22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੇ ਸਰੋਕਾਰਾਂ ਦੀ ਬਾਤ ਪਾਏਗੀ ਪੰਜਾਬੀ ਕਾਨਫ਼ਰੰਸ ਲਾਹੌਰ

ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੇ ਸਰੋਕਾਰਾਂ ਦੀ ਬਾਤ ਪਾਏਗੀ ਪੰਜਾਬੀ ਕਾਨਫ਼ਰੰਸ ਲਾਹੌਰ

Ad Position 21
No active advertisement
ਅਜੀਤ ਡੈਸਕ 23-11-2026

27, 28 ਤੇ 29 ਨਵੰਬਰ 2026 ਨੂੰ  ਚੜ੍ਹਨ ਵਾਲਾ ਸੂਰਜ ਲਾਹੌਰ ਲਈ ਖ਼ਾਸ ਹੋਵੇਗਾ, ਕਿਉਂਕਿ ਇਨ੍ਹਾਂ ਦਿਨਾਂ 'ਚ ਇੱਥੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ | ਜਿਨ੍ਹਾਂ ਨੇ ਪਹਿਲੀਆਂ ਦੋ ਕਾਨਫਰੰਸਾਂ ਆਪਣੀਆਂ ਅੱਖਾਂ ਨਾਲ ਵੇਖੀਆਂ ਹਨ, ਉਹ ਇਸ ਗੱਲ ਨੂੰ  ਤਸਦੀਕ ਕਰਨਗੇ ਕਿ, ਵਿਸ਼ਵ ਪੱਧਰ 'ਤੇ ਜੇ ਅੱਜ ਕਲ੍ਹ ਕੋਈ ਪੰਜਾਬੀ ਬੋਲੀ ਲਈ ਤੇ ਇਸ ਦੇ ਪ੍ਰਚਾਰ-ਪਸਾਰ ਲਈ ਕੰਮ ਕਰ ਰਿਹਾ ਹੈ ਤਾਂ ਉਹ ਪੰਜਾਬੀ ਪ੍ਰਚਾਰ ਸੰਸਥਾ ਲਾਹੌਰ ਅਤੇ ਇਸ ਦੇ ਰੂਹੇ-ਰਵਾਂ ਅਹਿਮਦ ਰਜ਼ਾ ਪੰਜਾਬੀ ਹਨ | ਗੱਦਾਫ਼ੀ ਸਟੇਡੀਅਮ 'ਚ ਜਦੋਂ ਤਿੰਨੋਂ ਦਿਨ ਪੰਜਾਬੀ ਪਿਆਰਿਆਂ ਦਾ ਇਕੱਠ ਜੁੜਦਾ ਹੈ ਤਾਂ ਸੱਚਮੁੱਚ ਇੱਥੇ ਕੋਈ ਹੱਦ ਤੇ ਸਰਹੱਦ ਨਹੀਂ ਹੁੰਦੀ, ਵਿਸ਼ਵ ਭਰ ਤੋਂ ਪੰਜਾਬੀ ਲੇਖਕ, ਚਿੰਤਕ ਤੇ ਕਲਾਕਾਰ ਜੁੜ ਬੈਠਦੇ ਹਨ | ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ 'ਚੋਂ ਹਾਂ, ਜਿਨ੍ਹਾਂ ਨੂੰ  ਇਹ ਕਾਨਫਰੰਸ ਪਹਿਲੇ ਦੋਵੇਂ ਸਾਲ ਵੇਖਣ ਦਾ ਮੌਕਾ ਮਿਲਿਆ |
ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਪੰਜਾਬੀ ਪ੍ਰਚਾਰ ਸੰਸਥਾ ਦੇ ਪ੍ਰਧਾਨ ਅਹਿਮਦ ਰਜ਼ਾ ਪੰਜਾਬੀ ਨੇ ਆਉਣ ਵਾਲੇ ਦਿਨਾਂ 'ਚ ਹੋਣ ਵਾਲੀ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿਆਪਕ ਵੇਰਵੇ ਅਤੇ ਢਾਂਚੇ ਨੂੰ  ਦੁਨੀਆ ਭਰ ਦੇ ਪੰਜਾਬੀਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਇਸ ਸ਼ਾਨਦਾਰ ਕਾਨਫਰੰਸ ਦਾ ਆਯੋਜਨ ਪੰਜਾਬੀ ਪ੍ਰਚਾਰ ਸੰਸਥਾ ਦੁਆਰਾ ਪੰਜਾਬੀ ਲਹਿਰ ਤੇ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ (ਪੀ.ਆਈ.ਐਲ.ਏ.ਸੀ.) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਇਹ ਕਾਨਫਰੰਸ ਪਹਿਲਾਂ ਹੀ ਵਿਸ਼ਵ-ਵਿਆਪੀ ਪੰਜਾਬੀ ਪ੍ਰਵਾਸੀਆਂ ਦੇ ਧਿਆਨ ਦਾ ਕੇਂਦਰ ਬਣ ਗਈ ਹੈ, ਖ਼ਾਸ ਕਰਕੇ ਇਹ ਖ਼ਬਰ ਆਉਣ ਤੋਂ ਬਾਅਦ ਕਿ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਇਸ ਵਿਚ ਸ਼ਾਮਿਲ ਹੋਣ ਦੀ ਤੀਬਰ ਇੱਛਾ ਰੱਖਦੇ ਹਨ | ਤਿੰਨ ਦਿਨਾਂ ਦੇ ਇਸ ਸਮਾਗਮ 'ਚ 10 ਵਿਆਪਕ ਚਰਚਾ ਪੈਨਲ ਹੋਣਗੇ, ਜੋ ਮਹੱਤਵਪੂਰਨ ਭਾਸ਼ਾਈ, ਰਾਜਨੀਤਕ, ਖੇਤੀਬਾੜੀ ਤੇ ਡਿਜੀਟਲ ਚੁਣੌਤੀਆਂ ਸੰਬੰਧੀ ਚਰਚਾ ਕਰਨ ਲਈ ਤਿਆਰ ਕੀਤੇ ਗਏ ਹਨ | ਮੁੱਖ ਕੇਂਦਰ ਬਿੰਦੂ ਆਧੁਨਿਕ ਮੀਡੀਆ ਦੀ ਭੂਮਿਕਾ ਹੋਵੇਗੀ, ਜਿੱਥੇ ਵਿਸ਼ਲੇਸ਼ਕ ਡੂੰਘੇ ਵਿਚਾਰ-ਵਟਾਂਦਰੇ ਨਾਲ ਵਿਸ਼ਲੇਸ਼ਣ ਕਰਨਗੇ ਕਿ, ਕੀ ਪਿ੍ੰਟ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ 'ਚ ਯੋਗਦਾਨ ਪਾਇਆ ਹੈ ਜਾਂ ਇਸ ਨੂੰ  ਨਕਾਰਨ ਤੇ ਪਾਸੇ ਕਰਨ ਲਈ ਕੰਮ ਕੀਤਾ ਹੈ | ਇਕ ਹੋਰ ਸਮਰਪਿਤ ਸੈਸ਼ਨ ਸਕੂਲੀ ਪਾਠਕ੍ਰਮਾਂ 'ਚੋਂ ਪੰਜਾਬੀ ਭਾਸ਼ਾ ਨੂੰ  ਬਾਹਰ ਕੱਢਣ ਦੇ ਹੋ ਰਹੇ ਯਤਨਾਂ ਸੰਬੰਧੀ ਚਰਚਾ 'ਤੇ ਧਿਆਨ ਕੇਂਦਿ੍ਤ ਕਰੇਗਾ ਤੇ ਮਾਂ-ਬੋਲੀ ਨੂੰ  ਕਲਾਸਰੂਮਾਂ ਤੋਂ ਬਾਹਰ ਰੱਖਣ ਦੇ ਲੰਬੇ ਸਮੇਂ ਦੇ ਵਿੱਦਿਅਕ ਨਤੀਜਿਆਂ ਦਾ ਵਿਸ਼ਲੇਸ਼ਣ ਕਰੇਗਾ | ਪੰਜਾਬ ਦੇ ਰਾਜਨੀਤਕ ਬਿਰਤਾਂਤ ਅਤੇ ਖੇਤਰੀ ਭਾਸ਼ਾ ਤੇ ਪਛਾਣ ਨਾਲ ਜੁੜੇ ਸਰੋਕਾਰਾਂ 'ਤੇ ਵੀ ਦੋ ਰਾਜਨੀਤਕ ਪੈਨਲਾਂ ਵਲੋਂ ਬਹਿਸ ਕੀਤੀ ਜਾਵੇਗੀ | ਇਸ ਤੋਂ ਇਲਾਵਾ ਇਕ ਪੂਰਾ ਹਾਲ ਸਥਾਈ ਤੌਰ 'ਤੇ ਖੇਤੀਬਾੜੀ ਸਰਗਰਮੀਆਂ ਲਈ ਰਾਖਵਾਂ ਰੱਖਿਆ ਗਿਆ ਹੈ, ਜਿਸ ਵਿਚ, ਸਥਾਨਕ ਕਿਸਾਨਾਂ, ਅੰਤਰਰਾਸ਼ਟਰੀ ਖੇਤੀਬਾੜੀ ਵਿਗਿਆਨੀਆਂ, ਯੂਨੀਵਰਸਿਟੀ ਦੇ ਉਪ-ਕੁਲਪਤੀ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੀ ਭਾਰੀ ਭਾਗੀਦਾਰੀ ਹੋਵੇਗੀ | ਇਹ ਕਾਨਫਰੰਸ ਅਣਵੰਡੇ ਪੰਜਾਬ ਦੇ ਸਾਂਝੇ ਇਤਿਹਾਸਕ ਲੋਕ ਨਾਇਕਾਂ ਦਾ ਵੀ ਜਸ਼ਨ ਮਨਾਏਗੀ, ਖ਼ਾਸ ਤੌਰ 'ਤੇ ਦੁੱਲਾ ਭੱਟੀ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੀਆਂ ਸ਼ਖ਼ਸੀਅਤਾਂ 'ਤੇ ਇਹ ਜਸ਼ਨ ਕੇਂਦਿ੍ਤ ਹੋਣਗੇ, ਜਿਨ੍ਹਾਂ ਨੇ ਬੇਜ਼ਮੀਨੇ ਕਿਸਾਨਾਂ ਦੇ ਹੱਕਾਂ ਲਈ ਵਿਆਪਕ ਲੜਾਈ ਲੜੀ | ਆਧੁਨਿਕ ਪੰਜਾਬੀ ਨੌਜਵਾਨਾਂ ਲਈ ਦੋ ਵਿਸ਼ੇਸ਼ ਪੈਨਲ ਤਿਆਰ ਕੀਤੇ ਗਏ ਹਨ, ਜੋ ਇਸ ਗੱਲ 'ਤੇ ਕੇਂਦਿ੍ਤ ਹਨ, ਕਿ ਕਿਵੇਂ ਏ.ਆਈ. ਦੀ ਵਰਤੋਂ ਕਰਕੇ ਪੰਜਾਬੀ ਨੂੰ  ਇਕ ਮੋਹਰੀ ਵਿਸ਼ਵਵਿਆਪੀ ਭਾਸ਼ਾ ਵਜੋਂ ਸਥਾਪਤ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਬੇਰੁਜ਼ਗਾਰੀ ਤੇ ਸਥਾਨਕ ਮੌਕਿਆਂ ਦੀ ਘਾਟ ਕਾਰਨ ਨੌਜਵਾਨਾਂ ਦੀ ਹੋ ਰਹੀ ਹਿਜਰਤ ਸੰਬੰਧੀ ਵੀ ਵਿਚਾਰਾਂ ਕੀਤੀਆਂ ਜਾਣਗੀਆਂ |
ਇਹ ਕਾਨਫਰੰਸ ਇਕ  ਉੱਤਮ, ਅਕਾਦਮਿਕ ਤੇ ਸਾਹਿਤਕ ਮਿਆਰ ਨੂੰ  ਵੀ ਬਣਾਈ ਰੱਖੇਗੀ, ਜਿਸ ਵਿਚ ਛੇ ਉੱਚ ਪੱਧਰੀ ਖੋਜ ਪੱਤਰਾਂ ਦੀ ਅਧਿਕਾਰਤ ਪੇਸ਼ਕਾਰੀ ਹੋਵੇਗੀ, ਜਿਸ ਵਿਚ ਹਰ ਰੋਜ਼ ਦੋ ਪੇਪਰ ਪੜ੍ਹੇ ਤੇ ਵਿਚਾਰੇ ਜਾਣਗੇ | ਇਸ ਸਾਲ ਦੇ ਇਕੱਠ 'ਚ ਨੌਜਵਾਨ ਪੀੜ੍ਹੀ ਨੂੰ  ਵੀ ਬੇਮਿਸਾਲ ਪ੍ਰਤੀਨਿਧਤਾ ਦਿੱਤੀ ਜਾਏਗੀ | ਪੂਰੀ ਕਾਨਫਰੰਸ ਦੀ ਸਮਾਂ ਸਾਰਨੀ ਦਾ 40 ਫ਼ੀਸਦੀ ਤੋਂ ਵੱਧ ਹਿੱਸਾ ਵਿਸ਼ੇਸ਼ ਤੌਰ 'ਤੇ ਨੌਜਵਾਨ ਸਰਗਮੀਆਂ ਲਈ ਰਾਖਵਾਂ ਹੈ, ਜਿਨ੍ਹਾਂ 'ਚ ਪੰਜਾਬੀ ਭਾਸ਼ਨ ਮੁਕਾਬਲਾ, ਪੰਜਾਬੀ ਲਘੂ ਫਿਲਮ ਮੁਕਾਬਲਾ, ਪੰਜਾਬੀ ਰੀਲ ਮੁਕਾਬਲਾ ਅਤੇ ਪੰਜਾਬੀ ਪੇਂਟਿੰਗ ਮੁਕਾਬਲੇ ਹੋਣਗੇ | ਇਕ ਵੱਖਰੇ ਉੱਚ ਪੱਧਰੀ ਕਾਵਿ ਸੈਸ਼ਨ ਦੇ ਨਾਲ-ਨਾਲ ਪੰਜਾਬੀ ਨੌਜਵਾਨਾਂ ਨੂੰ  ਥੀਏਟਰ ਤੇ ਸੰਗੀਤ ਪ੍ਰਦਰਸ਼ਿਤ ਕਰਨ ਲਈ ਵੀ ਮੰਚ ਪ੍ਰਦਾਨ ਕਰਨ ਕੀਤਾ ਜਾ ਰਿਹਾ ਹੈ | ਮਸ਼ਹੂਰ ਮੈਗਾ ਥੀਏਟਰ ਸਮੂਹ ਹਰ ਰੋਜ਼ ਨਾਟਕ ਪੇਸ਼ ਕਰਨਗੇ | ਕਾਨਫ਼ਰੰਸ ਦੌਰਾਨ 14 ਪ੍ਰਸਿੱਧ ਪੰਜਾਬੀ ਗਾਇਕ ਆਪਣੀ
ਪੇਸ਼ਕਾਰੀ ਕਰਨਗੇ |ਇਨ੍ਹਾਂ ਵਿਚ ਆਰਿਫ਼ ਲੁਹਾਰ, ਪੌਪ-ਲੋਕ ਸਨਸਨੀ ਇਬਰਾਰ-ਉਲ-ਹੱਕ, ਮੁਜਾਹਿਦ ਮਨਸੂਰ ਮਲੰਗੀ ਤੇ ਮੁਹਿਸਮੀ ਨਿਬਾਸ਼ਟ ਆਦਿ ਸ਼ਾਮਿਲ ਹਨ | ਪੰਜਾਬੀ ਵਿਰਾਸਤ ਤੇ ਸਮਾਜ ਪ੍ਰਤੀ ਬੇਮਿਸਾਲ ਸਮਰਪਣ ਦਾ ਸਨਮਾਨ ਕਰਨ ਲਈ 14 'ਪੰਜਾਬ ਮਾਣ ਪੁਰਸਕਾਰ' ਦਿੱਤੇ ਜਾਣਗੇ | ਪਾਕਿਸਤਾਨੀ ਪੰਜਾਬ ਦੇ ਮੁੱਖ ਕਵੀਆਂ, ਲੇਖਕਾਂ ਤੇ ਕਾਰਕੁਨਾਂ ਨੂੰ  7 ਰਾਸ਼ਟਰੀ ਪੁਰਸਕਾਰ ਦਿੱਤੇ ਜਾਣਗੇ ਅਤੇ 7 'ਗਲੋਬਲ ਐਨ.ਆਰ.ਆਈ. ਪੁਰਸਕਾਰ' ਦਿੱਤੇ ਜਾਣਗੇ | ਪ੍ਰਸਿੱਧ ਪ੍ਰਗਤੀਸ਼ੀਲ ਪੰਜਾਬੀ ਕਵੀ ਬਾਬਾ ਨਜ਼ਮੀ ਨੂੰ  'ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ ਚਰਨਜੀਤ ਸਿੰਘ ਬਾਠ, ਡਾ. ਐਸ.ਪੀ. ਸਿੰਘ ਓਬਰਾਏ ਤੇ ਦਰਸ਼ਨ ਸਿੰਘ ਧਾਲੀਵਾਲ ਵਰਗੀਆਂ ਸ਼ਖ਼ਸੀਅਤਾਂ ਨੂੰ  'ਪੰਜਾਬੀ ਆਈਕਨ' ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ |
ਇਸ ਕਾਨਫ਼ਰੰਸ ਵਿਚ ਪਾਕਿਸਤਾਨੀ ਪੰਜਾਬ ਦੇ ਹਜ਼ਾਰਾਂ ਸਥਾਨਕ ਲੋਕਾਂ ਤੇ ਸੈਂਕੜੇ ਅੰਤਰਰਾਸ਼ਟਰੀ ਡੈਲੀਗੇਟਾਂ ਦੇ ਸ਼ਾਮਿਲ ਹੋਣ ਦੀ ਆਸ ਨਾਲ ਅਹਿਮਦ ਰਜ਼ਾ ਪੰਜਾਬੀ ਦਾ ਮੰਨਣਾ ਹੈ, ਕਿ ਇਸ ਕਾਨਫ਼ਰੰਸ ਦੌਰਾਨ ਦੁਨੀਆ ਦੇ ਪੰਜਾਬੀ ਲੇਖਕਾਂ, ਚਿੰਤਕਾਂ, ਕਲਾਕਾਰਾਂ ਤੇ ਪੰਜਾਬੀ ਪ੍ਰੇਮੀਆਂ ਦੇ ਜੁੜ ਬੈਠਣ ਦੀ ਭਾਰੀ ਸੰਭਾਵਨਾ ਹੈ, ਜਿਸ ਵੱਲ ਵਿਸ਼ਵ ਭਰ ਦੇ ਪੰਜਾਬੀਆਂ ਦੀ ਨਜ਼ਰ ਰਹੇਗੀ |

ਈ-ਮੇਲ : ashokbhaura@gmail.com 

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਤੋਂ ਇਲਾਵਾ ਹੋਰ ਵੀ ਬੇਅੰਤ ਚੁਣੌਤੀਆਂ ਹਨ ਪੰਜਾਬ ਸਾਹਮਣੇ ਅਗਲੀ ਖ਼ਬਰ ਆਲਮੀ ਤਪਸ਼
Ad Position 24