27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਨਦੀਆਂ ਨੂੰ ਬਚਾਉਣ ਲਈ ਸਮਾਜ ਸਮੂਹਿਕ ਤੌਰ 'ਤੇ ਅੱਗੇ ਆਵੇ

ਨਦੀਆਂ ਨੂੰ ਬਚਾਉਣ ਲਈ ਸਮਾਜ ਸਮੂਹਿਕ ਤੌਰ 'ਤੇ ਅੱਗੇ ਆਵੇ

Ad Position 21
No active advertisement
ਅਜੀਤ ਡੈਸਕ 28-11-2026

ਤਾਮਿਲਨਾਡੂ ਦੀ ਤਾਮੀਰਾਬਰਾਨੀ ਨਦੀ ਨਾਲ ਸੰਬੰਧਿਤ ਇਕ ਮਾਮਲੇ ਵਿਚ ਮਦਰਾਸ ਹਾਈ ਕੋਰਟ ਦੇ ਮਦੁਰੈ ਬੈਂਚ ਨੇ 9 ਜੁਲਾਈ, 2026 ਵਿਚ ਇਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ | ਇਹ ਮਾਮਲਾ ਨਦੀ ਦੇ ਕੰਢੇ ਬਣੇ ਇਕ ਮੰਡਪ ਸੰਬੰਧੀ ਵਿਵਾਦ ਤੋਂ ਸ਼ੁਰੂ ਹੋਇਆ ਸੀ, ਪਰ ਸੁਣਵਾਈ ਦੌਰਾਨ ਨਦੀ 'ਚ ਸੁੱਟੇ ਜਾਂਦੇੇ ਕੱਪੜੇ ਤੇ ਹੋਰ ਵਸਤੂਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਗੰਭੀਰ ਪ੍ਰਸ਼ਨ ਸਾਹਮਣੇ ਆਇਆ | ਅਦਾਲਤ ਨੂੰ  ਦੱਸਿਆ ਗਿਆ ਕਿ ਮਈ, 2026 ਵਿਚ ਸਿਰਫ਼ 22 ਦਿਨਾਂ ਦੌਰਾਨ ਲਗਭਗ 86-90 ਟਨ ਪੁਰਾਣੇ ਕੱਪੜੇ, 1,385 ਕਿਲੋਗ੍ਰਾਮ ਪਲਾਸਟਿਕ, ਕੱਚ ਦੀਆਂ ਬੋਤਲਾਂ, ਚੱਪਲਾਂ ਤੇ ਹੋਰ ਚੀਜ਼ਾਂ ਨਦੀ 'ਚੋਂ ਕੱਢੀਆਂ ਗਈਆਂ ਸਨ | ਅਦਾਲਤ ਨੇ ਤਾਮੀਰਾਬਰਾਨੀ ਨਦੀ ਨੂੰ  ਸੀਮਤ ਕਾਨੂੰਨੀ ਸ਼ਖ਼ਸੀਅਤ ਦਾ ਦਰਜਾ ਦਿੰਦਿਆਂ ਸਪੱਸ਼ਟ ਕੀਤਾ ਕਿ ਕਿਸੇ ਨੂੰ  ਵੀ ਧਰਮ ਜਾਂ ਆਸਥਾ ਦੇ ਨਾਂਅ 'ਤੇ ਨਦੀ ਨੂੰ  ਪ੍ਰਦੂਸ਼ਿਤ ਕਰਨ ਦਾ ਅਧਿਕਾਰ ਨਹੀਂ ਹੈ | ਮਤਲਬ ਹੁਣ ਨਦੀਆਂ ਵੀ ਅਦਾਲਤ 'ਚ ਆਪਣੇ ਮੁਕੱਦਮੇ ਦਾਇਰ ਕਰ ਸਕਦੀਆਂ ਹਨ |

ਮਾਂ ਵਰਗੀਆਂ ਨਦੀਆਂ ਦੀ ਹਾਲਤ
ਨਦੀਆਂ ਨੂੰ  ਮਾਵਾਂ ਵਾਂਗ ਪੂਜਿਆ ਜਾਂਦਾ ਹੈ | ਲੋਕ ਨਦੀ ਦੇ ਕੰਢੇ ਤੋਂ ਲੰਘਣ ਸਮੇਂ ਹੱਥ ਜੋੜ ਕੇ ਨਮਸਕਾਰ ਕਰਦੇ ਹਨ | ਗੰਗਾ ਹਮੇਸ਼ਾ ਤੋਂ ਪੂਜਨੀਕ ਰਹੀ ਹੈ | ਹਜ਼ਾਰਾਂ ਵੱਡੀਆਂ ਤੇ ਛੋਟੀਆਂ ਨਦੀਆਂ ਨੇੜੇ ਸ਼ਹਿਰ ਵਸੇ, ਖੇਤੀਬਾੜੀ ਵਧੀ ਤੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਇਨ੍ਹਾਂ ਨਾਲ ਜੁੜੀਆਂ ਰਹੀਆਂ ਹਨ | ਪਰ ਅੱਜ ਇਨ੍ਹਾਂ ਦੇ ਪਾਣੀ ਨੂੰ  ਵੇਖ ਕੇ ਵਿਸ਼ਵਾਸ ਕਰਨਾ ਔਖਾ ਹੈ ਕਿ ਇਸ ਨੂੰ  ਪੀਤਾ ਵੀ ਜਾ ਸਕਦਾ ਹੈ | ਪਲਾਸਟਿਕ, ਗੰਦਗੀ, ਰਸਾਇਣਕ ਰਹਿੰਦ-ਖੂੰਹਦ ਤੇ ਸੀਵਰੇਜ ਦੇ ਪਾਣੀ ਨਦੀਆਂ ਦੀ ਪਛਾਣ ਬਣ ਗਏ ਹਨ | ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਗੰਗਾ ਸਾਫ਼ ਨਹੀਂ ਹੋ ਸਕੀ | ਇਹ ਹਾਲਤ ਲਗਭਗ ਸਾਰੀਆਂ ਨਦੀਆਂ ਦੀ ਹੈ | ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਲਈ ਠੇਕੇ ਦਿੱਤੇ ਜਾਂਦੇ ਹਨ ਅਤੇ ਜਦੋਂ ਹੜ੍ਹ ਘਰਾਂ ਨੂੰ  ਵਹਾ ਕੇ ਲੈ ਜਾਂਦੇ ਹਨ ਤਾਂ ਸਰਕਾਰੀ ਮੁਆਵਜ਼ੇ ਦਾ ਖੇਡ ਜਾਰੀ ਰਹਿੰਦਾ ਹੈ | ਨਦੀਆਂ ਪ੍ਰਦੂਸ਼ਣ ਤੇ ਜ਼ਹਿਰੀਲੇ ਵਾਤਾਵਰਨ ਲਈ ਪ੍ਰਜਨਨ ਸਥਾਨ ਬਣ ਗਈਆਂ ਹਨ | ਪ੍ਰਸ਼ਾਸਨਿਕ ਲਾਪਰਵਾਹੀ, ਮਾੜੀਆਂ ਨਗਰਪਾਲਿਕਾ ਪ੍ਰਣਾਲੀਆਂ ਤੇ ਲੋਕਾਂ ਦੀਆਂ ਮਾੜੀਆਂ ਆਦਤਾਂ ਨਦੀਆਂ ਨੂੰ  ਪ੍ਰਦੂਸ਼ਿਤ ਕਰਦੀਆਂ ਹਨ | ਸਰਕਾਰ ਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹਨ |
ਦਿੱਲੀ ਅਤੇ ਐਨ.ਸੀ.ਆਰ. ਵਿਚ ਯਮੁਨਾ ਲਈ ਇਕ ਵੱਡੀ ਯੋਜਨਾ ਤਿਆਰ ਕੀਤੀ ਗਈ ਹੈ | ਇਸ ਵਿਚ ਵਾਤਾਵਰਨ ਸੁਧਾਰ ਤੇ ਪ੍ਰਦੂਸ਼ਣ ਨਿਯੰਤਰਣ ਲਈ ਅਤਿ-ਆਧੁਨਿਕ ਤਕਨਾਲੋਜੀ ਵਿਕਸਿਤ ਕਰਨ ਵਾਲੀ ਨਾਗਪੁਰ ਦੀ ਸੀ.ਐਸ.ਆਈ.ਆਰ. ਸੰਸਥਾ 'ਨੀਰੀ' ਨੂੰ  ਵੀ ਸ਼ਾਮਿਲ ਕੀਤਾ ਗਿਆ ਹੈ | ਸਵਦੇਸ਼ੀ ਤੌਰ 'ਤੇ ਵਿਕਸਤ ਤਕਨਾਲੋਜੀ ਨਦੀ ਦੇ ਕਿਨਾਰਿਆਂ ਨੂੰ  ਫੁੱਲਾਂ ਨਾਲ ਭਰਪੂਰ ਹਰੇ-ਭਰੇ ਬਾਗਾਂ ਵਿਚ ਬਦਲ ਸਕਦੀ ਹੈ, ਜਿਸ ਨਾਲ ਸਾਹ ਲੈਣ ਲਈ ਸਾਫ਼-ਸੁਥਰੀ ਹਵਾ ਵੀ ਮਿਲ ਸਕਦੀ ਹੈ | ਯਮੁਨਾ ਨੂੰ  ਸਾਫ਼ ਕਰਨ ਲਈ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਸਮੱਸਿਆ ਬਰਕਰਾਰ ਹੈ, ਕਿਉਂਕਿ ਪਾਣੀ ਨੂੰ  ਦੂਸ਼ਿਤ ਕਰਨ ਵਾਲੇ ਸਰੋਤਾਂ ਨੂੰ  ਕਾਬੂ ਨਹੀਂ ਕੀਤਾ ਗਿਆ | ਇਕ ਵਿਭਾਗ ਇਸ ਦੀ ਜ਼ਿੰਮੇਵਾਰੀ ਦੂਜੇ ਵਿਭਾਗ 'ਤੇ ਸੁੱਟ ਦਿੰਦਾ ਹੈ | ਨਗਰ ਨਿਗਮ ਅਨੁਸਾਰ ਇਹ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਹੈ ਤੇ ਉਹ ਇਸ ਲਈ ਲੋੜੀਂਦੇ ਸਾਧਨ ਨਾ ਹੋਣ ਦਾ ਕਹਿ ਕੇ ਗੱਲ ਟਾਲ ਦਿੰਦੇ ਹਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੀਆਂ ਰਿਪੋਰਟਾਂ ਜਾਰੀ ਕਰਦਾ ਰਹਿੰਦਾ ਹੈ | ਇਸ ਦੌਰਾਨ ਨਦੀ ਪ੍ਰਦੂਸ਼ਿਤ ਹੁੰਦੀ ਰਹਿੰਦੀ ਹੈ |
ਸੁਪਰੀਮ ਕੋਰਟ ਨੇ 4 ਨਵੰਬਰ, 2026 ਨੂੰ  ਆਪਣੇ ਆਦੇਸ਼ 'ਚ ਯਮੁਨਾ ਦੀ ਸਫ਼ਾਈ ਸੰਬੰਧੀ ਪੇਸ਼ ਕੀਤੀ ਗਈ ਕਾਰਜ ਯੋਜਨਾ 'ਤੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ, ਜਿਸ ਵਿਚ 125 ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਉਣ ਤੇ 520 ਨਾਲਿਆਂ ਦੇ ਗੰਦੇ ਪਾਣੀ ਨੂੰ  ਰੋਕ ਕੇੇ ਇਨ੍ਹਾਂ ਨੂੰ  ਸਾਫ਼ ਕਰਨ ਦੇ ਕਈ ਪ੍ਰਸਤਾਵ ਸ਼ਾਮਿਲ ਸਨ | ਅਦਾਲਤ ਨੇ ਪੁੱਛਿਆ ਕਿ ਮੌਜੂਦਾ ਪਲਾਂਟਾਂ 'ਚੋਂ ਕਿੰਨੇ ਨਿਰਧਾਰਤ ਮਾਪਦੰਡਾਂ ਅਨੁਸਾਰ ਕੰਮ ਕਰ ਰਹੇ ਹਨ, ਪਤਾ ਨਹੀਂ ਇਸ ਦਾ ਕਦੋਂ ਵੇਰਵਾ ਮਿਲੇਗਾ?
ਅਸੀਂ ਬਹਾਨੇ ਬਣਾਏ
ਅਕਸਰ ਦਲੀਲ ਦਿੱਤੀ ਜਾਂਦੀ ਹੈ ਕਿ ਆਬਾਦੀ ਬਹੁਤ ਜ਼ਿਆਦਾ ਹੋਣ ਤੇ ਸ਼ਹਿਰਾਂ ਦੇ ਤੇਜ਼ੀ ਨਾਲ ਫੈਲਣ ਕਰਕੇ ਪ੍ਰਦੂਸ਼ਣ ਨੂੰ  ਕੰਟਰੋਲ ਕਰਨਾ ਮੁਸ਼ਕਿਲ ਹੈ | ਪਰ ਦੂਜੇ ਦੇਸ਼ਾਂ ਦੇ ਤਜਰਬੇ ਦਰਸਾਉਂਦੇ ਹਨ ਕਿ ਨਦੀਆਂ ਦਾ ਪ੍ਰਦੂਸ਼ਣ ਇਕ ਲਾਇਲਾਜ ਬਿਮਾਰੀ ਨਹੀਂ ਹੈ | ਇਹ ਸਮੱਸਿਆ ਸਹੀ ਯੋਜਨਾਬੰਦੀ, ਸਖ਼ਤ ਫ਼ੈਸਲਿਆਂ ਤੇ ਨਿਰੰਤਰ ਨਿਗਰਾਨੀ ਨਾਲ ਸੁਲਝਾਈ ਜਾ ਸਕਦੀ ਹੈ | ਲੰਡਨ ਦੀ ਪਛਾਣ ਮੰਨੀ ਜਾਂਦੀ ਇੰਗਲੈਂਡ ਦੀ ਥੇਮਸ ਨਦੀ 1950 ਦੇ ਦਹਾਕੇ ਤੱਕ ਇੰਨੀ ਪ੍ਰਦੂਸ਼ਿਤ ਹੋ ਗਈ ਸੀ ਕਿ ਇਸ ਨੂੰ  1957 ਵਿਚ ਜੈਵਿਕ ਤੌਰ 'ਤੇ ਮਿ੍ਤਕ ਐਲਾਨ ਦਿੱਤਾ ਗਿਆ ਸੀ | ਇੰਗਲੈਂਡ ਨੇ ਸੀਵਰੇਜ ਟ੍ਰੀਟਮੈਂਟ ਪ੍ਰਣਾਲੀਆਂ 'ਚ ਸੁਧਾਰ ਕਰਦਿਆਂ ਉਦਯੋਗਿਕ ਰਹਿੰਦ-ਖੂੰਹਦ ਨੂੰ  ਕੰਟਰੋਲ ਕਰਕੇ ਨਦੀ 'ਚ ਗੰਦਾ ਪਾਣੀ ਨਾ ਸੁੱਟਣ ਲਈ ਸਖ਼ਤ ਨਿਯਮ ਲਾਗੂ ਕੀਤੇ | ਕਈ ਦਹਾਕਿਆਂ ਦੇ ਲਗਾਤਾਰ ਯਤਨਾਂ ਦੇ ਚੱਲਦਿਆਂ ਨਦੀਂ ਵਿਚ ਮੱਛੀਆਂ ਵਾਪਸ ਆਉਣ ਲੱਗੀਆਂ | ਅੱਜ ਥੇਮਸ ਨਦੀ ਵਿਚ 125 ਤੋਂ ਵੱਧ ਮੱਛੀਆਂ ਦੀਆਂ ਕਿਸਮਾਂ ਹਨ | 1970 ਦੇ ਦਹਾਕੇ ਤੱਕ ਸਿੰਗਾਪੁਰ ਨਦੀ ਇੰਨੀ ਪ੍ਰਦੂਸ਼ਿਤ ਹੋ ਗਈ ਸੀ ਕਿ ਇਸ ਦੇ ਨੇੜੇ ਰਹਿਣਾ ਮੁਸ਼ਕਿਲ ਹੋ ਗਿਆ ਸੀ | ਸਿੰਗਾਪੁਰ ਨੇ 1977 ਵਿਚ 10 ਸਾਲਾਂ ਦੇ ਅੰਦਰ ਨਦੀ ਨੂੰ  ਸਾਫ਼ ਕਰਨ ਦਾ ਟੀਚਾ ਰੱਖਿਆ ਤੇ ਅੱਜ ਉਹੀ ਨਦੀ ਦੇ ਕਿਨਾਰੇ ਸੁੰਦਰ ਜਨਤਕ ਥਾਵਾਂ, ਰੈਸਟੋਰੈਂਟ ਤੇ ਸੈਲਾਨੀ ਸਹੂਲਤਾਂ ਉਪਲਬੱਧ ਹਨ | ਯੂਰਪ ਦੀ ਰਾਈਨ ਨਦੀ ਕਈ ਦੇਸ਼ਾਂ ਵਿਚੋਂ ਲੰਘਦੀ ਹੈ | 1986 ਵਿਚ ਸਵਿਟਜ਼ਰਲੈਂਡ ਦੀ ਇਕ ਰਸਾਇਣਕ ਫੈਕਟਰੀ ਦੇ ਜ਼ਹਿਰੀਲੇ ਰਸਾਇਣ ਨਦੀ ਵਿਚ ਦਾਖ਼ਲ ਹੋਣ ਨਾਲ ਸੈਂਕੜੇ ਕਿਲੋਮੀਟਰ ਤੱਕ ਮੱਛੀਆਂ ਤੇ ਛੋਟੇ ਜਲ-ਜੀਵ ਮਾਰੇ ਗਏ ਸਨ | 1987 'ਚ ਸਵਿਟਜ਼ਰਲੈਂਡ, ਜਰਮਨੀ, ਫਰਾਂਸ, ਨੀਦਰਲੈਂਡ ਤੇ ਹੋਰ ਦੇਸ਼ਾਂ ਨੇ ਸਾਂਝੇ ਤੌਰ 'ਤੇ ਰਾਈਨ ਐਕਸ਼ਨ ਪ੍ਰੋਗਰਾਮ ਸ਼ੁਰੂ ਕਰਦਿਆਂ ਉਦਯੋਗਿਕ ਰਹਿੰਦ-ਖੂੰਹਦ ਨਿਯੰਤਰਣ, ਸੀਵਰੇਜ ਟ੍ਰੀਟਮੈਂਟ, ਦੁਰਘਟਨਾਵਾਂ ਦੀ ਰੋਕਥਾਮ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ ਇਕ ਸਾਂਝਾ ਸਿਸਟਮ ਸਥਾਪਤ ਕੀਤਾ ਤਾਂ 2000 ਤੱਕ ਨਦੀ ਵਿਚ ਕਈ ਵੱਡੇ ਪ੍ਰਦੂਸ਼ਕਾਂ ਦਾ ਵਹਾਅ 70 ਤੋਂ 100 ਫ਼ੀਸਦੀ ਤੱਕ ਘਟ ਗਿਆ |
ਭਾਰਤ ਵਿਚ ਹੱਲ
ਨਦੀਆਂ ਦਾ ਪਾਣੀ ਇਕ ਰਾਜ ਤੋਂ ਦੂਜੇ ਰਾਜ ਵਿਚ ਵਗਦਾ ਹੋਣ ਕਰਕੇ ਜ਼ਿੰਮੇਵਾਰੀ ਸਾਂਝੀ ਹੋਣੀ ਚਾਹੀਦੀ ਹੈ | ਹਰ ਸ਼ਹਿਰ ਤੇ ਕਸਬੇ ਦੇ ਸਾਰੇ ਨਾਲਿਆਂ ਦੇ ਨਕਸ਼ੇ ਤਿਆਰ ਕਰਕੇ ਦੇਖਿਆ ਜਾਵੇ ਕਿ ਕਿਹੜਾ ਨਾਲਾ ਕਿੰਨਾ ਗੰਦਾ ਪਾਣੀ ਦਰਿਆ ਵਿਚ ਸੁੱਟ ਰਿਹਾ ਹੈ ਤੇ ਉਸ ਦੀ ਸਫ਼ਾਈ ਕਰਨ ਦੀ ਜ਼ਿੰਮੇਵਾਰੀ ਕਿਹੜੇ ਵਿਭਾਗ ਦੀ ਹੈ? ਸਿਰਫ਼ ਟ੍ਰੀਟਮੈਂਟ ਪਲਾਂਟ ਲਗਾਉਣੇ ਜ਼ਰੂਰੀ ਨਹੀਂ, ਉਨ੍ਹਾਂ ਦੀ ਨਿਗਰਾਨੀ ਕਰਨਾ ਵੀ ਬਹੁਤ ਜ਼ਰੂਰੀ ਹੈ | ਜੇਕਰ ਕੋਈ ਪਲਾਂਟ ਬੰਦ ਹੈ ਜਾਂ ਮਿਆਰਾਂ ਅਨੁਸਾਰ ਕੰਮ ਨਹੀਂ ਕਰਦਾ ਤਾਂ ਇਸ ਦੇ ਸੰਚਾਲਕਾਂ ਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਨਦੀ ਦੇ ਕੁਦਰਤੀ ਵਹਾਅ ਤੇ ਹੜ੍ਹ ਖੇਤਰਾਂ ਨੂੰ  ਕਬਜ਼ੇ ਤੋਂ ਬਚਾਉਣਾ ਜ਼ਰੂਰੀ ਹੈ | ਪ੍ਰਭਾਵਸ਼ਾਲੀ ਵਿਅਕਤੀਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਕਾਨੂੰਨਾਂ ਦੀ ਕੋਈ ਕਮੀ ਨਹੀਂ ਹੈ | ਜਲ (ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ) ਐਕਟ 1974 ਦੀ ਧਾਰਾ 24 ਅਨੁਸਾਰ ਪਾਣੀ ਦੇ ਸਰੋਤਾਂ 'ਚ ਪ੍ਰਦੂਸ਼ਕਾਂ ਨੂੰ  ਸੁੱਟਣ  'ਤੇ ਪਾਬੰਦੀ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਵਿਰੁੱਧ ਵਾਤਾਵਰਨ ਸੁਰੱਖਿਆ ਐਕਟ, 1986 ਤਹਿਤ ਕਾਰਵਾਈ ਕਰ ਸਕਦਾ ਹੈ | ਲੋਕ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਸ਼ਿਕਾਇਤ ਕਰਨ ਨੂੰ  ਹੀ ਕਾਫ਼ੀ ਸਮਝ ਲੈਂਦੇ ਹਨ ਪਰ ਵਿਭਾਗ ਅੱਗੋਂ ਚੁੱਪੀ ਸਾਧ ਲੈਂਦਾ ਹੈ | ਇਹ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਹੀ ਨਹੀਂ, ਸਗੋਂ ਸਾਡੀ ਵੀ ਹੈ | ਹਰ ਸ਼ਹਿਰ ਵਿਚ ਨਦੀ ਸੰਭਾਲ ਕਮੇਟੀਆਂ ਬਣਾ ਕੇ ਇਸ ਵਿਚ ਸਥਾਨਕ ਨਾਗਰਿਕਾਂ, ਮਛੇਰਿਆਂ, ਕਿਸਾਨਾਂ, ਸਮਾਜਿਕ ਸੰਗਠਨਾਂ, ਸਕੂਲਾਂ ਤੇ ਕਾਲਜਾਂ ਅਤੇ ਵਾਤਾਵਰਨ ਮਾਹਰਾਂ ਨੂੰ  ਸ਼ਾਮਿਲ ਕੀਤਾ ਜਾ ਸਕਦਾ ਹੈ | ਨਦੀ ਨੂੰ  ਬਚਾਉਣਾ ਕੋਈ ਅਹਿਸਾਨ ਨਹੀਂ ਹੈ; ਸਾਡੀ ਲੋੜ ਹੈ | ਨਦੀ ਨੂੰ  ਸਾਫ਼ ਕਰਨ ਦਾ ਤਰੀਕਾ ਇਨ੍ਹਾਂ 'ਚੋਂ ਗੰਦਗੀ ਕੱਢਣ ਦੀ ਬਜਾਏ ਇਨ੍ਹਾਂ ਵਿਚ ਆਪਣੀ ਗੰਦਗੀ ਸੁੱਟਣਾ ਬੰਦ ਕਰਨਾ ਹੋਣਾ ਚਾਹੀਦਾ ਹੈ |

ਈ-ਮੇਲ : pooranchandsarin@gmail.com

Ad Position 22
No active advertisement
ਪਿਛਲੀ ਖ਼ਬਰ ਮੁੜ ਔਰਤਾਂ ਦੇ ਰਾਖਵੇਂਕਰਨ ਦੀ ਗੂੰਜ ਅਗਲੀ ਖ਼ਬਰ ਦੇਸ਼ ਵਿਚ ਸਿਹਤ ਸੇਵਾਵਾਂ ਦੀ ਸਥਿਤੀ
Ad Position 24