27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਦੇਸ਼ ਵਿਚ ਸਿਹਤ ਸੇਵਾਵਾਂ ਦੀ ਸਥਿਤੀ

ਦੇਸ਼ ਵਿਚ ਸਿਹਤ ਸੇਵਾਵਾਂ ਦੀ ਸਥਿਤੀ

Ad Position 21
No active advertisement
ਅਜੀਤ ਡੈਸਕ 28-11-2026

ਭਾਰਤ ਆਬਾਦੀ ਪੱਖੋਂ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ | ਪਰ ਇੱਥੋਂ ਦੇ ਖਰਾਬ ਵਾਤਾਵਰਨ, ਪ੍ਰਦੂਸ਼ਣ, ਪੀਣ ਵਾਲੇ ਸਾਫ਼ ਪਾਣੀ ਦੀ ਘਾਟ, ਥਾਂ-ਥਾਂ ਗੰਦਗੀ ਦੇ ਢੇਰਾਂ, ਮੱਖੀਆਂ-ਮੱਛਰਾਂ ਕਾਰਨ ਵਧਦੀਆਂ ਬਿਮਾਰੀਆਂ ਵੱਡੇ ਪੱਧਰ 'ਤੇ ਆਮ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ | ਇਸ ਲਈ ਭਾਰਤ ਦਾ ਸਿਹਤ ਖੇਤਰ ਇਕ ਵੱਡੀ ਮੰਡੀ ਬਣ ਚੁੱਕਾ ਹੈ | ਦੇਸ਼ 'ਚ ਸਰਕਾਰੀ ਹਸਪਤਾਲਾਂ ਦੀ ਵੱਡੀ ਘਾਟ ਹੋਣ ਦੇ ਨਾਲ ਹੀ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ, ਦਵਾਈਆਂ ਤੇ ਹੋਰ ਸਹੂਲਤਾਂ ਦੀ ਲਗਾਤਾਰ ਘਾਟ ਬਣੀ ਰਹਿੰਦੀ ਹੈ | ਪਰ ਸੂਬਾ ਸਰਕਾਰਾਂ ਦੀ ਸਿਹਤ ਢਾਂਚੇ ਨੂੰ  ਪੈਰਾਂ ਸਿਰ ਖੜ੍ਹਾ ਕਰਨ ਲਈ ਨਾ ਤਾਂ ਨੀਅਤ ਹੈ ਤੇ ਨਾ ਹੀ ਕੋਈ ਨੀਤੀ ਹੈ | ਸਰਮਾਏਦਾਰਾਂ ਦੇ ਮੁਨਾਫੇ ਦਾ ਪੱਕਾ ਪ੍ਰਬੰਧ ਕਰਨ ਲਈ ਸਿਹਤ ਢਾਂਚੇ 'ਚ ਨਿੱਜੀਕਰਨ ਨੂੰ  ਉਤਸ਼ਾਹਿਤ ਕਰਕੇ  ਸਰਕਾਰਾਂ 1991 'ਚ ਲਿਆਂਦੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ  ਹੁਣ ਧੜੱਲੇ ਨਾਲ ਅੱਗੇ ਵਧਾ ਰਹੀਆਂ ਹਨ |  ਭਾਰਤ 'ਚ ਸਰਕਾਰੀ ਹਸਪਤਾਲਾਂ ਦੀ ਗਿਣਤੀ ਲੱਗਭਗ 26,000 ਹੈ, ਜਦਕਿ ਨਿੱਜੀ ਹਸਪਤਾਲਾਂ ਦੀ ਗਿਣਤੀ 70,000 ਦੇ ਕਰੀਬ ਹੈ | 

ਵਿਸ਼ਵ ਸਿਹਤ ਸੰਗਠਨ ਅਨੁਸਾਰ 1000 ਮਰੀਜ਼ਾਂ ਪਿੱਛੇ 1 ਡਾਕਟਰ ਹੋਣਾ ਚਾਹੀਦਾ ਹੈ, ਪਰ ਭਾਰਤ ਦੇ ਸਰਕਾਰੀ ਹਸਪਤਾਲਾਂ 'ਚ 10,000 ਤੋਂ 11,000 ਮਰੀਜ਼ਾਂ ਪਿੱਛੇ ਸਿਰਫ਼ 1 ਡਾਕਟਰ ਹੈ | ਕੇਂਦਰ ਤੇ ਸੂਬਾ ਸਰਕਾਰਾਂ ਆਪਣੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦਾ ਸਿਰਫ਼ 1.5-1.8 ਫ਼ੀਸਦੀ ਹੀ ਸਿਹਤ ਸੰਭਾਲ ਖੇਤਰ 'ਤੇ ਖਰਚ ਕਰਦੀਆਂ ਹਨ ਤੇ ਆਪਣੀ ਸਿਹਤ ਲਈ ਲਗਭਗ 47-50 ਫ਼ੀਸਦੀ ਖਰਚ ਲੋਕ ਆਪਣੀ ਜੇਬਾਂ 'ਚੋਂ ਹੀ ਕਰਦੇ ਹਨ | ਭਾਰਤ ਦਾ ਕੁੱਲ ਸਿਹਤ ਢਾਂਚਾ ਲਗਭਗ 30-31 ਲੱਖ ਕਰੋੜ ਰੁਪਏ ਦਾ ਹੈ, ਜਿਸ ਦਾ 70-75 ਫ਼ੀਸਦੀ ਕਾਰੋਬਾਰ ਨਿੱਜੀ ਹਸਪਤਾਲਾਂ, ਜਾਂਚ ਲੈਬਾਂ ਤੇ ਦਵਾਈ ਬਣਾਉਣ ਵਾਲੀਆਂ ਨਿੱਜੀ ਕੰਪਨੀਆਂ ਕੋਲ ਹੈ | ਸਰਕਾਰੀ ਸਿਹਤ ਖੇਤਰ ਤੋਂ ਵੱਖਰਾ ਨਿੱਜੀ ਸਿਹਤ ਖੇਤਰ ਦਾ ਲੱਖਾਂ ਕਰੋੜਾਂ ਦਾ ਕਾਰੋਬਾਰ ਹੈ, ਜਿਸ ਵਿਚ ਭਾਰਤੀ ਤੇ ਵਿਦੇਸ਼ੀ ਧਨਾਢਾਂ ਦਾ ਸਰਮਾਇਆ ਲੱਗਿਆ ਹੋਇਆ ਹੈ | ਦਿਲੀਪ ਸੰਘਵੀ ਦੀ 'ਸਨ ਫਾਰਮਾਸਿਊਟੀਕਲ' ਭਾਰਤ ਦੀ ਸਭ ਤੋਂ ਵੱਡੀ ਫਾਰਮਾ (ਦਵਾਈਆਂ ਬਣਾਉਣ ਵਾਲੀ) ਕੰਪਨੀ ਹੈ | ਸਾਇਰਸ ਪੂਨਾਵਾਲਾ ਦੀ 'ਭਾਰਤ ਦੀ ਸੀਰਮ ਸੰਸਥਾ' ਸੰਸਾਰ ਦੀ ਸਭ ਤੋਂ ਵੱਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਹੈ | ਹਸਪਤਾਲਾਂ ਦੀ ਗੱਲ ਕਰੀਏ ਤਾਂ ਡਾ. ਪ੍ਰਤਾਪ ਸੀ. ਰੈੱਡੀ ਦੀ ਮਾਲਕੀ ਵਾਲੇ 'ਅਪੋਲੋ' ਹਸਪਤਾਲ ਪੂਰੇ ਭਾਰਤ ਵਿਚ ਮੌਜੂਦ ਹਨ | 
ਦੂਜੇ ਪਾਸੇ ਸਰਕਾਰਾਂ ਨੇ ਜਨਤਕ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਮੁਨਾਫ਼ੇਖੋਰਾਂ ਨੂੰ  ਸਿਹਤ ਖੇਤਰ ਵਿਚ ਨਿੱਜੀਕਰਨ ਲਈ ਥਾਪੜਾ ਦੇ ਕੇ ਸਰਕਾਰੀ ਸਿਹਤ ਖੇਤਰ 'ਚ ਵੀ ਉਨ੍ਹਾਂ ਦੀਆਂ ਜੜ੍ਹਾਂ ਲਵਾਉਣ ਲਈ ਪੱਕੇ ਵਸੀਲੇ ਕੀਤੇ ਹੋਏ ਹਨ | ਸਰਕਾਰੀ ਹਸਪਤਾਲਾਂ ਅੰਦਰ ਖੋਲੇ੍ਹ ਗਏ ਇਕ ਕੰਪਨੀ ਦੇ ਜਾਂਚ ਕੇਂਦਰ ਨਿੱਕੇ-ਮੋਟੇ ਟੈਸਟਾਂ ਤੋਂ ਲੈ ਕੇ ਵੱਡੀਆਂ-ਵੱਡੀਆਂ ਸਕੈਨਾਂ ਤੱਕ ਕਰਦੇ ਹਨ | ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਟੈੱਸਟ ਮੁਹੱਈਆ ਕਰਵਾਏ, ਪਰ ਉਸ ਨੇ ਨਿੱਜੀ ਕੰਪਨੀ ਨਾਲ ਸਮਝੌਤਾ ਕਰਕੇ ਉਸ ਨੂੰ  ਆਮ ਲੋਕਾਂ ਦੀ ਜੇਬ 'ਤੇ ਡਾਕੇ ਮਾਰਨ ਦੀ ਖੁੱਲ੍ਹ ਦੇ ਦਿੱਤੀ ਹੈ | ਉਕਤ ਕੰਪਨੀ ਪੰਜਾਬ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਤੇ ਅਸਾਮ ਵਰਗੇ ਸੂਬਿਆਂ ਦੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਅੰਦਰ ਆਪਣੀਆਂ ਲੈਬਾਂ ਤੇ ਸਕੈਨਿੰਗ ਸੈਂਟਰ ਚਲਾਉਂਦੀ ਹੈ | ਦੱਖਣ ਭਾਰਤ ਦੇ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਸਰਕਾਰੀ ਹਸਪਤਾਲਾਂ ਅੰਦਰ ਨਿੱਜੀ 'ਮੈਡਲ ਹੈਲਥਕੇਅਰ' ਨਾਂਅ ਦੇ ਜਾਂਚ ਕੇਂਦਰ ਹਨ | ਇਨ੍ਹਾਂ ਨਿੱਜੀ ਜਾਂਚ ਕੇਂਦਰਾਂ 'ਚ ਲੱਖਾਂ ਕਰੋੜਾਂ ਰੁਪਏ ਦਾ ਦੇਸ਼ੀ ਤੇ ਵਿਦੇਸ਼ੀ ਧਨਾਢਾਂ ਨੇ ਸਰਮਾਇਆ ਲੱਗਾ ਹੋਇਆ ਹੈ | ਸਰਕਾਰਾਂ ਨੇ ਆਪਣੀ ਜ਼ਮੀਨ 'ਤੇ ਬਣੇ ਹਸਪਤਾਲਾਂ ਦੇ ਗਰੀਬ ਮਰੀਜ਼ਾਂ (ਗਾਹਕ) ਨੂੰ  ਇਨ੍ਹਾਂ ਧਨਾਢਾਂ ਦੇ ਮੁਨਾਫੇ ਲਈ ਉਪਲਬਧ ਕਰਵਾਏ ਹਨ | 
ਇਹ ਸਾਰੇ ਤੱਥ ਸਪੱਸ਼ਟ ਕਰਦੇ ਹਨ ਕਿ ਸਰਕਾਰਾਂ ਨੇ ਜਾਣਬੁੱਝ ਕੇ ਸਰਕਾਰੀ ਸਿਹਤ ਢਾਂਚੇ ਨੂੰ  ਬਰਬਾਦ ਕੀਤਾ ਹੈ | ਲੋਕਾਂ ਨੂੰ  ਸਿਹਤ ਸਹੂਲਤ ਮੁਹੱਈਆ ਕਰਵਾਉਣੀ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਹੈ, ਹਰ ਸਾਲ ਜੀ.ਡੀ.ਪੀ. ਦਾ 2 ਫ਼ੀਸਦੀ ਤੋਂ ਵੀ ਘੱਟ ਸਿਹਤ ਬਜਟ ਰੱਖਣਾ 'ਊਠ ਦੇ ਮੂੰਹ 'ਚ ਜੀਰੇ' ਵਾਲੀ ਗੱਲ ਹੈ | ਮੌਜੂਦਾ ਸਰਕਾਰੀ ਸਿਹਤ ਢਾਂਚਾ ਚਲਦਾ ਰੱਖਣ ਜਾਂ ਇਸ ਨੂੰ  ਹੋਰ ਵੱਡਾ ਕਰਨ ਲਈ ਨਾ ਪੈਸੇ ਤੇ ਨਾ ਹੀ ਕੋਈ ਹੋਰ ਸਾਧਨ ਦਿੱਤੇ ਜਾ ਰਹੇ ਹਨ | ਅਜੋਕੇ ਸਮੇਂ 'ਚ  ਲੋੜ ਤੋਂ ਵੱਧ ਟੈਸਟਿੰਗ ਨੂੰ  ਉਤਸ਼ਾਹਿਤ ਕਰਨ ਪਿੱਛੇ ਸਿਹਤ ਸਹੂਲਤਾਂ ਦੇ ਨਾਂਅ 'ਤੇ ਮੁਨਾਫਾਖੋਰੀ ਚੱਲ ਰਹੀ ਹੈ | ਨਿੱਜੀ ਲੈਬਾਂ ਬਿਨਾਂ ਕਿਸੇ ਡਾਕਟਰੀ ਸਲਾਹ ਜਾਂ ਲੋੜ ਦੇ ਲੋਕਾਂ ਨੂੰ  ਪੈਕੇਜ ਵੇਚ ਕੇ  ਅੰਨ੍ਹੇਵਾਹ ਪੈਸਾ ਕਮਾਉਂਦੀਆਂ ਹਨ | ਇਹ ਡਾਇਗਨੋਸਿਸ ਕੇਂਦਰ ਟੈਸਟਾਂ ਦੇ ਆਧਾਰ 'ਤੇ ਵੱਡੀਆਂ ਬਿਮਾਰੀਆਂ ਦੀ ਸੰਭਾਵੀ ਸ਼ੁਰੂਆਤ ਦੱਸ ਕੇ ਲੋਕਾਂ ਨੂੰ  ਉਲਝਾ ਰਹੇ ਹਨ | ਪਿਛਲੇ ਕੁਝ ਸਮੇਂ ਦੌਰਾਨ ਦੇਸ਼ 'ਚ ਕਈ ਬਿਮਾਰੀਆਂ ਦੀ ਗਿਣਤੀ ਵਧ ਗਈ ਹੈ, ਪਰ ਇਨ੍ਹਾਂ ਨਾਲ ਹੋ ਰਹੀਆਂ ਮੌਤਾਂ ਦੀ ਦਰ 'ਚ ਕੋਈ ਤਬਦੀਲੀ ਨਹੀਂ ਆਈ | ਇਨ੍ਹਾਂ ਬਿਮਾਰੀਆਂ 'ਚੋਂ ਥਾਇਰਾਇਡ ਸਭ ਤੋਂ ਮੂਹਰੇ ਹੈ, ਕੇਰਲ ਦੀਆਂ ਔਰਤਾਂ 'ਚ 2005 – 2014 ਦੌਰਾਨ ਇਸ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਪਰ ਮੌਤ ਦਰ ਪਹਿਲਾਂ ਵਾਲੀ ਹੀ ਰਹੀ ਹੈ | ਡਾਕਟਰਾਂ ਮੁਤਾਬਿਕ ਕੇਰਲ ਵਿਚ ਥਾਇਰਾਇਡ ਦੇ ਮਰੀਜ਼ਾਂ 'ਚ ਵੱਡਾ ਵਾਧਾ ਬਿਮਾਰੀਆਂ ਦੇ ਵਧਣ ਕਰਕੇ ਨਹੀਂ, ਸਗੋਂ ਡਾਇਗਨੋਸਿਸ ਕੇਂਦਰਾਂ 'ਚ ਹੁੰਦੇ ਟੈਸਟਾਂ ਕਰਕੇ ਹੋਇਆ ਹੈ | ਬੇਲੋੜੇ ਟੈਸਟਾਂ ਤੇ ਸਕੈਨਾਂ ਦਾ ਅਸਰ ਸਿਰਫ਼ ਲੋਕਾਂ ਦੀ ਜੇਬ 'ਤੇ ਹੀ ਨਹੀਂ ਪੈਂਦਾ, ਸਗੋਂ ਇਹ ਮਰੀਜ਼ ਦੇ ਮਨ ਵਿਚ ਬੇਵਜ੍ਹਾ ਡਰ ਵਧਾ ਕੇ ਗ਼ੈਰ-ਜ਼ਰੂਰੀ ਦਵਾਈਆਂ ਲੈਣ ਲਈ ਉਤਸ਼ਾਹਿਤ ਕਰਦਾ ਹੈ | ਇਹ ਹਾਲਤ ਇਕ ਵਿਅੰਗਾਤਮਕ ਤ੍ਰਾਸਦੀ ਨੂੰ  ਦਰਸਾਉਂਦੀ ਹੈ, ਜਿੱਥੇ ਇਕ ਪਾਸੇ ਮਰੀਜ਼ਾਂ ਦੀ ਲੋੜੀਂਦੀ ਜਾਂਚ ਨਹੀਂ ਹੋ ਪਾਉਂਦੀ ਤੇ ਮਾਮੂਲੀ ਬਿਮਾਰੀਆਂ ਨਾਲ ਵੀ ਗਰੀਬ ਲੋਕਾਂ ਨੂੰ  ਜਾਨ ਗੁਆਉਣੀ ਪੈ ਜਾਂਦੀ ਹੈ ਤੇ ਦੂਜੇ ਪਾਸੇ ਆਬਾਦੀ ਦਾ ਇਕ ਹਿੱਸਾ ਲੋੜ ਤੋਂ ਕਿਤੇ ਵੱਧ ਸਿਹਤ ਜਾਂਚ ਦਾ ਸ਼ਿਕਾਰ ਹੋ ਰਿਹਾ ਹੈ | ਸਰਕਾਰਾਂ ਵਲੋਂ ਸਿਹਤ ਢਾਂਚੇ ਦੇ ਕੀਤੇ ਲੋੜੋਂ ਵੱਧ ਨਿੱਜੀਕਰਨ ਦਾ ਵੱਡਾ ਬੋਝ ਆਮ ਲੋਕ ਝੱਲ ਰਹੇ ਹਨ | ਸਰਮਾਏਦਾਰਾਂ ਦੇ ਹਿਤਾਂ ਨੂੰ  ਸੁਰੱਖਿਅਤ ਕਰਨ ਵਿਚ ਰੁੱਝੀਆਂ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਾਣੀਆਂ ਅੱਖਾਂ ਨੂੰ  ਆਮ ਲੋਕਾਈ ਦਾ ਕੋਈ ਵੀ ਹਿਤ ਦਿਖਾਈ ਨਹੀਂ ਦਿੰਦੇ | ਇਸ ਲਈ ਲੋਕਾਂ ਨੂੰ  ਜਥੇਬੰਦ ਹੋ ਕੇ ਸਰਕਾਰਾਂ ਨੂੰ  ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਸਿਹਤ ਸੰਭਾਲ ਖੇਤਰ 'ਚੋਂ ਨਿੱਜੀਕਰਨ ਨੂੰ  ਖਤਮ ਕਰਕੇ ਉਨ੍ਹਾਂ ਨੂੰ  ਪੂਰਨ ਤੌਰ 'ਤੇ ਸਰਕਾਰੀ ਤੇ ਚੰਗੀ ਗੁਣਵੱਤਾ ਵਾਲੀ ਸਿਹਤ ਸਹੂਲਤ ਦੇਣ ਲਈ ਮਜਬੂਰ ਹੋ ਜਾਵੇ | 

-ਖੋਜਕਾਰ |
ਮੋਬਾਈਲ : 8847227740

Ad Position 22
No active advertisement
ਪਿਛਲੀ ਖ਼ਬਰ ਨਦੀਆਂ ਨੂੰ ਬਚਾਉਣ ਲਈ ਸਮਾਜ ਸਮੂਹਿਕ ਤੌਰ 'ਤੇ ਅੱਗੇ ਆਵੇ ਅਗਲੀ ਖ਼ਬਰ ਐਲਬਰਟ ਆਈਨਸਟਾਈਨ ਦੀ ਸੂਝਬੂਝ ਨੂੰ ਪ੍ਰਗਟਾਉਂਦਾ ਇਕ ਰੌਚਕ ਪ੍ਰਸੰਗ
Ad Position 24