28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੰਜਾਬੀ ਭਾਸ਼ਾ ਨੂੰ ਕਿੱਤਾ-ਮੁਖੀ ਕਿਵੇਂ ਬਣਾਈਏ?

ਪੰਜਾਬੀ ਭਾਸ਼ਾ ਨੂੰ ਕਿੱਤਾ-ਮੁਖੀ ਕਿਵੇਂ ਬਣਾਈਏ?

Ad Position 21
No active advertisement
ਅਜੀਤ ਡੈਸਕ 29-11-2026

ਅੱਜ ਮੈਂ ਇਕ ਅਜਿਹੇ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਜਿਹੜਾ ਸਾਡੀ ਮਾਂ-ਬੋਲੀ, ਸਾਡੇ ਸੱਭਿਆਚਾਰ, ਸਾਡੀ ਸਿੱਖਿਆ ਤੇ ਸਾਡੇ ਨੌਜਵਾਨਾਂ ਦੇ ਭਵਿੱਖ ਨਾਲ ਡੂੰਘਾ ਸੰਬੰਧ ਰੱਖਦਾ ਹੈ | ਭਾਸ਼ਾ ਸਿਰਫ਼ ਵਿਚਾਰਾਂ ਦੇ ਪ੍ਰਗਟਾਵੇ ਦਾ ਸਾਧਨ ਨਹੀਂ ਹੁੰਦੀ, ਸਗੋਂ ਇਹ ਕਿਸੇ ਵੀ ਕੌਮ ਦੀ ਪਛਾਣ, ਵਿਰਾਸਤ, ਸੱਭਿਆਚਾਰ ਤੇ ਜੀਵਨ-ਜਾਚ ਦੀ ਪ੍ਰਤੀਕ ਵੀ ਹੁੰਦੀ ਹੈ | ਸਾਡੀ ਮਾਂ-ਬੋਲੀ ਪੰਜਾਬੀ ਵਿਚ ਗੁਰਬਾਣੀ ਦਾ ਅਨਮੋਲ ਖ਼ਜ਼ਾਨਾ, ਸੂਫ਼ੀਆਂ ਦਾ ਪਿਆਰ, ਲੋਕ-ਗੀਤਾਂ ਦੀ ਮਿਠਾਸ ਤੇ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਹੈ | ਪਰ ਅੱਜ ਵੱਡਾ ਸਵਾਲ ਇਹ ਹੈ ਕਿ, ਕੀ ਪੰਜਾਬੀ ਭਾਸ਼ਾ ਸਿਰਫ਼ ਪੜ੍ਹਨ, ਲਿਖਣ, ਬੋਲਣ ਤੇ ਸਾਹਿਤ ਤੱਕ ਹੀ ਸੀਮਤ ਰਹੇਗੀ ਜਾਂ ਇਸ ਨੂੰ  ਰੁਜ਼ਗਾਰ ਤੇ ਸਵੈ-ਰੁਜ਼ਗਾਰ ਦਾ ਸਾਧਨ ਵੀ ਬਣਾਇਆ ਜਾ ਸਕਦਾ ਹੈ? ਮੇਰਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਹਨ | ਇਸ ਨੂੰ  ਸਿਰਫ਼ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਆਧੁਨਿਕ ਕਿੱਤਿਆਂ, ਤਕਨੀਕ ਤੇ ਬਾਜ਼ਾਰ ਦੀਆਂ ਲੋੜਾਂ ਨਾਲ ਜੋੜਨ ਤੇ ਆਪਣੀ ਸੋਚ ਬਦਲਣ ਦੀ ਲੋੜ ਹੈ | ਵਿਦਿਆਰਥੀਆਂ ਤੇ ਮਾਪਿਆਂ ਦੇ ਮਨਾਂ 'ਚ ਇਹ ਧਾਰਨਾ ਬਣੀ ਹੋਈ ਹੈ ਕਿ ਪੰਜਾਬੀ ਪੜ੍ਹ ਕੇ ਰੁਜ਼ਗਾਰ ਦੇ ਬਹੁਤ ਘੱਟ ਮੌਕੇ ਮਿਲਦੇ ਹਨ, ਪਰ ਹਕੀਕਤ ਇਸ ਤੋਂ ਵੱਖਰੀ ਹੈ |

ਅੱਜ ਪੰਜਾਬੀ ਭਾਸ਼ਾ ਜਾਣਨ ਵਾਲਿਆਂ ਲਈ ਅਧਿਆਪਨ, ਅਨੁਵਾਦ, ਪੱਤਰਕਾਰੀ, ਰੇਡੀਓ, ਟੈਲੀਵਿਜ਼ਨ, ਡਿਜੀਟਲ ਮੀਡੀਆ, ਪ੍ਰਕਾਸ਼ਨ, ਇਸ਼ਤਿਹਾਰਬਾਜ਼ੀ, ਸੈਰ-ਸਪਾਟਾ, ਸਰਕਾਰੀ ਸੇਵਾਵਾਂ ਵਰਗੇ ਅਨੇਕਾਂ ਖੇਤਰਾਂ 'ਚ ਮੌਕੇ ਮੌਜੂਦ ਹਨ | ਸਾਨੂੰ ਵਿਦਿਆਰਥੀਆਂ ਨੂੰ  ਸਮਝਾਉਣਾ ਹੋਵੇਗਾ ਕਿ ਪੰਜਾਬੀ ਸਿਰਫ਼ ਇਕ ਵਿਸ਼ਾ ਨਹੀਂ, ਸਗੋਂ ਇਕ ਅਜਿਹਾ ਹੁਨਰ ਵੀ ਹੈ ਜਿਸ ਨੂੰ  ਸਹੀ ਢੰਗ ਨਾਲ ਵਿਕਸਿਤ ਕਰ ਕੇ ਰੁਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਲਈ ਸਾਨੂੰ ਖ਼ੁਦ ਪੰਜਾਬੀ ਭਾਸ਼ਾ ਨੂੰ  ਤਕਨੀਕੀ ਸਿੱਖਿਆ ਨਾਲ ਜੋੜਨ ਵਰਗੇ ਉਪਰਾਲੇ ਕਰਨੇ ਹੋਣਗੇ | ਅਸੀਂ ਜਾਣਦੇ ਹਾਂ ਕਿ ਤਕਨੀਕੀ ਯੁੱਗ 'ਚ ਕੰਪਿਊਟਰ, ਇੰਟਰਨੈੱਟ, ਮੋਬਾਈਲ ਤੇ ਆਰਟੀਫਿਸ਼ਲ ਇੰਟੈਲੀਜੈਂਸ ਨੇ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ  ਪ੍ਰਭਾਵਿਤ ਕੀਤਾ ਹੈ, ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ  ਵੀ ਇਨ੍ਹਾਂ ਤਕਨੀਕੀ ਸਾਧਨਾਂ ਨਾਲ ਜੋੜਨਾ ਚਾਹੀਦਾ ਹੈ | ਵਿਦਿਆਰਥੀਆਂ ਨੂੰ  ਪੰਜਾਬੀ ਟਾਈਪਿੰਗ, ਯੂਨੀਕੋਡ, ਪੰਜਾਬੀ ਡੈਸਕਟਾਪ ਪਬਲਿਸ਼ਿੰਗ, ਗ੍ਰਾਫ਼ਿਕ ਡਿਜ਼ਾਈਨਿੰਗ, ਵੀਡੀਓ ਐਡੀਟਿੰਗ ਤੇ ਡਿਜੀਟਲ ਲੇਖਣੀ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਉਹ ਪੰਜਾਬੀ 'ਚ ਈ-ਕਿਤਾਬਾਂ, ਡਿਜੀਟਲ ਰਸਾਲੇ, ਇਸ਼ਤਿਹਾਰ, ਵੈੱਬਸਾਈਟਾਂ ਤੇ ਸੋਸ਼ਲ ਮੀਡੀਆ ਸਮੱਗਰੀ ਤਿਆਰ ਕਰ ਸਕਦੇ ਹਨ |
ਇਸੇ ਤਰ੍ਹਾਂ ਪੱਤਰਕਾਰੀ ਤੇ ਮੀਡੀਆ ਦੇ ਖੇਤਰ 'ਚ ਵੀ ਵੱਡੇ ਮੌਕੇ ਹਨ | ਪੰਜਾਬੀ ਭਾਸ਼ਾ ਨੂੰ  ਕਿੱਤਾ-ਮੁਖੀ ਬਣਾਉਣ ਲਈ ਮੀਡੀਆ ਇਕ ਬਹੁਤ ਮਹੱਤਵਪੂਰਨ ਖੇਤਰ ਹੈ | ਅੱਜ ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ, ਨਿਊਜ਼ ਪੋਰਟਲਾਂ ਅਤੇ ਯੂ-ਟਿਊਬ ਚੈਨਲਾਂ 'ਤੇ ਪੰਜਾਬੀ ਸਮੱਗਰੀ ਦੀ ਲੋੜ ਲਗਾਤਾਰ ਵਧ ਰਹੀ ਹੈ | ਵਿਦਿਆਰਥੀ ਪੰਜਾਬੀ 'ਚ ਖ਼ਬਰਾਂ ਲਿਖਣ, ਰੇਡੀਓ ਪ੍ਰੋਗਰਾਮ ਪੇਸ਼ ਕਰਨ, ਇੰਟਰਵਿਊ ਲੈਣ, ਸਕ੍ਰਿਪਟ ਲਿਖਣ, ਡਾਕੂਮੈਂਟਰੀ ਬਣਾਉਣ ਤੇ ਪੌਡਕਾਸਟ ਤਿਆਰ ਕਰਨ ਦੀ ਸਿਖਲਾਈ ਲੈ ਸਕਦੇ ਹਨ | ਇਸ ਖੇਤਰ ਵਿਚ ਰੇਡੀਓ ਜੌਕੀ, ਨਿਊਜ਼ ਰੀਡਰ, ਸਕ੍ਰਿਪਟ ਰਾਈਟਰ, ਰਿਪੋਰਟਰ, ਐਂਕਰ ਤੇ ਡਿਜੀਟਲ ਕੰਟੈਂਟ ਕ੍ਰਿਏਟਰ ਵਰਗੇ ਕਿੱਤੇ ਅਪਣਾਏ ਜਾ ਸਕਦੇ ਹਨ | ਅੱਜ ਜਦੋਂ ਦੁਨੀਆ ਇਕ ਗਲੋਬਲ ਪਿੰਡ ਬਣ ਚੁੱਕੀ ਹੈ ਤਾਂ ਹੋਰ  ਭਾਸ਼ਾਵਾਂ ਬਾਰੇ ਜਾਣਕਾਰੀ ਤੇ ਅਦਾਨ-ਪ੍ਰਦਾਨ ਲਈ ਭਾਸ਼ਾ ਮਾਹਿਰਾਂ ਦੀ ਲੋੜ ਹੈ |  ਸਰਕਾਰੀ ਦਸਤਾਵੇਜ਼ਾਂ, ਕਿਤਾਬਾਂ, ਵੈੱਬਸਾਈਟਾਂ, ਸਿੱਖਿਆ ਸਮੱਗਰੀ, ਫ਼ਿਲਮਾਂ ਦੇ ਸਬ-ਟਾਈਟਲਾਂ ਤੇ ਡਿਜੀਟਲ ਪਲੇਟਫਾਰਮਾਂ ਲਈ ਅਨੁਵਾਦਕਾਂ ਦੀਆਂ ਸੇਵਾਵਾਂ ਲੋੜੀਂਦੀਆਂ ਹਨ | ਜੇ ਸਾਡੇ ਵਿਦਿਆਰਥੀ ਪੰਜਾਬੀ ਦੇ ਨਾਲ ਦੋ-ਤਿੰਨ ਹੋਰ ਭਾਸ਼ਾਵਾਂ ਵਿਚ ਮੁਹਾਰਤ ਹਾਸਿਲ ਕਰ ਲੈਣ ਤਾਂ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ | 
ਅਸੀਂ ਏ.ਆਈ. ਦੇ ਯੁੱਗ ਵਿਚ ਦਾਖਲ ਹੋ ਚੁੱਕੇ ਹਾਂ | ਏ.ਆਈ. ਦੀ ਮਦਦ ਨਾਲ ਭਾਸ਼ਾਵਾਂ ਦਾ ਅਨੁਵਾਦ, ਆਵਾਜ਼ ਦੀ ਪਛਾਣ, ਲਿਖਤ ਤੋਂ ਆਵਾਜ਼ ਬਣਾਉਣਾ, ਆਵਾਜ਼ ਤੋਂ ਲਿਖਤ ਤਿਆਰ ਕਰਨਾ ਤੇ ਸਿੱਖਿਆ ਸਮੱਗਰੀ ਬਣਾਉਣਾ ਸੰਭਵ ਹੋ ਰਿਹਾ ਹੈ | ਪੰਜਾਬੀ ਭਾਸ਼ਾ ਵਿਚ ਵੀ ਅਜਿਹੇ ਸਾਧਨਾਂ ਦੇ ਵਿਕਾਸ ਦੀ ਬਹੁਤ ਲੋੜ ਹੈ | ਸਾਡੇ ਨੌਜਵਾਨ ਪੰਜਾਬੀ ਡਿਜੀਟਲ ਡਿਕਸ਼ਨਰੀਆਂ, ਪੰਜਾਬੀ ਵੋਇਸ ਅਸਿਸਟੈਂਟ, ਪੰਜਾਬੀ ਸਪੈਲਿੰਗ ਚੈੱਕਰ ਤੇ ਪੰਜਾਬੀ ਅਨੁਵਾਦ ਸਾਫਟਵੇਅਰ ਬਣਾਉਣ ਵਰਗੇ ਕੰਮ ਕਰ ਸਕਦੇ ਹਨ | ਇਸ ਖੇਤਰ 'ਚ ਭਾਸ਼ਾ ਦੇ ਗਿਆਨ ਦੇ ਨਾਲ-ਨਾਲ ਕੰਪਿਊਟਰ ਤੇ ਤਕਨੀਕੀ ਹੁਨਰਾਂ ਦੀ ਸਾਂਝ ਬਹੁਤ ਜ਼ਰੂਰੀ ਹੈ | ਮੌਜੂਦਾ ਯੁੱਗ ਵਿਚ ਪੰਜਾਬੀ ਭਾਸ਼ਾ ਸੈਰ-ਸਪਾਟਾ ਉਦਯੋਗ ਨਾਲ ਵੀ ਜੁੜ ਚੁੱਕੀ ਹੈ | ਪੰਜਾਬ ਆਪਣੀ ਮਹਿਮਾਨ-ਨਵਾਜ਼ੀ, ਇਤਿਹਾਸਕ ਵਿਰਾਸਤ, ਧਾਰਮਿਕ ਸਥਾਨਾਂ, ਮੇਲਿਆਂ ਤੇ ਲੋਕ-ਸੱਭਿਆਚਾਰ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ | ਪੰਜਾਬੀ ਭਾਸ਼ਾ ਦੇ ਜਾਣਕਾਰ ਟੂਰਿਸਟ ਗਾਈਡ, ਸੱਭਿਆਚਾਰਕ ਗਾਈਡ, ਵਿਰਾਸਤੀ ਸਥਾਨਾਂ ਦੀ ਜਾਣਕਾਰੀ ਦੇਣ ਬਾਰੇ ਤੇ ਟੂਰਿਜ਼ਮ ਮੈਨੇਜਮੈਂਟ ਦੇ ਖੇਤਰ ਵਿਚ ਵੀ ਕੰਮ ਕਰ ਸਕਦੇ ਹਨ | ਵਿਦੇਸ਼ੀ ਸੈਲਾਨੀਆਂ ਨੂੰ  ਪੰਜਾਬ ਦੇ ਇਤਿਹਾਸ, ਗੁਰਦੁਆਰਿਆਂ, ਕਿਲਿ੍ਹਆਂ, ਪਿੰਡਾਂ, ਮੇਲਿਆਂ ਤੇ ਲੋਕ-ਜੀਵਨ ਬਾਰੇ ਜਾਣਕਾਰੀ ਦੇਣ ਲਈ ਪੰਜਾਬੀ ਦੇ ਨਾਲ ਹੋਰ ਭਾਸ਼ਾਵਾਂ ਦਾ ਗਿਆਨ ਲਾਭਕਾਰੀ ਹੋ ਸਕਦਾ ਹੈ |
ਪੰਜਾਬੀ ਅਧਿਆਪਨ ਵੀ ਇਕ ਸਨਮਾਨਜਨਕ ਤੇ ਮਹੱਤਵਪੂਰਨ ਕਿੱਤਾ ਹੈ | ਅੱਜ ਅਧਿਆਪਕ ਦੀ ਭੂਮਿਕਾ ਸਿਰਫ਼ ਪੜ੍ਹਾਉਣ ਤੱਕ ਸੀਮਤ ਨਹੀਂ ਰਹੀ | ਪੰਜਾਬੀ ਅਧਿਆਪਕ ਆਨਲਾਈਨ ਕਲਾਸਾਂ, ਡਿਜੀਟਲ ਕੋਰਸਾਂ, ਈ-ਲਰਨਿੰਗ ਸਮੱਗਰੀ, ਵੀਡੀਓ ਲੈਕਚਰਾਂ ਤੇ ਭਾਸ਼ਾ ਸਿਖਲਾਈ ਕੇਂਦਰਾਂ ਰਾਹੀਂ ਵੀ ਆਪਣੀ ਮੁਹਾਰਤ ਨੂੰ  ਰੁਜ਼ਗਾਰ ਨਾਲ ਜੋੜ ਸਕਦੇ ਹਨ | ਵਿਦੇਸ਼ਾਂ ਵਿਚ ਵਸਦੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ  ਪੰਜਾਬੀ ਪੜ੍ਹਾਉਣ ਲਈ ਆਨਲਾਈਨ ਅਧਿਆਪਕਾਂ ਦੀ ਲੋੜ ਹੈ | ਇਸ ਤਰ੍ਹਾਂ ਪੰਜਾਬੀ ਅਧਿਆਪਕ ਆਪਣੀ ਭਾਸ਼ਾਈ ਮੁਹਾਰਤ ਨੂੰ  ਦੇਸ਼-ਵਿਦੇਸ਼ ਤੱਕ ਪਹੁੰਚਾ ਸਕਦੇ ਹਨ | ਪੰਜਾਬੀ ਨੂੰ  ਕਿੱਤਾ-ਮੁਖੀ ਬਣਾਉਣ ਵਿਚ ਸਕੂਲਾਂ ਤੇ ਕਾਲਜਾਂ ਦੀ ਭੂਮਿਕਾ ਬਹੁਤ ਅਹਿਮ ਹੈ | ਸਕੂਲਾਂ ਵਿਚ ਪੰਜਾਬੀ ਵਿਸ਼ੇ ਦੇ ਨਾਲ ਕਿੱਤਾ-ਮੁਖੀ ਸਰਗਰਮੀਆਂ ਕਰਾਉਣੀਆਂ ਚਾਹੀਦੀਆਂ ਹਨ | ਵਿਦਿਆਰਥੀਆਂ ਨੂੰ  ਪੰਜਾਬੀ ਵਿਚ ਲੇਖ ਲਿਖਣ, ਅਨੁਵਾਦ ਕਰਨ, ਰੇਡੀਓ ਗੱਲਬਾਤ ਤਿਆਰ ਕਰਨ, ਖ਼ਬਰਾਂ ਪੜ੍ਹਨ, ਭਾਸ਼ਨ ਦੇਣ, ਪੌਡਕਾਸਟ ਬਣਾਉਣ ਤੇ ਡਿਜੀਟਲ ਸਮੱਗਰੀ ਤਿਆਰ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ | ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਨਾਲ ਜੁੜੇ ਛੋਟੀ ਮਿਆਦ ਦੇ ਸਰਟੀਫਿਕੇਟ ਤੇ ਹੁਨਰ ਵਿਕਾਸ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ | ਨਾਲ ਹੀ ਉਦਯੋਗਾਂ ਤੇ ਮੀਡੀਆ ਸੰਸਥਾਵਾਂ ਨਾਲ ਸਾਂਝ ਪਾ ਕੇ ਵਿਦਿਆਰਥੀਆਂ ਨੂੰ  ਇੰਟਰਨਸ਼ਿਪ ਦੇ ਮੌਕੇ ਵੀ ਦੇਣੇ ਚਾਹੀਦੇ ਹਨ |
ਪੰਜਾਬੀ ਵਿਚ ਕਿਤਾਬਾਂ ਲਿਖਣਾ, ਬਲੌਗ ਬਣਾਉਣਾ, ਯੂ-ਟਿਊਬ ਚੈਨਲ ਚਲਾਉਣਾ, ਆਨਲਾਈਨ ਪੰਜਾਬੀ ਕਲਾਸਾਂ ਲਗਾਉਣਾ, ਅਨੁਵਾਦ ਸੇਵਾਵਾਂ ਦੇਣਾ ਤੇ ਪੰਜਾਬੀ ਡਿਜੀਟਲ ਮੈਗਜ਼ੀਨ ਪ੍ਰਕਾਸ਼ਿਤ ਕਰਨਾ ਸਵੈ-ਰੁਜ਼ਗਾਰ ਦੇ ਵਧੀਆ ਮੌਕੇ ਹਨ | ਇਸ ਤੋਂ ਇਲਾਵਾ ਪੰਜਾਬੀ ਕੈਲੀਗ੍ਰਾਫ਼ੀ, ਪੰਜਾਬੀ ਡਿਜ਼ਾਈਨਿੰਗ, ਸੱਭਿਆਚਾਰਕ ਪ੍ਰੋਗਰਾਮਾਂ ਦੀ ਸਕ੍ਰਿਪਟ ਲਿਖਣੀ ਅਤੇ ਪੰਜਾਬੀ ਇਸ਼ਤਿਹਾਰਬਾਜ਼ੀ ਵੀ ਆਮਦਨ ਦੇ ਸਾਧਨ ਬਣ ਸਕਦੇ ਹਨ |
ਸਾਨੂੰ ਸਮਝਣਾ ਪਵੇਗਾ ਕਿ ਮਾਂ-ਬੋਲੀ ਨਾਲ ਪਿਆਰ ਕਰਨ ਦਾ ਅਰਥ ਹੋਰ ਭਾਸ਼ਾਵਾਂ ਤੋਂ ਦੂਰ ਹੋਣਾ ਨਹੀਂ, ਸਗੋਂ ਆਪਣੀ ਭਾਸ਼ਾ ਨੂੰ  ਹੋਰ ਭਾਸ਼ਾਵਾਂ ਦੇ ਬਰਾਬਰ ਮਾਣ ਤੇ ਮੌਕੇ ਦਿਵਾਉਣਾ ਹੈ | ਪੰਜਾਬੀ ਭਾਸ਼ਾ ਦਾ ਭਵਿੱਖ ਸਿਰਫ਼ ਇਸ ਨੂੰ  ਕਿੰਨੇ ਲੋਕ ਬੋਲਦੇ ਹਨ, ਇਸ ਗੱਲ 'ਤੇ ਨਿਰਭਰ ਨਹੀਂ ਕਰਦਾ, ਸਗੋਂ ਇਸ 'ਤੇ ਵੀ ਨਿਰਭਰ ਕਰਦਾ ਹੈ ਕਿ ਇਸ ਨਾਲ ਕਿੰਨੇ ਲੋਕ ਸਿੱਖਿਆ, ਰੁਜ਼ਗਾਰ, ਕਾਰੋਬਾਰ ਤੇ ਨਵੀਂ ਤਕਨੀਕ ਰਾਹੀਂ ਜੁੜੇ ਹੋਏ ਹਨ | ਸਾਨੂੰ ਪੰਜਾਬੀ ਨੂੰ  ਸਿਰਫ਼ ਵਿਰਾਸਤ ਦੀ ਭਾਸ਼ਾ ਨਹੀਂ, ਸਗੋਂ ਵਰਤਮਾਨ ਦੀ ਲੋੜ ਤੇ ਭਵਿੱਖ ਦੇ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਪਵੇਗਾ | ਸਾਡਾ ਉਦੇਸ਼ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀ ਦੇ ਸਿਰਫ਼ ਡਿਗਰੀ ਲੈਣ ਤੱਕ ਸੀਮਤ ਨਾ ਹੋਵੇ, ਸਗੋਂ ਉਸ ਦੇ ਹੱਥ ਕੋਈ ਅਜਿਹਾ ਹੁਨਰ ਵੀ ਹੋਵੇ, ਜਿਸ ਨਾਲ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ | ਆਓ, ਆਪਾਂ ਸਾਰੇ ਪੰਜਾਬੀ ਨੂੰ  ਘਰ ਦੀ ਬੋਲੀ, ਸਕੂਲ ਦੀ ਪੜ੍ਹਾਈ, ਦਫ਼ਤਰੀ ਭਾਸ਼ਾ, ਤਕਨੀਕ ਦਾ ਸਾਧਨ ਤੇ ਰੁਜ਼ਗਾਰ ਦਾ ਮਾਧਿਅਮ ਬਣਾਉਣ ਦਾ ਯਤਨ ਕਰੀਏ |
ਪੰਜਾਬੀ ਸਿਰਫ਼ ਬੋਲਣ ਦਾ ਅੰਦਾਜ਼ ਨਹੀਂ,
ਇਹ ਸਾਡੀ ਪਛਾਣ ਤੇ ਸਾਡਾ ਮਾਣ ਹੈ,
ਬਣੇਗੀ ਜਦੋਂ ਹੁਨਰ ਤੇ ਰੁਜ਼ਗਾਰ ਦਾ ਸਾਧਨ,
ਫਿਰ ਇਸ ਦਾ ਭਵਿੱਖ ਹੋਰ ਰੌਸ਼ਨ ਤੇ ਮਹਾਨ ਹੈ |

-ਲੈਕਚਰਾਰ (ਪੰਜਾਬੀ), ਦਿੱਲੀ |
ਮੋਬਾਈਲ : 92126-32234

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ 'ਚ ਪੰਜਾਬੀ ਖੋਜ ਤੇ ਅਧਿਆਪਨ ਅਗਲੀ ਖ਼ਬਰ ਫਿਰ ਨਾਕਾਮ ਹੋਇਆ ਜਲਵਾਯੂ ਸੰਮੇਲਨ ਦੁਨੀਆ ਦੇ ਵਾਤਾਵਰਨ ਭਵਿੱਖ ਦਾ ਕੀ ਹੋਵੇਗਾ?
Ad Position 24