20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਫਿੱਕੀ ਹੁੰਦੀ ਜਾਂਦੀ ਖੰਡ ਦੀ ਮਿਠਾਸ!

ਫਿੱਕੀ ਹੁੰਦੀ ਜਾਂਦੀ ਖੰਡ ਦੀ ਮਿਠਾਸ!

Ad Position 21
No active advertisement
ਅਜੀਤ ਡੈਸਕ 21-11-2026

ਭਾਵੇਂ ਸ਼ੂਗਰ ਦੀ ਬਿਮਾਰੀ ਕਾਰਨ ਬਹੁਤੇ ਲੋਕ ਖੰਡ ਖਾਣ ਤੋਂ ਪ੍ਰਹੇਜ਼ ਕਰਦੇ ਹੋਣ, ਪ੍ਰੰਤੂ ਇਸ ਸਾਲ ਅਗਸਤ ਮਹੀਨੇ ਖੰਡ ਦੀਆਂ ਪ੍ਰਚੂਨ ਕੀਮਤਾਂ ਵਿਚ ਹੋਏ ਭਾਰੀ ਵਾਧੇ ਨੇ ਲੋਕਾਂ ਵਾਸਤੇ ਇਸ ਦੀ ਮਿਠਾਸ ਪਹਿਲਾਂ ਹੀ ਫਿੱਕੀ ਕਰ ਦਿੱਤੀ ਹੈ | ਖੰਡ ਰੋਜ਼ਮਰ੍ਹਾ ਦੀਆਂ ਘਰੇਲੂ ਵਰਤੋਂ ਵਾਲੀਆਂ ਜ਼ਰੂਰੀ ਖੁਰਾਕੀ ਵਸਤਾਂ 'ਚੋਂ ਪ੍ਰਮੁੱਖ ਹੋਣ ਕਰਕੇ ਇਸ ਦੀ ਕੀਮਤ ਵਿਚ ਥੋੜ੍ਹਾ ਜਿਹਾ ਵਾਧਾ ਵੀ ਆਮ ਪਰਿਵਾਰਾਂ ਦਾ ਘਰੇਲੂ ਬਜਟ ਹਿਲਾ ਦਿੰਦਾ ਹੈ | ਚੀਨੀ ਮੰਡੀ.ਕਾਂਮ ਅਨੁਸਾਰ ਅਗਸਤ 2026 ਦੇ ਪਹਿਲੇ ਹਫ਼ਤੇ ਖੰਡ ਦੀਆਂ ਪ੍ਰਚੂਨ ਕੀਮਤਾਂ 50 ਤੋਂ 54 ਰੁਪਏ ਪ੍ਰਤੀ ਕਿਲੋ ਸਨ, ਜਿਸ ਤੋਂ ਮਹੀਨੇ ਦੇ ਤੀਜੇ ਹਫ਼ਤੇ ਦੌਰਾਨ 65 ਤੋਂ 71 ਰੁਪਏ ਪ੍ਰਤੀ ਕਿਲੋ ਤੱਕ ਪੁੱਜਣ ਨਾਲ ਘਰੇਲੂ ਖਪਤਕਾਰ, ਮਠਿਆਈ ਕਾਰੋਬਾਰ ਤੇ ਖੁਰਾਕੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਖੰਡ ਮਹਿੰਗੀ ਹੋਣ ਦਾ ਕਾਰਨ ਘਰੇਲੂ ਉਤਪਾਦਨ 'ਚ ਕਮੀ, ਤਿਉਹਾਰੀ ਸੀਜ਼ਨ-ਗਣੇਸ਼ ਚਤੁਰਥੀ, ਸ਼ਰਾਧ, ਨਰਾਤੇ, ਵਰਤ, ਦੁਸਹਿਰਾ, ਦੀਵਾਲੀ ਤੋਂ ਇਲਾਵਾ ਵਿਆਹਾਂ ਦੇ ਮੱਦੇਨਜ਼ਰ ਖੰਡ ਦੀ ਮੰਗ ਵਧਣ, ਸਰਕਾਰੀ ਨੀਤੀਆਂ ਤੇ ਵਿਸ਼ਵ ਪੱਧਰ ਦੇ ਹਾਲਾਤ ਦਾ ਮਿਲਿਆ-ਜੁਲਿਆ ਪ੍ਰਭਾਵ ਵੀ ਹੋ ਸਕਦਾ ਹੈ |   

ਖੰਡ ਦੀ ਕੀਮਤ ਦਾ ਬੁਨਿਆਦੀ ਸੰਬੰਧ ਗੰਨੇ ਦੇ ਉਤਪਾਦਨ ਨਾਲ ਹੈ | ਭਾਰਤ, ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਗੰਨਾ ਤੇ ਖੰਡ ਉਤਪਾਦਕ ਦੇਸ਼ ਹੈ ਤੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਗੁਜਰਾਤ ਤੇ ਪੰਜਾਬ ਸਮੇਤ ਕਈ ਰਾਜਾਂ 'ਚ ਗੰਨਾ ਬੀਜਿਆ ਜਾਂਦਾ ਹੈ | ਗੰਨੇ ਦੀ ਪੈਦਾਵਾਰ ਘਟਣ ਨਾਲ ਖੰਡ ਮਿੱਲਾਂ 'ਤੇ ਉਤਪਾਦਨ ਲਾਗਤ ਤੇ ਕੀਮਤ ਵਧਣ ਦਾ ਦਬਾਅ ਬਣ ਜਾਂਦਾ ਹੈ | ਇਸ ਦੌਰਾਨ ਮÏਸਮ ਦੀ ਭੂਮਿਕਾ ਵੀ ਬਹੁਤ ਅਹਿਮ ਰਹਿੰਦੀ ਹੈ, ਕਿਉਂਕਿ ਵੱਧ ਗਰਮੀ, ਘੱਟ ਤੇ ਬੇਮੌਸਮੀ ਬਾਰਿਸ਼, ਹੜ੍ਹ ਜਾਂ ਲੰਬੇ ਸਮੇਂ ਤੱਕ ਰਹਿਣ ਵਾਲੀ ਨਮੀ ਗੰਨੇ ਦੀ ਪੈਦਾਵਾਰ ਤੇ ਉਸ 'ਚ ਮੌਜੂਦ ਮਿਠਾਸ ਦੀ ਮਾਤਰਾ ਨੂੰ  ਪ੍ਰਭਾਵਿਤ ਕਰਦੀ ਹੈ | ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਘੱਟ ਬਾਰਿਸ਼ ਹੋਣ ਕਰਕੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ | ਅਰਥਸ਼ਾਸਤਰ ਦਾ ਨਿਯਮ ਹੈ ਕਿ ਕਿਸੇ ਵਸਤੂ ਦੀ ਮੰਗ ਉਸ ਦੀ ਸਪਲਾਈ ਨਾਲੋਂ ਤੇਜ਼ੀ ਨਾਲ ਵਧਣ ਕਰਕੇ ਉਸ ਦੀ ਕੀਮਤ ਵਧਣ ਲੱਗਦੀ ਹੈ, ਖੰਡ ਦੇ ਮਾਮਲੇ 'ਚ ਵੀ ਅਜਿਹਾ ਹੀ ਹੋਇਆ ਹੈ | ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਮਠਿਆਈਆਂ, ਬਿਸਕੁਟ, ਬੇਕਰੀ ਉਤਪਾਦ ਤੇ ਪੀਣ ਵਾਲੇ ਪਦਾਰਥ ਬਣਾਉਣ ਵਾਲੇ ਕਾਰੋਬਾਰੀ ਖੰਡ ਦੀ ਮੰਗ ਤੇ ਕੀਮਤ ਵਧਣ ਦੀ ਸੰਭਾਵਨਾ ਨੂੰ  ਵੇਖਦਿਆਂ ਪਹਿਲਾਂ ਹੀ ਜਮ੍ਹਾਂਖੋਰੀ ਕਰ ਲੈਂਦੇ ਹਨ | ਬਾਜ਼ਾਰ 'ਚ ਉਪਲਬੱਧ ਖੰਡ ਦੀ ਮਾਤਰਾ ਸੀਮਤ ਹੋਣ ਕਰਕੇ ਥੋਕ ਤੇ ਪ੍ਰਚੂਨ ਕੀਮਤਾਂ ਵਧਣ ਲੱਗਦੀਆਂ ਹਨ | 
ਖੰਡ ਦੀ ਕੀਮਤ 'ਚ ਵਾਧੇ ਦਾ ਦੂਸਰਾ ਮਹੱਤਵਪੂਰਨ ਕਾਰਨ ਗੰਨੇ ਦਾ ਵੱਧਦਾ ਖਰੀਦ ਮੁੱਲ ਹੈ | ਖੰਡ ਮਿੱਲਾਂ ਦਾ ਸਭ ਤੋਂ ਵੱਡਾ ਖਰਚਾ ਗੰਨਾ ਖਰੀਦਣ ਉੱਪਰ ਹੀ ਹੁੰਦਾ ਹੈ | ਕਿਸਾਨਾਂ ਨੂੰ  ਦਿੱਤਾ ਜਾਣ ਵਾਲਾ ਗੰਨੇ ਦਾ ਭਾਅ ਕੇਂਦਰ ਸਰਕਾਰ ਦੁਆਰਾ ਐਲਾਨੀ 'ਉੱਚਿਤ ਤੇ ਉਜਰਤੀ ਕੀਮਤ' ਤੇ ਸੂਬਾ ਸਰਕਾਰਾਂ ਦੀ  'ਰਾਜ ਸਿਫਾਰਸ਼ ਕੀਮਤ' 'ਤੇ ਨਿਰਭਰ ਕਰਦਾ ਹੈ | ਕੇਂਦਰ ਸਰਕਾਰ ਸਾਲ 2027 ਵਾਸਤੇ ਗੰਨੇ ਦੀ ਕੀਮਤ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਚੁੱਕੀ ਹੈ |
ਭਾਰਤ ਸਰਕਾਰ ਨੇ ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਕਰਨ ਤੇ ਕਿਸਾਨਾਂ ਦੀ ਮਦਦ ਕਰਨ ਲਈ  ਪੈਟਰੋਲ ਦਾ ਆਯਾਤ ਘਟਾ ਕੇ ਪੈਟਰੋਲ 'ਚ 20 ਫ਼ੀਸਦੀ ਤੱਕ ਈਥਾਨੋਲ (520) ਮਿਲਾਉਣ ਦਾ ਫ਼ੈਸਲਾ  ਕੀਤਾ ਹੈ | ਈਥਾਨੋਲ ਬਣਾਉਣ ਲਈ ਗੰਨੇ ਦਾ ਰਸ, ਸ਼ੀਰਾ ਤੇ ਖੰਡ ਉਦਯੋਗ ਦੇ ਹੋਰ ਉਤਪਾਦ ਵਰਤੇ ਜਾਂਦੇ ਹਨ, ਜਿਸ ਨਾਲ ਖੰਡ ਮਿੱਲਾਂ ਨੂੰ  ਆਪਣੀ ਉਤਪਾਦਨ ਸਮਰੱਥਾ ਦਾ ਇਕ ਹਿੱਸਾ ਈਥਾਨੋਲ ਵੱਲ ਮੋੜਨ ਲਈ ਆਰਥਿਕ ਪ੍ਰੋਤਸਾਹਨ ਮਿਲਦਾ ਹੈ | ਨਤੀਜਨ, ਖੰਡ ਮਿੱਲਾਂ ਨੇ ਪਿਛਲੇ ਸਮੇਂ ਦÏਰਾਨ ਈਥਾਨੋਲ  ਦਾ ਉਤਪਾਦਨ ਵੀ ਲੋੜ ਤੋਂ ਜ਼ਿਆਦਾ ਕਰ ਲਿਆ, ਜਿਸ ਕਰਕੇ ਖੰਡ ਦਾ ਉਤਪਾਦਨ ਮੰਗ ਦੇ ਮੁਕਾਬਲੇ ਘਟਣ ਨਾਲ ਖੰਡ ਦੀਆਂ ਕੀਮਤਾਂ 'ਤੇ ਦਬਾਅ ਬਣਿਆ ਹੋਇਆ ਹੈ | ਹਾਲਾਂਕਿ ਸਰਕਾਰ ਨੇ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ  ਕਾਬੂ ਕਰਨ ਲਈ ਘਰੇਲੂ ਬਾਜ਼ਾਰ 'ਚ ਖੰਡ ਦੀ ਸਪਲਾਈ ਵਧਾਉਣ ਵਾਸਤੇ ਕੁਝ ਉਪਾਅ ਕੀਤੇ ਹਨ, ਜਿਵੇਂ- ਵਿਦੇਸ਼ਾਂ ਤੋਂ ਖੰਡ ਦੀ 'ਡਿਊਟੀ ਫ਼੍ਰੀ' ਦਰਾਮਦ ਦੀ ਆਗਿਆ ਦੇਣਾ, ਖੰਡ ਮਿੱਲਾਂ ਵਾਸਤੇ ਮਾਸਿਕ ਦੀ ਬਜਾਏ 15-15 ਦਿਨ ਦਾ ਵਿਕਰੀ ਕੋਟਾ ਲਾਗੂ ਕਰਨਾ, ਜਮ੍ਹਾਂਖੋਰੀ ਰੋਕਣ ਲਈ ਵਪਾਰੀਆਂ ਵਾਸਤੇ ਖੰਡ ਸਟਾਕ ਰੱਖਣ ਦੀ ਹੱਦ 4000 ਕੁਇੰਟਲ ਤੋਂ ਘਟਾ ਕੇ 2000 ਕੁਇੰਟਲ ਤੈਅ ਕਰਨਾ ਤੇ ਜਨਤਕ ਵੰਡ ਵਿਭਾਗ ਦੇ ਆਨਲਾਈਨ ਪੋਰਟਲ ਉੱਪਰ ਖੰਡ ਦੇ ਉਪਲਬੱਧ ਸਟਾਕ ਨੂੰ  ਰੈਗੂਲਰ ਅਧਾਰ 'ਤੇ ਅਪਡੇਟ ਕਰਨਾ ਆਦਿ | 31 ਅਗਸਤ, 2026 ਨੂੰ  ਖੰਡ ਦੀ ਔਸਤ ਪ੍ਰਚੂਨ ਕੀਮਤ 63.28 ਰੁਪਏ ਕਿਲੋ ਸੀ, ਜੋ ਪਿਛਲੇ ਸਾਲ ਇਸੇ ਸਮੇਂ ਖੰਡ ਦੀ ਕੀਮਤ 46.02 ਰੁਪਏ ਪ੍ਰਤੀ ਕਿਲੋ ਦੇ ਮੁਕਾਬਲੇ 37.5 ਫ਼ੀਸਦੀ ਜ਼ਿਆਦਾ ਹੈ | ਇਹ ਉਪਾਅ ਵੀ ਸ਼ਾਇਦ ਹੀ ਖੰਡ ਕੀਮਤਾਂ ਨੂੰ  ਸਥਿਰ ਰੱਖ ਸਕਣਗੇ | 
ਸੰਖੇਪ ਸ਼ਬਦਾਂ 'ਚ ਮਹਿੰਗੀ ਹੋ ਰਹੀ ਖੰਡ ਦੀ ਫਿੱਕੀ ਹੁੰਦੀ ਮਿਠਾਸ ਨੂੰ  ਕਿਸੇ ਇਕ ਕਾਰਨ ਨਾਲ ਜੋੜਨਾ ਠੀਕ ਨਹੀਂ ਹੋਵੇਗਾ | ਗੰਨੇ ਦੀ ਘਟਦੀ ਪੈਦਾਵਾਰ, ਖੰਡ-ਰਿਕਵਰੀ, ਮੌਸਮੀ ਹਾਲਾਤ, ਉਤਪਾਦਨ ਲਾਗਤ, ਘਰੇਲੂ ਮੰਗ, ਈਥਾਨੋਲ ਨੀਤੀ, ਸਰਕਾਰੀ ਨਿਰਯਾਤ-ਆਯਾਤ ਦੇ ਫ਼ੈਸਲੇ, ਵਿਸ਼ਵ ਬਾਜ਼ਾਰ ਸਥਿਤੀ ਅਤੇ ਆਵਾਜਾਈ-ਪੈਕੇਜਿੰਗ ਖਰਚੇ ਆਦਿ ਸਾਰੇ ਕਾਰਕ ਮਿਲ ਕੇ ਖੰਡ ਦੀ ਕੀਮਤ ਨੂੰ  ਪ੍ਰਭਾਵਿਤ ਕਰਦੇ ਹਨ |  ਖੰਡ ਇਕ ਸੰਵੇਦਨਸ਼ੀਲ ਜ਼ਰੂਰੀ ਖੁਰਾਕੀ ਵਸਤੂ ਹੋਣ ਕਾਰਨ ਸਰਕਾਰ ਨੂੰ  ਚਾਹੀਦਾ ਹੈ ਕਿ ਖੰਡ-ਨੀਤੀ ਕਿਸਾਨਾਂ, ਖੰਡ ਮਿੱਲਾਂ ਤੇ ਖਪਤਕਾਰਾਂ ਤਿੰਨਾਂ ਦੇ ਹਿੱਤਾਂ ਨੂੰ  ਧਿਆਨ ਵਿਚ ਰੱਖ ਕੇ ਬਣਾਈ ਜਾਵੇ | ਅੱਜ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਿਸਾਨ ਨੂੰ  ਗੰਨੇ ਦਾ ਵਾਜਬ ਮੁੱਲ ਦੇਣਾ, ਖੰਡ ਮਿੱਲਾਂ ਦੇ ਕੰਮ ਨੂੰ  ਆਰਥਿਕ ਤੌਰ 'ਤੇ ਟਿਕਾਊ ਬਣਾਉਣਾ ਅਤੇ ਖਪਤਕਾਰ ਨੂੰ  ਉੱਚਿਤ ਕੀਮਤ 'ਤੇ ਖੰਡ ਉਪਲਬੱਧ ਕਰਾਉਣਾ ਆਦਿ ਦੀ ਹੈ | ਇਸ ਲਈ  ਖੰਡ ਉਤਪਾਦਨ ਤੇ ਸਟਾਕ ਦੀ ਨਿਰੰਤਰ ਨਿਗਰਾਨੀ, ਜਮ੍ਹਾਂਖੋਰੀ 'ਤੇ ਨਜ਼ਰ ਰੱਖਣਾ, ਸਮੇਂ ਸਿਰ ਨੀਤੀਗਤ ਫ਼ੈਸਲੇ ਤੇ ਖੰਡ-ਈਥਾਨੋਲ ਉਤਪਾਦਨ ਦਰਮਿਆਨ ਸਹੀ ਸੰਤੁਲਨ ਬਣਾਈ ਰੱਖਣਾ ਵੀ ਬਹੁਤ ਜ਼ਰੂਰੀ ਹੈ | ਲੰਮੇ ਸਮੇਂ 'ਚ ਗੰਨੇ ਦੀ ਉਤਪਾਦਕਤਾ ਵਧਾਉਣਾ, ਪਾਣੀ ਦੀ ਢੱਕਵੀਂ ਵਰਤੋਂ ਤੇ ਖੰਡ ਉਦਯੋਗ ਦੀ ਤਕਨੀਕੀ ਕੁਸ਼ਲਤਾ ਸੁਧਾਰਨਾ ਹੀ ਕੀਮਤਾਂ ਨੂੰ  ਸਥਿਰ ਰੱਖਣ ਦਾ ਟਿਕਾਊ ਰਸਤਾ ਹੈ |

-ਮੋਬਾਈਲ : 9463763331

Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਮੰਗਾਂ ਸੰਬੰਧੀ ਜ਼ਰੂਰੀ ਹੈ ਸਰਕਾਰ ਦੀ ਜਵਾਬਦੇਹੀ ਅਗਲੀ ਖ਼ਬਰ ਸੂਝਵਾਨ ਬੱਚਿਓ, ਇਕ-ਦੋ ਵਾਰ ਮਿਲੀ ਅਸਫ਼ਲਤਾ ਯਕੀਨਣ ਖੋਲ੍ਹਦੀ ਹੈ ਸਫ਼ਲਤਾ ਦੇ ਰਾਹ
Ad Position 24