੇ ਦਿ੍ਸ਼ਟੀਕੋਣ ਤੋਂ ਦੇਖਿਆ ਜਾ ਸਕਦਾ ਹੈ | 101ਵੀਂ ਸੰਵਿਧਾਨਕ ਸੋਧ ਨਾਲ ਜੀ.ਐੱਸ.ਟੀ. ਵਰਗੇ ਵੱਡੇ ਸੁਧਾਰ ਦਾ ਰਾਹ ਖੁੱਲਿ੍ਹਆ ਹੈ ਤੇ 102ਵੀਂ ਸੰਵਿਧਾਨਕ ਸੋਧ ਰਾਹੀਂ ਰਾਸ਼ਟਰੀ ਪੱਛੜਾ ਵਰਗ ਕਮਿਸ਼ਨ ਨੂੰ  ਸੰਵਿਧਾਨਕ ਦਰਜਾ ਮਿਲਣ ਨਾਲ ਸਮਾਜ ਦੇ ਵਾਂਝੇ ਵਰਗਾਂ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਹੋਇਆ ਹੈ | ਸਾਡੀ ਸਰਕਾਰ ਨੇ 103ਵੀਂ ਸੰਵਿਧਾਨਕ ਸੋਧ ਰਾਹੀਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ (ਈ.ਡਬਲਿਊ.ਐਸ.) ਲਈ 10 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਕੀਤੀ ਹੈ | ਜੋ ਆਰਥਿਕ ਤੌਰ 'ਤੇ ਵਾਂਝੇ ਪਰਿਵਾਰਾਂ ਦੀਆਂ ਆਕਾਂਖਿਆਵਾਂ ਨੂੰ  ਪੂਰਾ ਕਰਨ ਦੀ ਦਿਸ਼ਾ ਵਿਚ  ਇਕ ਮਹੱਤਵਪੂਰਨ ਕਦਮ ਸੀ | 
1950 ਤੋਂ ਬਾਅਦ ਪਹਿਲੀ ਵਾਰ ਅੱਜ ਸਾਡੇ ਸੰਵਿਧਾਨ ਦੇ ਅਪਡੇਟ ਸੰਸਕਰਣ 8ਵੀਂ ਅਨੁਸੂਚੀ ਵਿਚ ਸ਼ਾਮਿਲ ਸਾਰੀਆਂ 22 ਭਾਸ਼ਾਵਾਂ ਵਿਚ ਉਪਲਬਧ ਹੈ, ਜਿਸ ਨਾਲ ਸੰਵਿਧਾਨ ਲੋਕਾਂ ਦੇ ਹੋਰ ਨੇੜੇ ਪਹੁੰਚਿਆ ਹੈ  | ਪਿਛਲੇ ਇਕ ਦਹਾਕੇ ਵਿਚ ਅਸੀਂ ਨਾਗਰਿਕਾਂ ਦੇ ਕਰਤੱਵਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ | ਸਾਡੀ ਸੱਭਿਅਤਾ ਵਿਚ ਸਮਾਜ ਦੇ ਹਰ ਵਿਅਕਤੀ ਨੂੰ  ਉਸ ਦੀ ਭੂਮਿਕਾ ਨਾਲ ਜੁੜੇ ਕਰਤੱਵਾਂ ਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣ ਦੀ ਪਰੰਪਰਾ ਰਹੀ ਹੈ | ਸਵੱਛ ਭਾਰਤ ਤੋਂ ਲੈ ਕੇ ਜਲ ਸੰਭਾਲ ਤੇ ਵਾਤਾਵਰਨ ਦੀ ਸੰਭਾਲ ਤੱਕ ਕਈ ਜਨ ਅੰਦੋਲਨਾਂ ਵਿਚ ਸਾਨੂੰ ਕਰਤੱਵ ਦੀ ਇਸੇ ਭਾਵਨਾ ਦੇ ਦਰਸ਼ਨ ਹੋਏ ਹਨ | ਇਸ ਸਾਲ 1951 'ਚ ਹੋਈ ਪਹਿਲੀ ਸੰਵਿਧਾਨਕ ਸੋਧ ਦੇ 75 ਸਾਲ ਪੂਰੇ ਹੋ ਚੁੱਕੇ ਹਨ | ਇਸੇ ਤਰ੍ਹਾਂ ਐਮਰਜੈਂਸੀ ਦੌਰਾਨ ਕੀਤੀ ਗਈ 42ਵੀਂ ਸੰਵਿਧਾਨਕ ਸੋਧ ਦੇ ਵੀ 50 ਸਾਲ ਪੂਰੇ ਹੋ ਰਹੇ ਹਨ | ਇਸ ਸੋਧ ਨੇ ਨਿਆਂਇਕ ਸਮੀਖਿਆ ਦੀ ਸ਼ਕਤੀ ਨੂੰ  ਸੀਮਤ ਕਰਕੇ ਦੇਸ਼ ਦੀਆਂ ਸੰਸਥਾਵਾਂ ਵਿਚਕਾਰ ਸ਼ਕਤੀਆਂ ਦੇ ਸੰਤੁਲਨ ਨੂੰ  ਬੁਨਿਆਦੀ ਤੌਰ 'ਤੇ ਬਦਲ ਦਿੱਤਾ ਸੀ | 
ਮੈਂ ਨੌਜਵਾਨਾਂ ਨੂੰ  38ਵੀਂ ਤੇ 39ਵੀਂ ਸੰਵਿਧਾਨਕ ਸੋਧਾਂ ਦਾ ਅਧਿਐਨ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਉਹ ਸਮਝ ਸਕਣ ਕਿ ਕੋਈ ਸੱਤਾ ਦੀ ਲਾਲਚੀ ਤੇ ਸੰਵਿਧਾਨ-ਵਿਰੋਧੀ ਸੋਚ ਰੱਖਣ ਵਾਲੀ ਸਰਕਾਰ ਕਿਸ ਹੱਦ ਤੱਕ ਜਾ ਸਕਦੀ ਹੈ | ਚੁਣੀਆਂ ਹੋਈਆਂ ਰਾਜ ਸਰਕਾਰਾਂ ਨੂੰ  ਬਰਖਾਸਤ ਕਰਨ ਲਈ ਵਾਰ-ਵਾਰ ਆਰਟੀਕਲ 356 ਦੀ ਦੁਰਵਰਤੋਂ ਵੀ ਸਾਡੇ ਇਤਿਹਾਸ ਦਾ ਇਕ ਚਿੰਤਾਜਨਕ ਅਧਿਆਇ ਹੈ | ਇਕ ਸਿਆਸੀ ਪਾਰਟੀ ਦੇ ਨਾਂਅ ਇਸ ਦੀ ਕਰੀਬ ਸੌ ਵਾਰ ਵਰਤੋਂ ਕਰਨ ਦਾ ਰਿਕਾਰਡ ਦਰਜ ਹੈ, ਇਕ ਸਾਬਕਾ ਪ੍ਰਧਾਨ ਮੰੰਤਰੀ ਨੇ ਇਸ ਮਾਮਲੇ 'ਚ ਅੱਧਾ ਸੈਂਕੜਾ ਵੀ ਲਗਾਇਆ ਹੈ | ਸਾਡੇ ਸੰਵਿਧਾਨ ਨਿਰਮਾਤਾਵਾਂ ਨੂੰ  ਉਮੀਦ ਸੀ ਕਿ ਪੂਰੇ ਭਾਰਤ ਵਿਚ ਸੰਵਿਧਾਨ ਆਪਣੇ ਮੂਲ ਸਰੂਪ ਅਤੇ ਆਪਣੀ ਮੂਲ ਭਾਵਨਾ ਨਾਲ ਲਾਗੂ ਹੋਵੇਗਾ | ਪਰ 70 ਸਾਲ ਤੋਂ ਵੀ ਵੱਧ ਸਮੇਂ ਤੱਕ ਆਰਟੀਕਲ 370 ਅਤੇ 35-ਏ ਦੇ ਕਾਰਨ ਜੰਮੂ-ਕਸ਼ਮੀਰ ਵਿਚ ਸਾਡਾ ਪੂਰਾ ਸੰਵਿਧਾਨ ਲਾਗੂ ਨਹੀਂ ਸੀ ਹੋ ਸਕਿਆ ਤੇ 2019 ਵਿਚ ਇਸ ਅਨਿਆਂ ਦਾ ਅੰਤ ਹੋਇਆ | 
ਦਹਾਕਿਆਂ ਤੱਕ ਦੇਸ਼ ਦੇ ਕਈ ਹਿੱਸਿਆਂ ਖ਼ਾਸ ਕਰਕੇ ਆਦਿਵਾਸੀ ਖੇਤਰਾਂ ਵਿਚ ਨਕਸਲੀਆਂ ਨੇ ਬੰਦੂਕ ਦੇ ਦਮ 'ਤੇ ਸਭ ਤੋਂ ਗ਼ਰੀਬਾਂ ਨੂੰ  ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਸੀ | ਨਕਸਲਵਾਦ ਦੇ ਖ਼ਾਤਮੇ ਨਾਲ ਮੈਨੂੰ ਖਾਸ ਤੌਰ 'ਤੇ ਸ਼ਾਂਤੀ ਮਿਲੀ ਹੈ | ਇਸ ਸਾਲ ਹਥਿਆਰਬੰਦ ਨਕਸਲਵਾਦ ਦੇ ਖ਼ਾਤਮੇ ਤੋਂ ਬਾਅਦ ਹੁਣ ਸਿਰਫ਼ ਦਿਮਾਗੀ ਨਕਸਲੀ ਹੀ ਬਚੇ ਹਨ | ਇਹ ਬੇਹੱਦ ਮੰਦਭਾਗਾ ਹੈ ਕਿ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਓਬੀਸੀ ਰਾਖਵੇਂਕਰਨ 'ਚ ਕਟੌਤੀ ਕਰਕੇ ਮੁਸਲਮਾਨਾਂ ਨੂੰ  ਰਾਖਵਾਂਕਰਨ ਦੇਣਾ ਚਾਹੁੰਦੀ ਹੈ | ਸਾਡੇ ਸੰਵਿਧਾਨ ਨਿਰਮਾਤਾ ਖ਼ਾਸ ਕਰਕੇ ਡਾ. ਬਾਬਾ ਸਾਹਿਬ ਅੰਬੇਡਕਰ ਇਸ ਦੇ ਪੂਰੀ ਤਰ੍ਹਾਂ ਖ਼ਿਲਾਫ਼ ਸਨ | ਸਾਡੇ ਸੰਵਿਧਾਨ ਦੀ ਯਾਤਰਾ ਉਨ੍ਹਾਂ ਅਸਾਧਾਰਨ ਔਰਤਾਂ ਨੂੰ  ਯਾਦ ਕੀਤੇ ਬਗੈਰ ਅਧੂਰੀ ਹੈ, ਜਿਨ੍ਹਾਂ ਨੇ ਇਸ ਨੂੰ  ਆਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ | ਇਸ ਸਾਲ ਦੇ ਸ਼ੁਰੂ 'ਚ ਨਾਰੀ ਸ਼ਕਤੀ ਨੂੰ  ਵਿਧਾਨਕ ਸੰਸਥਾਵਾਂ 'ਚ ਢੁਕਵੀਂ ਨੁਮਾਇੰਦਗੀ ਦੇਣ ਦੇ ਉਦੇਸ਼ ਨਾਲ ਲਿਆਂਦੇ ਗਏ ਬਿੱਲ ਨੂੰ  ਵਿਰੋਧੀ ਧਿਰ ਦੇ ਇਕ ਪ੍ਰਮੁੱਖ ਦਲ ਨੇ ਪਾਸ ਨਹੀਂ ਹੋਣ ਦਿੱਤਾ, ਉਸ ਨੇ ਸਾਨੂੰ ਸਾਰਿਆਂ ਨੂੰ  ਸ਼ਰਮਿੰਦਾ ਕੀਤਾ ਹੈ | ਮੈਂ ਦੇਸ਼ ਦੀ ਨਾਰੀ ਸ਼ਕਤੀ ਨੂੰ  ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ  ਨਿਆਂ ਦਿਵਾਉਣ ਦੇ ਸਾਡੇ ਸੰਕਲਪ ਨੂੰ  ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ |
ਸਾਡੇ ਸੰਵਿਧਾਨਕ ਲੋਕਤੰਤਰ 'ਚ ਵਿਰੋਧੀ ਧਿਰ ਦੀ ਭੂਮਿਕਾ ਸਪੱਸ਼ਟ ਤੌਰ 'ਤੇ ਤੈਅ ਹੈ | ਬਦਕਿਸਮਤੀ ਨਾਲ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਵਿਰੋਧੀ ਧਿਰ ਦੀ ਬਜਾਏ ਰੁਕਾਵਟ ਪਾਉਣ ਵਾਲੀ ਧਿਰ ਬਣਦੀ ਜਾ ਰਹੀ ਹੈ | ਅੱਜ ਭਾਰਤ ਇਕ ਬੇਹੱਦ ਅਹਿਮ ਮੋੜ 'ਤੇ ਖੜ੍ਹਾ ਹੈ | ਸਾਲ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਸਾਡੇ ਸਮੂਹਿਕ ਯਤਨਾਂ ਨੂੰ  ਦੋ ਸਰਲ ਪਰ ਸ਼ਕਤੀਸ਼ਾਲੀ ਮੰਤਰ ਦਿਸ਼ਾ ਦੇ ਸਕਦੇ ਹਨ... ਸਾਡੀ ਸੋਚ ਵਿਚ 'ਰਾਸ਼ਟਰ ਪਹਿਲਾਂ' ਤੇ ਸਾਡੇ ਹਰ ਕੰਮ ਵਿਚ 'ਕਰਤੱਵ ਭਾਵਨਾ' ਹੋਵੇ | ਇਨ੍ਹਾਂ ਦੋ ਮੰਤਰਾਂ ਨੂੰ  ਆਪਣਾ ਮਾਰਗਦਰਸ਼ਕ ਬਣਾਉਂਦਿਆ ਸੰਵਿਧਾਨ ਤੋਂ ਸ਼ਕਤੀ ਲੈ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਨੂੰ  ਯਕੀਨੀ ਬਣਾ ਸਕਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦਾ ਪ੍ਰਭਾਵ ਅਗਲੀ ਖ਼ਬਰ ਭੋਗਾਂ 'ਤੇ ਹਾਜ਼ਰੀ-ਪੰਜਾਬ ਦੀ ਸਿਆਸਤ ਦਾ ਸੰਕਟ
Ad Position 24