29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਫਿਰ ਪੈਦਾ ਹੋਈ ਅਨਾਜ ਭੰਡਾਰਨ ਦੀ ਸਮੱਸਿਆ

ਪੰਜਾਬ ਦੀਆਂ ਮੰਡੀਆਂ ਤੇ ਗੁਦਾਮਾਂ ਵਿਚ ਝੋਨੇ ਦੇ ਲੱਗੇ ਢੇਰਾਂ ਨੇ ਇਕ ਵਾਰ ਫਿਰ ਨਾ ਸਿਰਫ਼ ਇਹ ਸਿੱਧ ਕੀਤਾ ਕਿ ਅੱਜ ਵੀ ਇਹ ਸੂਬਾ ਦੇਸ਼ ਦਾ ਅਨਾਜ ਭੰਡਾਰ ਭਰਨ ਦੀ ਸਮਰੱਥਾ ਰੱਖਦਾ ਹੈ, ਸਗੋਂ ਇਹ ਵੀ ਕਿ ਪਿਛਲੇ 6 ਦਹਾਕਿਆਂ ਤੋਂ ਵੱਧ ਸਮਾਂ ਬਤੀਤ ਹੋਣ ਦੇ ਬਾਵਜੂਦ ਸਰਕਾਰਾਂ ...

Ad Position 21
No active advertisement
ਅਜੀਤ ਡੈਸਕ 30-11-2026

ਪੰਜਾਬ ਦੀਆਂ ਮੰਡੀਆਂ ਤੇ ਗੁਦਾਮਾਂ ਵਿਚ ਝੋਨੇ ਦੇ ਲੱਗੇ ਢੇਰਾਂ ਨੇ ਇਕ ਵਾਰ ਫਿਰ ਨਾ ਸਿਰਫ਼ ਇਹ ਸਿੱਧ ਕੀਤਾ ਕਿ ਅੱਜ ਵੀ ਇਹ ਸੂਬਾ ਦੇਸ਼ ਦਾ ਅਨਾਜ ਭੰਡਾਰ ਭਰਨ ਦੀ ਸਮਰੱਥਾ ਰੱਖਦਾ ਹੈ, ਸਗੋਂ ਇਹ ਵੀ ਕਿ ਪਿਛਲੇ 6 ਦਹਾਕਿਆਂ ਤੋਂ ਵੱਧ ਸਮਾਂ ਬਤੀਤ ਹੋਣ ਦੇ ਬਾਵਜੂਦ ਸਰਕਾਰਾਂ ਪੰਜਾਬ ਦੇ ਇਸ ਰਿਕਾਰਡ ਉਤਪਾਦਨ ਦੀ ਸਾਂਭ-ਸੰਭਾਲ ਲਈ ਲੋੜੀਂਦੇ ਗੁਦਾਮਾਂ ਦਾ ਨਿਰਮਾਣ ਨਹੀਂ ਕਰ ਸਕੀਆਂ | ਆਜ਼ਾਦੀ ਤੋਂ ਬਾਅਦ ਭਾਵੇਂ ਦੇਸ਼ ਨੂੰ  ਅੰਨ ਸੰਕਟ ਦਾ ਸਾਮਹਮਣਾ ਕਰਨ ਪਿਆ ਤੇ ਤਤਕਾਲੀ ਸਰਕਾਰਾਂ ਨੂੰ  ਅਮਰੀਕਾ ਤੋਂ ਕਣਕ ਮੰਗਵਾਉਣੀ ਪੈਂਦੀ ਸੀ, ਪਰ 60 ਦੇ ਦਹਾਕੇ 'ਚ ਆਈ ਹਰੀ ਕ੍ਰਾਂਤੀ ਅਧੀਨ ਆਜ਼ਾਦੀ ਤੋਂ ਬਾਅਦ ਅੱਧੇ ਰਹਿ ਗਏ ਪੰਜਾਬ ਦੇ ਬਲ 'ਤੇ ਕਣਕ-ਝੋਨੇ ਦੇ ਲੋੜੀਂਦੇ ਉਤਪਾਦਨ ਨਾਲ ਦੇਸ਼ ਨੂੰ  ਅਨਾਜ ਉਤਪਾਦਨ 'ਚ ਆਤਮਨਿਰਭਰ ਬਣਨ ਦਾ ਅਹਿਸਾਸ ਕਰਾਇਆ | ਫਿਰ ਹੌਲ਼ੀ-ਹੌਲ਼ੀ ਬਾਕੀ ਸੂਬਿਆਂ ਨੇ ਵੀ ਅਨਾਜ ਉਤਪਾਤਨ ਵਧਾਇਆ, ਪਰ ਇਹ ਮਾਣ ਪੰਜਾਬ ਦੇ ਹਿੱਸੇ ਆਇਆ ਕਿ ਬਾਹਰੋਂ ਅਨਾਜ ਮੰਗਵਾਉਣ ਵਾਲਾ ਭਾਰਤ ਅਨਾਜ ਦਾ ਬਰਾਮਦਕਾਰ ਬਣ ਗਿਆ | ਉਸ ਸਮੇਂ ਅਨਾਜ ਦੀ ਸਾਂਭ-ਸੰਭਾਲ ਲਈ ਗੁਦਾਮਾਂ ਦੀ ਗਿਣਤੀ ਬਹੁਤੀ ਨਹੀਂ ਸੀ | ਭਾਵੇਂ ਸਮੇਂ ਦੀਆਂ ਸਰਕਾਰਾਂ ਤੇ ਵੱਡੇ ਕਿਸਾਨਾਂ ਨੇ ਵੀ ਗੁਦਾਮ ਬਣਾਏ, ਪਰ ਇਹ ਕਾਫ਼ੀ ਨਹੀਂ ਸਨ | ਨਤੀਜੇ ਵਜੋਂ ਪੰਜਾਬ ਭਰ ਦੀਆਂ ਮੰਡੀਆਂ, ਗੁਦਾਮਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਕਣਕ ਦੀਆਂ ਬੋਰੀਆਂ ਦੇ ਢੇਰ ਲੱਗਣ ਲੱਗੇ | ਝੋਨੇ ਦੀ ਖਰੀਦ 'ਚ ਵੀ ਅੜਿੱਕੇ ਪੈਦਾ ਹੋਣ ਲੱਗੇ ਤੇ ਚੌਲ ਮਿੱਲਾਂ 'ਚ ਇਸ ਦੇ ਢੇਰ ਲੱਗ ਗਏ | ਵੱਡੀ ਮਾਤਰਾ 'ਚ ਖੁੱਲੇ੍ਹ ਵਿਚ ਪਿਆ ਅਨਾਜ ਧੁੱਪਾਂ ਤੇ ਮੀਹਾਂ ਕਾਰਨ ਖਰਾਬ ਹੋਣ ਲੱਗਾ, ਜਦਕਿ ਬਾਕੀ ਬਚੇ ਅਨਾਜ ਨੂੰ  ਚੂਹੇ, ਕੀੜੇ ਤੇ ਪੰਛੀ ਖਾ ਗਏ | ਸਰਕਾਰ ਕੋਈ ਵੀ ਰਹੀ ਹੋਵੇ, ਹਰ ਦੌਰ 'ਚ ਕਣਕ-ਝੋਨੇ ਦੀ ਵਾਢੀ ਤੋਂ ਬਾਅਦ ਪੰਜਾਬ ਦੇ ਹਰ ਹਿੱਸੇ 'ਚ ਇਹੀ ਹਾਲਾਤ ਨਜ਼ਰ ਆਉਣ ਲੱਗੇ | ਸਰਕਾਰਾਂ ਨੇ ਸਥਿਤੀਆਂ ਦੀ ਗੰਭੀਰਤਾ ਨਾਲ ਨਜਿੱਠਣ ਲਈ ਵੱਡੇ ਯਤਨ ਕੀਤੇ | ਨਵੇਂ ਗੁਦਾਮ ਬਣਵਾਏ ਤੇ ਖੁੱਲੇ੍ਹ 'ਚ ਪਏ ਅਨਾਜ ਦੀ ਸੰਭਾਲ ਲਈ ਤਰਪਾਲਾਂ ਆਦਿ ਦੀ ਵਿਵਸਥਾ ਕੀਤੀ ਜਾਂਦੀ ਰਹੀ, ਪਰ ਅੰਨ ਭੰਡਾਰ ਕਰਨ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਗਈ ਤੇ ਅੱਜ ਪੰਜਾਬ ਦੇ ਸਾਹਮਣੇ ਇਹ ਸਮੱਸਿਆ ਇਕ ਵਾਰ ਫਿਰ ਮੂੰਹ ਅੱਡੀ ਖੜ੍ਹੀ ਹੈ |
ਚਾਲੂ ਸਾਲ 'ਚ ਝੋਨੇ ਦਾ ਰਿਕਾਰਡ ਉਤਪਾਦਨ ਹੋਇਆ | ਮੰਡੀਆਂ 'ਚ ਹਾਲੇ ਵੀ ਵੱਡੀ ਮਾਤਰਾ ਵਿਚ ਝੋਨਾ ਪਿਆ ਹੈ | ਮਿੱਲਾਂ 'ਚ ਨਵੇਂ ਸਟਾਕ ਲਈ ਤਿਲ ਜਿੰਨੀ ਵੀ ਜਗ੍ਹਾ ਨਹੀਂ ਹੈ | ਛਟਾਈ ਤੋਂ ਬਾਅਦ ਉਪਲਬਧ ਚੌਲ ਰੱਖਣ ਲਈ ਮਿੱਲ ਮਾਲਕ ਪ੍ਰੇਸ਼ਾਨ ਹੋ ਰਹੇ ਹਨ | ਗੁਦਾਮਾਂ 'ਚ ਪਿਆ ਪੁਰਾਣਾ ਸਟਾਕ ਵੀ ਹਾਲੇ ਮੌਜੂਦ ਹੈ | ਪੰਜਾਬ 'ਚ ਝੋਨੇ ਦੀ ਛਟਾਈ ਲਈ ਲਗਭਗ 5500 ਮਿੱਲਾਂ ਹਨ ਤੇ ਕਿਸੇ ਵੀ ਵਾਧੂ ਉਤਪਾਦਨ ਲਈ ਸਮਰੱਥਾ ਨਹੀਂ ਬਚੀ | ਸੂਬੇ 'ਚ ਇਸ ਵਾਰ 193 ਲੱਖ ਮੀਟਿ੍ਕ ਟਨ ਤੋਂ ਵੱਧ ਝੋਨੇ ਦਾ ਉਤਪਾਦਨ ਹੋਇਆ ਹੈ | ਹੁਣ ਮੌਜੂਦਾ ਸਰਕਾਰ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਮਿੱਲਾਂ 'ਚ ਪਿਆ ਲੱਖਾਂ ਟਨ ਚੌਲ ਉਠਾਉਣ ਦੀ ਉਡੀਕ 'ਚ ਖਰਾਬ ਹੋਣ ਲੱਗਾ ਹੈ | ਇਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਵੇਗਾ, ਉੱਥੇ ਚੌਲ ਭੰਡਾਰ ਕਰਨ ਦੀ ਵਿਵਸਥਾ ਨਾ ਹੋਣ ਨਾਲ ਸਰਕਾਰ ਤੇ ਮਿੱਲ ਮਾਲਕਾਂ ਨੂੰ  ਵੀ ਵਾਧੂ ਨੁਕਸਾਨ ਝੱਲਣਾ ਪੈ ਸਕਦਾ ਹੈ, ਜਦਕਿ ਅਨਾਜ ਗੁਣਵੱਤਾ ਪ੍ਰਭਾਵਿਤ ਹੋਣ ਨਾਲ ਇਸ ਦੀ ਬਰਾਮਦ ਵਿਚ ਵੀ ਅੜਚਨਾਂ ਆ ਸਕਦੀਆਂ ਹਨ | ਇਸ ਨਾਲ ਕਿਰਤ ਖੇਤਰ 'ਚ ਰੁਜ਼ਗਾਰ ਦੀ ਸਮੱਸਿਆ ਵੀ ਉਤਪੰਨ ਹੋ ਸਕਦੀ ਹੈ | ਪਿਛਲੇ ਸਾਲ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ ਤੇ ਮਿੱਲਾਂ 'ਚੋਂ ਚੌਲਾਂ ਦੀ ਚੁਕਾਈ ਨਾ ਹੋਣ ਨਾਲ ਕੇਂਦਰ ਤੋਂ ਮਿਲਣ ਵਾਲੀ ਰਾਸ਼ੀ ਦੇ ਭੁਗਤਾਨ 'ਚ ਵੀ ਦੇਰੀ ਹੋਈ ਸੀ | ਕੁਝ ਵੀ ਹੋਵੇ ਨੁਕਸਾਨ ਕਿਸਾਨਾਂ ਦਾ ਹੀ ਹੁੰਦਾ ਹੈ | ਕੁਝ ਹੱਦ ਤੱਕ ਇਸ ਨੁਕਸਾਨ ਦੀ ਪੂਰਤੀ ਦੀ ਜ਼ਿੰਮੇਦਾਰੀ ਮਿੱਲ ਮਾਲਕਾਂ 'ਤੇ ਵੀ ਆਇਦ ਹੁੰਦੀ ਹੈ | ਇਸ ਵਾਰ ਵੀ ਕੇਂਦਰ ਸਰਕਾਰ ਨੇ ਭੁਗਤਾਨ ਦੀ ਤਰੀਕ ਵਧਾਈ ਹੈ, ਪਰ ਨਾ ਤਾਂ ਮੰਡੀਆਂ 'ਚੋਂ ਪੂਰਾ ਝੋਨਾ ਉਠਾਉਣ ਦੀ ਵਿਵਸਥਾ ਹੋਈ ਹੈ ਤੇ ਨਾ ਹੀ ਮਿੱਲਾਂ 'ਚੋਂ ਚੌਲਾਂ ਦੀ ਚੁਕਾਈ  ਦਾ ਕੋਈ ਪ੍ਰਬੰਧ ਹੋਇਆ ਦਿਖਾਈ ਦਿੱਤਾ ਹੈ | ਆਲ ਇੰਡੀਆ ਫੈਡਰੇਸ਼ਨ ਆਫ ਰਾਈਸ ਮਿਲਰਜ਼ ਦੇ ਪ੍ਰਧਾਨ ਤਰਸੇਮ ਸੈਣੀ ਨੇ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਰਕਾਰਾਂ ਦੀਆਂ ਆਪਣੀਆਂ ਖਾਮੀਆਂ ਕਾਰਨ ਗੁਦਾਮਾਂ ਤੇ ਭੰਡਾਰ ਕਰਨ ਦੀ ਵਿਵਸਥਾ ਦੀ ਘਾਟ ਹੈ, ਪਰ ਬਦਨਾਮੀ ਤੇ ਹਾਨੀ ਮਿੱਲ ਮਾਲਕਾਂ ਤੇ ਕਿਸਾਨਾਂ ਨੂੰ  ਉਠਾਉਣੀ ਪੈਂਦੀ ਹੈ | ਸਰਕਾਰੀ ਖਰੀਦ ਏਜੰਸੀਆਂ ਵੀ ਸਥਿਤੀਆਂ ਤੋਂ ਫਾਇਦਾ ਲੈ ਕੇ ਜਾਣਬੁੱਝ ਕੇ ਦੇਰੀ ਕਰਦੀਆਂ ਹਨ |
ਅਸੀਂ ਸਮਝਦੇ ਹਾਂ ਕਿ ਅਜਿਹੀ ਸਥਿਤੀ ਕਿਸੇ ਵੀ ਦੇਸ਼-ਸੂਬੇ ਲਈ ਚੰਗੀ ਨਹੀਂ ਹੈ | ਅਨੇਕਾਂ ਵਾਰ ਅਜਿਹੇ ਹਾਲਾਤ ਬਾਰੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ  ਜਾਣੂ ਕਰਾਇਆ ਗਿਆ, ਪਰ ਸਮੱਸਿਆ ਉੱਥੇ ਦੀ ਉੱਥੇ ਹੀ ਹੈ | ਸਮੱਸਿਆ ਦਾ ਹੱਲ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਲੋੜੀਂਦੇ ਗੁਦਾਮ ਬਣਾਏ ਜਾਣ | ਇਸ ਦੇ ਲਈ ਵਾਧੂ ਧਨ ਦੀ ਵਿਵਸਥਾ ਵੀ ਬਹੁਤੀ ਨਹੀਂ ਕਰਨੀ ਪਵੇਗੀ | ਖੁੱਲ੍ਹੇ 'ਚ ਪਏ ਅਨਾਜ ਦੀ ਜਿੰਨੀ ਬਰਬਾਦੀ ਹਰ ਸਾਲ ਹੁੰਦੀ ਹੈ, ਜੇ ਉਸ ਨੂੰ  ਰੋਕ ਲਿਆ ਜਾਵੇ ਤਾਂ ਦੋ-ਚਾਰ ਸਾਲਾਂ 'ਚ ਹੀ ਵਾਧੂ ਗੁਦਾਮਾਂ ਲਈ ਧਨ ਉਪਲਬਧ ਹੋ ਸਕਦਾ ਹੈ | ਇਸ ਲਈ ਸਿਰਫ਼ ਉਚਿਤ ਯੋਜਨਾਬੰਦੀ ਕਰਨੀ ਹੋਵੇਗੀ | ਅਸੀਂ ਇਹ ਵੀ ਸਮਝਦੇ ਹਾਂ ਕਿ ਇਹ ਸਮੱਸਿਆ ਸਿਰਫ਼ ਪੰਜਾਬ ਦੀ ਨਹੀਂ, ਇਸ ਨਾਲ ਪੂਰੇ ਦੇਸ਼ ਦੀ ਖੁਰਾਕ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ | ਕੇਂਦਰ ਤੇ ਪੰਜਾਬ ਸਰਕਾਰਾਂ ਵਲੋਂ ਉਚਿਤ ਯੋਜਨਾਬੰਦੀ ਨਾਲ ਅੰਨ ਭੰਡਾਰਾਂ ਦੀ ਸਾਂਭ-ਸੰਭਾਲ ਜਿੰਨੀ ਜਲਦੀ ਹੋ ਸਕੇ ਵਾਧੂ ਭੰਡਾਰ ਦੀ ਵਿਵਸਥਾ ਕਰਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਨਾਲ ਹੀ ਦੇਸ਼ 'ਚ ਭੁੱਖ ਦਾ ਕਲੰਕ ਮੇਟਣ 'ਚ ਵੀ ਮਦਦ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ 30-11-2026 ਅਗਲੀ ਖ਼ਬਰ ਪੰਜਾਬ 'ਚ ਚੋਣਾਂ ਤੋਂ ਪਹਿਲਾਂ ਈ.ਡੀ. ਦੀ ਫਿਰ ਵਧੀ ਸਰਗਰਮੀ
Ad Position 24