12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਰੰਗਮੰਚ 'ਤੇ ਮੰਡਰਾ ਰਿਹਾ ਖ਼ਤਰਾ

ਰੰਗਮੰਚ 'ਤੇ ਮੰਡਰਾ ਰਿਹਾ ਖ਼ਤਰਾ

Ad Position 21
No active advertisement
ਅਜੀਤ ਡੈਸਕ 13-08-2026

ਰੰਗਮੰਚ 'ਤੇ ਮੰਡਰਾ ਰਿਹਾ ਖ਼ਤਰਾ

ਪਿਛਲੇ ਦਿਨੀਂ ਸਫ਼ਾ ਨੰਬਰ ਤਿੰਨ 'ਤੇ ਗੁਰਵਿੰਦਰ ਸਿੰਘ ਔਲਖ ਦੀ ਪਟਿਆਲਾ ਤੋਂ ਛਪੀ ਰਿਪੋਰਟ ਰੰਗਮੰਚ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੀ ਹੋਂਦ ਨਿਖ਼ਾਰਨ ਵਾਲੇ ਆਡੀਟੋਰੀਅਮ ਦੀ ਆਪਣੀ ਹੋਂਦ ਗੁਆਚਣ ਕੰਢੇ ਭਵਿੱਖ ਵਿਚ ਪੰਜਾਬ ਦੇ ਨਵੇਂ ਆ ਰਹੇ ਕਲਾਕਾਰਾਂ ਅਤੇ ਰੰਗਮੰਚ ਪ੍ਰੇਮੀਆਂ ਲਈ ਦੁਖਦਾਇਕ ਖ਼ਬਰ ਹੈ | ਰਾਜ ਬੱਬਰ ਅਤੇ ਬਲਰਾਜ ਸਾਹਨੀ ਵਰਗੇ ਮਹਾਨ ਰੰਗਮੰਚ ਕਲਾਕਾਰਾਂ ਦੀ ਕਰਮ ਭੂਮੀ ਰਹਿਣ ਵਾਲੇ ਪਟਿਆਲਾ ਵਿਚਲੇ ਆਡੀਟੋਰੀਅਮ ਦਾ ਲਾਇਬ੍ਰੇਰੀ ਵਿਚ ਤਬਦੀਲ ਹੋਣਾ ਪੰਜਾਬੀ ਰੰਗਮੰਚ ਦੇ ਭਵਿੱਖ ਵਿਚ ਹੋਣ ਵਾਲੀ ਕਾਰਗੁਜ਼ਾਰੀ ਨੂੰ  ਵੀ ਪ੍ਰਭਾਵਿਤ ਕਰੇਗਾ | ਲਾਇਬ੍ਰੇਰੀ ਦਾ ਬਣਨਾ ਚੰਗੀ ਗੱਲ ਹੈ ਪਰੰਤੂ ਰੰਗਮੰਚ ਦੀ ਹੋਂਦ ਬਣੀ ਰਹਿਣੀ ਵੀ ਬਹੁਤ ਜ਼ਰੂਰੀ ਹੈ | ਆਡੀਟੋਰੀਅਮ ਨੂੰ  ਲਾਇਬ੍ਰੇਰੀ ਵਿਚ ਬਦਲਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ | ਰੰਗਮੰਚ ਨਾਲ ਜੁੜੇ ਤਮਾਮ ਬਾਸ਼ਿੰਦਿਆਂ ਨੂੰ  ਰੰਗਮੰਚ ਦੀ ਹੋਂਦ ਨੂੰ  ਬਚਾਉਣ ਲਈ ਯਤਨ ਕਰਨੇ ਹੋਣਗੇ |

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)

ਕਬਜ਼ੇ ਹਟਾਉਣ ਦੀ ਜ਼ਰੂਰਤ

ਅੱਜਕੱਲ੍ਹ ਸ਼ਹਿਰਾਂ ਵਿਚ ਗ਼ੈਰ ਕਾਨੂੰਨੀ ਕਬਜ਼ੇ ਇਕ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ | ਮਾੜੇ ਅਨਸਰ ਨਾ ਸਿਰਫ਼ ਜਨਤਕ ਜਾਇਦਾਦਾਂ 'ਤੇ ਕਬਜ਼ੇ ਕਰਦੇ ਹਨ, ਸਗੋਂ ਆਮ ਨਾਗਰਿਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਵੀ ਰੋੜਾ ਬਣਦੇ ਹਨ | ਪੈਦਲ ਰਸਤੇ ਜੋ ਰਾਹਗੀਰਾਂ ਲਈ ਨਿਰਧਾਰਤ ਹਨ, ਅਕਸਰ ਰੇਹੜੀਆਂ ਜਾਂ ਗੈਰ ਕਾਨੂੰਨੀ ਵਿਸਤਾਰਾਂ ਕਾਰਨ ਭਰੀਆਂ ਪਈਆਂ ਹਨ | ਜਿਸ ਕਰਕੇ ਲੋਕਾਂ ਨੂੰ  ਸੜਕਾਂ 'ਤੇ ਚੱਲਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ | ਹਾਲ ਹੀ ਵਿਚ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ, ਜੋ 40 ਸਾਲਾਂ ਤੋਂ ਗੈਰ ਕਾਨੂੰਨੀ ਤੌਰ 'ਤੇ ਕਾਇਮ ਸੀ, ਉਸ ਨੂੰ  ਪ੍ਰਸ਼ਾਸਨ ਵਲੋਂ ਹਟਾਇਆ ਗਿਆ ਅਤੇ ਲਗਭਗ 12 ਏਕੜ ਰਕਾਰੀ ਜ਼ਮੀਨ ਮੁੜ ਹਾਸਲ ਕੀਤੀ ਗਈ ਹੈ | ਇਹ ਕਾਰਵਾਈ ਪ੍ਰਸ਼ਾਸਨ ਵਲੋਂ ਕਈ ਹਫ਼ਤਿਆਂ ਦੀ ਤਿਆਰੀ ਅਤੇ ਨੋਟਿਸਾਂ ਤੋਂ ਬਾਅਦ ਕੀਤੀ ਗਈ ਜੋ ਕਾਫ਼ੀ ਕਾਰਗਰ ਸਾਬਿਤ ਹੋਈ | ਇਸ ਤਜਰਬੇ ਤੋਂ ਸਿੱਖ ਕੇ ਹੋਰ ਸ਼ਹਿਰਾਂ ਵਿਚ ਵੀ ਜਿੱਥੇ ਗੈਰਕਾਨੂੰਨੀ ਢਾਂਚੇ ਬਣੇ ਹੋਏ ਹਨ, ਉਨ੍ਹਾਂ ਨੂੰ  ਰਾਜਨੀਤਕ ਦਬਾਅ ਤੋਂ ਬਿਨਾਂ ਹਟਾਉਣਾ ਲਾਜ਼ਮੀ ਹੈ |

-ਹਰਜਸਪ੍ਰੀਤ ਕੌਰ
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |

ਆਪਣੇ ਪਰਾਏ ਦੀ ਪਰਖ

ਚੰਗੇ ਸਮੇਂ ਦੌਰਾਨ ਤਾਂ ਸਭ ਵੱਡੀਆਂ-ਵੱਡੀਆਂ ਦਲੀਲਾਂ ਦਿੰਦੇ ਹਨ ਅਤੇ ਆਪਣੇਪਣ ਦਾ ਅਹਿਸਾਸ ਦਿਵਾਉਂਦੇ ਹਨ | ਆਪਣੇ-ਪਰਾਏ ਦੀ ਪਰਖ ਤਾਂ ਔਖੇ ਵੇਲੇ ਹੀ ਹੁੰਦੀ ਹੈ ਜਦ ਸਭ ਸਾਥ ਛੱਡ ਕੇ ਹੱਥ ਖੜ੍ਹੇ ਕਰ ਜਾਂਦੇ ਹਨ ਅਤੇ ਕੇਵਲ ਇਮਾਨਦਾਰ ਅਤੇ ਵਫ਼ਾਦਾਰ ਹੀ ਨਾਲ ਰਹਿ ਕੇ ਸਾਥ ਨਿਭਾਉਂਦੇ ਹਨ | ਜਿਵੇਂ ਇਕ ਗੁਆਂਢੀ ਦੂਜੇ ਗੁਆਂਢੀ ਦੇ ਔਖੇ ਵੇਲੇ ਕੰਮ ਆਉਂਦਾ ਹੈ, ਠੀਕ ਉਸੇ ਹੀ ਤਰ੍ਹਾਂ ਮੁਸ਼ਕਿਲ ਦੀ ਘੜੀ ਦੌਰਾਨ ਗੁਆਂਢੀ ਸੂਬਿਆਂ ਨੂੰ  ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ 'ਕਰ ਭਲਾ ਸੋ ਹੋ ਭਲਾ' | ਪੰਜਾਬ ਅਜਿਹਾ ਸੂਬਾ ਹੈ, ਜੋ ਨਿਰਸੁਆਰਥ ਹਰੇਕ ਨੂੰ  ਮਦਦ ਦੇਣ ਲਈ ਤਿਆਰ ਰਹਿੰਦਾ ਹੈ | ਫਿਰ ਚਾਹੇ ਪੰਜਾਬ ਦੀ ਔਖੇ ਵੇਲੇ ਬਾਂਹ ਫੜੇ ਜਾਂ ਨਾ | ਪੰਜਾਬ 'ਚ ਰਹਿ ਰਹੇ 2 ਫ਼ੀਸਦੀ ਲੋਗ ਮਨੁੱਖਤਾ ਦੀ ਸੇਵਾ ਨੂੰ  ਹੀ ਸਰਵ ਉੱਚ ਧਰਮ ਸਮਝਦੇ ਹਨ |
ਪਿਛਲੇ ਕਈ ਦਿਨਾਂ ਤੋਂ ਪੰਜਾਬ ਆਫ਼ਤ ਦਾ ਸਾਮ੍ਹਣਾ ਕਰ ਰਿਹਾ ਹੈ | ਸੂਬੇ 'ਚ ਸਥਿਤੀ ਡਾਵਾਂਡੋਲ ਬਣੀ ਹੋਈ ਹੈ | ਇਸ ਡਾਵਾਂਡੋਲ ਸਥਿਤੀ ਦੌਰਾਨ ਸਿੱਧ ਹੋ ਗਿਆ ਕਿ ਪੰਜਾਬ ਦਾ ਸੱਚਾ ਗੁਆਂਢੀ ਮਿੱਤਰ ਕੌਣ ਹੈ? ਵੈਸੇ ਤਾਂ ਹਰਿਆਣਾ ਅਤੇ ਰਾਜਸਥਾਨ ਨਿੱਤ ਪੰਜਾਬ ਕੋਲੋਂ ਪਾਣੀ ਦੀ ਮੰਗ ਕਰਦੇ ਹਨ ਅਤੇ ਸੂਬੇ ਦੇ ਪਾਣੀ 'ਤੇ ਆਪਣਾ ਹੱਕ ਸਮਝਦੇ ਹਨ ਪਰ ਜਦ ਅੱਜ ਪੰਜਾਬ ਹੜ੍ਹਾਂ ਦੀ ਲਪੇਟ 'ਚ ਆਇਆ ਹੈ ਤਾਂ ਹਰਿਆਣਾ ਅਤੇ ਰਾਜਸਥਾਨ ਦੋਵਾਂ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਇਸ ਤੋਂ ਦੋਵੇਂ ਰਾਜਾਂ ਦਾ ਦੋਗਲਾਪਨ ਮੁਹਰੇ ਆਉਂਦਾ ਹੈ | ਇਸ ਮੁਸ਼ਕਿਲ ਦੀ ਘੜੀ ਦੌਰਾਨ ਲਹਿੰਦੇ ਪੰਜਾਬ ਨੇ ਚੜ੍ਹਦੇ ਪੰਜਾਬ ਦੀ ਬਾਂਹ ਫੜ੍ਹੀ ਹੈ |
ਪਾਕਿਸਤਾਨ ਨੇ ਪੰਜਾਬ ਦੀ ਮਦਦ ਕਰ ਮਨੁੱਖਤਾ ਦੀ ਮਦਦ ਦਾ ਸੱਚਾ ਧਰਮ ਅਦਾ ਕੀਤਾ ਹੈ | ਪੰਜਾਬ 'ਚ ਹੜ੍ਹਾਂ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ | ਪਾਕਿਸਤਾਨ ਵਲੋਂ ਫਲੱਡ ਗੇਟ ਖੋਲ੍ਹਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਸੀ | ਸੋ, ਗੁਆਂਢੀ ਮੁਲਕ ਪਾਕਿਸਤਾਨ ਨੇ ਪੰਜਾਬ ਦੀ ਸਕੇ ਭਰਾਵਾਂ ਵਾਂਗ ਬਾਂਹ ਫੜ ਕੇ ਉਸ ਦੀ ਮੁਸ਼ਕਿਲ ਵਕਤ ਦੌਰਾਨ ਮਦਦ ਕੀਤੀ | ਅਸੀਂ ਅਤਿ ਧੰਨਵਾਦੀ ਹਾਂ ਲਹਿੰਦੇ ਪੰਜਾਬ ਦੇ ਜਿਸ ਨੇ ਚੜ੍ਹਦੇ ਪੰਜਾਬ ਲਈ ਖੁੱਲ੍ਹਾ ਦਿਲ ਦਿਖਾਇਆ |

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ |

Ad Position 22
No active advertisement
ਪਿਛਲੀ ਖ਼ਬਰ 500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਦੁਸ਼ਮਣ ਦੀਆਂ ਕਮਜ਼ੋਰੀਆਂ ਨੂੰ ਸਮਝਣ ਲਈ ਉਨ੍ਹਾਂ ਹੱਥਕੰਡਿਆਂ ਦਾ ਅਧਿਐਨ ਜ਼ਰੂਰੀ ਹੈ, ਜਿਨ੍ਹਾਂ ਤੋਂ ਉਹ ਡਰਾ ਰਿਹਾ ਹੈ |...
Ad Position 24