19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੰਜਾਬ ਦੇ ਭਖਦੇ ਮਸਲਿਆਂ ਤੋਂ ਟਾਲਾ ਵੱਟ ਰਹੇ ਹਨ ਸਿਆਸੀ ਦਲ

ਪੰਜਾਬ ਦੇ ਭਖਦੇ ਮਸਲਿਆਂ ਤੋਂ ਟਾਲਾ ਵੱਟ ਰਹੇ ਹਨ ਸਿਆਸੀ ਦਲ

Ad Position 21
No active advertisement
ਅਜੀਤ ਡੈਸਕ 20-11-2026

ਬਾਦਲ ਦਿਖਾ ਕੇ ਆਖੋਂ ਮੇਂ ਸਪਨੇ ਸਜਾ ਗਈ

ਸਾਵਨ ਕੀ ਰੁੱਤ ਭੀ ਗਾਂਵ ਕੋ ਉੱਲੂ ਬਨਾ ਗਈ |
ਫਹੀਮ ਜੋਗਾਪੁਰੀ ਦਾ ਇਹ ਸ਼ਿਅਰ ਪੰਜਾਬ ਵਿਚ 2027 ਦੀਆਂ ਚੋਣਾਂ ਜਿੱਤਣ ਦੇ ਆਹਰ ਵਿਚ ਲੱਗੀਆਂ ਸਾਰੀਆਂ ਸਿਆਸੀ ਪਾਰਟੀਆਂ 'ਤੇ ਘੱਟ ਜਾਂ ਵੱਧ ਢੁਕਦਾ ਹੈ | ਅੱਜਕਲ੍ਹ ਹਰ ਪਾਰਟੀ ਪੰਜਾਬ ਵਿਚ ਯਾਤਰਾਵਾਂ 'ਤੇ ਨਿਕਲੀ ਹੋਈ ਹੈ | ਹਰ ਇਕ ਦਾ ਇਕ ਹੀ ਨਾਅਰਾ ਹੈ, ਇਕ ਹੀ ਦਾਅਵਾ ਹੈ ਕਿ ਨਸ਼ਾ ਅਸੀਂ ਖ਼ਤਮ ਕਰਾਂਗੇ | ਇੰਜ ਲਗਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਇਹ ਸੋਚ ਲਿਆ ਹੈ ਕਿ ਇਸ ਇਕ ਹੀ ਨਾਅਰੇ ਨਾਲ ਪੰਜਾਬੀਆਂ ਨੂੰ  ਭਰਮਾਇਆ ਜਾ ਸਕਦਾ ਹੈ | ਜਿਵੇਂ ਪੰਜਾਬੀਆਂ ਨੂੰ  ਇਤਿਹਾਸ ਭੁੱਲ ਹੀ ਗਿਆ ਹੋਵੇ, ਜਿਵੇਂ ਅਸੀਂ ਪੰਜਾਬੀ ਪੂਰੀ ਤਰ੍ਹਾਂ ਬੇ-ਸਮਝ ਲੋਕ ਹੀ ਹੋਈਏ |

ਯਾਦ ਰੱਖੋ, ਪੰਜਾਬੀ ਕਦੇ ਦੇਸ਼ ਵਿਚ ਸਭ ਤੋਂ ਵੱਧ ਪੜ੍ਹੇ-ਲਿਖੇ ਸਨ, ਉਹ ਖੇਡਾਂ ਵਿਚ ਸਭ ਤੋਂ ਉੱਤੇ, ਦੇਸ਼ ਦਾ ਢਿੱਡ ਭਰਨ ਵਾਲੇ, ਦੇਸ਼ ਦੀ ਸਿਆਸਤ ਵਿਚ ਘੱਟ-ਗਿਣਤੀ ਵਿਚ ਹੋਣ ਦੇ ਬਾਵਜੂਦ ਚਮਕਦੇ ਸਿਤਾਰੇ ਰਹੇ ਹਨ | ਉਂਝ ਤਾਂ ਪੰਜਾਬੀ ਮੁੱਢ-ਕਦੀਮ ਤੋਂ ਹੀ ਕੁਰਬਾਨੀਆਂ ਕਰਦੇ ਆ ਰਹੇ ਹਨ, ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ | ਗਿਣਤੀ ਦੇ ਲਿਹਾਜ਼ ਨਾਲ ਫ਼ੌਜ ਵਿਚ ਸਭ ਤੋਂ ਵੱਧ ਬਲੀਦਾਨ ਵੀ ਪੰਜਾਬੀਆਂ ਨੇ ਦਿੱਤੇ ਤੇ ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਦਾ ਯੋਗਦਾਨ ਫ਼ੀਸਦੀ ਦੇ ਲਿਹਾਜ਼ ਨਾਲ ਵੀ ਕਿਤੇ ਜ਼ਿਆਦਾ ਰਿਹਾ | ਵਿਦੇਸ਼ਾਂ ਵਿਚ ਵੱਡੀਆਂ ਪ੍ਰਾਪਤੀਆਂ, ਦੇਸ਼ ਨੂੰ  ਵਿਦੇਸ਼ੀ ਮੁਦਰਾ ਭੇਜਣ, ਉਦਯੋਗ, ਵਿਗਿਆਨ ਤੇ ਤਕਨਾਲੋਜੀ ਵਿਚ ਵੀ ਪੰਜਾਬੀਆਂ ਨੇ ਆਪਣਾ ਯੋਗਦਾਨ ਕਿਸੇ ਤੋਂ ਘੱਟ ਨਹੀਂ ਪਾਇਆ | ਪਰ ਅੱਜ ਉਸੇ ਪੰਜਾਬੀ ਕੌਮ ਨੂੰ  ਮੁਫ਼ਤ ਦੀ ਚਾਟ ਲਾ ਕੇ, ਨਸ਼ਿਆਂ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਗਿਆ ਹੈ ਤੇ ਹੁਣ ਲਗਭਗ ਹਰ ਪਾਰਟੀ ਪੰਜਾਬੀਆਂ ਨੂੰ  ਸਿਰਫ਼ ਇਕ ਨਸ਼ੇ ਦਾ ਮੁੱਦਾ ਥਮਾ ਕੇ ਬਾਕੀ ਸਾਰੀਆਂ ਮੰਗਾਂ, ਮੁਸ਼ਕਿਲਾਂ ਤੇ ਸਮੱਸਿਆਵਾਂ 'ਤੇ ਚੁੱਪ ਵੱਟ ਰਹੀ ਹੈ | ਚੋਣਾਂ ਵਿਚ ਤੁਸੀਂ ਦੇਖੋਗੇ ਕਿ ਇਹੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ  ਨਸ਼ੇ ਵੰਡਣਗੇ, ਪਰ ਨਾਅਰੇ ਨਸ਼ੇ ਦੇ ਖਾਤਮੇ ਦੇ ਲਾਏ ਜਾਣਗੇ |
ਕੋਈ ਵੀ ਪਾਰਟੀ ਅਮਲੀ ਤੌਰ 'ਤੇ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਦੀ, ਜਿਥੇ 75 ਫੀਸਦੀ ਤੋਂ ਵਧੇਰੇ ਧਰਤੀ ਵਿਚ ਧਰਤੀ ਹੇਠਲੇ ਪਾਣੀ ਦੀ ਦੂਸਰੀ ਤਹਿ ਵਿਚ ਖ਼ਤਮ ਹੋਣ ਦੇ ਕਿਨਾਰੇ 'ਤੇ ਪਹੁੰਚ ਚੁੱਕੀ ਤੇ ਤੀਸਰੀ ਤਹਿ 'ਚ ਨਾ ਤਾਂ ਪੀਣ ਦੇ ਕਾਬਲ ਪਾਣੀ ਹੈ ਤੇ ਨਾ ਹੀ ਖੇਤੀ ਦੀ ਵਰਤੋਂ ਯੋਗ ਪਾਣੀ ਹੈ | ਪਾਣੀ ਪੰਜਾਬ ਦੀ ਜਾਨ ਹੈ, ਪਰ ਪੰਜਾਬ ਪੁਨਰਗਠਨ ਐਕਟ ਵਿਚ ਧੱਕੇ ਨਾਲ ਪਾਈਆਂ ਧਾਰਾਵਾਂ 78, 79 ਤੇ 80 ਨੂੰ  ਖਤਮ ਕਰਨ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ, ਪਰ ਕੋਈ ਠੋਸ ਹੱਲ ਨਹੀਂ ਸੋਚਿਆ ਜਾਂਦਾ | ਵਿਧਾਨ ਸਭਾ ਵਿਚ ਰਾਜਸਥਾਨ ਤੋਂ 1.44 ਲੱਖ ਕਰੋੜ ਦੀ ਰਾਇਲਟੀ ਮੰਗਣ ਦਾ ਮਤਾ ਤਾਂ ਪਾਸ ਕੀਤਾ ਗਿਆ ਹੈ, ਪਰ ਅਗਲਾ ਕਦਮ ਕੀ ਹੈ ਜਾਂ ਕੀ ਹੋਵੇਗਾ, ਕਿਸੇ ਨੂੰ  ਪਤਾ ਨਹੀਂ | ਪਹਿਲਾਂ ਵੀ ਤਾਂ 2016 ਵਿਚ ਰਾਇਲਟੀ ਬਾਰੇ ਮਤਾ ਪਾਸ ਕੀਤਾ ਗਿਆ ਸੀ | ਪਰ ਉਹ ਮਤਾ ਸਿਰਫ਼ ਡਰਾਮਾ ਹੀ ਸਾਬਤ ਹੋਇਆ ਸੀ, ਉਹ ਵੀ 2017 ਦੀਆਂ ਚੋਣਾਂ ਵੇਲੇ ਪਾਸ ਕੀਤਾ ਗਿਆ ਸੀ ਹੁਣ ਵੀ ਚੋਣਾਂ ਵੇਲੇ ਹੀ ਕੀਤਾ ਗਿਆ ਹੈ |
ਪਰ ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਲਈ ਕੋਈ ਰੋਡ ਮੈਪ ਜਾਰੀ ਨਹੀਂ ਕੀਤਾ | ਭਾਜਪਾ ਹੁਣ 1984 ਦੀਆਂ ਸਿੱਖ ਵਿਰੋਧੀ ਘਟਨਾਵਾਂ ਦੇ ਜ਼ਖਮ ਹਰੇ ਕਰ ਰਹੀ ਹੈ | ਨਹੀਂ ਤਾਂ ਭਾਜਪਾ ਦਾ ਦਿੱਲੀ ਵਿਚ 1993 ਤੋਂ 1998 ਤੱਕ ਰਾਜ ਰਿਹਾ, ਕੁਝ ਨਹੀਂ ਕੀਤਾ ਗਿਆ | 12 ਸਾਲ ਤੋਂ ਦੇਸ਼ ਵਿਚ ਭਾਜਪਾ ਦਾ ਰਾਜ ਹੈ | ਕੁਝ ਕੰਮ ਜ਼ਰੂਰ ਹੋਏ ਹਨ, ਕੁਝ ਕੇਸ ਦੁਬਾਰਾ ਖੁੱਲ੍ਹੇ, ਮੁਆਵਜ਼ਾ ਵਧਾਇਆ ਗਿਆ, ਪਰ ਪ੍ਰਚਾਰ ਜ਼ਿਆਦਾ ਹੈ ਤੇ ਕੰਮ ਘੱਟ | ਖ਼ੈਰ ਪੰਜਾਬੀਆਂ ਨੂੰ  ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ | ਜੇਕਰ ਉਹ ਸਿਰਫ਼ ਮੁਫ਼ਤ ਦੀਆਂ ਸਕੀਮਾਂ ਜਾਂ ਧਰਮ ਜਾਂ ਸਿਰਫ਼ ਨਸ਼ੇ ਦੇ ਭਾਵਨਾਤਮਿਕ ਮੁੱਦੇ ਦੇ ਅਧਾਰ 'ਤੇ ਹੀ ਵੋਟਾਂ ਪਾਉਣਗੇ ਤਾਂ ਪੰਜਾਬ ਦਾ ਕੁਝ ਨਹੀਂ ਸੰਵਰਨਾ, ਚੰਗਾ ਹੋਵੇ ਕਿ ਪੰਜਾਬੀ ਹਰ ਪਾਰਟੀ ਦੇ ਵੱਡੇ ਨੇਤਾਵਾਂ ਨੂੰ  ਜਿਥੇ ਸਵਾਲ ਪੁੱਛਣ ਕਿ ਤੁਸੀਂ ਪੰਜਾਬ ਦੇ ਪਾਣੀਆਂ ਲਈ ਕੀਤਾ ਤੇ ਹੁਣ ਕੀ ਕਰੋਗੇ? ਬੇਰੁਜ਼ਗਾਰੀ ਖ਼ਤਮ ਕਰਨ ਲਈ ਤੁਹਾਡੀ ਕੀ ਸਮਝ ਹੈ, ਪੰਜਾਬ ਸਿਰ ਕਰਜ਼ਾ ਖਤਮ ਕਰਨ, ਪੰਜਾਬ ਵਿਚ ਵਿਗੜਦਾ ਆਬਾਦੀ ਦਾ ਤਨਾਸਬ, ਪੰਜਾਬ ਦੀਆਂ ਪੁਰਾਣੀਆਂ ਮੰਗਾਂ, ਪੰਜਾਬੀ ਬੋਲਦੇ ਇਲਾਕਿਆਂ ਸਮੇਤ ਚੰਡੀਗੜ੍ਹ, ਪੰਜਾਬ ਦੀ ਆਪਣੀ ਰਾਜਧਾਨੀ ਤੇ ਆਪਣੀ ਹਾਈ ਕੋਰਟ ਬਾਰੇ ਸਵਾਲ ਉਠਾਏ ਜਾਣ | ਹੋਰ ਵੀ ਕਈ ਸਵਾਲ ਹਨ | ਚੰਗਾ ਹੋਵੇ ਜੇ ਪੰਜਾਬੀ ਪਾਰਟੀਆਂ ਨਾਲ ਜਾਣ ਦੀ ਬਜਾਏ ਉਮੀਦਵਾਰਾਂ ਦੀ ਭਰੋਸੇਯੋਗਤਾ ਨੂੰ  ਪਹਿਲ ਦੇਣ | ਜੇਕਰ ਕੋਈ ਅਜ਼ਮਾਇਆ ਹੋਇਆ ਚੰਗਾ ਆਜ਼ਾਦ ਉਮੀਦਵਾਰ ਵੀ ਚੋਣ ਲੜਨ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ  ਵੀ ਵਿਚਾਰਨਾ ਚੰਗਾ ਹੋਵੇਗਾ | ਨਸ਼ਾ ਵੰਡਣ ਵਾਲੇ ਹਰ ਉਮੀਦਵਾਰ ਨੂੰ  ਹਰਾਇਆ ਜਾਵੇ |
ਦਿਲ ਪ੍ਰੇਸ਼ਾਂ ਹੈ ਕਯਾ ਕੀਆ ਜਾਏ |
ਅਕਲ ਹੈਰਾਂ ਹੈ ਕਯਾ ਕੀਆ ਜਾਏ |
(ਜੌਨ ਏਲੀਆ)
ਮਰਦਮਸ਼ੁਮਾਰੀ ਤੇ ਸਿੱਖ ਹੋਂਦ ਦਾ ਸਵਾਲ
16 ਸਾਲ ਬਾਅਦ ਭਾਜਪਾ ਰਾਜ ਵਿਚ ਪਹਿਲੀ ਵਾਰ 6 ਸਾਲ ਦੀ ਦੇਰੀ ਨਾਲ ਮਰਦਮਸ਼ੁਮਾਰੀ ਸ਼ੁਰੂ ਹੋਈ ਹੈ | ਪੰਜਾਬ ਵਿਚ ਇਹ 4 ਜਨਵਰੀ, 2027 ਨੂੰ  ਪੂਰੀ ਹੋ ਜਾਵੇਗੀ | ਇਹ ਪਹਿਲੀ ਡਿਜੀਟਲ ਤੇ ਜਾਤ ਆਧਾਰਿਤ ਮਰਦਮਸ਼ੁਮਾਰੀ ਹੈ | 2011 ਦੀ ਮਰਦਮਸ਼ੁਮਾਰੀ ਵਿਚ ਪੰਜਾਬ ਵਿਚ 2 ਕਰੋੜ 77 ਲੱਖ ਆਬਾਦੀ ਸੀ, ਹੁਣ ਸਵਾ 3 ਕਰੋੜ ਦੇ ਕਰੀਬ ਹੋਣ ਦਾ ਅੰਦਾਜ਼ਾ ਹੈ | ਉਸ ਵੇਲੇ ਸਿੱਖ 57.69 ਫ਼ੀਸਦੀ ਅਤੇ 38.49 ਹਿੰਦੂ ਸਨ ਜਦੋਂ ਕਿ ਹੁਣ ਸੰਭਾਵਨਾ ਇਹ ਹੈ ਕਿ ਸਿੱਖਾਂ ਦੀ ਗਿਣਤੀ 54 ਫ਼ੀਸਦੀ ਤੋਂ ਵੀ ਘਟੇਗੀ | ਹਾਲਾਂਕਿ ਪੰਜਾਬ ਵਿਚ ਇਕੱਲੇ ਹਿੰਦੂ ਹੀ ਨਹੀਂ ਵਧੇ, ਮੁਸਲਮਾਨ ਵੀ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਵੱਡੀ ਗਿਣਤੀ ਵਿਚ ਪੰਜਾਬ ਵਿਚ ਆ ਕੇ ਵਸ ਰਹੇ ਹਨ | ਇਹ ਜ਼ਰੂਰੀ ਹੈ ਕਿ ਪੰਜਾਬ ਦੀ ਡੈਮੋਗ੍ਰਾਫੀ ਬਚਾਉਣ ਲਈ ਹਿਮਾਚਲ ਵਰਗੇ ਰਾਜਾਂ ਵਾਂਗ ਪੰਜਾਬ ਵਿਚ ਵਸੋਂ ਅਤੇ ਜ਼ਮੀਨ ਖਰੀਦਣ ਲਈ ਕਾਨੂੰਨ ਬਣਾਇਆ ਜਾਵੇ | ਪੰਜਾਬ ਵਿਚ ਵਸਣ ਅਤੇ ਵੋਟਾਂ ਬਣਾਉਣ ਲਈ ਕੁਝ ਨਿਯਮ ਕਾਨੂੰਨ ਵੀ ਬਣਾਏ ਜਾਣ | ਯਾਦ ਰੱਖੋ ਕਿ ਬਰਤਾਨਵੀ ਰਾਜ ਦੀ ਸ਼ੁਰੂਆਤ ਤੋਂ ਲੈ ਕੇ ਆਜ਼ਾਦੀ ਤੋਂ ਬਾਅਦ ਅਤੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਤੱਕ ਵੀ ਕਸ਼ਮੀਰ ਤੋਂ ਆਉਣ ਵਾਲੇ ਗੁੱਜਰ ਤੇ ਬੱਕਰਵਾਲ ਕਬੀਲਿਆਂ ਨੂੰ  ਸਰਦੀਆਂ ਦੇ ਮੌਸਮ ਵਿਚ ਚਰਾਂਦਾਂ ਵਿਚ ਪਸ਼ੂ ਲੈ ਕੇ ਆਉਣ ਵੇਲੇ ਪਰਮਿਟ ਲੈਣੇ ਪੈਂਦੇ ਸਨ | ਉਹ ਪਸ਼ੂਆਂ ਦੀ ਗਿਣਤੀ ਕਰਵਾ ਕੇ ਆਉਂਦੇ ਸਨ ਤੇ ਗਿਣਤੀ ਕਰਵਾ ਕੇ ਗਰਮੀਆਂ ਵਿਚ ਮੁੜਦੇ ਸਨ | ਇਹ ਰਵਾਇਤ 1980 ਤੱਕ ਜਾਰੀ ਰਹੀ, ਪਰ ਬਾਅਦ ਵਿਚ ਉਹ ਪੰਜਾਬ ਵਿਚ ਹੀ ਵਸ ਗਏ | ਇਸ ਤੋਂ ਇਲਾਵਾ ਸਾਡੀ ਪੰਜਾਬੀਆਂ (ਹਿੰਦੂ-ਸਿੱਖਾਂ) ਦੀ ਜਨਮ ਦਰ ਵੀ ਸਿਰਫ਼ 1.4 ਪ੍ਰਤੀ ਜੋੜਾ ਰਹਿ ਗਈ ਹੈ | ਭਾਵੇਂ ਪ੍ਰਵਾਸ ਅਸੀਂ ਵੀ ਕਰਦੇ ਹਾਂ ਪਰ ਅਸੀਂ ਕਿਸੇ ਵੀ ਦੇਸ਼ ਵਿਚ ਨਿਯਮਾਂ ਕਾਨੂੰਨਾਂ ਅਧੀਨ ਹੀ ਰਹਿ ਸਕਦੇ ਹਾਂ | ਜੇ ਅਸੀਂ ਨਾ ਸੰਭਲੇ ਤਾਂ ਕੁਝ ਦਹਾਕਿਆਂ ਬਾਅਦ ਪੰਜਾਬ ਪੰਜਾਬੀਆਂ ਦਾ ਨਹੀਂ ਪ੍ਰਵਾਸੀਆਂ ਦੀ ਬਹੁਗਿਣਤੀ ਵਾਲਾ ਸੂਬਾ ਬਣਨ ਦੇ ਅਸਾਰ ਹਨ |
ਨਸ਼ਾ-ਏ-ਸ਼ੌਕ-ਏ ਸਫਰ ਟੂਟਾ ਤੋ ਅਹਿਸਾਸ ਹੂਆ,
ਜਿਸ ਜਗਹ ਕਾ ਹਮੇਂ ਹੋਨਾ ਥਾ ਵਹੀਂ ਕੇ ਨਾ ਰਹੇ |
(ਮਜਾਜ਼ ਆਸ਼ਕਾ)
ਸੋਨੇ ਵਿਚ ਮਿਲਾਵਟ ਤੋਂ ਸੁਚੇਤ ਰਹਿਣ ਦੀ ਲੋੜ
ਹਾਲਾਂਕਿ ਭਾਰਤ ਸਰਕਾਰ ਨੇ ਲੋਕਾਂ ਨੂੰ  ਸੋਨੇ ਵਿਚ ਮਿਲਾਵਟ ਦੀ ਠੱਗੀ ਤੋਂ ਬਚਾਉਣ ਲਈ ਕਾਫੀ ਚੰਗੇ ਕਦਮ ਚੁੱਕੇ ਹਨ | ਇਸ ਲਈ ਬੀ.ਆਈ.ਐਸ. ਤੋਂ ਮਾਨਤਾ ਪ੍ਰਾਪਤ ਹਾਲ ਮਾਰਕ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ | ਇਸ ਵਿਚ ਐਕਸ-ਰ ਫਲੋਰੋਸੈਂਸ ਮਸ਼ੀਨ ਨਾਲ ਜਾਂ ਲੋੜ ਪੈਣ 'ਤੇ 'ਪਾਇਰ ਅਸੇ' ਤਕਨੀਕ ਨਾਲ ਜਾਂਚ ਕਰਕੇ ਹਾਲ ਮਾਰਕ ਲਾ ਕੇ 6 ਅੱਖਰਾਂ ਦਾ ਕੋਡ ਵੀ ਦਿੱਤਾ ਜਾਂਦਾ ਹੈ | ਜੋ ਸੋਨੇ ਦੇ ਗਹਿਣੇ ਦੇ ਕੈਰੇਟ ਦੀ ਸ਼ੁੱਧੀ ਦਾ ਪ੍ਰਮਾਣ ਪੱਤਰ ਮੰਨਿਆ ਜਾਂਦਾ ਹੈ | ਪਰ ਹੁਣੇ ਹੁਣੇ ਇਕ ਵੱਡੀ ਅਖ਼ਬਾਰ ਨੇ ਖ਼ੁਦ ਅਜ਼ਮਾ ਕੇ ਇਕ ਸਨਸਨੀਖੇਜ਼ ਇੰਕਸ਼ਾਫ ਕੀਤਾ ਹੈ ਕਿ ਚੀਨ ਤੋਂ ਆਉਂਦੀ ਇਕ ਨਵੀਂ ਧਾਤ 'ਰੇਨੀਅਮ' ਦੀ ਸੋਨੇ ਵਿਚ ਮਿਲਾਵਟ ਕੀਤੀ ਜਾ ਰਹੀ ਹੈ, ਜਿਸ ਨੂੰ  ਇਹ ਐਕਸ-ਰੇ-ਫਲੋਰੋਸੈਂਸ ਤਕਨੀਕ ਵੀ ਨਹੀਂ ਫੜ ਸਕਦੀ | ਉਨ੍ਹਾਂ ਨੇ 22 ਕੈਰੇਟ ਦੇ ਸੋਨੇ ਵਿਚ ਇਹ ਮਿਲਾਵਟ ਕਰਕੇ ਵੀ 22 ਕੈਰੇਟ ਪਿਓਰਟੀ ਦਾ ਹਾਲ ਮਾਰਕ ਲੈਣ ਵਿਚ ਸਫ਼ਲਤਾ ਹਾਸਿਲ ਕੀਤੀ | ਪਰ ਚੀਨ ਤੋਂ ਰੇਨੀਅਮ ਸਪਲਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸੋਨੇ ਵਿਚ 25 ਫ਼ੀਸਦੀ ਤੱਕ 'ਰੇਨੀਅਮ' ਮਿਲਾ ਦਿੱਤਾ ਜਾਵੇ ਤਦ ਵੀ ਇਹ ਤਕਨੀਕ ਇਸ ਨੂੰ  ਨਹੀਂ ਫੜ ਸਕਦੀ | ਇਥੇ ਇਹ ਵੀ ਵਰਨਣਯੋਗ ਹੈ ਕਿ ਕੈਗ ਦੀ ਰਿਪੋਰਟ ਹੈ ਕਿ ਪਿਛਲੇ 5 ਸਾਲਾਂ ਵਿਚ ਕਰੀਬ 44 ਫ਼ੀਸਦੀ ਥਾਵਾਂ 'ਤੇ, ਜਿਥੇ ਸੋਨੇ ਦੀ ਪਰਖ ਹੁੰਦੀ ਹੈ, ਦੀ ਜ਼ਰੂਰੀ ਜਾਂਚ ਤੇ ਆਡਿਟ ਨਹੀਂ ਕੀਤਾ ਗਿਆ | ਵੱਡੇ ਜੌਹਰੀਆਂ ਦੀ ਨਿਯਮਤ ਜਾਂਚ ਵਿਚ ਲਾਪ੍ਰਵਾਹੀ ਵਰਤੀ ਜਾ ਰਹੀ ਹੈ | ਭਾਰਤ ਸਰਕਾਰ ਨੂੰ  ਬੇਨਤੀ ਹੈ ਕਿ ਸੋਨੇ ਦੀ ਜਾਂਚ ਕਰਨ ਵਾਲੀਆਂ ਤਕਨੀਕਾਂ ਨੂੰ  ਤੇਜ਼ੀ ਨਾਲ ਸਮੇਂ ਦੇ ਹਾਣ ਦਾ ਬਣਾਉਣਾ ਯਕੀਨੀ ਬਣਾਇਆ ਜਾਵੇ ਤੇ ਅਜਿਹੀ ਮਿਲਾਵਟ ਫੜੇ ਜਾਣ 'ਤੇ ਸਖ਼ਤ ਕਾਨੂੰਨੀ ਕਾਰਵਾਈ ਲਈ ਕਾਨੂੰਨ ਵਿਚ ਜ਼ਰੂਰੀ ਸੋਧਾਂ ਕੀਤੀਆਂ ਜਾਣ ਤਾਂ ਜੋ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਨਾਲ ਖ਼ਰੀਦੇ ਸੋਨੇ ਰਾਹੀਂ ਉਨ੍ਹਾਂ ਦੀ ਲੁੱਟ ਨਾ ਹੋ ਸਕੇ | ਲੋਕਾਂ ਨੂੰ  ਖ਼ੁਦ ਵੀ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ |
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ
ਵਿਧਾਨ ਸਭਾ ਵਿਚ 27 ਅਕਤੂਬਰ, 2026 ਨੂੰ  ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਫਿਰ ਖੋਲ੍ਹੇ ਜਾਣ ਦਾ ਮਤਾ ਪਾਸ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 24 ਨਵੰਬਰ ਨੂੰ  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਕੇਂਦਰ ਸਰਕਾਰ ਤੋਂ ਮੰਗੀ ਹੈ | ਭਾਵੇਂ ਇਸ ਪਿੱਛੇ ਚੋਣਾਂ ਸਿਰ 'ਤੇ ਹੋਣ ਕਾਰਨ ਕੋਈ ਰਾਜਨੀਤੀ ਹੀ ਹੋਵੇ, ਫਿਰ ਵੀ ਇਹ ਕਦਮ ਸ਼ਲਾਘਾਯੋਗ ਹੈ | ਦੂਜੇ ਪਾਸੇ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਵੀ ਪ੍ਰਧਾਨ ਮੰਤਰੀ ਦੇ ਇਹ ਲਾਂਘਾ ਫਿਰ ਖੋਲ੍ਹੇ ਜਾਣ ਲਈ ਤਿਆਰ ਹੋਣ ਦੇ ਸੰਕੇਤ ਦਿੱਤੇ ਹਨ | ਹਾਲਤ ਸਾਜ਼ਗਾਰ ਲਗਦੇ ਹਨ | ਇਸ ਦਰਮਿਆਨ ਫਿਲੀਪੀਨਜ਼ ਦੇ ਮਨੀਲਾ ਵਿਚ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਉਥੋਂ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਕੋਲੋਂ ਉਥੋਂ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ 'ਖ਼ਾਲਸਾ ਦੀਵਾਨ' ਦੇ ਨਵੀਨੀਕਰਨ ਦਾ ਨੀਂਹ ਪੱਥਰ ਰਖਵਾ ਕੇ ਇਕ ਸਦਭਾਵਨਾ ਵਾਲਾ ਸੰਦੇਸ਼ ਦਿੱਤਾ ਹੈ | ਅਸੀਂ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ  ਰਾਜਨੀਤੀ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੀ ਆਸਥਾ ਦੀ ਕਦਰ ਕਰਨਗੇ |

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
5. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਰਾਹੁਲ ਦੀ ਬੌਖਲਾਹਟ ਅਗਲੀ ਖ਼ਬਰ ਭਗਤ ਨਾਮਦੇਵ ਜੀ ਦਾ ਜੀਵਨ ਤੇ ਸੰਦੇਸ਼
Ad Position 24