26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

28-08-2026

28-08-2026

Ad Position 21
No active advertisement
ਅਜੀਤ ਡੈਸਕ 26-08-2026

ਡੀ.ਏ. ਜਾਂ ਮਾਂ-ਧੀ ਯੋਜਨਾ ਸਹੀ?

 
ਪਿਛਲੇ ਮਹੀਨੇ ਜਦੋਂ ਪੰਜਾਬ ਸਰਕਾਰ ਨੇ ਘਰੇਲੂ ਔਰਤਾਂ ਲਈ 1000 ਅਤੇ 1500 ਰੁਪਏ ਮਹੀਨਾ ਵਾਲੀ ਸਕੀਮ ਸ਼ੁਰੂ ਕੀਤੀ ਸੀ, ਤਾਂ ਬਹੁਤ ਸਾਰੇ ਬੁੱਧੀਜੀਵੀ ਅਤੇ ਕੁਝ ਕੁ ਪੱਤਰਕਾਰ ਇਹ ਖ਼ਬਰ ਬਣਾ ਰਹੇ ਸਨ ਕਿ ਭਗਵੰਤ ਮਾਨ
ਪੰਜਾਬ ਸਿਰ ਕਰਜ਼ਾ ਚੜ੍ਹਾ ਰਿਹਾ ਹੈ, ਕਰਜ਼ੇ 'ਤੇ ਪੈਸਾ ਲੈ ਕੇ ਔਰਤਾਂ ਨੂੰ  ਦੇ ਰਿਹਾ ਹੈ | ਹਾਲਾਂਕਿ ਲੋੜਵੰਦ ਔਰਤਾਂ ਨੂੰ  ਹੀ ਉਹ ਰੁਪਏ ਦਿੱਤੇ ਗਏ ਸਨ, ਕਿਉਂਕਿ ਜਿਨ੍ਹਾਂ ਕੋਲ ਕੋਈ ਸਰਕਾਰੀ ਸਹਾਇਤਾ ਆਉਂਦੀ ਸੀ ਉਨ੍ਹਾਂ ਨੂੰ  ਉਹ ਰੁਪਏ ਨਹੀਂ ਦਿੱਤੇ ਗਏ ਸਨ | ਉਸ ਸਮੇਂ ਬਹੁਤੇ ਲੋਕਾਂ ਵਲੋਂ ਹਾਈ ਕੋਰਟ ਵਿਚ ਕੇਸ ਵੀ ਕੀਤੇ ਗਏ ਸਨ ਕਿ ਇਹ ਜੋ ਪੈਸਾ ਔਰਤਾਂ ਨੂੰ  ਦਿੱਤਾ ਜਾ ਰਿਹਾ ਹੈ ਉਹ ਪੰਜਾਬ ਨੂੰ  ਕਰਜ਼ਈ ਬਣਾ ਦੇਵੇਗਾ | ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੋ ਸਰਕਾਰੀ ਮੁਲਾਜ਼ਮ ਲੱਗੇ ਹਨ, ਉਹ ਆਪਣੇ ਡੀ.ਏ. ਲਈ ਸੰਘਰਸ਼ ਕਰ ਰਹੇ ਹਨ, ਜੋ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਹੈ | ਜੇ ਇਹ ਗੱਲ 'ਤੇ ਗੌਰ ਕੀਤੀ ਜਾਵੇ ਕਿ ਜੇਕਰ ਪਿਛਲੇ ਕਈ ਸਾਲਾਂ ਤੋਂ ਰੁਕਿਆ ਡੀ.ਏ. ਜੋ ਲੱਖਾਂ ਕਰੋੜਾਂ ਰੁਪਿਆਂ ਵਿਚ ਬਣਦਾ ਹੈ, ਜੇਕਰ ਹੁਣ ਪੰਜਾਬ ਸਰਕਾਰ ਉਹ ਡੀ.ਏ. ਦੇਵੇਗੀ ਕੀ ਹੁਣ ਪੰਜਾਬ 'ਤੇ ਕਰਜ਼ਾ ਨਹੀਂ ਚੜ੍ਹੇਗਾ? ਜੇਕਰ ਉਹ ਔਰਤਾਂ ਨੂੰ  1000-1500 ਦੇਣ ਨਾਲ ਕਰਜ਼ਾ ਚੜ੍ਹਦਾ ਸੀ, ਹਾਲਾਂਕਿ ਉਨ੍ਹਾਂ ਨੂੰ  ਉਹ ਪੈਸਿਆਂ ਦੀ ਜ਼ਰੂਰਤ ਵੀ ਸੀ | ਪਰ ਜੋ ਸਰਕਾਰੀ ਅਫ਼ਸਰ ਲੱਗੇ ਹੋਏ ਹਨ, ਜਿਨ੍ਹਾਂ ਦੀ ਤਨਖਾਹ ਪ੍ਰਵੇਸ਼ਨ ਟਾਈਮ ਤੋਂ ਬਾਅਦ 35-40 ਹਜ਼ਾਰ ਤੋਂ ਲੈ ਕੇ 1.5-2 ਲੱਖ ਤੱਕ ਹੁੰਦੀ ਹੈ, ਕੀ ਉਨ੍ਹਾਂ ਨੂੰ  ਅਲੱਗ ਤੋਂ ਡੀ.ਏ. ਦੀ ਜ਼ਰੂਰਤ ਹੈ? ਜਿਨ੍ਹਾਂ ਨੂੰ  ਸਰਕਾਰ ਵਲੋਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਪੈਸਾ ਮਿਲਦਾ ਹੈ | ਜੇਕਰ ਉਨ੍ਹਾਂ ਦਾ ਡੀ.ਏ. ਹਰ ਮਹੀਨੇ ਜਾਂ ਛੇ ਮਹੀਨੇ ਬਾਅਦ ਵੀ ਦਿੱਤਾ ਜਾਵੇ ਤਾਂ ਕੀ ਉਸ ਨਾਲ ਹੀ ਉਨ੍ਹਾਂ ਦਾ ਘਰ ਚੱਲੇਗਾ? ਜੇਕਰ ਉਨ੍ਹਾਂ ਅਫ਼ਸਰਾਂ ਦਾ 60-70 ਹਜ਼ਾਰ ਜਾਂ ਲੱਖ-ਦੋ ਲੱਖ ਮਹੀਨਾ ਤਨਖਾਹ ਨਾਲ ਘਰ ਨਹੀਂ ਚੱਲਦਾ, ਤਾਂ ਉਹ ਡੀ.ਏ. ਨਾਲ ਵੀ ਘਰ ਨਹੀਂ ਚੱਲੇਗਾ | ਇਹ ਬਹੁਤ ਡੂੰਘੀ ਅਤੇ ਸੋਚਣ ਵਾਲੀ ਗੱਲ ਹੈ ਕਿ ਜੇਕਰ ਬੁੱਧੀਜੀਵੀ ਅਤੇ ਕੁਝ ਕੁ ਪੱਤਰਕਾਰ ਉਸ ਵਕਤ ਰੌਲਾ ਪਾ ਰਹੇ ਸਨ, ਜਦੋਂ ਭਗਵੰਤ ਮਾਨ ਔਰਤਾਂ ਨੂੰ  1000 ਅਤੇ 1500 ਮਹੀਨਾ ਦੇਣ ਦੀ ਗੱਲ ਕਰ ਰਿਹਾ ਸੀ, ਤਾਂ ਕੀ ਹੁਣ ਉਹ ਬੁੱਧੀਜੀਵੀ ਅਤੇ ਪੱਤਰਕਾਰ ਸੁੱਤੇ ਪਏ ਹਨ? 

-ਜਿੰਦਰ ਮਾਵੀ,
ਕੋਟ ਸ਼ਮੀਰ


ਵਿਦਿਆਰਥੀ ਜੀਵਨ ਦੀਆਂ ਚੁਣੌਤੀਆਂ 


ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਮਹੱਤਵਪੂਰਨ ਦੌਰ ਹੁੰਦਾ ਹੈ, ਪਰ ਅੱਜ ਵਿਦਿਆਰਥੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਸਿੱਖਿਆ ਦੇ ਵਪਾਰੀਕਰਨ ਅਤੇ ਅੰਕਾਂ ਦੀ ਅੰਨੀ ਦੌੜ ਕਾਰਨ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਸੋਚਣ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ | ਮੋਬਾਈਲ ਅਤੇ ਸੋਸ਼ਲ ਮੀਡੀਆ ਦਾ ਵਧ ਰਿਹਾ ਪ੍ਰਭਾਵ ਵੀ ਉਨ੍ਹਾਂ ਦਾ ਧਿਆਨ ਪੜ੍ਹਾਈ ਤੋਂ ਭਟਕਾ ਰਿਹਾ ਹੈ | ਰੁਜ਼ਗਾਰ ਦੇ ਘੱਟ ਮੌਕਿਆਂ ਕਾਰਨ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹੋ ਰਹੇ ਹਨ | ਇਸ ਤੋਂ ਇਲਾਵਾ ਮਾਪਿਆਂ ਦੀਆਂ ਉਮੀਦਾਂ ਅਤੇ ਆਰਥਿਕ ਚਿੰਤਾਵਾਂ ਵੀ ਵਿਦਿਆਰਥੀਆਂ 'ਤੇ ਦਬਾਅ ਵਧਾ ਰਹੀਆਂ ਹਨ | ਇਸ ਲਈ ਸਿੱਖਿਆ ਪ੍ਰਣਾਲੀ ਨੂੰ  ਵਿਦਿਆਰਥੀਆਂ ਨੂੰ  ਸਿਰਫ਼ ਡਿਗਰੀਆਂ ਨਹੀਂ, ਸਗੋਂ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ |

- ਜਸਲੀਨ ਕੌਰ,
ਰਾਜਪੁਰਾ


ਸੜਕ ਨਿਰਮਾਣ ਦੀ ਹੌਲੀ ਰਫ਼ਤਾਰ


ਪੰਜਾਬ ਵਿਚ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਮੌਨਸੂਨ ਦੇ ਮੌਸਮ ਦੌਰਾਨ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ | ਲਗਾਤਾਰ ਮੀਂਹ ਕਾਰਨ ਸੜਕ ਨਿਰਮਾਣ ਵਿਚ ਦੇਰੀ ਹੋ ਰਹੀ ਹੈ | ਕਈ ਥਾਵਾਂ 'ਤੇ ਅਧੂਰੀਆਂ ਸੜਕਾਂ ਅਤੇ ਪਈ ਹੋਈ ਪੱਥਰ-ਬਜਰੀ ਕਾਰਨ ਸਥਾਨਕ ਲੋਕਾਂ ਨੂੰ  ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਲਈ ਇਹ ਸਥਿਤੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਸੜਕ ਨਿਰਮਾਣ ਸਿਰਫ਼ ਸੜਕ ਬਣਾਉਣ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਲੋਕਾਂ ਦੀ ਸਹੂਲਤ ਅਤੇ ਸੁਰੱਖਿਅਤ ਆਵਾਜਾਈ ਨੂੰ  ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ | ਜੇਕਰ ਕਿਸੇ ਕਾਰਨ ਕੰਮ ਦੀ ਰਫ਼ਤਾਰ ਹੌਲੀ ਹੋਵੇ ਤਾਂ ਅਧੂਰੀ ਸੜਕ ਨੂੰ  ਲੋਕਾਂ ਲਈ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਬਣਾਇਆ ਜਾਣਾ ਚਾਹੀਦਾ ਹੈ | ਸੰਬੰਧਿਤ ਵਿਭਾਗਾਂ ਨੂੰ  ਚਾਹੀਦਾ ਹੈ ਕਿ ਪੇਂਡੂ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਮੌਸਮ ਅਨੁਕੂਲ ਹੋਣ 'ਤੇ ਕੰਮ ਨੂੰ  ਤੇਜ਼ੀ ਨਾਲ ਪੂਰਾ ਕੀਤਾ ਜਾਵੇ | ਚੰਗੀਆਂ ਅਤੇ ਸਮੇਂ ਸਿਰ ਬਣੀਆਂ ਸੜਕਾਂ ਪੇਂਡੂ ਵਿਕਾਸ ਦੀ ਬੁਨਿਆਦੀ ਲੋੜ ਹਨ | ਇਸ ਲਈ ਇਨ੍ਹਾਂ ਵੱਲ ਲਗਾਤਾਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ |

- ਪ੍ਰਭਜੋਤ ਕੌਰ, ਧੂੰਦਾ


ਵਾਤਾਵਰਨ ਦੀ ਸੁਰੱਖਿਆ


ਵਾਤਾਵਰਨ ਪ੍ਰਦੂਸ਼ਣ ਦੇਸ਼ ਦਾ ਹੀ ਨਹੀਂ, ਬਲਕਿ ਸੰਸਾਰਕ ਸੰਕਟ ਹੈ | ਧਰਤੀ, ਹਵਾ, ਪਾਣੀ ਸਾਡੇ ਜੀਵਨ ਨੂੰ  ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ  ਹੀ ਅਸੀਂ ਆਪਣੀ ਜੀਵਨ ਸ਼ੈਲੀ ਦੇ ਨਾਲ ਖ਼ਤਮ ਕਰ ਰਹੇ ਹਾਂ | ਉਸ ਨੂੰ  ਅਸੀਂ ਜ਼ਹਿਰੀਲਾ ਵੀ ਬਣਾ ਰਹੇ ਹਾਂ | ਅਸੀਂ ਬਹੁਤ ਤੇਜ਼ ਰਫਤਾਰ ਨਾਲ ਖ਼ਾਤਮੇ ਵੱਲ ਜਾ ਰਹੇ ਹਾਂ | ਇਸ ਮੁਸ਼ਕਲ ਸਮੱਸਿਆ ਦੇ ਹੱਲ ਲਈ ਜੀ-ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਸੰਸਾਰਕ ਪੱਧਰ 'ਤੇ ਸੰਮੇਲਨ ਅਤੇ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ | ਵੱਡੀਆਂ ਯੋਜਨਾਵਾਂ ਬਣਦੀਆਂ ਹਨ ਪਰ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ | ਮਨੁੱਖ ਦੀ ਸਿਹਤ ਖ਼ਤਰੇ ਵਿਚ ਪੈ ਗਈ ਹੈ | ਸਾਡੇ ਭੰਡਾਰ ਮੁੱਕ ਰਹੇ ਹਨ | ਇਸ ਦੇ ਮੁਕੰਮਲ ਪ੍ਰਬੰਧ ਤਾਂ ਜਦੋਂ ਹੋਣਗੇ ਪਰ ਸਾਨੂੰ ਪਰਿਵਾਰਕ ਪੱਧਰ ਤੋਂ ਇਸ ਪਾਸੇ ਸੋਚ ਕੇ ਕੁਝ ਕਰਨਾ ਚਾਹੀਦਾ ਹੈ, ਜਿਥੋਂ ਤੱਕ ਸੰਭਵ ਹੋਵੇ ਸਕੂਟਰ ਜਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ | ਰਸਾਇਣਕ ਖਾਦਾਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ | ਜੀਵ ਜੰਤੂ ਮਾਰਨ ਲਈ ਰਸਾਇਣਾਂ ਦੀ ਵਰਤੋਂ ਨਾ ਕਰੋ  | ਪਾਣੀ ਨੂੰ  ਸਾਫ ਕਰਨ ਲਈ ਰਸਾਇਣਾਂ ਦੀ ਥਾਂ ਕੁਦਰਤੀ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਭੋਜਨ ਸਮੱਗਰੀ ਵਿਚ ਰਸਾਇਣਿਕ ਖਾਦ ਦੀ ਥਾਂ ਕੁਦਰਤੀ ਵਸਤੂਆਂ ਦੀ ਵਰਤੋਂ ਕਰੋ | ਸਫ਼ਾਈ ਦੇ ਲਈ ਡਿਟਰਜੈਂਟ ਦੀ ਥਾਂ ਸਾਬਣ ਦੀ ਵਰਤੋਂ ਕਰੋ | ਪਲਾਸਟਿਕ ਪੋਲੀਥੀਨ ਦੀ ਵਰਤੋਂ ਬੰਦ ਕਰ ਦਿਓ | ਘਰ ਵਿਚ ਪਰਦੇ, ਮੇਜ਼ਪੋਸ, ਸੂਤੀ ਕੱਪੜੇ ਦੇ ਵਿਛਾਉਣੇ ਚਾਹੀਦੇ ਹਨ | ਘਰ ਵਿਚ ਪਲਾਸਟਿਕ ਦੇ ਫੁੱਲ ਅਤੇ ਗੁਲਦਸਤੇ ਨਾ ਰੱਖੋ | ਫਰਿਜ ਆਦਿ ਵਾਤਾਵਰਨ ਦੇ ਵਿਰੁੱਧ ਸਹੂਲਤਾਂ ਦੀ ਵਰਤੋਂ ਘੱਟ ਕਰੋ | ਇਹ ਬਹੁਤ ਛੋਟੀਆਂ ਗੱਲਾਂ ਹਨ, ਹਰ ਕੋਈ ਇਨ੍ਹਾਂ ਦਾ ਪਾਲਣ ਕਰ ਸਕਦਾ ਹੈ |
ਪੱਕੇ ਇਰਾਦੇ ਨਾਲ ਜੇ ਕਰੋੜਾਂ ਲੋਕ ਪਾਲਣਾ ਕਰਨ ਲੱਗਣ ਤਾਂ ਪ੍ਰਦੂਸ਼ਣ ਦੀ ਸਮੱਸਿਆ ਤੋਂ ਇਸ ਦਾ ਬਹੁਤ ਅਸਰ ਪਵੇਗਾ | ਨਾਲੇ ਇਹੋ ਜਿਹੀਆਂ ਪੱਕੀਆਂ ਆਦਤਾਂ ਬਦਲਣਗੀਆਂ | ਜਿਸ ਨਾਲ ਸਾਨੂੰ ਚੰਗਾ ਵਾਤਾਵਰਨ ਪੈਦਾ ਕਰਨ ਵਾਲੀਆਂ ਸਾਰੀਆਂ ਵਿਵਸਥਾਵਾਂ ਬਦਲਣ ਦੀ ਸ਼ਕਤੀ ਮਿਲੇਗੀ |

-ਨਰਿੰਦਰ ਭੱਪਰ ਝਬੇਲਵਾਲੀ |
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |
Ad Position 22
No active advertisement
ਪਿਛਲੀ ਖ਼ਬਰ ਕੁਲਦੀਪ ਸ਼ਰਮਾ ਤੇ ਹੁੱਡਾ ਸਮਰਥਕਾਂ 'ਚ ਤੇਜ਼ ਹੋਈ ਜ਼ੁਬਾਨੀ ਜੰਗ ਅਗਲੀ ਖ਼ਬਰ Punjab’s Political Direction Concerning : ਪੰਜਾਬ ਦੀ ਦਸ਼ਾ ਦੇ ਅਨੁਕੂਲ ਨਹੀਂ ਹੈ ਪੰਜਾਬ ਦੀ ਸਿਆਸੀ ਦਿਸ਼ਾ
Ad Position 24