22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਅਗਨੀਵੀਰ ਯੋਜਨਾ ਵਿਚ ਬਦਲਾਅ

ਅਗਨੀਵੀਰ ਯੋਜਨਾ ਵਿਚ ਬਦਲਾਅ

Ad Position 21
No active advertisement
ਅਜੀਤ ਡੈਸਕ 23-11-2026
ਭਾਰਤੀ ਸੈਨਾਵਾਂ ਦੇ ਇਕ ਅੰਗ ਦੇ ਤੌਰ 'ਤੇ ਫ਼ੌਜ 'ਚ ਸਾਲ 2022 ਤੋਂ ਸ਼ੁਰੂ ਕੀਤੀ ਗਈ ਅਗਨੀਵੀਰਾਂ ਦੀ ਭਰਤੀ ਨੂੰ  ਲੈ ਕੇ ਕੇਂਦਰ ਸਰਕਾਰ ਦਾ ਪਿਛਲੇ ਦਿਨੀਂ ਆਇਆ ਇਕ ਫ਼ੈਸਲਾ ਦੇਸ਼ ਦੇ ਆਮ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਲਈ ਦੂਰਗਾਮੀ ਸਿੱਧ ਹੋ ਸਕਦਾ ਹੈ | ਇਸ ਫ਼ੈਸਲੇ ਤਹਿਤ ਅਗਨੀਵੀਰਾਂ ਦੇ ਸੇਵਾ ਕਾਲ ਦੀ ਮਿਆਦ 4 ਸਾਲ ਤੋਂ ਵਧਾ ਕੇ 6 ਸਾਲ ਕਰ ਦਿੱਤੀ ਗਈ ਹੈ | ਇਸ ਦੇ ਨਾਲ ਹੀ ਇਸ ਵਧੀ ਹੋਈ ਸੇਵਾ ਮਿਆਦ ਤੋਂ ਬਾਅਦ ਚੁਣੇ ਗਏ ਅਗਨੀਵੀਰਾਂ ਨੂੰ  ਪੱਕੇ ਤੌਰ 'ਤੇ ਸੈਨਾ 'ਚ ਸ਼ਾਮਿਲ ਕੀਤੇ ਜਾਣ ਲਈ ਮੌਕਾ ਪ੍ਰਦਾਨ ਕਰਨ ਬਾਰੇ ਵੀ ਸਹਿਮਤੀ ਜਤਾਈ ਗਈ ਹੈ | ਬਿਨਾਂ ਸ਼ੱਕ ਇਹ ਫ਼ੈਸਲਾ ਦੇਸ਼ ਦੇ ਨੌਜਵਾਨਾਂ ਲਈ ਦੋਹਰਾ ਲਾਭ ਤੇ ਸਹੂਲਤ ਪੈਦਾ ਕਰਨ ਵਾਲਾ ਹੋ ਸਕਦਾ ਹੈ | ਇਸ ਨਾਲ ਇਕ ਪਾਸੇ ਲੱਖਾਂ ਨੌਜਵਾਨਾਂ ਨੂੰ  ਰੁਜ਼ਗਾਰ ਤੇ ਰੁਜ਼ਗਾਰ ਲਈ ਸਿਖਲਾਈ ਲੈਣ ਦਾ ਮੌਕਾ ਮਿਲੇਗਾ ਅਤੇ ਦੂਜੇ ਪਾਸੇ ਇਸ ਪੜਾਅ 'ਤੇ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ  ਸੈਨਿਕ ਸਿਖਲਾਈ ਪ੍ਰਾਪਤ ਹੋਣ ਨਾਲ ਦੇਸ਼ ਦੀ ਦੂਸਰੀ ਰੱਖਿਆ ਪੰਕਤੀ ਮਜ਼ਬੂਤ ਹੋ ਸਕੇਗੀ | ਮੌਜੂਦਾ ਹਾਲਾਤ 'ਚ ਵਿਸ਼ਵ ਭਰ 'ਚ ਕਿਸੇ ਨਾ ਕਿਸੇ ਦੇਸ਼ ਵਿਚਾਲੇ ਜਾਰੀ ਵੱਖ-ਵੱਖ ਯੁੱਧਾਂ ਦੇ ਮੱਦੇਨਜ਼ਰ ਭਾਰਤ ਲਈ ਵੀ ਆਪਣੀ ਸੁਰੱਖਿਆ ਵਾਸਤੇ ਤਿਆਰ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ |
ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਐਲਾਨੇ ਗਏ ਇਸ ਨਵੇਂ ਫ਼ੈਸਲੇ ਦੇ ਤਹਿਤ ਅਗਨੀਵੀਰ ਸੇਵਾ ਕਾਲ ਦੇ ਪਹਿਲੇ 4 ਸਾਲਾਂ ਦੇ ਬਾਅਦ ਅਗਲੇ ਦੋ ਸਾਲਾਂ ਦੌਰਾਨ ਉਨ੍ਹਾਂ ਦੀ ਤਨਖਾਹ 'ਚ ਵੀ ਵਾਧਾ ਕੀਤਾ ਜਾਵੇਗਾ ਅਤੇ ਜੇਕਰ ਉਹ ਚਾਹੁੰਣਗੇ ਤਾਂ ਉਨ੍ਹਾਂ ਲਈ ਫ਼ੌਜ 'ਚ ਨਿਯਮਿਤ ਭਰਤੀ ਹੋਣ ਦੇ ਮੌਕਿਆਂ 'ਚ ਵੀ ਵਾਧਾ ਕੀਤਾ ਜਾਵੇਗਾ | ਅਸੀਂ ਸਮਝਦੇ ਹਾਂ ਕਿ ਭਾਵੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਐਲਾਨ 'ਚ ਸੈਨਾ ਦੇ ਤਿੰਨਾਂ ਅੰਗਾਂ 'ਚ ਆਮ ਭਰਤੀ ਲਈ 14 ਸਾਲ ਦੀ ਸੇਵਾਕਾਲ ਵਾਲਾ ਲਾਭ ਇਨ੍ਹਾਂ ਅਗਨੀਵੀਰਾਂ ਨੂੰ  ਮਿਲਣ ਦਾ ਅਜੇ ਕੋਈ ਸੰਕੇਤ ਨਹੀਂ ਹੈ, ਪਰ ਇਸ ਤਰ੍ਹਾਂ ਦੀ ਵਿਵਸਥਾ ਹੋਣ ਨਾਲ ਜਿੱਥੇ ਦੇਸ਼ ਦੇ ਨੌਜਵਾਨਾਂ 'ਚ ਬੇਰੁਜ਼ਗਾਰੀ ਦੀ ਸਮੱਸਿਆ ਵੱਡੀ ਹੱਦ ਤੱਕ ਹੱਲ ਹੋ ਸਕਦੀ ਹੈ, ਉੱਥੇ ਰਾਸ਼ਟਰੀ ਪੱਧਰ 'ਤੇ ਨੌਜਵਾਨਾਂ 'ਚ ਰਾਸ਼ਟਰੀ ਭਾਵਨਾ ਦਾ ਵੀ ਪ੍ਰਸਾਰ ਹੋਵੇਗਾ | ਪਿਛਲੇ 4 ਸਾਲਾਂ ਦੌਰਾਨ ਅਗਨੀਵੀਰ ਭਰਤੀ ਨੂੰ  ਲੈ ਕੇ ਮਿਲੇ ਨਤੀਜੇ ਇਹ ਤਾਂ ਦੱਸਦੇ ਹਨ ਕਿ ਅਜੇ ਵੀ ਨੌਜਵਾਨਾਂ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਉਤਸ਼ਾਹ ਤਾਂ ਹੈ ਪਰ ਉਹ ਅਗਨੀਵੀਰ ਯੋਜਨਾ ਅਧੀਨ ਚਾਰ ਸਾਲ ਲਈ ਭਰਤੀ ਦੀ ਪੱਕੀ ਭਰਤੀ ਦੇ ਇੱਛੁਕ ਹਨ |
ਇਕ ਰਿਪੋਰਟ ਅਨੁਸਾਰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਅਗਨੀਵੀਰ ਲੋੜੀਂਦੀ ਸਿਖਲਾਈ ਤੇ ਰੁਜ਼ਗਾਰ ਹਾਸਿਲ ਕਰ ਚੁੱਕੇ ਹਨ | ਰੱਖਿਆ ਮੰਤਰੀ ਵਲੋਂ ਐਲਾਨਿਆ ਗਿਆ ਸਰਕਾਰ ਦਾ ਇਹ ਨਵਾਂ ਨੀਤੀਗਤ ਫ਼ੈਸਲਾ ਕਈ ਹੋਰ ਪੱਖਾਂ ਤੋਂ ਵੀ ਮਹਤੱਵਪੂਰਨ ਹੋ ਸਕਦਾ ਹੈ | ਅਗਨੀਵੀਰ ਭਰਤੀ ਯੋਜਨਾ ਦੀ ਪਿੱਠਭੂਮੀ 'ਚ ਸਰਕਾਰ ਦਾ ਇਹ ਵਿਚਾਰ ਵੀ ਸ਼ਾਮਿਲ ਸੀ, ਕਿ ਸੈਨਾਵਾਂ ਦੇ ਪੱਧਰ 'ਤੇ ਸੇਵਾ ਮੁਕਤ ਹੋਣ ਵਾਲੇ ਜਵਾਨਾਂ ਨੂੰ  ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਪੈਨਸ਼ਨ ਦੀ ਰਾਸ਼ੀ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ  ਰੋਕਿਆ ਜਾਵੇ | ਸਰਕਾਰ ਦਾ ਇਹ ਫ਼ੈਸਲਾ ਵਿੱਤੀ ਤੌਰ 'ਤੇ ਠੀਕ ਹੋ ਸਕਦਾ ਹੈ ਪਰ ਫ਼ੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਭਵਿੱਖ ਦੇ ਪੱਖ ਤੋਂ ਅਤੇ ਫ਼ੌਜ ਦੀ ਮਜ਼ਬੂਤੀ ਦੇ ਪੱਖ ਤੋਂ ਇਹ ਸਹੀ ਨਹੀਂ ਹੈ | ਸਰਕਾਰ ਨੂੰ  ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਫ਼ੌਜ ਵਿਚ ਨੌਜਵਾਨਾਂ ਨੂੰ  ਬਹੁਤ ਕਠਿਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਰਹੱਦਾਂ 'ਤੇ ਰਾਖੀ ਕਰਦਿਆਂ ਹਰ ਸਮੇਂ ਜਾਨ ਦਾ ਜੋਖ਼ਮ ਰਹਿੰਦਾ ਹੈ | ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਲੈ ਕੇ ਚੀਨ ਤੇ ਬੰਗਲਾਦੇਸ਼ ਨਾਲ ਲਗਦੀਆਂ ਭਾਰਤ ਦੀਆਂ ਸਰਹੱਦਾਂ 'ਤੇ ਹਰ ਸਮੇਂ ਅਸੁਰੱਖਿਅਤਾ ਬਣੀ ਰਹਿੰਦੀ ਹੈ | ਇਸ ਲਈ ਸਰਕਾਰ ਨੂੰ  ਪੈਨਸ਼ਨ ਦੀ ਵਧਦੀ ਰਕਮ ਬਚਾਉਣ ਲਈ ਦੇਸ਼ ਦੀ ਸੁਰੱਖਿਆ ਨੂੰ  ਕਮਜ਼ੋਰ ਨਹੀਂ ਕਰਨਾ ਚਾਹੀਦਾ | ਸੇਵਾ ਮੁਕਤ ਬਹੁਤੇ ਫ਼ੌਜੀ ਜਰਨੈਲਾਂ ਦੀ ਵੀ ਇਹ ਰਾਇ ਹੈ ਕਿ ਅਗਨੀਵੀਰ ਯੋਜਨਾ ਨੂੰ  ਪੱਕੀ ਭਰਤੀ ਯੋਜਨਾ ਵਿਚ ਬਦਲ ਦੇਣਾ ਚਾਹੀਦਾ ਹੈ | ਸਰਕਾਰ ਨੂੰ  ਹੋਰ ਖੇਤਰਾਂ ਵਿਚ ਵਿੱਤੀ ਸਾਧਨਾਂ ਦੀ ਬੱਚਤ ਬਾਰੇ ਸੋਚਣਾ ਚਾਹੀਦਾ ਹੈ, ਫ਼ੌਜ ਵਿਚ ਨਹੀਂ | ਫ਼ੌਜ ਵਿਚ ਪੱਕੀ ਭਰਤੀ ਦੀ ਨੀਤੀ ਵੀ ਜਾਰੀ ਰਹਿਣੀ ਚਾਹੀਦੀ ਹੈ ਅਤੇ ਫ਼ੌਜ ਨੂੰ  ਆਧੁਨਿਕ ਸਾਜ਼ੋ-ਸਾਮਾਨ ਨਾਲ ਵੀ ਲੈਸ ਕਰਨਾ ਚਾਹੀਦਾ ਹੈ |
ਫ਼ੌਜ ਤੇ ਅਰਧ ਫ਼ੌਜੀ ਸੰਗਠਨਾਂ ਨੂੰ  ਪੈਨਸ਼ਨ ਦੀ ਬੱਚਤ ਨਾਲ ਜੋੜ ਕੇ ਕਮਜ਼ੋਰ ਕਰਨ ਨਾਲ ਦੇਸ਼ ਦੀ ਸੁਰੱਖਿਆ ਕਮਜ਼ੋਰ ਹੋਵੇਗੀ | ਕਠਿਨ ਹਾਲਤਾਂ ਵਿਚ  ਫ਼ੌਜੀ ਜਵਾਨ ਪ੍ਰਤੀਬੱਧਤਾ ਨਾਲ ਤਾਂ ਹੀ ਲੜ ਸਕਣਗੇ, ਜੇ ਸੇਵਾ ਪਿਛੋਂ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਸੁਰੱਖਿਅਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਜੋ ਕਹੋ, ਉਸ ਨੂੰ ਪੂਰਾ ਕਰੋ, ਜੇ ਪੂਰਾ ਕਰਨ ਦਾ ਵਿਚਾਰ ਨਹੀਂ ਤਾਂ ਵਾਅਦਾ ਹੀ ਨਾ ਕਰੋ | -ਬਾਲੰਬਲ ਅਗਲੀ ਖ਼ਬਰ ਮਾਨ ਦੇ ਚਿਹਰੇ 'ਤੇ ਹੀ ਚੋਣ ਲੜ ਰਹੀ ਹੈ ਆਮ ਆਦਮੀ ਪਾਰਟੀ
Ad Position 24