21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੰਜਾਬ ਦੀਆਂ ਸਮੱਸਿਆਂਵਾਂ ਦੀ ਬਾਤ ਪਾਉਂਦੀ ਇਕ ਕਿਤਾਬ : 'ਪੰਜਾਬ ਸਿਆਸਤ ਅਤੇ ਸਮਕਾਲ'

ਪੰਜਾਬ ਦੀਆਂ ਸਮੱਸਿਆਂਵਾਂ ਦੀ ਬਾਤ ਪਾਉਂਦੀ ਇਕ ਕਿਤਾਬ : 'ਪੰਜਾਬ ਸਿਆਸਤ ਅਤੇ ਸਮਕਾਲ'

Ad Position 21
No active advertisement
ਅਜੀਤ ਡੈਸਕ 22-11-2026

ਮੈਂ ਜ਼ਿੰਦਗੀ ਦੇ 6 ਦਹਾਕੇ ਦੀ ਉਮਰ ਹੰਢਾ ਕੇ ਮਹਿਸੂਸ ਕੀਤਾ ਹੈ ਕਿ ਪੰਜਾਬ ਹਮੇਸ਼ਾ ਚਰਚਿਆਂ ਤੇ ਸਮੱਸਿਆਵਾਂ 'ਚ ਹੀ ਰਿਹਾ ਹੈ, ਇਸ ਦਾ ਕਾਰਨ ਪਤਾ ਨਹੀਂ ਕੀ ਹੈ? ਕਦੀ ਇਸ ਦੀ ਜ਼ਰਖੇਜ਼ ਧਰਤੀ ਵਿਦੇਸ਼ੀ ਲੁਟੇਰਿਆਂ ਨੂੰ  ਖਿੱਚਦੀ ਰਹੀ, ਕਦੇ ਇਥੋਂ ਦੇ ਦਲੇਰ ਲੋਕ ਵਿਦੇਸ਼ੀ ਹੁਕਮਰਾਨਾਂ ਲਈ ਸਿਪਾਹੀ ਬਣ ਲੜਦੇ ਰਹੇ | ਹੁਣ ਤੀਕਰ ਪੰਜਾਬ ਦੇ ਕਈ ਵਾਰ ਟੁਕੜੇ ਹੋ ਚੁੱਕੇ ਹਨ | ਇਥੇ ਦੀ ਨੌਜਵਾਨੀ ਦੀ ਖਸਲਤ ਰਾਹਤ ਇੰਦੌਰੀ ਦਾ ਸ਼ੇਅਰ ਬਾਖੂਬੀ ਬਿਆਨ ਕਰਦਾ ਹੈ |

'ਚਲਤੇ ਫਿਰਤੇ ਹੂਏ ਮਹਿਤਾਬ ਦਿਖਾਏਾਗੇ ਤੁਮਹੇਂ
ਹਮਸੇ ਮਿਲਨਾ ਕਭੀ ਪੰਜਾਬ ਦਿਖਾਏਾਗੇ ਤੁਮਹੇਂ'
ਪਰ ਪੰਜਾਬ ਦੇ ਅਜੋਕੀ ਪੀੜ੍ਹੀ ਦੇ ਇਹ 'ਮਹਿਤਾਬ' ਜਾਂ ਤਾਂ ਵਿਦੇਸ਼ੀ ਉਡਾਰੀ ਮਾਰ ਜਾਣ ਦੇ ਇਛੁਕ ਹਨ  ਜਾਂ ਫਿਰ ਨਸ਼ਿਆਂ ਦੀ ਦਲ-ਦਲ ਵਿਚ ਧਸ ਕੇ ਰਹਿ ਗਏ ਹਨ | ਹਥਲੀ ਕਿਤਾਬ, ' ਪੰਜਾਬ ਸਿਆਸਤ ਅਤੇ ਸਮਕਾਲ' ਦੇ ਸੰਪਾਦਕਾਂ ਨੇ ਪੰਜਾਬ ਨੂੰ  ਮੌਜੂਦਾ ਸਮੇਂ ਦਰਪੇਸ਼ ਸਮੱਸਿਆਵਾਂ ਨੂੰ  ਇਸ ਵਿਚ ਉਠਾ ਕੇ ਇਕ ਚੰਗਾ ਉਪਰਾਲਾ ਕੀਤਾ ਹੈ ਅਤੇ ਇਹ 'ਕਾਫ਼ਲਾ: ਜੀਵੇ ਪੰਜਾਬ' ਦੀ ਅਗਵਾਈ ਕਰ ਰਹੇ ਕੁਝ ਨੇਕ ਰੂਹ ਵਾਲੇ ਇਨਸਾਨਾਂ ਡਾ. ਗੁਰਪ੍ਰੀਤ ਸਿੰਘ ਤੂਰ, ਬਲਵੰਤ ਸਿੰਘ ਸੰਧੂ ਤੇ ਕੁਲਦੀਪ ਸਿੰਘ ਦੁਆਰਾ ਸੰਪਾਦਿਤ  ਕੀਤੀ ਗਈ ਚੌਥੀ ਕਿਤਾਬ ਹੈ | ਚੇਤਨਾ ਪ੍ਰਕਾਸ਼ਨ ਦੁਆਰਾ ਛਾਪੀ ਇਸ ਕਿਤਾਬ ਵਿਚ ਸੰਪਾਦਕਾਂ ਨੇ ਵੱਖ ਵੱਖ ਵਿਦਵਾਨਾਂ ਦੇ ਕਰੀਬ 20 ਲੇਖਾਂ ਨੂੰ  6 ਭਾਗਾਂ 'ਚ  ਵੰਡ ਕੇ ਪੁਰਾਣੇ ਸਿਆਸਤਦਾਨ, ਅਜੋਕੀ ਸਿਆਸਤ ਤੇ ਸਮਾਜ , ਆਰਥਿਕਤਾ, ਸਿਆਸਤ ਤੇ ਪ੍ਰਸਾਸ਼ਨ, ਸੰਸਥਾਵਾਂ ਤੇ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ  ਵੱਖ-ਵੱਖ ਪਹਿਲੂਆਂ ਤੋਂ ਦਰਸਾਉਂਦਿਆ ਇਨ੍ਹਾਂ ਦੇ ਸੰਭਾਵਤ ਹੱਲ ਵੀ ਪੇਸ਼ ਕੀਤੇ ਹਨ |
ਪੰਜਾਬ ਦੀ ਸਿਆਸਤ ਵਿਚ ਨਿਘਾਰ ਤਾਂ ਆਜ਼ਾਦੀ ਦੇ ਪਹਿਲੇ ਦਹਾਕੇ 'ਚ ਹੀ ਸ਼ੁਰੂ ਹੋ ਗਿਆ ਸੀ, ਜਦਕਿ ਅੱਜ ਦੀ ਸਿਆਸਤ 'ਚ ਤਾਂ ਇਸ ਨਿਘਾਰ ਦਾ ਸਿਰਾ ਹੀ ਲੱਗ ਗਿਆ ਹੈ | ਪਹਿਲੇ ਭਾਗ 'ਸਿਆਸਤਦਾਨ' 'ਚ ਪ੍ਰਤਾਪ ਸਿੰਘ ਕੈਰੋਂ ਤੇ ਲਛਮਣ ਸਿੰਘ ਬਾਬਤ ਲੇਖ ਹਨ, ਜਿਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ | ਕਿਸੇ ਸੈਮੀਨਾਰ 'ਚ ਇਕ ਵਿਦਵਾਨ ਨੂੰ  ਇਹ ਕਹਿੰਦਿਆਂ ਸੁਣਿਆ ਸੀ ਕਿ ਜੇ ਪੰਜਾਬ ਅੱਜ ਸੌਖੀ ਰੋਟੀ ਖਾ ਰਿਹਾ ਹੈ ਤਾਂ ਇਹ ਦੋ ਬੰਦਿਆਂ-ਪ੍ਰਤਾਪ ਸਿੰਘ ਕੈਰੋਂ ਤੇ ਦੂਜੇ ਮਹਿੰਦਰ ਸਿੰਘ ਰੰਧਾਵਾ ਦੀ ਦੇਣ ਹੈ | ਇਸ ਜੋੜੀ ਨੇ ਪੰਜਾਬ ਦੀ ਨਵ-ੳਸਾਰੀ ਦੀ ਨੀਂਹ ਰੱਖ ਕੇ ਹਰੇ ਇਨਕਲਾਬ ਦਾ ਮੁੱਢ ਬੰਨਿ੍ਹਆ ਸੀ | ਕੈਰੋਂ ਅੱਖੜ ਤਾਂ ਸੀ ਪਰ ਬਹੁਤ ਦੂਰ-ਅੰਦੇਸ਼ ਬੰਦਾ ਸੀ | ਉਸ ਦੇ ਜਟਕੇ ਬੋਲ- 'ਲੋਕੋ ਬਟਨ ਨੱਪਿਆ ਕਰੋਗੇ, ਪਾਣੀ ਨਿਕਲਿਆ ਕਰੂਗਾ'… 'ਲੋਕੋ ਅਜਿਹੀ ਮਸ਼ੀਨ ਲਿਆ ਕੇ ਦਿਆਂਗਾ ਕਿ ਦੋ ਦਿਨਾਂ ਵਿਚ ਤੂੜੀ ਅੱਡ ਦਾਣੇ ਅੱਡ' … ਬਲਦਾਂ ਨਾਲ ਖੂਹ ਜੋੜ ਕੇ ਸਿੰਜਾਈ ਕਰਦੇ ਤੇ ਮਹੀਨਿਆਂ ਬੱਧੀ ਫਲਿ੍ਹਆਂ ਨਾਲ ਕਣਕ 'ਚੋਂ 'ਤੂੜੀ ਅੱਡ ਤੇ ਦਾਣੇ ਅੱਡ' ਕਰਦੇ ਲੋਕਾਂ ਨੂੰ  ਕੈਰੋਂ ਦੀਆਂ ਉਦੋਂ ਇਹ ਗੱਲਾਂ 'ਗਪੌੜ' ਜਾਪਦੀਆਂ ਸਨ | ਪਰ ਉਸ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਆਪਣੀ ਨੇੜਤਾ ਸਦਕਾ ਭਾਖੜਾ ਡੈਮ ਬਣਵਾਇਆ ਤੇ ਲੋਕਾਂ ਨੂੰ  ਨਾਂਹ-ਨਾਂਹ ਕਰਦਿਆਂ ਮੋਟਰਾਂ ਦੇ ਕੁਨੈਕਸ਼ਨ ਦਿੱਤੇ | ਘਰ ਘਰ ਬਿਜਲੀ ਪਹੁੰਚਾਈ ਤੇ ਸਨਅਤੀ ਵਿਕਾਸ ਦੀਆਂ ਕਈ ਸਕੀਮਾਂ ਲਿਆਂਦੀਆਂ | ਲਛਮਣ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਤੇ ਪੇਂਡੂੰ ਸੜਕਾਂ ਬਣਾਉਣ ਨੂੰ  ਪਹਿਲ ਦਿੱਤੀ, ਕੈਰੋਂ ਦੀਆਂ ਕਈ ਯੋਜਨਾਵਾਂ ਨੂੰ  ਗਿੱਲ ਨੇ ਨੇਪਰੇ ਚਾੜਿ੍ਹਆ |
ਦੂਜੇ ਭਾਗ ਵਿਚ ਡਿਗਦੀ ਸਿਆਸਤ ਦੇ ਮਿਆਰ ਦਾ ਜ਼ਿਕਰ ਹੈ, ਪੈਸਾ ਖਿਲਾਰੋ ਤੇ ਚੋਣ ਜਿੱਤੋ ਅੱਜ ਦਾ ਅਸੂਲ ਬਣ ਗਿਆ ਹੈ | ਇਸ ਭਾਗ ਵਿਚ ਤਿੰਨ ਲੇਖ ਹਨ, ਜੋ ਕਿ ਸਿਆਸਤ ਦੇ ਡਿਗ ਰਹੇ ਮਿਆਰ, ਅਜੋਕੀ ਸਿਆਸਤ ਵਿਚ ਸਾਰਥਿਕ ਲੀਡਰਸ਼ਿਪ ਦੀ ਅਣਹੋਂਦ ਅਤੇ ਮੁਫ਼ਤ ਦੀਆਂ ਸਹੂਲਤਾਂ ਦੀ ਸਿਆਸਤ ਦੀ ਬਾਤ ਪਾਉਂਦੇ ਹਨ | ਕਿਤਾਬ ਦਾ ਤੀਸਰਾ ਭਾਗ ਪੰਜਾਬ ਦੀ ਆਰਥਿਕਤਾ ਨਾਲ ਸਬੰਧਤ ਹੈ, ਜਿਸ ਵਿਚ 3 ਲੇਖ ਸ਼ਾਮਿਲ ਹਨ | ਇਹ ਲੇਖ ਪੰਜਾਬ ਨੂੰ  ਦਰਪੇਸ਼ ਮੌਜੂਦਾ ਚਣੌਤੀਆਂ ਤੇ ਇਨ੍ਹਾਂ ਦੇ ਹੱਲ, ਸ਼ੈਡੋ ਇਕਾਨਮੀ, ਕਾਰਨ ਪ੍ਰਭਾਵ ਤੇ ਹੱਲ ਅਤੇ ਕੇਂਦਰ-ਰਾਜ ਵਿੱਤੀ ਸਬੰਧਾਂ ਬਾਬਤ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ | ਕਿਸੇ ਸਮੇਂ ਵਿਕਾਸ ਦਰ ਤੇ ਪ੍ਰਤੀ ਜੀਅ ਆਮਦਨ 'ਚ ਮੋਹਰੀ ਪੰਜਾਬ ਅੱਜ ਇਨ੍ਹਾਂ ਸਭ ਅੰਕੜਿਆਂ ਵਿਚ ਪਛੜ ਗਿਆ ਹੈ | ਚੌਥਾ ਭਾਗ ਸਮਾਜ, ਸਿਆਸਤ ਤੇ ਪ੍ਰਸ਼ਾਸਨ ਉਪਰ ਕੇਂਦਰਿਤ ਹੈ ਜਿਸ ਵਿਚ 5 ਲੇਖ ਹਨ | ਇਨ੍ਹਾਂ ਵਿਚ ਅਜੋਕੀ ਸਿਆਸਤ ਵਿਚ ਹਲਕਾ ਇੰਚਾਰਜ ਦੇ ਸੰਕਲਪ ਬਾਬਤ ਗੱਲ ਕੀਤੀ ਗਈ ਹੈ, ਜਿਨ੍ਹਾਂ ਦੀ ਵਿਧਾਇਕ ਨਾ ਚੁਣੇ ਜਾਣ ਦੇ ਬਾਵਜੂਦ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਹੋਣ ਕਰਕੇ ਸਰਕਾਰੇ-ਦਰਬਾਰੇ, ਥਾਣਿਆਂ ਤੇ ਤਹਿਸੀਲਾਂ ਵਿਚ ਤੂਤੀ ਬੋਲਦੀ ਹੈ | ਅਜੋਕੀ ਸਿਆਸਤ ਦੇ ਪ੍ਰਸ਼ਾਸਨਿਕ ਤੇ ਸਮਾਜਿਕ ਪ੍ਰਭਾਵਾਂ ਬਾਬਤ  ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਅਜੋੋਕੀ ਸਿਆਸਤ ਵਿਚ ਬੁੱਧੀਜੀਵੀ ਵਰਗ ਆਜ਼ਾਦੀ ਨਾਲ ਆਪਣੀ ਗੱਲ ਕਹਿਣ ਤੋਂ ਝਿਜਕਦੇ ਹਨ | ਕਿਸੇ ਵੇਲੇ ਦੇਸ਼ ਦੀ ਅਫਸਰਸ਼ਾਹੀ ਨੂੰ  ਪੰਡਿਤ ਨਹਿਰੂ ਨੇ 'ਸਟੀਲ ਫਰੇਮ' ਕਹਿ ਕੇ ਵਡਿਆਇਆ ਸੀ | ਕਹਿੰਦੇ ਹਨ ਇਕ ਅਫਸਰਸ਼ਾਹ ਨੇ ਪ੍ਰਤਾਪ ਸਿੰਘ ਕੈਰੋਂ ਵਰਗੇ ਧਾਕੜ ਸੀ.ਐਮ. ਨੂੰ  ਗਲਤ ਕੰਮ ਲਈ ਦਬਾਅ ਪਾਉਣ 'ਤੇ ਏਥੋਂ ਤੀਕਰ ਕਹਿ ਦਿੱਤਾ ਸੀ ਕਿ ਮੇਰੇ ਦਫ਼ਤਰ ਦੇ ਬਾਹਰ ਬੈਠਾ ਚਪੜਾਸੀ ਚੋਣ ਲੜ ਕੇ ਐਮ.ਐਲ.ਏ. ਅਤੇ ਸੀ.ਐਮ. ਬਣ ਸਕਦਾ ਹੈ, ਪਰ ਪ੍ਰਤਾਪ ਸਿੰਘ ਕੈਰੋਂ ਆਈ.ਸੀ.ਐਸ. (ਜੋ ਅੱਜਕਲ੍ਹ ਆਈ.ਏ.ਐਸ. ਹਨ) ਨਹੀਂ ਬਣ ਸਕਦਾ | ਅੱਜਕਲ੍ਹ ਅਜਿਹੇ ਅਫਸਰਾਂ ਦਾ ਕਾਲ ਪੈ ਗਿਆ ਹੈ | ਜੇਕਰ ਹਰਿਆਣੇ ਦੇ ਅਸ਼ੋਕ ਖੇਮਕਾ ਵਰਗਾ ਕੋਈ ਨਿਤਰਦਾ ਹੈ  ਤਾਂ 34 ਸਾਲ ਦੀ ਨੌਕਰੀ ਵਿਚ 57 ਤੋਂ 60 ਬਦਲੀਆਂ ਵੇਖਣੀਆਂ ਪੈਂਦੀਆਂ ਹਨ | 
ਪੰਜਵਾਂ ਭਾਗ ਸੂਬੇ ਦੀਆਂ ਸੰਸਥਾਵਾਂ ਬਾਬਤ ਹੈ, ਜੋ ਕਿਸੇ ਵੀ ਲੋਕਤੰਤਰੀ ਢਾਂਚੇ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ | ਅੱਜ ਪੰਜਾਬ ਦੀਆਂ ਸੰਸਥਾਵਾਂ ਦੀ ਖੁਦ-ਮੁਖਤਿਆਰੀ ਤੇ ਆਜ਼ਾਦੀ ਨਾਲ ਫੈਸਲੇ ਲੈਣ ਦੀ ਸਮਰੱਥਾ ਵੀ ਸ਼ੱਕ ਦੇ ਘੇਰੇ 'ਚ ਹੈ | ਹਰੇਕ ਸੰਸਥਾ ਵਿਚ ਰਾਜਨੀਤਕ ਦਖਲ-ਅੰਦਾਜ਼ੀ ਬਹੁਤ ਵਧ ਗਈ ਹੈ, ਇਸ ਭਾਗ 'ਚ 5 ਲੇਖ ਸ਼ਾਮਿਲ ਹਨ, ਜੋੋ ਉੱਚੇਰੀ ਸਿੱਖਿਆ ਦੇ ਡਿਗਦੇ ਮਿਆਰ, ਬਿਜਲੀ ਬੋਰਡ ਦੇ ਨਿਘਾਰ, ਸ਼ਹਿਰੀ ਯੋਜਨਾਬੰਦੀ, ਸੱਟੇਬਾਜ਼ੀ ਤੇ ਜ਼ਮੀਨ ਖੋਹ-ਖੁਹਾਈ ਅਤੇ ਆਈ. ਟੀ. ਸੈਕਟਰ ਦੀ ਰੜਕਦੀ ਘਾਟ ਬਾਬਤ ਜਾਣਕਾਰੀ ਦਿੰਦੇ ਹਨ | ਇਸੇ ਭਾਗ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਮ ਚੁਰਾਸੀ ਹਲਕੇ ਵਿਚ ਪੈਂਦੀ ਲਾਂਬੜਾ-ਕਾਂਗੜੀ ਸਹਿਕਾਰੀ ਸਭਾ ਦੀ ਸਫਲਤਾ ਬਾਬਤ ਲੇਖ ਵੀ ਸ਼ਾਮਿਲ ਹੈ | ਛੇਵੇਂ ਤੇ ਆਖਰੀ ਭਾਗ ਵਿਚ ਦੋ ਲੇਖ ਇਨ੍ਹਾਂ ਸਮੱਸਿਆਵਾਂ ਤੇ ਇਨ੍ਹਾਂ ਦੇ ਸੰਭਾਵਿਤ ਹੱਲਾਂ ਬਾਬਤ ਹਨ | ਪਹਿਲਾ ਲੇਖ ਪੰਜਾਬ ਸੰਕਟ-ਢੁਕਵੇਂ ਹੱਲ ਵਿਚ ਡਾ. ਪ੍ਰੀਤਮ ਸਿੰਘ ਸੂਬੇ ਨੂੰ  ਦਰਪੇਸ਼ ਇਨ੍ਹਾਂ ਸਮੱਸਿਆਵਾਂ ਦੇ ਸਨਮੁੱਖ ਆਰਥਿਕ, ਸਮਾਜਿਕ, ਰਾਜਨੀਤਕ ਤੇ ਵਾਤਾਵਾਰਨਿਕ ਹੱਲ ਪੇਸ਼ ਕਰਦੇ ਹਨ | ਦੂਸਰਾ ਲੇਖ 'ਤਿੜਕੇ ਸਿਆਸੀ ਬਿਰਤਾਂਤ 'ਚੋਂ ਭਵਿੱਖ ਦਾ ਰਾਹ' 'ਚ ਵੀ ਸੂਬੇ ਨੂੰ  ਦਰਪੇਸ਼ ਸਮੱਸਿਆਵਾਂ ਦੇ ਹੱਲ ਵਾਸਤੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ  ਪ੍ਰਵਾਸ ਨੂੰ  ਰੋਕਣ ਲਈ ਕੁਝ ਸੁਝਾਅ ਪੇਸ਼ ਕੀਤੇ ਗਏ ਹਨ |
ਲੇਖਕਾਂ ਦੇ ਜਜ਼ਬੇ ਨੂੰ  ਸਲਾਮ ਹੈ, ਡਾ. ਗੁਰਪ੍ਰੀਤ ਸਿੰਘ ਤੂਰ ਦੇ ਨਿੱਜੀ ਤਜਰਬਿਆਂ 'ਤੇ ਆਧਾਰਿਤ ਲਿਖੀਆਂ ਗੱਲਾਂ ਕਾਬਿਲੇ ਤਾਰੀਫ਼ ਹਨ | ਪੰਜਾਬ ਨੂੰ  ਦਰਪੇਸ਼ ਸਮੱਸਿਆਵਾਂ ਦੀ ਨਬਜ਼ ਟਟੋਲਦੀ ਇਹ ਕਿਤਾਬ ਹਰ ਪੰਜਾਬੀ ਨੂੰ  ਜ਼ਰੂਰ ਪੜ੍ਹਨੀ ਚਾਹੀਦੀ ਹੈ | ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਕਾਫਲਾ ਹੋਰ ਅੱਗੇ ਵਧੇਗਾ ਤੇ ਪੰਜਾਬ ਵਾਸੀਆਂ ਨੂੰ  ਹੋਰ ਜਾਗਰੂਕ ਕਰੇਗਾ |

ਈਮੇਲ : bsvirk97@gmail.com

Ad Position 22
No active advertisement
ਪਿਛਲੀ ਖ਼ਬਰ ਤੇਰਾ ਸਿੰਘ ਚੰਨ ਦੀ ਯਾਦ 'ਚ ਹੋਇਆ ਪ੍ਰਭਾਵਸ਼ਾਲੀ ਸਮਾਗਮ ਅਗਲੀ ਖ਼ਬਰ ਵਧੀਆ ਸੇਵਾਵਾਂ ਪ੍ਰਦਾਨ ਕਰਨ ਬਦਲੇ ਸਿਹਤ ਮੰਤਰੀ ਵਲੋਂ ਸਿਵਲ ਸਰਜਨ ਮਾਨਸਾ ਦਾ ਸਨਮਾਨ
Ad Position 24