
ਪਿਛਲੇ 10-12 ਸਾਲਾਂ ਤੋਂ ਇਹ ਇਕ ਪਰੰਪਰਾ ਹੀ ਬਣ ਗਈ ਹੈ ਕਿ ਜਦੋਂ ਕਿਸੇ ਰਾਜ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹੁੰਦੀਆਂ ਹਨ ਤਾਂ ਕੇਂਦਰੀ ਜਾਂਚ ਏਜੰਸੀਆਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਆਮਦਨ ਕਰ ਵਿਭਾਗ ਅਤੇ ਸੀ.ਬੀ.ਆਈ. ਚੋਣਾਂ ਦਾ ਐਲਾਨ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮੋਰਚਾ ਸੰਭਾਲ ਲੈਂਦੀਆਂ ਹਨ | ਵਿਰੋਧੀ ਧਿਰਾਂ ਦੇ ਆਗੂਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਜਾਂਦੇ ਹਨ |ਹੁਣ ਜਦੋਂ ਕੁਝ ਮਹੀਨਿਆਂ ਬਾਅਦ ਪੰਜਾਬ ਵਿਚ ਚੋਣਾਂ ਹੋਣੀਆਂ ਹਨ ਤਾਂ ਭਾਜਪਾ-ਅਕਾਲੀ ਦਲ ਗਠਜੋੜ ਦਾ ਰਸਮੀ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਭ ਕੁਝ ਈਡੀ ਦੇ ਹਵਾਲੇ ਕਰ ਦਿੱਤਾ ਗਿਆ ਹੈ | ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਈ.ਡੀ. ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਰੁੱਧ ਕਾਰਵਾਈ ਕਰਦਿਆਂ ਉਸ ਨੂੰ ਨੋਟਿਸ ਜਾਰੀ ਕੀਤਾ ਹੈ | ਇਸ ਤੋਂ ਪਹਿਲਾਂ ਈਡੀ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਕਈ ਅਹਾਤਿਆਂ 'ਤੇ ਛਾਪੇਮਾਰੀ ਕੀਤੀ ਸੀ, ਹਾਲਾਂਕਿ ਉਨ੍ਹਾਂ ਦੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਹੈ | ਹੁਣ ਸਤਨਾਮ ਸਿੰਘ ਸੰਧੂ ਨਿਸ਼ਾਨੇ 'ਤੇ ਹਨ, ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਪਹਿਲਾਂ ਹੀ ਭਾਜਪਾ 'ਚ ਹਨ | ਆਮ ਆਦਮੀ ਪਾਰਟੀ ਦੇ 4 ਵਿਧਾਇਕ ਪਹਿਲਾਂ ਹੀ ਈ.ਡੀ. ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ 'ਚ ਸੰਜੀਵ ਅਰੋੜਾ ਵੀ ਸ਼ਾਮਿਲ ਹਨ ਜੋ ਪੰਜਾਬ ਸਰਕਾਰ 'ਚ ਮੰਤਰੀ ਹਨ | ਇਸ ਦੌਰਾਨ ਸਾਬਕਾ ਪੁਲਿਸ ਅਧਿਕਾਰੀ ਭੁੱਲਰ ਦੇ ਰਿਸ਼ਵਤ ਮਾਮਲੇ 'ਚ ਵੀ ਈ.ਡੀ. ਸਰਗਰਮ ਹੋ ਗਈ ਹੈ ਅਤੇ ਉਸ ਨੇ 7 ਸੀਨੀਅਰ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ | ਚੋਣਾਂ ਤੱਕ ਕੇਂਦਰੀ ਜਾਂਚ ਏਜੰਸੀਆਂ ਦੀ ਅਜਿਹੀ ਕਾਰਵਾਈ ਜਾਰੀ ਰਹਿਣ ਦੀ ਉਮੀਦ ਹੈ | ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੀ ਪੁਰਾਣੇ ਮਾਮਲਿਆਂ 'ਚ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਸਪਾ ਲਈ ਮੁਸ਼ਕਿਲ

ਉਮੀਦਵਾਰਾਂ ਦੀ ਚੋਣ ਕਰਨ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ (ਸਪਾ) ਨੂੰ ਕਿਸੇ ਵੀ ਹੋਰ ਪਾਰਟੀ ਨਾਲੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦਰਅਸਲ ਓਵੈਸੀ ਤੇ ਚੰਦਰਸ਼ੇਖਰ ਵਲੋਂ ਸਪਾ-ਕਾਂਗਰਸ ਗੱਠਜੋੜ ਨੂੰ ਚੁਣੌਤੀ ਦੇਣ ਲਈ ਬਣਾਏ 'ਸਮਾਜਿਕ ਤਬਦੀਲੀ ਮੋਰਚੇ' ਕਾਰਨ ਸਪਾ ਨੂੰ ਬਹੁਤ ਸਾਵਧਾਨੀ ਨਾਲ ਉਮੀਦਵਾਰਾਂ ਦੀ ਚੋਣ ਕਰਨੀ ਪਵੇਗੀ |
ਸੂਤਰਾਂ ਅਨੁਸਾਰ ਓਵੈਸੀ ਤੇ ਚੰਦਰਸ਼ੇਖਰ ਦੀਆਂ ਪਾਰਟੀਆਂ ਚੋਣ ਲੜਨ ਦੇ ਚਾਹਵਾਨ ਉਨ੍ਹਾਂ ਲੋਕਾਂ ਨੂੰ ਟਿਕਟਾਂ ਦੇਣ ਲਈ ਤਿਆਰ ਬੈਠੀਆਂ ਹਨ, ਜਿਨ੍ਹਾਂ ਨੂੰ ਸਪਾ ਟਿਕਟਾਂ ਨਹੀਂ ਦੇਵੇਗੀ | ਇਨ੍ਹਾਂ ਦੋਵੇਂ ਪਾਰਟੀਆਂ ਨੇ ਯੂਪੀ ਦੀਆਂ ਸਾਰੀਆਂ 403 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ, ਪਰ ਉਨ੍ਹਾਂ ਕੋਲ ਸਾਰੀਆਂ ਸੀਟਾਂ ਲਈ ਉਮੀਦਵਾਰ ਨਹੀਂ ਹਨ | ਸਮਾਜਵਾਦੀ ਪਾਰਟੀ ਪਿਛਲੇ 10 ਸਾਲਾਂ ਤੋਂ ਵਿਰੋਧੀ ਧਿਰ ਵਿਚ ਹੈ, ਜਦਕਿ ਪਾਰਟੀ ਦੇ ਕਈ-ਕਈ ਨੇਤਾ ਹਰੇਕ ਸੀਟ ਲਈ ਦਾਅਵੇਦਾਰ ਬਣੇ ਹੋਏ ਹਨ ਪਰ ਟਿਕਟ ਤਾਂ ਕਿਸੇ ਇਕ ਨੂੰ ਹੀ ਮਿਲੇਗੀ | ਅਜਿਹੇ 'ਚ ਸਮਾਜਿਕ ਤਬਦੀਲੀ ਮੋਰਚਾ ਸਪਾ ਤੋਂ ਨਾਰਾਜ਼ ਤੇ ਬਾਗ਼ੀ ਉਮੀਦਵਾਰਾਂ ਨੂੰ ਟਿਕਟਾਂ ਦੇ ਸਕਦਾ ਹੈ | ਵੈਸੇ ਵੀ ਓਵੈਸੀ ਤੇ ਚੰਦਰਸ਼ੇਖਰ ਦੀ ਅਨੁਸੂਚਿਤ ਜਾਤੀਆਂ ਤੇ ਮੁਸਲਿਮ ਬਹੁਗਿਣਤੀ ਵਾਲੇ ਹਲਕਿਆਂ ਦੀਆਂ ਸੀਟਾਂ 'ਤੇ ਨਜ਼ਰ ਹੈ, ਇਸ ਲਈ ਉਨ੍ਹਾਂ ਨੂੰ ਉਮੀਦਵਾਰ ਲੱਭਣ ਲਈ ਬਹੁਤੀ ਮੁਸ਼ੱਕਤ ਨਹੀਂ ਕਰਨੀ ਪਵੇਗੀ |
ਅਲੱਗ-ਥਲੱਗ ਪਏ ਸਾਬਕਾ ਕਾਂਗਰਸੀ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 24 ਨਵੰਬਰ ਨੂੰ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਗੱਠਜੋੜ ਦਾ ਐਲਾਨ ਹੋਣ ਮੌਕੇ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਗੱਠਜੋੜ ਦਾ ਐਲਾਨ ਕਰਨ ਵਾਲੇ 5 ਪ੍ਰਮੁੱਖ ਨੇਤਾਵਾਂ ਦੇ ਪਿਛਲੀ ਕਤਾਰ ਵਿਚ ਸੁਨੀਲ ਜਾਖੜ ਵੀ ਖੜ੍ਹੇ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਨੂੰ ਹੱਥ ਉਠਾਉਣ ਲਈ ਅੱਗੇ ਵੀ ਨਹੀਂ ਲਿਆਂਦਾ ਗਿਆ | ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਸਪੀਕਰ ਬਲਰਾਮ ਜਾਖੜ ਦੇ ਪੁੱਤਰ ਸੁਨੀਲ ਜਾਖੜ ਕਦੇ ਪੰਜਾਬ ਕਾਂਗਰਸ 'ਚ ਵੱਡਾ ਹਿੰਦੂ ਚਿਹਰਾ ਹੋਇਆ ਕਰਦੇ ਸਨ |ਉਹ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਕਰੀਬੀਆਂ 'ਚੋਂ ਇਕ ਸਨ, ਪਰ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਦਾ ਮਹੱਤਵ ਲਗਾਤਾਰ ਘਟਦਾ ਗਿਆ | ਰਵਨੀਤ ਸਿੰਘ ਬਿੱਟੂ ਨੂੰ ਵੀ ਕਦੇ ਰਾਹੁਲ ਗਾਂਧੀ ਦੀ ਟੀਮ ਦਾ ਮੈਂਬਰ ਮੰਨਿਆ ਜਾਂਦਾ ਸੀ, ਉਨ੍ਹਾਂ ਭਾਜਪਾ 'ਚ ਸ਼ਾਮਿਲ ਹੋਣ ਬਾਅਦ ਲੋਕ ਸਭਾ ਚੋਣ ਲੜੀ ਪਰ ਹਾਰ ਗਏ | ਬਿੱਟੂ ਨੇ ਥੋੜ੍ਹੇ ਸਮੇਂ ਲਈ ਕੇਂਦਰੀ ਮੰਤਰੀ ਵਜੋਂ ਸੇਵਾ ਵੀ ਨਿਭਾਈ, ਪਰ ਇਸ ਸਮੇਂ ਉਨ੍ਹਾਂ ਨੂੰ ਵੀ ਪੰਜਾਬ ਦੀ ਰਾਜਨੀਤੀ 'ਚ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਹੈ | ਹਾਲਾਂਕਿ ਉਹ ਵਿਧਾਨ ਸਭਾ ਚੋਣ ਲੜ ਸਕਦੇ ਹਨ | ਇਸੇ ਤਰ੍ਹਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਭਾਜਪਾ 'ਚ ਕਿਤੇ ਕੋਈ ਭੂਮਿਕਾ ਦਿਖਾਈ ਨਹੀਂ ਦਿੰਦੀ ਹੈ | ਭਾਜਪਾ-ਅਕਾਲੀ ਗੱਠਜੋੜ ਦੀ ਸਭ ਤੋਂ ਵੱਧ ਵਕਾਲਤ ਕਰਨ ਵਾਲੇ ਅਮਰਿੰਦਰ ਸਿੰਘ ਗੱਠਜੋੜ ਦਾ ਐਲਾਨ ਹੋਣ ਸਮੇਂ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਸਨ |
ਯਸ਼ਵੰਤ ਵਰਮਾ ਦਾ ਕੀ ਹੋਵੇਗਾ?

ਕੀ ਜਸਟਿਸ ਯਸ਼ਵੰਤ ਵਰਮਾ ਵਿਰੁੱਧ ਮਹਾਂਦੋਸ਼ ਦਾ ਮਾਮਲਾ ਸਰਦ ਰੁੱਤ ਸੈਸ਼ਨ ਵਿਚ ਹੱਲ ਹੋ ਜਾਵੇਗਾ ਜਾਂ ਇਸ ਨੂੰ ਕਿਸੇ ਤਕਨੀਕੀ ਕਾਰਨ ਕਰਕੇ ਮੁੜ ਟਾਲ ਦਿੱਤਾ ਜਾਵੇਗਾ? ਸਵਾਲ ਇਹ ਹੈ ਕਿ ਕੀ ਸਰਕਾਰ ਨਿਆਂਪਾਲਿਕਾ 'ਚ ਭਿ੍ਸ਼ਟਾਚਾਰ ਵਿਰੁੱਧ ਇਕ ਉਦਾਹਰਨ ਕਾਇਮ ਕਰਦਿਆਂ ਜਸਟਿਸ ਵਰਮਾ ਨੂੰ ਮਹਾਂਦੋਸ਼ ਰਾਹੀਂ ਹਟਾ ਦੇਵੇਗੀ ਜਾਂ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰਕੇ ਮਾਮਲਾ ਖਾਰਜ ਕਰ ਦਿੱਤਾ ਜਾਵੇਗਾ? ਜੇਕਰ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਨਾ ਹੁੰਦੀਆਂ, ਤਾਂ ਇਹ ਇਕ ਵੱਖਰਾ ਮਾਮਲਾ ਹੁੰਦਾ | ਪਰ ਹਰ ਕੋਈ ਜਾਣਦਾ ਹੈ ਕਿ ਇਹ ਫੈਸਲਾ ਭਾਵੇਂ ਛੋਟਾ ਲੱਗੇ, ਪਰ ਯੂਪੀ ਦੀ ਰਾਜਨੀਤੀ 'ਤੇ ਪ੍ਰਭਾਵ ਪਾਵੇਗਾ | ਜਸਟਿਸ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਨਾਲ ਮਹਾਂਦੋਸ਼ ਦਾ ਮਾਮਲਾ ਆਪਣੇ ਆਪ ਖਤਮ ਹੋ ਜਾਂਦਾ ਹੈ | ਪਰ ਇਸ ਮਾਮਲੇ ਬਾਰੇ ਕਾਨੂੰਨੀ ਮਾਹਿਰਾਂ ਦੇ ਵੱਖੋ-ਵੱਖ ਵਿਚਾਰ ਹਨ | ਕੁਝ ਮਾਹਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਹੋਣ ਤੇ ਜਾਂਚ ਕਮੇਟੀ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਆਇਆ ਹੋਣ ਕਰਕੇ ਮਹਾਂਦੋਸ਼ ਨੂੰ ਰੋਕਿਆ ਨਹੀਂ ਜਾ ਸਕਦਾ | ਹਾਲਾਂਕਿ ਕੁਝ ਵੱਡੇ ਤੇ ਪੁਰਾਣੇ ਜੱਜ ਚਾਹੁੰਦੇ ਹਨ ਕਿ ਇਸ ਵਿਵਾਦ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ ਕਿਉਂਕਿ ਕਦੇ ਵੀ ਕਿਸੇ ਜੱਜ ਨੂੰ ਮਹਾਂਦੋਸ਼ ਰਾਹੀਂ ਨਹੀਂ ਹਟਾਇਆ ਗਿਆ ਹੈ | ਜੇਕਰ ਜਸਟਿਸ ਵਰਮਾ ਅਸਤੀਫਾ ਨਾ ਦਿੰਦੇ ਤਾਂ ਉਸ ਨੂੰ ਮਹਾਂਦੋਸ਼ ਰਾਹੀਂ ਹਟਾਇਆ ਜਾ ਸਕਦਾ ਸੀ, ਪਰ ਅਸਤੀਫਾ ਦੇਣ ਕਰਕੇ ਮਾਮਲਾ ਬੰਦ ਕਰ ਦਿੱਤਾ ਜਾਵੇ |
ਕੇਸ਼ਵ ਦਾ ਬਿਆਨ

ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਇਕ ਬਿਆਨ ਨੇ ਰਾਜ ਦੀ ਰਾਜਨੀਤੀ ਵਿਚ ਹਲਚਲ ਮਚਾ ਦਿੱਤੀ ਹੈ | ਉਨ੍ਹਾਂ ਮੀਡੀਆ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਵੇਗਾ ਤੇ 'ਕਮਲ ਦਾ ਫੁੱਲ ਹੀ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ |' ਭਾਜਪਾ 'ਚ ਇਹ ਕੋਈ ਨਵੀਂ ਗੱਲ ਨਹੀਂ ਹੈ ਤੇ ਪਹਿਲਾਂ ਵੀ ਕਈ ਰਾਜਾਂ ਵਿਚ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਮਲ ਦੇ ਫੁੱਲ ਲਈ ਵੋਟ ਪਾਉਣ ਲਈ ਕਿਹਾ ਗਿਆ ਹੈ | ਪਰ ਉੱਤਰ ਪ੍ਰਦੇਸ਼ ਦਾ ਮਾਮਲਾ ਵੱਖਰਾ ਹੈ, ਜਿੱਥੇ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਹਨ | ਉੱਤਰ ਪ੍ਰਦੇਸ਼ ਵਿਚ 1989 ਤੋਂ ਬਾਅਦ ਕਦੇ ਵੀ ਕਿਸੇ ਪਾਰਟੀ ਦੀ ਸਰਕਾਰ ਲਗਾਤਾਰ ਦੂਜੀ ਵਾਰ ਸੱਤਾ ਵਿਚ ਨਹੀਂ ਆਈ ਸੀ ਤੇ ਯੋਗੀ ਦੀ ਅਗਵਾਈ 'ਚ ਭਾਜਪਾ 2022 ਵਿਚ ਲਗਾਤਾਰ ਦੂਜੀ ਵਾਰ ਸੱਤਾ ਵਿਚ ਆਈ ਹੈ | ਯੋਗੀ ਪਿਛਲੇ 5 ਦਹਾਕਿਆਂ 'ਚ ਲਗਾਤਾਰ 10 ਸਾਲ ਤੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਆਗੂ ਹਨ | ਯੋਗੀ ਨੇ ਰਾਜ 'ਚ ਕਾਨੂੰਨ ਵਿਵਸਥਾ, ਵਿਕਾਸ ਤੇ ਹਿੰਦੂਤਵ ਦਾ ਵੱਖਰਾ ਹੀ ਬਿਰਤਾਂਤ ਸਿਰਜਿਆ ਹੈ | ਅਜਿਹੇ 'ਚ ਕੇਸ਼ਵ ਪ੍ਰਸਾਦ ਮੌਰਿਆ ਦਾ ਇਹ ਬਿਆਨ ਹੈਰਾਨੀਜਨਕ ਹੈ | ਇਸ ਲਈ ਸਵਾਲ ਉੱਠਦਾ ਹੈ: ਕੀ ਇਹ ਬਿਆਨ ਮੌਰਿਆ ਦਾ ਆਪਣਾ ਹੈ ਜਾਂ ਕਿਸੇ ਹੋਰ ਦੁਆਰਾ ਨਿਰਦੇਸ਼ਤ ਹੈ? ਜ਼ਿਕਰਯੋਗ ਹੈ ਕਿ ਮੌਰਿਆ ਭਾਜਪਾ ਦੇ ਹੱਕ ਵਿਚ ਗੈਰ-ਯਾਦਵ ਪਛੜੇ ਜਾਤੀਆਂ ਨੂੰ ਇਕਜੁੱਟ ਕਰਨ ਵਾਲਾ ਚਿਹਰਾ ਬਣ ਰਹੇ ਹਨ | ਇਸ ਸੰਦਰਭ ਵਿਚ ਉਨ੍ਹਾਂ ਦੇ ਬਿਆਨ ਦਾ ਖਾਸ ਮਹੱਤਵ ਹੈ |