28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਫਿਰ ਨਾਕਾਮ ਹੋਇਆ ਜਲਵਾਯੂ ਸੰਮੇਲਨ ਦੁਨੀਆ ਦੇ ਵਾਤਾਵਰਨ ਭਵਿੱਖ ਦਾ ਕੀ ਹੋਵੇਗਾ?

ਫਿਰ ਨਾਕਾਮ ਹੋਇਆ ਜਲਵਾਯੂ ਸੰਮੇਲਨ ਦੁਨੀਆ ਦੇ ਵਾਤਾਵਰਨ ਭਵਿੱਖ ਦਾ ਕੀ ਹੋਵੇਗਾ?

Ad Position 21
No active advertisement
ਅਜੀਤ ਡੈਸਕ 29-11-2026

 ਕਾਪ-31 ਦੀ ਅਸਫਲਤਾ ਤੇ ਜਲਵਾਯੂ ਕੂਟਨੀਤੀ ਦਾ ਸੰਕਟ, ਕੀ ਦੁਨੀਆ ਕਦੇ ਵਾਤਾਵਰਨ ਦੇ ਸੰਕਟ ਸੰਬੰਧੀ ਸਹਿਮਤ ਹੋ ਸਕੇਗੀ? ਜਲਵਾਯੂ ਪਰਿਵਰਤਨ ਹੁਣ ਸਿਰਫ਼ ਵਾਤਾਵਰਨ ਸੁਰੱਖਿਆ ਦਾ ਮਾਮਲਾ ਨਹੀਂ ਰਹਿ ਗਿਆ ਹੈ | ਇਹ ਦੁਨੀਆ ਦੀ ਅਰਥਵਿਵਸਥਾ, ਊਰਜਾ ਸੁਰੱਖਿਆ, ਅਨਾਜ ਉਤਪਾਦਨ, ਅੰਤਰਰਾਸ਼ਟਰੀ ਰਾਜਨੀਤੀ ਅਤੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਵਿਚਕਾਰ ਨਿਆਂ ਦਾ ਇਕ ਵੱਡਾ ਸਵਾਲ ਬਣ ਚੁੱਕਾ ਹੈ | 31ਵਾਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਕਾਪ-31 ਤੁਰਕੀ ਦੇ ਅੰਤਾਲਿਆ ਸ਼ਹਿਰ 'ਚ 9 ਤੋਂ 20 ਨਵੰਬਰ 2026 ਤੱਕ ਆਯੋਜਿਤ ਕੀਤਾ ਗਿਆ ਸੀ | ਹਾਲਾਂਕਿ ਗੱਲਬਾਤ ਵਿਚ ਸਹਿਮਤੀ ਨਾ ਬਣਨ ਕਰਕੇ ਇਹ ਸੰਮੇਲਨ 22 ਨਵੰਬਰ 2026 ਤੱਕ ਜਾਰੀ ਰਿਹਾ, ਫਿਰ ਵੀ ਕੋਈ ਸਿੱਟਾ ਨਾ ਨਿਕਲਣ 'ਤੇ ਅਖੀਰ ਦੁਨੀਆ ਭਰ ਦੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ  ਇਕ ਵਿਆਪਕ ਰਾਜਨੀਤਿਕ ਸਮਝੌਤਾ ਹੋਣ ਤੋਂ ਬਿਨਾਂ ਹੀ ਵਾਪਸ ਮੁੜਨਾ  ਪਿਆ | ਕਲੋਰੋਫਲੋਰੋ ਕਾਰਬਨ (ਸੀ.ਐਫ.ਸੀ.) ਗੈਸਾਂ ਦੇ ਮੁੱਖ ਸਰੋਤ ਜੀਵਾਸ਼ਮ ਈਾਧਨ ਤੋਂ ਦੂਰੀ ਬਣਾਉਣ, ਜਲਵਾਯੂ ਵਿੱਤ ਤੇ ਵਿਕਾਸਸ਼ੀਲ ਦੇਸ਼ਾਂ ਦੀ ਜ਼ਿੰਮੇਵਾਰੀ ਵਰਗੇ ਮੁੱਦਿਆਂ 'ਤੇ ਹਮੇਸ਼ਾ ਵਾਂਗ ਡੂੰਘੇ ਮਤਭੇਦ ਇਸ ਸੰਮੇਲਨ ਦੀ ਅਸਫਲਤਾ ਦੇ ਸਭ ਤੋਂ ਵੱਡੇ ਕਾਰਨ ਬਣੇ ਹਨ | ਕਾਨਫਰੰਸ ਆਫ ਪਾਰਟੀਜ਼ (ਸੀ.ਓ.ਪੀ) ਮਤਲਬ ਪ੍ਰਤੀਨਿਧੀਆਂ ਦਾ ਸੰਮੇਲਨ (ਕਾਪ) ਹੈ | ਇਹ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (ਯੂ.ਐਨ.ਐਫ.ਸੀ.ਸੀ.ਸੀ.) ਦੀ ਅਗਵਾਈ ਹੇਠ ਕਰਵਾਇਆ ਜਾਂਦਾ ਹੈ | 1992 ਵਿਚ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਹੋਏ ਧਰਤੀ ਸੰਮੇਲਨ ਦੌਰਾਨ ਯੂ.ਐਨ.ਐਫ.ਸੀ.ਸੀ.ਸੀ. ਨੂੰ  ਅਪਣਾਇਆ ਗਿਆ ਸੀ ਤੇ ਇਹ 1994 ਵਿਚ ਲਾਗੂ ਹੋਇਆ ਸੀ | ਇਸ ਦਾ ਉਦੇਸ਼ ਵਾਯੂਮੰਡਲ ਵਿਚ ਗ੍ਰੀਨਹਾਊਸ ਗੈਸਾਂ ਦੇ ਗਾੜ੍ਹਾਪਣ ਨੂੰ  ਇਕ ਅਜਿਹੇ ਪੱਧਰ 'ਤੇ ਸਥਿਰ ਕਰਨਾ ਹੈ,  ਜਿਸ ਨਾਲ ਜਲਵਾਯੂ ਪ੍ਰਣਾਲੀ ਵਿਚ ਖਤਰਨਾਕ ਮਨੁੱਖੀ ਦਖਲ ਨੂੰ  ਰੋਕਿਆ ਜਾ ਸਕੇ |

ਪਹਿਲਾ ਕਾਪ ਸੰਮੇਲਨ 1995 'ਚ ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਹੋਇਆ ਸੀ ਤੇ ਉਸ ਦੇ ਬਾਅਦ ਹਰ ਸਾਲ ਮੈਂਬਰ ਦੇਸ਼ਾਂ ਦੀ ਬੈਠਕ ਹੁੰਦੀ ਰਹੀ ਹੈ | 2015 ਦੇ ਪੈਰਿਸ ਸੰਮੇਲਨ ਦੌਰਾਨ ਇਤਿਹਾਸਕ ਪੈਰਿਸ ਸਮਝੌਤਾ (ਕਾਪ-21) ਹੋਇਆ ਸੀ | ਹੁਣ ਕਾਪ-31 ਮੌਕੇ ਤੁਰਕੀ ਮੇਜ਼ਬਾਨ ਦੇਸ਼ ਸੀ, ਤੁਰਕੀ ਦੇ ਮੂਰਾਤ ਕੁਰਮ ਇਸ ਸੰਮੇਲਨ ਦੇ ਪ੍ਰਧਾਨ ਸਨ ਅਤੇ ਆਸਟ੍ਰੇਲੀਆ ਦੇ ਕ੍ਰਿਸ ਬੋਵੇਨ ਵਾਰਤਾਕਾਰਾਂ ਦੇ ਚੇਅਰਮੈਨ ਸਨ | ਅੰਤਾਲਿਆ ਸ਼ਹਿਰ ਵਿਚ ਹੋਏ  ਸੰਮੇਲਨ ਦੇ ਅਸਫਲ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਜੈਵਿਕ ਈਾਧਨ 'ਤੇ ਸਹਿਮਤੀ ਤੱਕ ਪਹੁੰਚਣ ਵਿਚ ਅਸਫਲਤਾ ਸੀ | ਪ੍ਰਸਤਾਵਿਤ ਅੰਤਾਲਿਆ ਸਮਝੌਤੇ ਵਿਚ ਦੋ ਵਿਆਪਕ ਰਾਜਨੀਤਿਕ ਫੈਸਲੇ- ਪਹਿਲਾ ਯੂ.ਐਨ.ਐਫ.ਸੀ.ਸੀ.ਸੀ. ਤਹਿਤ ਤੇ ਦੂਜਾ ਪੈਰਿਸ ਸਮਝੌਤੇ ਅਧੀਨ ਵਾਰਤਾਕਾਰਾਂ ਦੀ ਬੈਠਕ ਸ਼ਾਮਿਲ ਸਨ | ਯੂਰਪੀਅਨ ਯੂਨੀਅਨ, ਯੂਕੇ ਤੇ ਕਈ ਹੋਰ ਦੇਸ਼ਾਂ ਨੇ ਪ੍ਰਸਤਾਵਿਤ ਦਸਤਾਵੇਜ਼ਾਂ ਨੂੰ  ਨਾਕਾਫ਼ੀ ਦੱਸਦਿਆਂ ਇਨ੍ਹਾਂ ਦਾ ਵਿਰੋਧ ਕੀਤਾ | ਹਮੇਸ਼ਾ ਵਾਂਗ ਸਭ ਤੋਂ ਵਿਵਾਦਪੂਰਨ ਮੁੱਦਾ ਜੈਵਿਕ ਈਾਧਨ ਹੀ ਸੀ | ਕੋਲਾ, ਪੈਟਰੋਲੀਅਮ ਤੇ ਕੁਦਰਤੀ ਗੈਸ ਦੇ ਇਸਤੇਮਾਲ ਨੂੰ  ਹੌਲੀ-ਹੌਲੀ ਖ਼ਤਮ ਕਰਨ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਤੇ ਸਮਾਂ-ਬੱਧ ਪ੍ਰਤੀਬੱਧਤਾ ਦੀ ਮੰਗ ਕੀਤੀ ਜਾ ਰਹੀ ਸੀ |
ਪਰ ਪ੍ਰਸਤਾਵਿਤ ਸਮਝੌਤੇ ਵਿਚ ਜੈਵਿਕ ਈਾਧਨ ਤੋਂ ਦੂਰ ਜਾਣ ਦਾ ਸਪੱਸ਼ਟ ਤੌਰ 'ਤੇ ਜ਼ਿਕਰ ਨਾ ਕਰਨ 'ਤੇ ਯੂਰਪੀਅਨ ਯੂਨੀਅਨ, ਯ.ੂਕੇ., ਪਨਾਮਾ ਤੇ ਕੁਝ ਛੋਟੇ ਟਾਪੂ ਦੇਸ਼ਾਂ ਨੇ ਨਾਰਾਜ਼ਗੀ ਪ੍ਰਗਟਾਈ | ਦੂਜੇ ਪਾਸੇ ਤੇਲ ਉਤਪਾਦਕ ਤੇ ਰਵਾਇਤੀ ਊਰਜਾ ਸਰੋਤਾਂ 'ਤੇ ਨਿਰਭਰ ਦੇਸ਼ਾਂ ਦੇ ਹਿਤ ਵੀ ਗੱਲਬਾਤ ਦੌਰਾਨ ਅਹਿਮ ਰਹੇ | ਇਕ ਹੋਰ ਵੱਡਾ ਵਿਵਾਦ ਜਲਵਾਯੂ ਵਿੱਤ ਨੂੰ  ਲੈ ਕੇ ਸੀ | ਵਿਕਾਸਸ਼ੀਲ ਦੇਸ਼ਾਂ ਦੀ ਦਲੀਲ ਸੀ ਕਿ ਜਲਵਾਯੂ ਪਰਿਵਰਤਨ ਲਈ ਇਤਿਹਾਸਕ ਰੂਪ 'ਚ ਜ਼ਿੰਮੇਵਾਰ  ਵਿਕਸਤ ਦੇਸ਼ਾਂ ਨੂੰ  ਕਾਰਬਨ ਨਿਕਾਸ ਨੂੰ  ਘਟਾਉਣ ਤੇ ਜਲਵਾਯੂ ਪ੍ਰਭਾਵਾਂ ਨਾਲ ਨਜਿੱਠਣ ਲਈ ਵਧੇਰੇ ਵਿੱਤੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ | ਪਰ ਵਿੱਤੀ ਸਹਾਇਤਾ ਦੀ ਮਾਤਰਾ, ਇਸ ਦੇ ਸਰੋਤਾਂ ਤੇ ਜਵਾਬਦੇਹੀ 'ਤੇ ਸਹਿਮਤੀ ਨਾ ਬਣਨ ਕਾਰਨ ਅੰਤਾਲਿਆ ਸਮਝੌਤੇ ਲਈ ਸਰਬਸੰਮਤੀ ਨਾ ਬਣ ਸਕੀ | ਦੱਸਣਯੋਗ ਹੈ ਕਿ ਪੈਰਿਸ ਸਮਝੌਤੇ ਦਾ ਸਭ ਤੋਂ ਚਰਚਿਤ  ਟੀਚਾ ਵਿਸ਼ਵਵਿਆਪੀ ਔਸਤ ਤਾਪਮਾਨ ਵਾਧੇ ਨੂੰ  ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰਾਂ ਦੇ ਮੁਕਾਬਲੇ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਦਿਆਂ ਇਸ ਨੂੰ  1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰਨਾ ਹੈ | ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕੋਲਾ, ਤੇਲ ਤੇ ਗੈਸ ਦੀ ਬਹੁਤ ਜ਼ਿਆਦਾ ਵਰਤੋਂ ਨੇ ਵਾਯੂਮੰਡਲ ਵਿਚ ਕਾਰਬਨ ਡਾਈਆਕਸਾਈਡ ਵਰਗੀਆਂ ਗ੍ਰੀਨਹਾਊਸ ਗੈਸਾਂ ਦੀ ਮਾਤਰਾ ਵਧਾ ਦਿੱਤੀ ਹੈ | ਦਰਅਸਲ 1.5 ਡਿਗਰੀ ਦਾ ਟੀਚਾ ਸਿਰਫ਼ ਇਕ ਪ੍ਰਤੀਕਾਤਮਿਕ ਸੰਖਿਆ ਨਹੀਂ ਹੈ | ਇਸ ਤੋਂ ਪਾਰ ਜਾਣ ਨਾਲ ਗਰਮੀ ਦੀਆਂ ਲਹਿਰਾਂ (ਹੀਟ-ਵੇਵ), ਸੋਕਾ, ਸਮੁੰਦਰ ਦੇ ਜਲ ਪੱਧਰ ਵਿਚ ਵਾਧਾ, ਰੀਂਗਣ ਵਾਲੀਆਂ ਪ੍ਰਜਾਤੀਆਂ (ਕੋਰਲ ਰੀਫ) ਦਾ ਵਿਨਾਸ਼ ਤੇ ਅਤਿਅੰਤ ਮੌਸਮੀ ਘਟਨਾਵਾਂ ਦਾ ਜੋਖ਼ਮ ਵਧਦਾ ਹੈ | ਇਹ ਛੋਟੇ ਟਾਪੂ ਦੇਸ਼ਾਂ ਤੇ ਸਮੁੰਦਰੀ ਤੱਟਵਰਤੀ ਆਬਾਦੀ ਦੇ ਲਈ ਹੋਂਦ ਬਚਾਉਣ ਦਾ ਮਾਮਲਾ ਹੈ | 
ਕਾਪ-31 'ਚ ਵੀ ਵਿਗਿਆਨਕ ਚਿਤਾਵਨੀਆਂ ਤੇ ਰਾਜਨੀਤਿਕ ਫੈਸਲਿਆਂ ਵਿਚਕਾਰ ਵਧ ਰਿਹਾ ਪਾੜਾ ਸਾਹਮਣੇ ਆਇਆ ਹੈ | ਜਿੱਥੋਂ ਤੱਕ ਜਲਵਾਯੂ ਵਿੱਤ ਅਤੇ 'ਲਾਸ ਐਂਡ ਡੈਮੇਜ ਫੰਡ' ਦਾ ਸਵਾਲ ਹੈ ਤਾਂ ਇਹ ਰਕਮ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ, ਸਵੱਛ ਊਰਜਾ ਨੂੰ  ਅਪਣਾਉਣ ਅਤੇ ਆਫ਼ਤ ਦੇ ਜੋਖ਼ਮ ਨੂੰ  ਘਟਾਉਣ ਲਈ ਉਪਲਬਧ ਕਰਵਾਈ ਜਾਂਦੀ ਹੈ | ਵਿਕਾਸਸ਼ੀਲ ਦੇਸ਼ਾਂ ਲਈ ਇਹ ਖਾਸ ਤੌਰ 'ਤੇ ਮਹੱਤਵਪੂਰਨ ਹੈ, ਕਿਉਂਕਿ ਉਨ੍ਹਾਂ ਕੋਲ ਜਲਵਾਯੂ ਅਨੁਕੂਲਨ ਲਈ ਲੋੜੀਂਦੇ ਸਰੋਤਾਂ ਦੀ ਘਾਟ ਹੈ | ਲਾਸ ਐਂਡ ਡੈਮੇਜ ਫੰਡ ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੇ ਨੁਕਸਾਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਇਕ ਵਿਵਸਥਾ ਹੈ, ਜਿਸ ਨੂੰ  ਠੋਸ ਅਮਲ ਦੁਆਰਾ ਹੀ ਹੱਲ ਕੀਤਾ ਜਾ ਸਕਦਾ | ਕਾਪ-27 (2022) ਵਿਚ ਇਸ ਫੰਡ ਦੀ ਸਥਾਪਨਾ 'ਤੇ ਇਕ ਇਤਿਹਾਸਕ ਸਹਿਮਤੀ ਬਣੀ ਸੀ ਅਤੇ ਕਾਪ-23 (2023) ਵਿਚ ਇਸ ਨੂੰ  ਕਿਰਿਆਸ਼ੀਲ ਬਣਾਉਣ ਦੀ ਦਿਸ਼ਾ 'ਚ ਮਹੱਤਵਪੂਰਨ ਫੈਸਲਾ ਲਿਆ ਗਿਆ ਸੀ | ਕਾਪ-31 ਵਿਚ ਅਨੁਕੂਲਨ ਵਿੱਤ ਦੀ ਉਪਲਬਧਤਾ, ਇਸ ਦੀ ਆਧਾਰ-ਰੇਖਾ ਤੇ ਵਿਕਾਸਸ਼ੀਲ ਦੇਸ਼ਾਂ ਤੱਕ ਪਹੁੰਚ ਨੂੰ  ਲੈ ਕੇ ਵਿਵਾਦ ਬਣਿਆ ਰਿਹਾ | ਜਦੋਂ ਕਿ ਸੰਮੇਲਨ 'ਚ ਅਨੁਕੂਲਨ (ਅਡਾਪਸ਼ਨ ਫੰਡ) ਤੇ 'ਜਸਟ ਟ੍ਰਾਂਜਿਸ਼ਨ ਵਰਕ ਪ੍ਰੋਗਰਾਮ' ਨਾਲ ਸੰਬੰਧਿਤ ਕੁਝ ਫੈਸਲੇ ਸਵੀਕਾਰ ਕੀਤੇ ਗਏ ਤੇ ਤਰਕਸੰਗਤ ਐਨਰਜੀ ਟ੍ਰਾਂਜ਼ਿਸ਼ਨ ਪ੍ਰੋਗਰਾਮ ਨੂੰ  3 ਹੋਰ ਸਾਲਾਂ ਲਈ ਵਧਾਉਣ ਲਈ ਵੀ ਸਹਿਮਤੀ ਬਣੀ | ਪਰ ਜਲਵਾਯੂ ਪਰਿਵਰਤਨ ਨੂੰ  ਕੰਟਰੋਲ ਕਰਨ ਲਈ ਕੀਤੇ ਜਾਣ ਵਾਲੇ ਉਪਾਵਾਂ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ, ਜਿਸ ਲਈ ਦੁਨੀਆ ਭਰ ਦੇ ਦੇਸ਼ਾਂ ਦੇ ਪ੍ਰਤੀਨਿਧੀ ਇਕੱਠੇ ਹੁੰਦੇ ਹਨ |
ਭਾਰਤ ਲਈ ਜਲਵਾਯੂ ਕੂਟਨੀਤੀ ਦੋਹਰੀ ਚੁਣੌਤੀ ਪੇਸ਼ ਕਰਦੀ ਹੈ, ਇਕ ਪਾਸੇ ਅਸੀਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ 'ਚ ਸ਼ਾਮਿਲ ਹਾਂ ਤੇ ਨਵਿਆਉਣਯੋਗ ਊਰਜਾ ਦੇ ਵਿਸਥਾਰ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ | ਦੂਜੇ ਪਾਸੇ ਬਿਜਲੀ, ਉਦਯੋਗ, ਆਵਾਜਾਈ ਤੇ ਵਿਕਾਸ ਦੀਆਂ ਵਧਦੀਆਂ ਜ਼ਰੂਰਤਾਂ ਦੇ ਕਾਰਨ ਕੋਲੇ 'ਤੇ ਸਾਡੀ ਨਿਰਭਰਤਾ ਅਜੇ ਵੀ ਮਹੱਤਵਪੂਰਨ ਬਣੀ ਹੋਈ ਹੈ |
ਜਿੱਥੋਂ ਤੱਕ ਸੰਮੇਲਨ ਬਾਰੇ ਸਾਡੀ ਸਥਿਤੀ ਦਾ ਸੰਬੰਧ ਹੈ ਤਾਂ ਇਹ ਬਿਲਕੁੱਲ ਸਪੱਸ਼ਟ ਸੀ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸਾਰੇ ਦੇਸ਼ਾਂ ਦੀ ਹੈ, ਪਰ ਇਨ੍ਹਾਂ ਦੀ ਇਤਿਹਾਸਕ ਜ਼ਿੰਮੇਵਾਰੀ ਤੇ ਆਰਥਿਕ ਸਮਰੱਥਾ ਦੇ ਅਨੁਸਾਰ ਯਤਨਾਂ 'ਚ ਅੰਤਰ ਹੋਣਾ ਚਾਹੀਦਾ ਹੈ | ਸਾਡੇ ਲਈ ਸੂਰਜੀ ਊਰਜਾ, ਹਰੀ ਹਾਈਡ੍ਰੋਜਨ, ਇਲੈਕਟਿ੍ਕ ਗਤੀਸ਼ੀਲਤਾ, ਊਰਜਾ ਕੁਸ਼ਲਤਾ ਤੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਵਰਗੀਆਂ ਪਹਿਲਕਦਮੀਆਂ ਮਹੱਤਵਪੂਰਨ ਹਨ | ਕਾਪ-31 ਦੀ ਅਸਫਲਤਾ ਤੋਂ ਬਾਅਦ ਵੱਡਾ ਸਵਾਲ ਇਹ ਹੈ ਕਿ ਹੁਣ ਅੱਗੇ ਕੀ ਹੋਵੇਗਾ? ਜਿਸ ਤਰ੍ਹਾਂ ਜਲਵਾਯੂ ਸੰਕਟ ਦੀ ਵਧਦੀ ਗੰਭੀਰਤਾ ਦੇ ਬਾਵਜੂਦ ਵਿਸ਼ਵ ਰਾਜਨੀਤੀ ਵਿਚ ਰਾਸ਼ਟਰੀ ਹਿਤ ਤੇ ਊਰਜਾ ਸੰਬੰਧੀ ਤਰਜੀਹਾਂ ਸਮੂਹਿਕ ਕਾਰਵਾਈ ਨੂੰ  ਪ੍ਰਭਾਵਿਤ ਕਰ ਰਹੀਆਂ ਹਨ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਮਾਮਲੇ 'ਚ ਦੁਨੀਆ ਅੜਿੱਕੇ ਦਾ ਸ਼ਿਕਾਰ ਹੋ ਗਈ ਹੈ | ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੈਰਿਸ ਸਮਝੌਤਾ ਖਤਮ ਹੋ ਗਿਆ ਹੈ ਜਾਂ ਪਹਿਲਾਂ ਤੋਂ ਸਵੀਕਾਰਤ ਪ੍ਰਤੀਬੱਧਤਾਵਾਂ ਖ਼ਤਮ ਹੋ ਗਈਆਂ ਹਨ, ਉਹ ਅਜੇ ਵੀ ਪ੍ਰਭਾਵੀ ਬਣੀਆਂ ਹੋਈਆਂ ਹਨ | ਪਰ ਜਿੱਥੋਂ ਤੱਕ ਉਨ੍ਹਾਂ ਦੇ ਅੱਗੇ ਵਧਣ ਦੀ ਗੱਲ ਹੈ, ਤਾਂ ਹੁਣ ਸਾਰੀਆਂ ਨਜ਼ਰਾਂ 2027 ਵਿਚ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿਚ ਹੋਣ ਵਾਲੇ ਅਗਲੇ ਸੰਮੇਲਨ ਕਾਪ-32 'ਤੇ ਟਿਕੀਆਂ ਰਹਿਣਗੀਆਂ |

(ਲੇਖਕ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ ਇਮੇਜ ਰਿਫਲੈਕਸ਼ਨ ਸੈਂਟਰ 'ਚ ਕਾਰਜਕਾਰੀ ਸੰਪਾਦਕ ਹਨ |)

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਭਾਸ਼ਾ ਨੂੰ ਕਿੱਤਾ-ਮੁਖੀ ਕਿਵੇਂ ਬਣਾਈਏ? ਅਗਲੀ ਖ਼ਬਰ Bibi Jagir Kaur Recalls Badal's Wisdom : S. Parkash Singh Badal ਦੀ ਸਿਆਣਪ ਦਾ ਕਿੱਸਾ
Ad Position 24