24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੰਜਾਬ ਵਿਚ ਸਿੱਖਿਆ ਦਾ ਮਿਆਰ

ਪੰਜਾਬ ਵਿਚ ਸਿੱਖਿਆ ਦਾ ਮਿਆਰ

Ad Position 21
No active advertisement
ਅਜੀਤ ਡੈਸਕ 25-11-2026

ਬੁੱਧੀਜੀਵਿਆਂ ਮੁਤਾਬਿਕ ਬੱਚਿਆਂ ਲਈ ਮਾਪਿਆਂ ਤੋਂ ਪਿੱਛੋਂ ਅਧਿਆਪਕ ਦਾ ਦੂਜਾ ਸਥਾਨ ਹੈ | ਜਦ ਬੱਚੇ ਸਕੂਲ ਵਿਚ ਦਾਖ਼ਲ ਹੁੰਦੇ ਹਨ, ਕੋਮਲ ਪੱਤੀਆਂ ਵਾਂਗਰ ਹੁੰਦੇ ਹਨ | ਪਹਿਲਾਂ ਬੱਚੇ ਨੂੰ  ਪੰਜ ਸਾਲ ਦੀ ਉਮਰ ਵਿਚ ਸਕੂਲ ਦਾਖ਼ਲ ਕਰਵਾਇਆ ਜਾਂਦਾ ਸੀ | 

ਹੁਣ ਸਮੇਂ ਦਾ ਚੱੱਕਰ ਅਜਿਹਾ ਘੰੁਮਿਆ ਹੈ ਕਿ ਢਾਈ-ਤਿੰਨ ਸਾਲ ਦੇ ਬੱਚੇ ਨੂੰ  ਮਾਡਲਨੁਮਾ ਸਕੂਲਾਂ ਵਿਚ ਹਰ ਕੋਈ ਦਾਖ਼ਲ ਕਰਵਾਉਣ ਲੱਗ ਪਿਆ ਹੈ | ਬਹੁਤੇ ਘਰਾਂ ਦੇ ਬਜ਼ੁਰਗ ਕਹਿੰਦੇ ਹਨ ਕਿ ਸਾਨੂੰ ਵੀ ਮਾਡਰਨ ਜ਼ਮਾਨੇ ਨਾਲ ਕਦਮ ਮਿਲਾ ਕੇ ਤੁਰਨਾ ਚਾਹੀਦਾ ਹੈ | ਇਨ੍ਹਾਂ ਭਲੇਮਾਣਸਾਂ ਨੂੰ  ਇਹ ਨਹੀਂ ਪਤਾ ਕਿ ਅਸੀਂ ਆਪਣੇ ਬੱਚੇ ਦਾ ਬਚਪਨਾ, ਉਸ ਕੋਲੋਂ ਖੋਹ ਰਹੇ ਹਾਂ | ਬੱਚੇ ਦੇ ਬਾਲਪਨ ਦੀ ਉਮਰ ਨੂੰ , ਜੇ ਬਾਦਸ਼ਾਹੀ ਉਮਰ ਆਖ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ | 
ਹੁਣ ਆਪਾਂ ਗੱਲ ਕਰਦੇ ਹਾਂ ਅਧਿਆਪਕ ਅਤੇ ਅਧਿਆਪਨ ਵਿਚ ਕੀ ਫਰਕ ਹੈ? ਅਧਿਆਪਕ ਨੂੰ  ਉਸ ਦੇ ਜਨਤਕ ਵਿਵਹਾਰ, ਬਾਹਰੀ ਦਿੱਖੀ ਅਤੇ ਬੋਲ ਬਾਣੀ ਜਿਹੇ ਗੁਣਾਂ ਤੋਂ ਜਾਣਿਆ ਜਾ ਸਕਦਾ ਹੈ |  
ਅਧਿਆਪਨ, ਅਧਿਆਪਕ ਦੇ ਅੰਦਰ ਦੇ ਹੁਨਰ ਨੂੰ  ਕਿਹਾ ਜਾਂਦਾ ਹੈ | ਅਧਿਅਪਨ ਬੱਚੇ ਦੇ ਅੰਦਰ ਝਾਤੀ ਮਾਰ ਸਕਦਾ ਹੈ | ਸੱਚੀਂ-ਮੁੱਚੀਂ ਛੋਟਾ ਬੱਚਾ ਰੱਬ ਦਾ ਰੂਪ ਹੁੰਦਾ ਹੈ | ਪਹਿਲੀ ਜਮਾਤ ਦੇ ਬੱਚੇ ਮੀਂਹ ਹੋਵੇ ਜਾਂ ਨ੍ਹੇਰੀ ਹੋਵੇ, ਕਈ ਵਾਰ ਸਕੂਲ ਜਾਣ ਦੀ ਜ਼ਿੱਦ ਕਰਦੇ ਹਨ | ਉਹ ਸਕੂਲ ਅਧਿਆਪਕ ਦੇ ਅਧਿਆਪਨ ਦੀ ਜਾਦੂਗਿਰੀ ਦਾ ਹੀ ਕਮਾਲ ਹੁੰਦਾ ਹੈ | 
ਬੱਚੇ ਦੇ ਬਚਪਨੇ ਦੇ ਅਨੁਕੂਲ ਜੋ ਅਧਿਆਪਕ ਉਸ ਨੂੰ  ਪਿਆਰ ਦੀ ਭਾਸ਼ਾ ਨਾਲ ਪੜ੍ਹਾਉਂਦੇ ਹਨ, ਉਹ ਬੱਚਾ ਅਧਿਆਪਕ ਦੇ ਵਿਵਹਾਰ ਸਦਕਾ ਅਧਿਆਪਕ ਵੱਲ ਨੂੰ  ਖਿੱਚਿਆ ਜਾਂਦਾ ਹੈ | ਜਿਸ ਦਾ ਸਿੱਟਾ ਇਹ ਹੁੰਦਾ ਹੈ ਕਿ ਅਧਿਆਪਕ ਵਲੋਂ ਦਿੱਤਾ ਹੋਇਆ ਸਬਕ ਉਹ ਸਦਾ ਯਾਦ ਕਰ ਕੇ ਆਉਂਦਾ ਹੈ | ਦੂਸਰੇ ਦਿਨ ਉਹ ਬੱਚਾ ਅਧਿਆਪਕ ਦੇ ਨਾ ਬੁਲਾਉਣ ਦੇ ਬਾਵਜੂਦ ਪਹਿਲੇ ਦਿਨ ਵਾਲਾ ਸਬਕ ਆਪਣੇ-ਆਪ ਹੀ ਸੁਣਾਉਣ ਚਲਾ ਜਾਂਦਾ ਹੈ | 
ਅਧਿਆਪਕ ਦਾ ਅਧਿਆਪਨ ਉਸ ਬੱਚੇ ਨੂੰ  ਪਿਆਰ ਨਾਲ ਪੁੱਛਦਾ ਹੈ |  'ਬੇਟਾ ਜੀ ਤੁਸੀਂ ਕਿਵੇਂ ਆਏ ਹੋ?' 
ਮਾਸਟਰ ਜੀ, 'ਜਿਹੜਾ ਤੁਸੀਂ ਸਾਨੂੰ ਕੱਲ੍ਹ ਸਬਕ ਦਿੱਤਾ ਸੀ, ਮੈਂ ਤੁਹਾਨੂੰ ਸੁਣਾਉਣ ਆਇਆ ਹਾਂ |'
ਬੇਟਾ ਜੀ, ਸੁਣਾਓ ਫਿਰ ਤੁਸੀਂ ਕੱਲ੍ਹ ਵਾਲਾ ਸਬਕ | ਤੁਹਾਡੇ ਇਸ ਵਰਤਾਓ ਨਾਲ ਇਕ ਤਾਂ ਬੱਚੇ ਦਾ ਮਨੋਬਲ ਵਿਚ ਵਾਧਾ ਹੋਵੇਗਾ | ਦੂਜਾ ਉਹ ਬੱਚਾ ਅਧਿਆਪਕ ਦੇ ਹਰ ਕੰਮ ਨੂੰ  ਬੜੇ ਸ਼ੌਂਕ ਨਾਲ ਕਰੇਗਾ | ਚਾਹੇ ਉਹ ਕੰਮ ਉਸ ਦੀ ਪੜ੍ਹਾਈ ਨਾਲ ਸੰਬੰਧਿਤ ਹੋਵੇ ਜਾਂ ਸਕੂਲ ਦਾ ਹੋਰ ਕੋਈ ਕੰਮ ਹੋਵੇ | ਸਮਝ ਲਵੋ ਤੁਹਾਡੇ ਅਧਿਆਪਨ ਨੇ ਉਸ ਬੱਚੇ ਦੀ ਵਿਦਿਅਕ ਇਮਾਰਤ ਦੀ ਬੁਨਿਆਦ ਪੱਕੀ ਕਰ ਦਿੱਤੀ ਹੈ | 
ਜੇ ਅਧਿਆਪਕ ਉਸ ਬੱਚੇ ਨੂੰ  ਝਿੜਕ ਕੇ ਇਹ ਕਹਿ ਕੇ ਮੋੜ ਦਿੰਦਾ, ਮੈਂ ਅਜੇ ਤੁਹਾਨੂੰ ਸੱਦਿਆ ਹੀ ਨਹੀਂ, ਤੂੰ ਮੂੰਹ ਚੁੱਕੀਂ ਆ ਗਿਆ ਏਾ | ਇਸ ਨਾਲ ਬੱਚੇ ਦਾ ਮਨੋਬਲ ਤਾਂ ਟੁੱਟੇਗਾ ਹੀ ਅਤੇ ਅਧਿਆਪਕ ਅਤੇ ਸਕੂਲ ਬਾਰੇ ਉਸ ਦੇ ਮਨ ਵਿਚ ਨਫ਼ਰਤ ਦਾ ਬੀਜ ਵੀ ਬੀਜਿਆ ਜਾਵੇਗਾ | ਅਧਿਆਪਕ ਦੀ ਇਸ ਨਿੱਕੀ ਜਿਹੀ ਗ਼ਲਤੀ ਨਾਲ ਬੱਚੇ ਦਾ ਭਵਿੱਖ ਵੀ ਡਾਂਵਾਡੋਲ ਹੋ ਸਕਦਾ ਹੈ | 
ਸਿੱਖਿਆ ਸ਼ਾਸਤਰੀਆਂ ਦਾ ਨਿਚੋੜ ਹੈ ਕਿ ਅਧਿਆਪਕ ਆਪਣੇ ਅਧਿਆਪਨ ਦੀ ਦੂਰਬੀਨ ਰਾਹੀਂ ਆਪਣੇ ਬੱਚਿਆਂ ਵਿਚ ਦੀ ਸਕੂਲ ਦੇ ਬੱਚਿਆਂ ਨੂੰ  ਦੇਖ ਕੇ ਹੀ ਇਨਸਾਫ਼ ਕਰ ਸਕਦਾ ਹੈ | 
ਹੁਣ ਗੱਲ ਕਰਦੇ ਹਾਂ ਉਨ੍ਹਾਂ ਸਕੂਲਾਂ ਦੀ, ਜਿਨ੍ਹਾਂ ਵਿਚ ਅਧਿਆਪਕ ਪੂਰੇ ਹਨ | ਪਰ ਬੱਚਿਆਂ ਦੀ ਗਿਣਤੀ ਘੱਟ ਹੈ:-
1. ਜਨਤਾ ਦਾ ਮਾਡਲ ਸਕੂਲਾਂ ਵਿਚ ਬੱਚਿਆਂ ਨੂੰ  ਪੜ੍ਹਾਉਣ ਦਾ ਰੁਝਾਨ ਵੱਧ ਗਿਆ ਹੈ, ਜਿਸ ਦਾ ਕਾਰਨ ਪਿੰਡ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਦੀ ਗਿਣਤੀ ਆਸ ਮੁਤਾਬਕ ਨਹੀਂ ਹੁੰਦੀ | 
2. ਸਕੂਲ, ਪ੍ਰਾਇਮਰੀ, ਮਿਡਲ, ਹਾਈ ਜਾਂ ਸੈਕੰਡਰੀ ਹੋਵੇ, ਉਨ੍ਹਾਂ ਦੀ ਹੱਦ ਆਮ ਕਰਕੇ ਪਿੰਡ ਤੱਕ ਹੀ ਹੁੰਦੀ ਹੈ |
ਪ੍ਰਾਇਮਰੀ ਸਕੂਲ ਦੀ ਹੱਦ ਤਾਂ ਹੁੰਦੀ ਹੀ ਪਿੰਡ ਤੱਕ ਹੈ | ਜੇ ਫਿਰ ਵੀ ਪਿੰਡ ਦੇ ਬੱਚੇ ਮਾਡਲ ਸਕੂਲਾਂ ਵਿਚ ਜਾਂਦੇ ਹਨ, ਇਸ ਨਾਲ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਸ਼ੋਭਾ ਨਹੀਂ ਬਣਦੀ | ਇਸ ਲਈ ਪਿੰਡ ਦੇ ਸਕੂਲ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਪਿੰਡ ਵਿਚ ਜਾ ਕੇ, ਹਰ ਉਸ ਘਰ ਦਾ ਦਰਵਾਜ਼ਾ ਖੜਕਾਉਣ, ਜਿਨ੍ਹਾਂ ਦੇ ਬੱਚੇ ਮਾਡਲ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਪੰਜਵੀਂ ਤੱਕ ਪੜ੍ਹਦੇ ਹਨ | ਉਨ੍ਹਾਂ ਨੂੰ  ਪ੍ਰੇਰਿਆ ਜਾਵੇ, ਤੁਸੀਂ ਸਰਦਾਰ ਜੀ ਆਪਣੇ ਬੱਚੇ ਪਿੰਡ ਦੇ ਸਕੂਲ ਵਿਚ ਦਾਖ਼ਲ ਕਰਵਾਓ | ਅਸੀਂ ਮਾਡਲ ਸਕੂਲਾਂ ਦੇ ਅਧਿਆਪਕਾਂ ਨਾਲੋਂ ਵਧੀਆ ਪੜ੍ਹਾਉਣਾ ਜਾਣਦੇ ਹਾਂ | ਅਧਿਆਪਕਾਂ ਦੇ ਇਨ੍ਹਾਂ ਯਤਨਾਂ ਸਦਕਾ 80% ਤੋਂ 90% ਬੱਚੇ ਮਾਡਲ ਸਕੂਲਾਂ 'ਚੋਂ ਵਾਪਸ ਆ ਕੇ ਤੁਹਾਡੇ ਸਕੂਲ ਵਿਚ ਦਾਖ਼ਲ ਹੋ ਜਾਣਗੇ | 
ਇਨ੍ਹਾਂ ਯਤਨਾਂ ਨਾਲ ਹੀ ਮਿਡਲ ਸਕੂਲਾਂ, ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵੱਧ ਸਕਦੀ ਹੈ | 
ਵਿੱਦਿਆ ਮੰਤਰੀ ਜੀ, ਅਕਸਰ ਅਖ਼ਬਾਰਾਂ ਰਾਹੀਂ ਜ਼ਿਕਰ ਕਰਦੇ ਹਨ ਕਿ ਪੰਜਾਬ ਸੂਬਾ ਵਿੱਦਿਆ ਦੇ ਖੇਤਰ ਵਿਚ ਭਾਰਤ ਵਿਚੋਂ ਇਕ ਨੰਬਰ 'ਤੇ ਆਇਆ ਹੈ | 
ਜਦ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ, ਦਿੱਲੀ ਦੇ ਸਕੂਲਾਂ ਦੀਆਂ ਮਿਸਾਲਾਂ ਦਿੰਦੇ ਥੱਕਦੇ ਨਹੀਂ ਸਨ ਕਿ ਦਿੱਲੀ ਦੇ ਸਕੂਲਾਂ ਵਿਚ ਡੀ.ਸੀ. ਦਾ ਮੁੰਡਾ, ਸਧਾਰਨ ਮੁਲਾਜ਼ਮ ਦਾ ਮੁੰਡਾ ਅਤੇ ਮਜ਼ਦੂਰ ਦਾ ਮੁੰਡਾ ਇਕੋ ਬੈਂਚ ਉਪਰ ਬੈਠਦੇ ਹਨ |  ਭਗਵੰਤ ਮਾਨ ਪੰਜਾਬ ਵਿਚ ਹਰ ਰੈਲੀ ਵਿਚ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦੇਵੋ, ਅਸੀਂ ਪੰਜਾਬ ਦੇ ਸਾਰੇ ਸਕੂਲ, ਦਿੱਲੀ ਦੇ ਸਕੂਲਾਂ ਵਰਗੇ ਬਣਾ ਦੇਣੇ ਹਨ |    
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ  ਆਇਆਂ ਸਾਢੇ ਚਾਰ ਸਾਲ ਤੋਂ ਉਪਰ ਹੋ ਗਏ ਹਨ | ਸਿੱਖਿਆ ਮੰਤਰੀ ਜੀ ਤੁਸੀਂ ਅਜਿਹਾ ਕੋਈ ਮਾਅਰਕਾ ਨਹੀਂ ਮਾਰਿਆ, ਜਿਸ ਨਾਲ ਤੁਸੀਂ ਮਾਣ ਨਾਲ ਇਹ ਆਖ ਸਕੋ ਕਿ ਸਾਡੇ ਫਲਾਂ ਜ਼ਿਲ੍ਹੇ ਦੇ ਸਕੂਲ ਵਿਚ ਦਿੱਲੀ ਦੇ ਸਕੂਲਾਂ ਵਾਂਗੂੰ ਡੀ.ਸੀ. ਦਾ ਮੁੰਡਾ,  ਸਧਾਰਨ ਮੁਲਾਜ਼ਮ ਦਾ ਮੁੰਡਾ ਅਤੇ ਮਜ਼ਦੂਰ ਦਾ ਮੁੰਡਾ ਇਕੋ ਬੈਂਚ ਉਪਰ ਬੈਠਦੇ ਹਨ | ਭਗਵੰਤ ਸਿੰਘ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੇ ਉਹ ਭਾਸ਼ਨ ਹਵਾ ਵਿਚ ਹੀ ਗੁਆਚ ਗਏ ਹਨ |
ਹੁਣ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਦੀ | ਵਿੱਦਿਆ ਮੰਤਰੀ ਜੀ ਨੇ ਪੰਜਾਬ ਵਿਧਾਨ ਸਭਾ ਵਿਚ ਇਸ ਸੰਬੰਧੀ ਜੋ ਅੰਕੜੇ ਦਿੱਤੇ ਹਨ, ਉਸ ਮੁਤਾਬਿਕ ਵੱਡੀ ਗਿਣਤੀ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ |      
ਉਂਝ ਵੀ ਸਿਆਸਤਦਾਨਾਂ ਨੂੰ  ਸਰਕਾਰੀ ਸਕੂਲਾਂ ਨਾਲ ਕੋਈ ਬਹੁਤਾ ਸਨੇਹ ਨਹੀਂ ਹੈ, ਕਿਉਂਕਿ ਪੰਜਾਬ ਦੇ ਜਿੰਨੇ ਵੀ ਸਿਆਸਤਦਾਨ ਹਨ, ਇਨ੍ਹਾਂ ਦੇ ਪੁੱਤਰ,  ਧੀਆਂ ਅਤੇ ਪੋਤਰੇ, ਪੋਤਰੀਆਂ ਸਾਰੇ ਮਾਡਲ ਸਕੂਲਾਂ ਵਿਚ ਪੜ੍ਹਦੇ ਹਨ | 
ਹੁਣ ਮੈਂ ਉਹ ਅੰਕੜੇ ਤੁਹਾਡੇ ਧਿਆਨ ਵਿਚ ਲਿਆਉਣ ਲੱਗਾ ਹਾਂ, ਜੋ ਵਿੱਦਿਆ ਮੰਤਰੀ ਜੀ ਨੇ ਪੰਜਾਬ ਅਸੈਂਬਲੀ ਵਿਚ ਪੇਸ਼ ਕੀਤੇ ਸਨ-
1. ਪੰਜਾਬ ਵਿਚ ਪ੍ਰਾਇਮਰੀ ਸਕੂਲਾਂ ਦੀ ਗਿਣਤੀ:-12834
ਪ੍ਰਾਇਮਰੀ ਸਕੂਲਾਂ ਵਿਚ ਖਾਲੀ ਅਸਾਮੀਆਂ:-
ਅਧਿਆਪਕ—14000
ਹੈੱਡ ਟੀਚਰ—657
ਸੈਂਟਰ ਹੈੱਡ ਟੀਚਰ-221
2. ਮਿਡਲ ਸਕੂਲਾਂ ਦੀ ਗਿਣਤੀ—2658
ਹਾਈ ਸਕੂਲਾਂ ਦੀ ਗਿਣਤੀ-1738
ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ-1908
ਸਾਰੇ ਸਕੂਲਾਂ ਵਿਚ ਖਾਲੀ ਅਸਾਮੀਆਂ-17000
ਹਾਈ ਸਕੂਲਾਂ ਵਿਚ ਹੈੱਡਮਾਸਟਰਾਂ ਦੀਆਂ ਖਾਲੀ ਅਸਾਮੀਆਂ-700
ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲਾਂ ਦੀਆਂ ਖਾਲੀ ਅਸਾਮੀਆਂ-600
ਉਪਰੋਕਤ ਅੰਕੜਿਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਵਿਚ ਸਰਕਾਰੀ ਸਕੂਲਾਂ ਦਾ ਕਿੰਨਾ ਕੁ ਉੱਚਾ ਮਿਆਰ ਹੈ | 
ਸਿੱਖਿਆ ਮੰਤਰੀ ਜੀ, ਤੁਸੀਂ ਕਦੀ ਇਹ ਨਹੀਂ ਸੋਚਿਆ ਹੋਣਾ ਕਿ ਪ੍ਰਾਈਵੇਟ ਸਕੂਲ ਅਤੇ ਮਾਡਲ ਸਕੂਲ ਖੁੰਬਾਂ ਵਾਂਗਰ ਕਿਉਂ ਉੱਗ ਪਏ ਹਨ | ਜਦ ਸਰਕਾਰੀ ਸਕੂਲਾਂ ਵਿਚ ਸਰਕਾਰ ਨੇ ਅਧਿਆਪਕਾਂ ਦੀ ਗਿਣਤੀ ਪੂਰੀ ਹੀ ਨਹੀਂ ਕਰਨੀ, ਫਿਰ ਜਨਤਾ ਲਈ ਮਜਬੂਰੀ ਬਣ ਜਾਂਦੀ ਹੈ ਕਿ ਉਹ ਬੱਚਿਆਂ ਨੂੰ  ਨਿੱਜੀ ਸਕੂਲਾਂ ਵਿਚ ਦਾਖ਼ਲ ਕਰਵਾਏ, ਕਿਉਂਕਿ ਬੱਚੇ ਤਾਂ ਹਰ ਇਕ ਨੇ ਪੜ੍ਹਾਉਣੇ ਹੀ ਹਨ, ਚਾਹੇ ਸਕੂਲ ਮਹਿੰਗੇ ਹੋਣ |  ਸਾਰੇ ਸਿਆਸਤਦਾਨ ਚੋਣਾਂ ਵੇਲੇ ਦਿਲ-ਲੁਭਾਊ ਨਾਅਰੇ ਲਾਉਂਦੇ ਹਨ | ਚੋਣ ਨਤੀਜਿਆਂ ਤੋਂ ਪਿੱਛੋਂ ਜਿਹੜੇ ਨੇਤਾ ਅਮੀਰਾਂ ਤੋਂ ਲੈ ਕੇ ਝੁੱਗੀ-ਝੌਂਪੜੀ ਵਾਲੇ ਅੱਗੇ ਹੱਥ ਜੋੜਦੇ ਹਨ, ਸੱਤਾਧਾਰੀ ਹੋਣ ਉਪਰੰਤ ਉਨ੍ਹਾਂ ਕੋਲ ਸਤਿ ਸ੍ਰੀ ਅਕਾਲ ਦਾ ਜਵਾਬ ਦੇਣ ਵਾਸਤੇ ਵੀ ਸਮਾਂ ਨਹੀਂ ਹੁੰਦਾ |  ਜਨਤਾ ਆਸ ਕਰਦੀ ਹੈ ਕਿ ਕਦੀ ਉਹ ਸਮਾਂ ਵੀ ਆਵੇਗਾ, ਜਦ ਸਮੇਂ ਦੀ ਸਰਕਾਰ ਪੰਜਾਬ ਅਸੈਂਬਲੀ ਵਿਚ ਅਜਿਹਾ ਕਾਨੂੰਨ ਲਿਆ ਕੇ ਪਾਸ ਕਰਵਾਏਗੀ ਕਿ ਛੋਟੇ ਕਰਮਚਾਰੀ ਤੋਂ ਲੈ ਕੇ ਆਈ.ਏ.ਐਸ., ਆਈ.ਪੀ.ਐਸ., ਅਤੇ ਪੰਜਾਬ ਅਸੈਂਬਲੀ ਦੇ ਸਾਰੇ ਮੈਂਬਰਾਂ ਲਈ ਆਪਣੇ ਪੁੱਤਰ, ਧੀਆਂ ਅਤੇ ਪੋਤੇ, ਪੋਤੀਆਂ ਨੂੰ  ਲਾਜ਼ਮੀ ਤੌਰ 'ਤੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਾਉਣਾ ਜ਼ਰੂਰੀ ਹੋਵੇਗਾ |  ਇਹ ਕਾਨੂੰਨ ਪਾਸ ਹੋਣ ਨਾਲ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਕਾਲਜਾਂ ਵਿਚਲੀਆਂ ਖਾਲੀ ਅਸਾਮੀਆਂ ਕੁਝ ਹੀ ਸਮੇਂ ਵਿਚ ਭਰ ਜਾਣਗੀਆਂ | 

-ਮੋਬਾਈਲ : 8146924936

Ad Position 22
No active advertisement
ਪਿਛਲੀ ਖ਼ਬਰ ਖੇਤੀ ਵਿਭਿੰਨਤਾ ਲਈ ਸਹਾਇਕ ਹੋ ਸਕਦੀ ਹੈ ਫ਼ਲਾਂ ਦੀ ਖੇਤੀ ਅਗਲੀ ਖ਼ਬਰ ਫਾਤਿਮਾ ਸਨਾ ਸ਼ੇਖ਼ ਦੱ ਸੋ ਮੇਰਾ ਧਰਮ ਕਿਹੜਾ?
Ad Position 24