29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮੁੜ ਦੋਸਤਾਨਾ ਸੰਬੰਧ

ਮੁੜ ਦੋਸਤਾਨਾ ਸੰਬੰਧ

Ad Position 21
No active advertisement
ਅਜੀਤ ਡੈਸਕ 30-09-2026

ਭਾਰਤ ਦੇ ਆਪਣੇ ਕੁੱਝ ਗੁਆਂਢੀਆਂ ਤੋਂ ਇਲਾਵਾ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਨਾਲ ਸੰਬੰਧ ਬਿਹਤਰ ਬਣੇ ਰਹੇ ਹਨ | ਚਾਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਵਿਚ ਟੈਰਿਫ ਦੇ ਮਸਲੇ 'ਤੇ ਅਤੇ ਕੌਮਾਂਤਰੀ ਵਪਾਰਕ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਕ ਤਰ੍ਹਾਂ ਦਾ ਬਵਾਲ ਪੈਦਾ ਕਰਕੇ ਰੱਖ ਦਿੱਤਾ ਹੈ, ਜਿਸ ਦੀ ਜ਼ਦ ਵਿਚ ਬਹੁਤੇ ਦੇਸ਼ ਆ ਗਏ ਹਨ | ਈਰਾਨ ਨਾਲ ਸਿੱਧੇ ਟਕਰਾਅ ਦਾ ਅਸਰ ਵੀ ਭਾਰਤ ਸਮੇਤ ਦੁਨੀਆ ਦੇ ਬਹੁਤੇ ਦੇਸ਼ਾਂ 'ਤੇ ਦੇਖਿਆ ਜਾ ਸਕਦਾ ਹੈ | ਆਪਣੀਆਂ ਨੀਤੀਆਂ ਨਾਲ ਟਰੰਪ ਨੇ ਆਪਣੇ ਅਮਰੀਕਾ ਦੇ ਬਹੁਤੇ ਮਿੱਤਰ ਦੇਸ਼ਾਂ ਨੂੰ  ਵੀ ਉਸ ਤੋਂ ਦੂਰੀ ਬਣਾਈ ਰੱਖਣ ਲਈ ਮਜਬੂਰ ਕਰ ਦਿੱਤਾ ਹੈ | ਉਸ ਨੇ ਬਿਨਾਂ ਕਿਸੇ ਕਾਰਨ ਵੈਨੇਜ਼ੁਏਲਾ 'ਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨੂੰ  ਗਿ੍ਫ਼ਤਾਰ ਕਰ ਲਿਆ ਹੈ | ਯੂਰਪ ਦੇ ਦੇਸ਼ਾਂ ਨੂੰ  ਵੀ ਉਸ ਨੇ ਆਪਣੀਆਂ ਅਸਾਵੀਆਂ ਨੀਤੀਆਂ ਕਰਕੇ ਨਾਰਾਜ਼ ਕਰ ਲਿਆ ਹੈ | ਗ੍ਰੀਨਲੈਂਡ ਨੂੰ  ਹਥਿਆਉਣ ਦਾ ਲਾਲਚ ਦਿਖਾਉਣ ਕਰਕੇ ਯੂਰਪੀਅਨ ਯੂਨੀਅਨ ਦੇ ਦੇਸ਼ ਵੀ ਇਕ ਤਰ੍ਹਾਂ ਨਾਲ ਉਸ ਦੇ ਖ਼ਿਲਾਫ਼ ਖੜ੍ਹੇ ਹੋ ਗਏ ਹਨ |

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੈਂਕੜੇ ਵਰਿ੍ਹਆਂ ਦੇ ਗੁਆਂਢੀ ਮਿੱਤਰ ਦੇਸ਼ ਕੈਨੇਡਾ ਨਾਲ ਵੀ ਉਸਦੇ ਸੰਬੰਧ ਬੁਰੀ ਤਰ੍ਹਾਂ ਵਿਗੜ ਚੁੱਕੇ ਹਨ | ਟਰੰਪ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਉਹ ਕੈਨੇਡਾ ਨੂੰ  ਆਪਣਾ ਇਕ ਸੂਬਾ ਬਣਾਉਣ ਦੀ ਇੱਛਾ ਰੱਖਦਾ ਹੈ | ਦੂਜੇ ਪਾਸੇ ਭਾਰਤ ਅਤੇ ਕੈਨੇਡਾ ਆਪਸੀ ਸੰਬੰਧ ਸੁਧਾਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਹਨ | ਭਾਰਤ ਦੇ ਕੈਨੇਡਾ ਨਾਲ ਸੰਬੰਧ ਬੇਹੱਦ ਪੁਰਾਣੇ ਹਨ | ਬਸਤੀਵਾਦ ਦੇ ਸਮੇਂ ਕੈਨੇਡਾ ਬਰਤਾਨੀਆ ਦੀ ਅਧੀਨਗੀ ਵਿਚ ਸੀ | ਇਸ ਲਈ ਉਸ ਸਮੇਂ ਵੀ ਭਾਰਤੀ ਮੂਲ ਦੇ ਲੋਕ ਉੱਥੇ ਬਹੁਤੀ ਰੁਕਾਵਟ ਤੋਂ ਬਗ਼ੈਰ ਜਾ ਸਕਦੇ ਸਨ | ਅੱਜ ਤਾਂ ਭਾਰਤੀ, ਖ਼ਾਸ ਕਰਕੇ ਪੰਜਾਬੀ ਪਰਿਵਾਰ ਵੱਡੀ ਗਿਣਤੀ ਵਿਚ ਕੈਨੇਡਾ ਵਿਚ ਵਸੇ ਹੋਏ ਹਨ ਅਤੇ ਉਥੋਂ ਦੇ ਨਾਗਰਿਕ ਬਣੇ ਹੋਏ ਹਨ | ਕੈਨੇਡਾ ਨੇ ਵੀ ਭਾਰਤੀਆਂ ਲਈ ਅਕਸਰ ਆਪਣੇ ਦਰ ਖੋਲ੍ਹੀ ਰੱਖੇ ਹਨ | ਦੋਹਾਂ ਦੇਸ਼ਾਂ ਦਾ ਵਪਾਰ ਵੀ ਛੜੱਪੇ ਮਾਰਦਾ ਅੱਗੇ ਵਧਦਾ ਰਿਹਾ ਹੈ, ਪਰ ਦੋਹਾਂ ਦੇਸ਼ਾਂ ਦੇ ਸੰਬੰਧ ਸਾਲ 2023 ਵਿਚ ਉਸ ਸਮੇਂ ਵਿਗੜੇ ਜਦੋਂ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਜੋ, ਕਿ ਕੈਨੇਡੀਅਨ ਸ਼ਹਿਰੀ ਬਣ ਚੁੱਕਾ ਸੀ, ਨੂੰ  ਕੁਝ ਲੋਕਾਂ ਵਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ | ਉਸ ਸਮੇਂ ਜਸਟਿਨ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਸੀ | ਨਿੱਝਰ ਦੇ ਕਤਲ ਨੂੰ  ਜਸਟਿਨ ਟਰੂਡੋ ਦੀ ਸਰਕਾਰ ਵਲੋਂ ਭਾਰਤੀ ਖ਼ੁਫੀਆ ਏਜੰਸੀਆਂ ਨਾਲ ਜੋੜਿਆ ਗਿਆ ਸੀ | ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੰਬੰਧ ਇਥੋਂ ਤੱਕ ਵਿਗੜ ਗਏ ਕਿ ਉਨ੍ਹਾਂ ਨੇ ਆਪਣੇ ਸਫ਼ਾਰਤਖਾਨਿਆਂ ਵਿਚ ਵੀ ਇਕ ਤਰ੍ਹਾਂ ਨਾਲ ਸਟਾਫ਼ 'ਚ ਕਾਫੀ ਕਟੌਤੀ ਕਰ ਦਿੱਤੀ ਸੀ ਅਤੇ ਵਪਾਰ ਦੇ ਨਾਲ-ਨਾਲ ਹਰ ਤਰ੍ਹਾਂ ਦਾ ਆਪਸੀ ਮੇਲਜੋਲ ਵੀ ਬੇਹੱਦ ਘਟਾ ਲਿਆ ਸੀ | ਟਰੂਡੋ ਤੋਂ ਬਾਅਦ ਮਾਰਚ, 2025 ਵਿਚ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਿਆ, ਜਿਸ ਨੇ ਵੱਡੇ ਕਦਮ ਉਠਾ ਕੇ ਭਾਰਤ ਨਾਲ ਮੁੜ ਚੰਗੇ ਸੰਬੰਧ ਬਣਾਉਣ ਨੂੰ  ਪਹਿਲ ਦਿੱਤੀ | ਇਸੇ ਸਾਲ ਮਾਰਚ ਦੇ ਮਹੀਨੇ ਵਿਚ ਦੋਹਾਂ ਦੇਸ਼ਾਂ ਦਾ ਆਪਸੀ ਸਹਿਯੋਗ ਅਤੇ ਮਿਲਵਰਤਣ ਵਧਦਾ ਨਜ਼ਰ ਆਇਆ | ਇਸ ਵਿਚ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਵੀ ਵੱਡਾ ਯੋਗਦਾਨ ਰਿਹਾ |
ਪਿਛਲੇ ਦਿਨੀਂ ਸੁੰਯਕਤ ਰਾਸ਼ਟਰ ਦੇ ਚੱਲ ਰਹੇ ਸੰਮੇਲਨ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅਨੀਤਾ ਆਨੰਦ ਦੀ ਮੁਲਾਕਾਤ ਹੋਈ, ਜਿਸ ਵਿਚ ਵਪਾਰਕ, ਆਰਥਿਕ, ਸੁਰੱਖਿਆ ਅਤੇ ਲੋਕਾਂ ਦੇ ਪੱਧਰ 'ਤੇ ਮੁੜ ਸਹਿਯੋਗ ਨੂੰ  ਪਹਿਲੀ ਪੱਧਰ 'ਤੇ ਲਿਆਉਣ ਦੀ ਯੋਜਨਾ ਬਣਾਈ ਗਈ | ਇਥੋਂ ਤੱਕ ਕਿ ਸਾਲ 2030 ਤੱਕ ਆਪਸੀ ਵਪਾਰ ਨੂੰ  ਵੀ ਦੁੱਗਣਾ ਕਰਨ ਦਾ ਤਹੱਈਆ ਕੀਤਾ ਗਿਆ | ਚਾਹੇ ਅਮਰੀਕੀ ਪ੍ਰਸ਼ਾਸਨ ਨੇ ਦੋਹਾਂ ਦੇਸ਼ਾਂ ਦੇ ਸਹਿਯੋਗ ਸੰਬੰਧੀ ਉਂਗਲਾਂ ਜ਼ਰੂਰ ਉਠਾਈਆਂ ਹਨ, ਪਰ ਭਾਰਤ ਨੇ ਕੌਮਾਂਤਰੀ ਮੰਚ 'ਤੇ ਅਮਰੀਕਾ ਦੇ ਵਿਰੋਧ ਵਿਚ ਖੜ੍ਹੇ ਅਤੇ ਦੁਸ਼ਮਣ ਦੇਸ਼ਾਂ ਨਾਲ ਵੀ ਤੈਅਸ਼ੁਦਾ ਨੀਤੀ ਅਧੀਨ ਆਪਣੇ ਸੰਬੰਧਾਂ ਨੂੰ  ਹੋਰ ਵਧਾਉਣ ਨੂੰ  ਤਰਜੀਹ ਦਿੱਤੀ ਹੈ | ਕੈਨੇਡਾ ਨਾਲ ਮੁੜ ਬਣ ਰਹੇ ਦੋਸਤਾਨਾ ਸੰਬੰਧਾਂ ਨੂੰ  ਭਾਰਤ ਦੀ ਕੌਮਾਂਤਰੀ ਨੀਤੀ ਦੀ ਇਕ ਹੋਰ ਵੱਡੀ ਸਫ਼ਲਤਾ ਮੰਨਿਆ ਜਾ ਸਕਦਾ ਹੈ, ਜਿਸ ਦਾ ਅਸਰ ਖ਼ਾਸ ਤੌਰ 'ਤੇ ਪੰਜਾਬ ਵਿਚ ਵੀ ਵੇਖਿਆ ਅਤੇ ਮਹਿਸੂਸ ਕੀਤਾ ਜਾਵੇਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ 30-09-2026 ਅਗਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ | ¸ਜੌਨ ਐਵਲਿਨ
Ad Position 24