(ਕੱਲ੍ਹ ਤੋਂ ਅੱਗੇ)
ਪੰਜਾਬ ਲਈ ਦੂਜਾ ਅਹਿਮ ਮੁੱਦਾ ਪਾਣੀਆਂ ਦਾ ਹੈ | ਪੰਜਾਬ ਕੋਲ ਪਾਣੀ ਕੁਦਰਤੀ ਖਜ਼ਾਨੇ ਵਾਂਗ ਹੈ, ਪਰ ਪੰਜਾਬ ਦੇ ਪਾਣੀਆਂ 'ਤੇ ਕੰਟਰੋਲ ਕੇਂਦਰੀ ਸਰਕਾਰ ਦਾ ਹੈ | ਕੋਰਟ ਦੇ ਹੁਕਮ 'ਤੇ ਹਿਮਾਚਲ ਨੂੰ ਪੰਦਰਾਂ ਹਜ਼ਾਰ ਕਰੋੜ ਰੁਪਏ ਦੇਣਾ ਚੁੱਪ-ਚੁਪੀਤੇ ਜਿਵੇਂ ਸਵੀਕਾਰ ਕਰ ਲਿਆ ਗਿਆ ਹੈ, ਇਸ ਬਾਰੇ ਕਿਸੇ ਪਾਰਟੀ ਵਿਚ ਡੀਬੇਟ ਨਹੀਂ ਹੋ ਰਹੀ | ਰਾਜਿਸਥਾਨ ਜੋ, ਲੰਮੇ ਸਮੇਂ ਤੋਂ ਪੰਜਾਬ ਤੋਂ ਲਏ ਪੀਣ ਵਾਲੇ ਪਾਣੀ ਦੀ ਕਮਰਸ਼ੀਅਲ ਵਰਤੋਂ ਤੋਂ ਮੋਟੀ ਕਮਾਈ ਕਰ ਰਿਹਾ ਹੈ, ਪੰਜਾਬ ਨੂੰ ਉਸ ਦਾ ਇਵਜ਼ਾਨਾ ਦੇਣ ਤੋਂ ਸਪੱਸ਼ਟ ਇਨਕਾਰੀ ਹੈ | ਐਸ. ਵਾਈ.ਐਲ. ਦਾ ਮੁੱਦਾ ਜਿਉਂ ਦਾ ਤਿਉਂ ਹੈ | ਪਾਣੀਆਂ ਦੀ ਵੰਡ ਵਿਚ ਪੰਜਾਬ ਨਾਲ ਹਮੇਸ਼ਾ ਧੋਖਾ ਕੀਤਾ ਗਿਆ ਤੇ ਆਪਣੀਆਂ ਲੋੜਾਂ ਲਈ ਪੰਜਾਬ ਦੀ ਧਰਤੀ 'ਚੋਂ ਅੰਨ੍ਹੇ ਵਾਹ ਕੱਢੇ ਪਾਣੀ ਨਾਲ ਪੰਜਾਬ ਦੇ ਲਗਪਗ ਸਾਰੇ ਬਲਾਕ ਡਾਰਕ ਜ਼ੋਨ ਵਿਚ ਚਲੇ ਗਏ ਹਨ | ਇਸ ਦੇ ਮਾਰੂਥਲ ਬਣਨ ਵਿਚ ਹੁਣ ਕੋਈ ਕਸਰ ਬਾਕੀ ਨਹੀਂ ਰਹਿ ਗਈ ਤੇ ਪਾਰਟੀਆਂ ਅਜੇ ਵੀ ਪਹਿਲ ਦੇ ਅਧਾਰ 'ਤੇ ਟਿਊਬਵੈੱਲ ਕੁਨੈਕਸ਼ਨ ਦੇਣ ਦੇ ਵਾਅਦੇ ਕਰ ਰਹੀਆਂ ਹਨ | ਪੰਜਾਬ ਦੇਸ਼ ਦਾ ਅੰਨ ਭੰਡਾਰ ਹੈ | ਪਰ ਇਸ ਨੂੰ ਜਿੰਨਾ ਪਾਣੀ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲ ਰਿਹਾ | ਆਉਣ ਵਾਲੇ ਸਾਲਾਂ ਵਿਚ ਜਿਵੇਂ-ਜਿਵੇਂ ਆਬਾਦੀ ਦਾ ਦਬਾਅ ਵਧੇਗਾ, ਪਾਣੀ ਦੀ ਖਪਤ ਲਈ ਵੀ ਦਬਾਅ ਹੋਰ ਵਧੇਗਾ | ਅਜਿਹੀ ਸਥਿਤੀ ਦਾ ਕਿਸੇ ਕੋਲ ਕੋਈ ਹੱਲ ਨਹੀਂ | ਕੀ ਗੱਠਜੋੜ ਪੰਜਾਬ ਦੇ ਪਾਣੀਆਂ ਲਈ ਲੜੇਗਾ?
ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਉਵੇਂ ਦਾ ਓਵੇਂ ਹੈ | ਕੇਂਦਰੀ ਸਰਕਾਰ ਨੇ ਇਕ ਤਰ੍ਹਾਂ ਨਾਲ ਚੰਡੀਗੜ੍ਹ ਨੂੰ ਟੈਕਸ ਉਗਰਾਹੁਣ ਦਾ ਵੱਡਾ ਵਸੀਲਾ ਹੀ ਨਹੀਂ ਬਣਾਇਆ, ਇਥੋਂ ਦੀਆਂ ਸਾਰੀਆਂ ਸੰਸਥਾਵਾਂ ਸਮੇਤ ਪੰਜਾਬ ਯੂਨੀਵਰਸਿਟੀ 'ਤੇ ਆਪਣਾ ਕੰਟਰੋਲ ਕਰ ਲਿਆ ਹੈ | ਪੰਜਾਬ ਸ਼ਾਇਦ ਦੇਸ਼ ਦਾ ਇਕੋ-ਇਕ ਸੂਬਾ ਹੈ, ਜਿਸ ਕੋਲ ਪੁਨਰ ਗਠਨ ਤੋਂ ਬਾਅਦ ਆਪਣੀ ਰਾਜਧਾਨੀ ਨਹੀਂ | ਪੰਜਾਬ ਦੇ ਲੋਕ ਆਪਣੇ ਪਿੰਡਾਂ ਨੂੰ ਉਜਾੜ ਕੇ ਬਣਾਈ ਰਾਜਧਾਨੀ ਵਿਚ ਹੱਕੀ ਪ੍ਰਦਰਸ਼ਨ ਤੱਕ ਕਰਨ ਨਹੀਂ ਜਾ ਸਕਦੇ | ਮਟਕਾ ਚੌਕ ਇਤਿਹਾਸਕ ਤੌਰ ਉਤੇ ਸੰਘਰਸ਼ ਦਾ ਪ੍ਰਤੀਕ ਸੀ, ਜਿਸ ਕੋਲ ਹੁਣ ਕੋਈ ਪ੍ਰਦਰਸ਼ਨ ਨਹੀਂ ਹੋ ਸਕਦਾ | ਲੋਕ ਆਪਣੇ ਹੱਕ ਮੰਗਣ ਲਈ ਕਿਥੇ ਜਾਣ? ਕਿਸੇ ਪਾਰਟੀ, ਗੱਠਜੋੜ ਜਾਂ ਸਰਕਾਰ ਨੇ ਇਹਦੇ ਲਈ ਆਵਾਜ਼ ਨਹੀਂ ਉਠਾਈ |
ਕਿਸਾਨੀ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਈ ਹੋਈ ਹੈ | ਕੋਈ ਪਾਰਟੀ ਜਾਂ ਸਰਕਾਰ ਉਹਦੀ ਗੱਲ ਸੁਣਨ ਲਈ ਤਿਆਰ ਨਹੀਂ | ਕਿਸਾਨ ਹਰ ਰੋਜ਼ ਧਰਨੇ, ਮੁਜ਼ਾਹਰੇ, ਰੇਲਾਂ ਰੋਕੂ ਪ੍ਰੋਗਰਾਮ ਲੈ ਕੇ ਸੰਘਰਸ਼ ਨੂੰ ਤਿੱਖਾ ਕਰ ਰਹੇ ਹਨ | ਪਰ ਕਾਰਪੋਰੇਟੀ ਘਰਾਣਿਆਂ ਅੱਗੇ ਵਿਛੀਆਂ ਸਰਕਾਰਾਂ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ | ਸਰਕਾਰ ਦੀ ਬਾਜ਼ ਅੱਖ ਕਿਸਾਨਾਂ ਦੀ ਜ਼ਮੀਨ 'ਤੇ ਹੈ, ਤਾਂ ਉਹ ਮੁਨਾਫ਼ਾ ਕਮਾ ਕੇ ਕਾਲੋਨਾਈਜ਼ਰਾਂ ਲਈ ਮੁਨਾਫ਼ੇ ਦਾ ਰਾਹ ਪੱਧਰਾ ਕਰ ਸਕੇ | ਇਸ ਬਾਰੇ ਕੋਰਟਾਂ ਵਿਚ ਚਲ ਰਹੇ ਕੇਸ, ਰੋਕਾਂ ਹੀ ਵਕਤੀ ਠੁੰਮਣੇ ਹਨ | ਖੇਤੀ ਨੀਤੀ ਦਾ ਖਰੜਾ ਸ਼ਾਇਦ ਗੰਗਾ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ ਹੈ | ਕੀ ਗੱਠਜੋੜ ਕਿਸਾਨੀ ਦੇ ਮਸਲਿਆਂ ਵੱਲ ਤਵੱਜੋ ਦੇਵੇਗਾ?
ਜੇ ਸਿੱਖਿਆ ਦੀ ਗੱਲ ਕਰੀਏ ਤਾਂ ਇਹ ਰਾਜ ਸਰਕਾਰਾਂ ਦਾ ਵਿਸ਼ਾ ਹੈ | ਪਰ ਕੇਂਦਰੀ ਸਰਕਾਰ ਨੇ ਕੇਂਦਰੀਕਰਨ ਨੂੰ ਧਿਆਨ ਵਿਚ ਰੱਖ ਕੇ ਨਵੀਂ ਸਿੱਖਿਆ ਨੀਤੀ ਦਾ ਐਲਾਨ ਕਰ ਦਿੱਤਾ | ਪੰਜਾਬ ਦੀ ਸਰਕਾਰ ਨੇ ਬਿਨਾਂ ਵਿਚਾਰਿਆਂ ਇਸ ਨੂੰ ਲਾਗੂ ਕਰ ਦਿੱਤਾ | ਕਿਸੇ ਪਾਰਟੀ ਜਾਂ ਗੱਠਜੋੜ ਨੇ ਇਹਦਾ ਨਾ ਵਿਰੋਧ ਕੀਤਾ ਨਾ ਇਹਦੇ 'ਤੇ ਚਰਚਾ ਕੀਤੀ | ਨਤੀਜਾ ਇਹ ਹੋਇਆ ਕਿ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਵੀ ਫੂਕ ਨਿਕਲ ਗਈ ਤੇ ਭਾਸ਼ਾ ਪੱਖੋਂ ਹਰ ਪਾਸੇ ਹਿੰਦੀ-ਅੰਗਰੇਜ਼ੀ ਦਾ ਬੋਲਬਾਲਾ ਹੋ ਗਿਆ | ਪੰਜਾਬੀ ਵਿਚਾਰੀ ਜਿਹੀ ਬਣ ਕੇ ਸਕੂਲਾਂ ਵਿਚ ਕੁੱਟ ਖਾ ਰਹੀ ਹੈ | ਅਜਿਹੀ ਸਿੱਖਿਆ ਤੇ ਭਾਸ਼ਾ ਨੀਤੀ ਨਾਲ ਆਉਣ ਵਾਲੀਆਂ ਕਈ ਨਸਲਾਂ ਬਰਬਾਦ ਹੋ ਜਾਣਗੀਆਂ | ਪੀ.ਸੀ.ਐਸ. ਦੇ ਇਮਤਿਹਾਨਾਂ ਸਮੇਤ, ਸਰਕਾਰੀ ਦਫ਼ਤਰਾਂ ਤੇ ਪ੍ਰਾਈਵੇਟ ਅਦਾਰਿਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਤਕਨੀਕੀ ਸੰਸਥਾਵਾਂ ਲਈ ਪੰਜਾਬੀ ਦੀ ਜੋ ਹਾਲਤ ਕਰ ਦਿੱਤੀ ਗਈ ਹੈ, ਇਹ ਬਹੁਤ ਵੱਡਾ ਮੁੱਦਾ ਹੈ | ਗੱਠਜੋੜ ਜਾਂ ਹੋਰ ਰਾਜਨੀਤਕ ਧਿਰਾਂ ਕੀ ਇਸ ਬਾਰੇ ਆਵਾਜ਼ ਉਠਾਉਣਗੀਆਂ ਜਾਂ ਫਿਰ ਵੋਟਾਂ ਬਟੋਰਨ ਲਈ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਗੀਆਂ | ਜਦੋਂ ਕੇਂਦਰੀ ਸਰਕਾਰ ਦਾ ਏਜੰਡਾ ਦੇਸ਼ ਵਿਚ ਇਕ ਭਾਸ਼ਾ ਭਾਵ ਹਿੰਦੀ ਦਾ ਨਾਅਰਾ ਹੈ ਤਾਂ ਪ੍ਰਦੇਸ਼ਕ ਭਾਸ਼ਾਵਾਂ ਦਾ ਰੱਬ ਹੀ ਰਾਖਾ ਹੈ | ਲੋਕ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਮਾਣ ਮਹਿਸੂਸ ਕਰ ਰਹੇ ਹਨ | ਪੰਜਾਬੀ ਨੂੰ ਉਹਦਾ ਰੁਤਬਾ ਦੁਆਉਣ ਲਈ ਕੀ ਗਠਜੋੜ ਕੋਈ ਯਤਨ ਕਰੇਗਾ?
ਕਿਸੇ ਰਾਜ ਲਈ ਉਦਯੋਗ ਰੁਜ਼ਗਾਰ ਪ੍ਰਾਪਤੀ ਤੇ ਖਜ਼ਾਨਾ ਭਰਨ ਲਈ ਕਾਮਧੇਨੂ ਗਾਂ ਵਾਂਗ ਹੁੰਦੇ ਹਨ | ਪਰ ਪੰਜਾਬ ਵਿਚੋਂ ਵੱਡੀ ਪੱਧਰ ਉੱਤੇ ਉਦਯੋਗ ਪਲਾਇਨ ਕਰ ਗਏ ਹਨ | ਕਾਰਨ ਇਹ ਹੈ ਕਿ ਕੇਂਦਰੀ ਸਰਕਾਰ ਦੀਆਂ ਨੀਤੀਆਂ ਕਰਕੇ ਗੁਆਂਢੀ ਸੂਬੇ ਹਰਿਆਣਾ ਤੇ ਹਿਮਾਚਲ ਵਿਸ਼ੇਸ਼ ਰਿਆਇਤਾਂ ਲੈਣ ਵਿਚ ਕਾਮਯਾਬ ਹੋ ਗਏ | ਨਤੀਜੇ ਵਜੋਂ ਅੱਜ ਪਰਵਾਨੂੰ ਵਰਗੇ ਇਲਾਕੇ ਉਦਯੋਗ ਪੱਖੋਂ ਬਹੁਤ ਤਰੱਕੀ ਕਰ ਗਏ ਹਨ ਤੇ ਪੰਜਾਬ ਵਿਚ ਉਦਯੋਗਿਕ ਇਕਾਈਆਂ ਖ਼ਤਮ ਹੋ ਰਹੀਆਂ ਹਨ | ਕਿਸੇ ਪਾਰਟੀ, ਗੱਠਜੋੜ ਜਾਂ ਸਰਕਾਰ ਨੇ ਉਦਯੋਗਿਕ ਇਕਾਈਆਂ ਸਥਾਪਤ ਕਰਨ ਤੇ ਐਗਰੋ ਅਧਾਰਿਤ ਉਦਯੋਗਾਂ ਨੂੰ ਵਿਕਸਿਤ ਕਰਨ ਲਈ ਉਚੇਚੇ ਯਤਨ ਨਹੀਂ ਕੀਤੇ | ਇਸ ਨਾਲ ਬੇਰੁਜ਼ਗਾਰੀ ਵਧੀ ਹੈ ਤੇ ਪੰਜਾਬ ਵਿਚੋਂ ਵੱਡੀ ਪੱਧਰ ਉੱਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਹੋਇਆ ਹੈ |
ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਇਨ੍ਹਾਂ ਨੂੰ ਰੋਕਣ ਲਈ ਬਣੇ ਕਾਨੂੰਨ, ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਆਦਿ ਦੇ ਮਸਲੇ ਚਰਚਾ ਦਾ ਵਿਸ਼ਾ ਹਨ | ਇਨ੍ਹਾਂ ਬਾਰੇ ਸਰਕਾਰਾਂ ਦੀਆਂ ਦੋਗਲੀਆਂ ਨੀਤੀਆਂ, ਰਾਜਨੀਤਕ ਫਾਇਦੇ ਲੈਣ ਦੀ ਚਾਲ ਤੇ ਸਮੱਸਿਆਵਾਂ ਨੂੰ ਲਮਕਾਈ ਰੱਖਣ ਦੇ ਹੀਲੇ ਨੁਕਸਾਨਦੇਹ ਸਾਬਤ ਹੋ ਰਹੇ ਹਨ | ਇਹੋ ਜਿਹੇ ਧਾਰਮਿਕ ਤੇ ਜਜ਼ਬਾਤੀ ਮਸਲਿਆਂ ਲਈ ਖੁਲ੍ਹਦਿਲੀ ਵਿਖਾਉਣ ਦੀ ਲੋੜ ਹੁੰਦੀ ਹੈ | ਹਰ ਮਸਲੇ ਨੂੰ ਰਾਜਨੀਤੀ ਦੀ ਐਨਕ ਨਾਲ ਦੇਖਣਾ ਬਦਕਿਸਮਤੀ ਦੀ ਨਿਸ਼ਾਨੀ ਹੁੰਦੀ ਹੈ |
ਇਨ੍ਹਾਂ ਤੋਂ ਇਲਾਵਾ ਜਿਵੇਂ ਪੰਜਾਬ ਦੇ ਪਾਣੀਆਂ ਨੂੰ ਪਲੀਤ ਕੀਤਾ ਜਾ ਰਿਹਾ ਹੈ, ਵੱਧ ਰਹੇ ਪ੍ਰਦੂਸ਼ਣ, ਬਿਜਲੀ ਦੀ ਘਾਟ, ਜੰਗਲਾਂ ਦਾ ਸੁੰਗੜਦਾ ਅਕਾਰ, ਹੜ੍ਹਾਂ ਦੀ ਰੋਕਥਾਮ, ਸਿਹਤ ਸੇਵਾਵਾਂ ਵਿਚ ਸੁਧਾਰ, ਸਿੱਖਿਆ ਨੂੰ ਸੁਚਾਰੂ ਬਣਾਉਣਾ ਤੇ ਮੁਲਾਜ਼ਮਾਂ, ਕਿਸਾਨਾਂ, ਔਰਤਾਂ, ਆਂਗਣਵਾੜੀ ਵਰਕਰਾਂ, ਮਿਡ- ਡੇ-ਮੀਲ ਵਰਕਰਾਂ, ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ, ਪੁਰਾਣੀ ਪੈਨਸ਼ਨ ਸਕੀਮ ਤੇ ਅਨੇਕਾਂ ਮੁੱਦੇ ਹਨ, ਜਿਨ੍ਹਾਂ 'ਤੇ ਰਾਜਨੀਤਕ ਪਾਰਟੀਆਂ ਖਾਮੋਸ਼ ਹਨ | ਪੰਜਾਬ ਵਿਚ ਵੱਧ ਰਹੀ ਪਰਵਾਸੀਆਂ ਦੀ ਗਿਣਤੀ, ਥਾਂ-ਥਾਂ ਸੜਕਾਂ ਤੇ ਸਰਕਾਰੀ ਜ਼ਮੀਨਾਂ 'ਤੇ ਉਨ੍ਹਾਂ ਦੇ ਕਬਜ਼ੇ, ਲਾਅ ਐਂਡ ਆਰਡਰ ਦੀ ਸਮੱਸਿਆ, ਦਿਨ ਦੀਵੀ ਹੋ ਰਹੇ ਕਤਲ, ਫਿਰੌਤੀਆਂ ਵੱਡੀ ਸਮੱਸਿਆ ਬਣ ਹੋਏ ਹਨ | ਅਜਿਹੇ ਹਾਲਾਤ ਵਿਚ ਚੋਣਾਂ ਵਿਚ ਕੋਈ ਪਾਰਟੀ ਦੋ ਸੀਟਾਂ ਵੱਧ ਲੈ ਜਾਵੇ ਜਾਂ ਕੋਈ ਚਾਰ ਘੱਟ ਇਸ ਨਾਲ ਕੋਈ ਫਰਕ ਨਹੀਂ ਪੈਂਦਾ | ਸਰਕਾਰ ਕਿਸੇ ਨਾ ਕਿਸੇ ਦੀ ਬਣ ਹੀ ਜਾਏਗੀ | ਮਸਲਾ ਤਾਂ ਪੰਜਾਬ ਦੇ ਭਵਿੱਖ ਦਾ ਹੈ | ਪੰਜਾਬ ਇਸ ਵੇਲੇ ਡਾਵਾਂਡੋਲ ਹੈ, ਕਰਾਹ ਰਿਹਾ ਹੈ | ਕੋਈ ਪਾਰਟੀ, ਗੱਠਜੋੜ ਇਹਦੀ ਮਰਜ਼ ਨੂੰ ਜਾਨਣ ਲਈ ਸੁਹਿਰਦ ਨਹੀਂ |
ਸਿਆਸੀ ਮਾਹਿਰ ਇਸ ਨਵੇਂ ਗੱਠਜੋੜ ਨੂੰ , ਪੁਰਾਣੇ ਨੂੰ ਮੁੜ ਜ਼ਿੰਦਾ ਕਰਨ ਦੀ ਕਵਾਇਦ ਤੋਂ ਵੱਧ ਕੇ ਕੁਝ ਵੱਖਰੀ ਦਿ੍ਸ਼ਟੀ ਤੋਂ ਨਹੀਂ ਦੇਖ ਰਹੇ | ਇਹ ਕਿਸਾਨੀ ਸੰਘਰਸ਼ ਤਾਂ ਤਿੰਨ ਕਾਲੇ ਕਾਨੂੰਨਾਂ ਨੂੰ ਥੋਪਣ ਕਰਕੇ ਟੁੱਟਿਆ ਸੀ | ਵਕਤੀ ਦਬਾਅ ਕਰਕੇ ਭਾਵੇਂ ਇਸ ਵਿਚ ਥੋੜ੍ਹੀ ਦੂਰੀ ਨਜ਼ਰ ਆਉਂਦੀ ਸੀ, ਪਰ ਵਿਚੋਂ ਇਹਦੀਆਂ ਤੰਦਾਂ ਜੁੜੀਆਂ ਹੋਈਆਂ ਸਨ | ਇਕ ਧਿਰ ਨੂੰ ਆਸ ਹੈ ਕਿ ਸ਼ਾਇਦ ਇਸ ਨਾਲ ਪੰਜਾਬ ਨੂੰ ਕੋਈ ਫਾਇਦਾ ਹੋ ਜਾਵੇ | ਪਰ ਪਿਛਲੇ ਤਜਰਬੇ ਤੋਂ ਇਹ ਵੀ ਲੱਗ ਰਿਹਾ ਹੈ ਕਿ ਇਸ ਵਾਰ ਗਠਜੋੜ ਵਿਚ ਅਕਾਲੀ ਦਲ ਕਮਜ਼ੋਰ ਹੋਇਆ ਹੈ | ਭਾਜਪਾ ਨੇ ਆਪਣੀਆਂ ਸੀਟਾਂ ਦਾ ਕੇਕ ਵੱਡਾ ਕਰ ਲਿਆ ਹੈ | ਭਾਵੇਂ ਅਕਾਲੀ ਦਲ ਨੂੰ ਵੱਡੇ ਭਰਾ ਦੀ ਭੂਮਿਕਾ ਦਿੱਤੀ ਗਈ ਹੈ, ਪਰ ਇਹ ਕਿਤੇ ਨਿਤਿਸ਼ ਕੁਮਾਰ ਜਾਂ ਮਹਾਰਾਸ਼ਟਰ ਦੀ ਸ਼ਿਵ ਸੈਨਾ ਨਾਲ ਹੋਏ ਗੱਠਜੋੜ ਵਰਗਾ ਨਾ ਸਾਬਤ ਹੋਵੇ |
ਪਿਛਲੇ ਅਰਸੇ ਤੱਕ ਤਾਂ ਭਾਜਪਾ ਦਾ ਇਹੀ ਦਾਅਵਾ ਸੀ ਕਿ ਉਹ 117 ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ | ਪਰ ਅੰਦਰੂਨੀ ਵਿਚਾਰ-ਵਟਾਂਦਰੇ ਤੇ ਸਰਵੇਖਣਾਂ ਤੋਂ ਉਸ ਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਦੇਸ਼ ਦੇ ਬਾਕੀ ਸੂਬਿਆਂ ਵਾਂਗ ਪੰਜਾਬ ਵਿਚ ਅਜੇ ਉਸ ਦੀ ਸਥਿਤੀ ਇਕੱਲਿਆਂ ਲੜਨ ਜਾਂ ਸਰਕਾਰ ਬਣਾਉਣ ਵਾਲੀ ਨਹੀਂ | ਇਸ ਕਰਕੇ ਗੱਠਜੋੜ ਨੂੰ ਪਹਿਲ ਦਿੱਤੀ ਗਈ ਹੈ | ਉਧਰ ਅਕਾਲੀ ਦਲ ਵੀ ਜਿਵੇਂ ਚੋਣਾਂ ਵਿਚ ਪੱਛੜ ਕੇ ਖੱਖੜੀਆਂ-ਕਰੇਲੇ ਹੋ ਗਿਆ ਸੀ, ਉਹਦੇ ਲਈ ਇਹੋ ਜਿਹਾ ਗੱਠਜੋੜੀ ਠੁੰਮਣਾ ਜ਼ਰੂਰੀ ਸੀ | ਪਰ ਮੁੱਦਾ ਵਿਹੀਨ ਗੱਠਜੋੜ ਪੰਜਾਬ ਲਈ ਬਹੁਤਾ ਫਾਇਦੇਮੰਦ ਸਾਬਤ ਨਹੀਂ ਹੋਵੇਗਾ | ਆਉਣ ਵਾਲੇ ਦਿਨਾਂ ਵਿਚ ਪੰਜਾਬ ਲਈ ਕੋਈ ਮੁੱਦਾ ਆਧਾਰਿਤ ਐਲਾਨ ਹੁੰਦੇ ਹਨ ਤਾਂ ਕੋਈ ਆਸ ਦੀ ਕਿਰਨ ਨਜ਼ਰ ਆ ਸਕਦੀ ਹੈ | ਨਹੀਂ ਤਾਂ ਅਕਾਲੀ ਦਲ ਨੂੰ ਖੇਤਰੀ ਪਾਰਟੀ ਵਾਲੇ ਰੁਤਬੇ ਤੇ ਪੰਥ ਦੀ ਸਿਰਮੌਰ ਜਮਾਤ ਹੋਣ ਵਾਲੀ ਕਲਗੀ ਨੂੰ ਕਾਇਮ ਰੱਖਣ ਲਈ ਚਿੰਤਨ-ਮੰਥਨ ਕਰਨਾ ਪਵੇਗਾ | ਪੰਜਾਬੀਆਂ ਨੂੰ ਵੋਟਾਂ ਤੋਂ ਪਹਿਲਾਂ ਆਪਣੇ ਭਵਿੱਖ ਤੇ ਮੁੱਦਿਆਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ |
(ਸਮਾਪਤ)
-ਮੋਬਾਈਲ : 94173 58120