20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਵੱਡੇ ਆਗੂਆਂ ਦੀਆਂ ਸੀਮਾਵਾਂ

ਵੱਡੇ ਆਗੂਆਂ ਦੀਆਂ ਸੀਮਾਵਾਂ

Ad Position 21
No active advertisement
ਅਜੀਤ ਡੈਸਕ 21-11-2026

ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿਚ ਦੁਨੀਆ ਦੀਆਂ ਤਿੰਨ ਵੱਡੀਆਂ ਸ਼ਕਤੀਆਂ ਵਾਲੇ ਮੁਲਕਾਂ ਦੇ ਮੁਖੀਆਂ ਦੇ ਏਪੇਕ ਸਿਖ਼ਰ ਸੰਮੇਲਨ ਨੂੰ  ਬੜੀ ਹੀ ਦਿਲਚਸਪੀ ਅਤੇ ਨੀਝ ਨਾਲ ਵੇਖਿਆ ਗਿਆ ਹੈ | ਜਿਸ ਤਰ੍ਹਾਂ ਕਈ ਖਿੱਤਿਆਂ ਵਿਚ ਭਿਆਨਕ ਜੰਗਾਂ ਛਿੜੀਆਂ ਹੋਈਆਂ ਹਨ, ਜਿਨ੍ਹਾਂ ਦੇ ਖ਼ਤਮ ਹੋਣ ਬਾਰੇ ਅਨਿਸਚਿਤਤਾ ਬਣੀ ਹੋਈ ਹੈ, ਨੂੰ  ਵੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇਸ ਮੁਲਾਕਾਤ ਤੋਂ ਵੱਡੇ ਨਤੀਜੇ ਨਿਕਲਣ ਦੀ ਆਸ ਕੀਤੀ ਜਾ ਰਹੀ ਹੈ | ਇਸ ਲਈ ਵੀ ਕਿ ਜਿੱਥੇ ਪਿਛਲੇ 5 ਸਾਲ ਤੋਂ ਰੂਸ ਅਤੇ ਯੂਕਰੇਨ ਦੀ ਤਬਾਹਕੁੰਨ ਜੰਗ ਚੱਲ ਰਹੀ ਹੈ, ਉੱਥੇ ਹੀ ਅਮਰੀਕਾ ਅਤੇ ਇਜ਼ਰਾਈਲ ਵਲੋਂ ਕੀਤੇ ਗਏ ਈਰਾਨ 'ਤੇ ਹਮਲੇ ਦਾ ਅਸਰ ਵੀ ਵੱਡੀ ਪੱਧਰ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ | ਸ਼ੇਨਜ਼ੇਨ ਵਿਚ ਇਸ ਮੀਟਿੰਗ ਤੋਂ ਇਹ ਆਸ ਜ਼ਰੂਰ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਲੜਾਈਆਂ ਸੰਬੰਧੀ ਇਸ ਤੋਂ ਕੋਈ ਸਾਰਥਕ ਨਤੀਜੇ ਨਿਕਲ ਸਕਣਗੇ ਪਰ ਇਸ ਮੀਟਿੰਗ ਦੌਰਾਨ ਇਨ੍ਹਾਂ ਵਿਸ਼ਿਆਂ ਨੂੰ  ਇਸ ਲਈ ਨਹੀਂ ਛੋਹਿਆ ਜਾ ਸਕਿਆ, ਕਿਉਂਕਿ ਇਹ ਵੱਡੇ ਦੇਸ਼ ਆਪ ਇਸ ਵਿਚ ਉਲਝੇ ਹੋਏ ਹਨ |

ਇਸੇ ਨਵੰਬਰ ਦੇ ਮਹੀਨੇ ਵਿਚ ਅਮਰੀਕਾ ਵਿਚ ਹੋਈਆਂ ਮੱਧਕਾਲੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਪਾਰਟੀ ਨੂੰ  ਕਾਂਗਰਸ ਦੀ ਪ੍ਰਤੀਨਿਧੀ ਸਭਾ ਅਤੇ ਸੈਨਿਟ ਵਿਚ ਹੋਈ ਹਾਰ ਨੇ ਵੀ ਟਰੰਪ ਦੇ ਪ੍ਰਸ਼ਾਸਨ ਨੂੰ  ਅਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ  ਕਾਫ਼ੀ ਕਮਜ਼ੋਰ ਕਰ ਦਿੱਤਾ ਹੈ | ਆਉਣ ਵਾਲੇ ਸਮੇਂ ਵਿਚ ਉਪਰੋਕਤ ਗੰਭੀਰ ਮਸਲਿਆਂ ਵਿਚ ਉਹ ਕਿੰਨਾ ਕੁ ਪ੍ਰਭਾਵਸ਼ਾਲੀ ਬਣ ਸਕਦਾ ਹੈ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ | ਚਾਹੇ ਇਨ੍ਹਾਂ ਗੰਭੀਰ ਮਸਲਿਆਂ ਬਾਰੇ ਤਾਂ ਇਸ ਵਿਚ ਚਰਚਾ ਨਹੀਂ ਕੀਤੀ ਗਈ ਪਰ ਅਸੀਂ ਸਮਝਦੇ ਹਾਂ ਕਿ ਜੇਕਰ ਇਸ ਸੰਮੇਲਨ ਵਿਚ ਪ੍ਰਮਾਣੂ ਹਥਿਆਰਾਂ ਨੂੰ  ਸੀਮਤ ਕਰਨ ਦੀ ਗੱਲ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਮਸਲੇ 'ਤੇ ਸਹਿਮਤੀ ਬਣਾਏ ਜਾਣ ਦੇ ਯਤਨ ਪ੍ਰਭਾਵਸ਼ਾਲੀ ਹੋ ਸਕਣਗੇ ਤਾਂ ਇਹ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਮੰਨੀ ਜਾਏਗੀ | ਅੱਜ ਦੁਨੀਆ ਬਾਰੂਦ ਦੇ ਢੇਰ 'ਤੇ ਬੈਠੀ ਹੈ | ਵੱਡੇ ਅਤੇ ਤਾਕਤਵਰ ਦੇਸ਼ਾਂ ਨੇ ਜਿਸ ਕਦਰ ਆਪਣੇ ਕੋਲ ਮਾਰੂ ਹਥਿਆਰਾਂ ਦੇ ਜ਼ਖ਼ੀਰੇ ਇਕੱਠੇ ਕਰ ਲਏ ਹਨ, ਉਹ ਇਸ ਲਈ ਭਿਆਨਕ ਦਿ੍ਸ਼ ਪੇਸ਼ ਕਰ ਰਹੇ ਹਨ ਕਿ ਇਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੀਤਾ ਗਿਆ ਇਸਤੇਮਾਲ ਇਸ ਧਰਤੀ ਲਈ ਤਬਾਹਕੁੰਨ ਸਾਬਤ ਹੋ ਸਕਦਾ ਹੈ | ਦੂਸਰੀ ਸੰਸਾਰ ਜੰਗ ਸਮੇਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੋ ਮਹਾਂਸ਼ਕਤੀਆਂ ਸਨ, ਜਿਨ੍ਹਾਂ ਨੇ ਉਸ ਸਮੇਂ ਬੜੀ ਮਿਹਨਤ ਅਤੇ ਦਿਆਨਤਦਾਰੀ ਨਾਲ ਲਗਾਤਾਰ ਆਪੋ-ਆਪਣੇ ਕੋਲ ਬਣਾਏ ਅਤੇ ਵਧਾਏ ਜਾ ਰਹੇ ਐਟਮੀ ਹਥਿਆਰਾਂ ਦੇ ਜ਼ਖੀਰਿਆਂ ਨੂੰ  ਸੀਮਤ ਰੱਖਣ ਲਈ ਸਮਝੌਤੇ ਕੀਤੇ ਸਨ, ਪਰ ਉਨ੍ਹਾਂ ਸਮਝੌਤਿਆਂ ਦੀ ਮਿਆਦ ਪੁੱਗ ਚੁੱਕੀ ਹੈ, ਜਿਨ੍ਹਾਂ ਨੂੰ  ਨਵੇਂ ਸੰਦਰਭ ਵਿਚ ਹੋਰ ਵੱਡੀਆਂ ਧਿਰਾਂ ਨੂੰ  ਵੀ ਨਾਲ ਲੈ ਕੇ ਨਵਿਆਉਣ ਦੀ ਸਖ਼ਤ ਜ਼ਰੂਰਤ ਮਹਿਸੂਸ ਹੋ ਰਹੀ ਹੈ | ਇਸ ਮੁਲਾਕਾਤ ਵਿਚ 4 ਸੂਤਰੀ ਐਲਾਨਨਾਮੇ ਵਿਚ ਪ੍ਰਮਾਣੂ ਹਥਿਆਰਾਂ ਦੇ ਪਸਾਰ ਨੂੰ  ਰੋਕਣ  'ਤੇ ਗੱਲਬਾਤ ਕਰਨ ਦੀ ਵੀ ਸਹਿਮਤੀ ਜਤਾਈ ਗਈ ਹੈ |
ਇਹ ਵੀ ਕਿ ਅੱਜ ਦੁਨੀਆ ਜਿਸ ਦੌਰ 'ਚੋਂ ਗੁਜ਼ਰ ਰਹੀ ਹੈ, ਉਸ ਵਿਚ ਵੱਧ ਤੋਂ ਵੱਧ ਊਰਜਾ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ | ਇਸ ਲਈ ਇਨ੍ਹਾਂ ਸੋਮਿਆਂ ਦਾ ਨਿਰੰਤਰ ਜਾਰੀ ਰਹਿਣਾ ਵੀ ਜ਼ਰੂਰੀ ਹੈ | ਚਾਹੇ ਇਨ੍ਹਾਂ ਤਿੰਨਾਂ ਆਗੂਆਂ ਦੀ ਮੁਲਾਕਾਤ ਵਿਚ ਸੰਯੁਕਤ ਰਾਸ਼ਟਰ ਦੀਆਂ ਸ਼ਕਤੀਆਂ ਬਾਰੇ ਵੀ ਗੱਲ ਚੱਲੀ ਹੈ ਪਰ ਲੱਗਦਾ ਇਹ ਹੈ ਕਿ ਅੱਜ ਦੇ ਦੌਰ ਵਿਚ ਸੰਯੁਕਤ ਰਾਸ਼ਟਰ ਦਾ ਰੋਲ ਗੰਭੀਰ ਕੌਮਾਂਤਰੀ ਮਸਲਿਆਂ ਵਿਚ ਪ੍ਰਭਾਵਸ਼ਾਲੀ ਨਹੀਂ ਰਿਹਾ | ਇਹ ਤਦ ਹੀ ਅਮਲੀ ਰੂਪ ਵਿਚ ਸਹੀ ਰੋਲ ਨਿਭਾ ਸਕਦਾ ਹੈ, ਜੇ ਇਸ ਨੂੰ  ਤਾਜ਼ਾ ਸੰਦਰਭ ਵਿਚ ਨਵਿਆਇਆ ਜਾਏ | ਅਸੀਂ ਇਸ ਗੱਲਬਾਤ ਨੂੰ  ਵਿਸ਼ਵ ਸ਼ਾਂਤੀ ਲਈ ਚੰਗੀ ਦਿਸ਼ਾ ਵਿਚ ਪੁੱਟਿਆ ਗਿਆ ਕਦਮ ਜ਼ਰੂਰ ਸਮਝਦੇ ਹਾਂ ਪਰ ਅਮਲੀ ਰੂਪ ਵਿਚ ਛਿੜੀਆਂ ਜੰਗਾਂ ਬਾਰੇ ਆਪੋ-ਆਪਣੀਆਂ ਸੀਮਾਵਾਂ ਕਾਰਨ ਇਹ ਆਗੂ ਕੋਈ ਸਥੂਲ ਅਤੇ ਸਥਾਈ ਹੱਲ ਲੱਭਣ ਤੋਂ ਅਸਮਰੱਥ ਰਹੇ ਜਾਪਦੇ ਹਨ, ਜਿਸ ਦੀ ਇਨ੍ਹਾਂ ਕੋਲੋਂ ਵੱਡੀ ਆਸ ਕੀਤੀ ਜਾਂਦੀ ਸੀ ਅਤੇ ਜਿਸ ਨੂੰ  ਇਸ ਸਮੇਂ ਦੀ ਵੱਡੀ ਲੋੜ ਵੀ ਸਮਝਿਆ ਜਾ ਰਿਹਾ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਕਿਸਾਨੀ ਮੰਗਾਂ ਸੰਬੰਧੀ ਜ਼ਰੂਰੀ ਹੈ ਸਰਕਾਰ ਦੀ ਜਵਾਬਦੇਹੀ
Ad Position 24