15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬੁੱਢਾ ਹੋ ਰਿਹਾ ਅਮਾਨਤ ਗਿੱਲ ਲਾਹੌਰ

ਬੁੱਢਾ ਹੋ ਰਿਹਾ ਅਮਾਨਤ ਗਿੱਲ ਲਾਹੌਰ

Ad Position 21
No active advertisement
ਅਜੀਤ ਡੈਸਕ 17-08-2026

ਸੀਮਾ ਪਾਰ ਦੇ ਲਾਹੌਰ ਵਿਚ ਮੇਰਾ ਇਕ ਧਰਮ ਪੁੱਤ ਰਹਿੰਦਾ ਹੈ, ਅਮਾਨਤ ਗਿੱਲ ਮੁਸਾਫ਼ਰ | ਉਹ ਮੈਨੂੰ ਬਾਪੂ ਜੀ ਕਹਿੰਦਾ ਹੈ | ਕਿਸੇ ਨਾ ਕਿਸੇ ਵਿੱਧ ਆਪਣੀ ਖ਼ਬਰ ਸਾਰ ਮੈਨੂੰ ਪਹੁੰਚਦੀ ਕਰਕੇ ਮੇਰਾ ਹਾਲ ਪੁੱਛਦਾ ਰਹਿੰਦਾ ਹੈ | ਮੈਂ 92 ਸਾਲ ਦਾ ਹਾਂ ਪਰ ਉਸ ਦੀ ਨਵੀਂ ਲਿਖਤ ਤੋਂ ਜਾਪਦਾ ਹੈ ਕਿ ਮੇਰੇ ਨਾਲੋਂ ਉਹ ਵੱਧ ਬੁੱਢਾ ਹੋਣ ਦੀ ਦੌੜ ਵਿਚ ਹੈ | ਪੇਸ਼ ਹਨ ਕੁਝ ਅੰਸ਼:-
'ਇਨਸਾਨ ਦੀ ਜ਼ਿੰਦਗੀ ਦਾ ਹਰ ਦੌਰ ਆਪਣੀ ਅਹਿਮੀਅਤ ਰੱਖਦਾ ਹੈ, ਪਰ ਬੁਢਾਪਾ ਉਹ ਮਰਹਲਾ ਹੈ, ਜਿੱਥੇ ਦੌਲਤ ਤੋਂ ਵੱਧ ਮੁਹੱਬਤ, ਤਾਕਤ ਤੋਂ ਵੱਧ ਸਹਾਰਾ ਅਤੇ ਸ਼ੁਹਰਤ ਤੋਂ ਵੱਧ ਆਪਣੇਪਨ ਦੀ ਲੋੜ ਹੁੰਦੀ ਹੈ | ਇਸ ਉਮਰ ਵਿਚ ਜੇ ਆਪਣੇ ਹੀ ਬੇਗ਼ਾਨੇ ਹੋ ਜਾਣ, ਇੱਜ਼ਤ ਦੀ ਥਾਂ ਬੇਰੁਖ਼ੀ ਮਿਲੇ ਅਤੇ ਤਵੱਜੋ ਦੀ ਥਾਂ ਤਨਹਾਈ ਨਸੀਬ ਹੋਵੇ ਤਾਂ ਜ਼ਿੰਦਗੀ ਦੋਜ਼ਖ਼ ਦਾ ਰੂਪ ਧਾਰ ਲੈਂਦੀ ਹੈ |' 
'ਹਰ ਇਨਸਾਨ ਆਪਣੀ ਜਵਾਨੀ ਦੇ ਸੁਨਹਿਰੀ ਸਾਲ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਮਰਪਿਤ ਕਰਦਾ ਹੈ | ਉਹ ਆਪਣੀਆਂ ਖ਼ਾਹਿਸ਼ਾਂ ਨੂੰ  ਕੁਰਬਾਨ ਕਰਦਾ, ਰਾਤਾਂ ਜਾਗਦਾ, ਮੁਸ਼ਕਿਲਾਂ ਸਹਾਰਦਾ ਅਤੇ ਹਰ ਦੁੱਖ ਹੱਸ ਕੇ ਝੱਲਦਾ ਹੈ | ਉਸ ਦੀ ਹਰ ਮਿਹਨਤ ਦੇ ਪਿੱਛੇ ਸਿਰਫ਼ ਇਕ ਸੁਪਨਾ ਹੁੰਦਾ ਹੈ ਕਿ ਉਮਰ ਦੇ ਆਖ਼ਰੀ ਹਿੱਸੇ ਵਿਚ ਉਸ ਦੀ ਔਲਾਦ ਉਸ ਦਾ ਸਹਾਰਾ ਬਣੇਗੀ | ਪਰ ਬਦਲਦੇ ਸਮਾਜਿਕ ਰੁਝਾਨਾਂ, ਮਾਦਾਪ੍ਰਸਤੀ, ਰੁੱਝੀ ਹੋਈ ਜ਼ਿੰਦਗੀ ਅਤੇ ਖ਼ੁਦਗ਼ਰਜ਼ੀ ਨੇ ਕਈ ਪਰਿਵਾਰਾਂ ਵਿਚ ਇਹ ਸੁਪਨਾ ਚਕਨਾਚੂਰ ਕਰ ਦਿੱਤਾ ਹੈ | ਨਤੀਜਾ ਇਹ ਨਿਕਲਦਾ ਹੈ, ਕਿ ਜਿਨ੍ਹਾਂ ਮਾਪਿਆਂ ਨੇ ਘਰ ਵਸਾਏ, ਉਹੀ ਆਪਣੇ ਘਰਾਂ ਵਿਚ ਅਨਜਬੀ ਬਣ ਕੇ ਰਹਿ ਰਹਿ ਜਾਂਦੇ ਹਨ |'
ਪਤਾ ਨਹੀਂ ਕਿਉਂ ਗਿੱਲ ਜਵਾਨੀ ਵਿਚ ਹੀ ਅਜਿਹਾ ਡਰ ਭੋਗਣ ਲੱਗ ਪਿਆ ਹੈ | ਹੋਰ ਪੜ੍ਹੋ:-
'ਜਿਹੜਾ ਸਮਾਜ ਆਪਣੇ ਬਜ਼ੁਰਗਾਂ ਨੂੰ  ਬੋਝ ਸਮਝਣਾ ਸ਼ੁਰੂ ਕਰ ਦਿੰਦਾ ਹੈ, ਉਹ ਦਰਅਸਲ ਆਪਣੀਆਂ ਤਹਿਜ਼ੀਬੀ ਬੁਨਿਆਦਾਂ ਨੂੰ  ਹਿਲਾਉਣਾ ਸ਼ੁਰੂ ਕਰ ਦਿੰਦਾ ਹੈ | ਅੱਜ ਦੇ ਦੌਰ ਵਿਚ ਓਲਡ ਹੋਮਜ਼ ਦੀ ਗਿਣਤੀ ਵਧ ਰਹੀ ਹੈ | ਇਹ ਪਰਿਵਾਰਕ ਪ੍ਰਣਾਲੀ ਦੇ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ | ਹੋ ਸਕਦਾ ਹੈ ਉੱਥੇ ਇਲਾਜ, ਆਰਾਮ ਅਤੇ ਸਹੂਲਤਾਂ ਮੌਜੂਦ ਹੋਣ, ਪਰ ਔਲਾਦ ਦਾ ਪਿਆਰ, ਪੋਤੇ-ਪੋਤੀਆਂ ਦੀ ਹਾਸੀ ਅਤੇ ਆਪਣੇ ਘਰ ਦੀ ਆਪਣੀ ਗਰਮਾਹਟ ਦਾ ਕੋਈ ਬਦਲ ਨਹੀਂ | ਇਨਸਾਨ ਦੀ ਵੱਡੀ ਭੁੱਖ ਰੋਟੀ ਦੀ ਨਹੀਂ, ਸਗੋਂ ਤਵੱਜੋ ਤੇ ਆਪਣੇਪਨ ਦੀ ਹੁੰਦੀ ਹੈ |'
'ਯਾਦ ਰੱਖਣਾ ਚਾਹੀਦਾ ਹੈ ਕਿ ਬੁਢਾਪਾ ਕਿਸੇ ਇਕ ਵਿਅਕਤੀ ਦਾ ਮੁਕੱਦਰ ਨਹੀਂ, ਸਗੋਂ ਹਰ ਜਿਊਾਦੇ ਇਨਸਾਨ ਦਾ ਭਵਿੱਖ ਹੈ | ਅੱਜ ਜਿਹੜਾ ਜਵਾਨ ਹੈ, ਕੱਲ੍ਹ ਉਸ ਦੇ ਵਾਲ ਵੀ ਚਿੱਟੇ ਹੋਣਗੇ, ਕਦਮ ਲੜਖੜਾਉਣਗੇ ਅਤੇ ਉਸ ਦੇ ਦਿਲ ਨੂੰ  ਵੀ ਕਿਸੇ ਆਪਣੇ ਦੇ ਦੋ ਪਿਆਰ ਭਰੇ ਬੋਲਾਂ ਦੀ ਲੋੜ ਹੋਵੇਗੀ | ਕੁਦਰਤ ਦਾ ਅਸੂਲ ਬਹੁਤ ਸਾਦਾ ਹੈ: ਜਿਹੜਾ ਬੀਜ ਅਸੀਂ ਅੱਜ ਬੀਜਾਂਗੇ, ਆਉਣ ਵਾਲੀ ਕੱਲ੍ਹ ਨੂੰ  ਉਸ ਦੀ ਹੀ ਖੱਟੀ ਖਾਵਾਂਗੇ | ਇਸ ਲਈ ਮਾਪਿਆਂ ਦੀ ਸੇਵਾ ਨੂੰ  ਸਿਰਫ਼ ਧਾਰਮਿਕ ਜਾਂ ਅਖ਼ਲਾਕੀ ਜ਼ਿੰਮੇਵਾਰੀ ਸਮਝ ਕੇ ਨਿਭਾਉਣਾ ਕਾਫ਼ੀ ਨਹੀਂ, ਸਗੋਂ ਇਸ ਨੂੰ  ਆਪਣੀ ਤਹਿਜ਼ੀਬ ਦਾ ਬੁਨਿਆਦੀ ਅਸੂਲ ਬਣਾਉਣਾ ਹੈ |' 'ਸਮਾਜ ਦੀ ਤਰੱਕੀ ਉੱਚੀਆਂ ਇਮਾਰਤਾਂ, ਆਧੁਨਿਕ ਤਕਨੀਕ ਜਾਂ ਆਰਥਿਕ ਖ਼ੁਸ਼ਹਾਲੀ ਨਾਲ ਨਹੀਂ ਮਾਪੀ ਜਾਂਦੀ, ਸਗੋਂ ਇਸ ਗੱਲ ਨਾਲ ਮਾਪੀ ਜਾਂਦੀ ਹੈ, ਕਿ ਉਹ ਆਪਣੇ ਬਜ਼ੁਰਗਾਂ ਨਾਲ ਕਿਹੋ ਜਿਹਾ ਸਲੂਕ ਕਰਦਾ ਹੈ | ਬਜ਼ੁਰਗਾਂ ਨੂੰ  ਸਮਾਂ ਦਿਓ, ਇੱਜ਼ਤ ਦਿਓ ਤੇ ਮੁਹੱਬਤ ਦਿਓ, ਕਿਉਂਕਿ ਉਨ੍ਹਾਂ ਦੀਆਂ ਦੁੁਆਵਾਂ ਹੀ ਪਰਿਵਾਰ ਦੀ ਅਸਲ ਦੌਲਤ ਤੇ ਬਰਕਤ ਹੁੰਦੀਆਂ ਹਨ |' 
ਮੈਨੂੰ ਬਾਪੂ ਜੀ ਕਹਿਣ ਵਾਲਿਆ ਤੇਰੀ ਚਿੰਤਾ ਗ਼ੌਰਤਲਬ ਹੈ, ਪੁੱਤਰਾ | ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਮਾਨਾ ਬਦਲ ਰਿਹਾ ਹੈ | ਤੁਹਾਡੇ ਬੱਚਿਆਂ ਨੇ ਜ਼ਮਾਨੇ ਦੀ ਪੈੜ ਨੱਪਣੀ ਹੈ | ਜੇ ਤੁਸੀਂ ਉਨ੍ਹਾਂ ਨੂੰ  ਪੈਦਾ ਕੀਤਾ ਹੈ ਤਾਂ ਉਨ੍ਹਾਂ ਤੋਂ ਬਹੁਤੀਆਂ ਆਸਾਂ ਨਾ ਰੱਖੋ | ਹੋ ਸਕੇ ਤਾਂ ਘੱਟ ਬੱਚੇ ਪੈਦਾ ਕਰੋ ਤੇ ਉਨ੍ਹਾਂ ਨੂੰ  ਆਪਣੇ ਰਸਤੇ ਜਾਣ ਦਿਓ | ਉਨ੍ਹਾਂ ਨੂੰ  ਸਮੇਂ ਦਾ ਚਾਨਣ ਮਾਣਨ ਦਿਓ ਤੇ ਆਪਣੇ ਆਪ ਲਈ ਕੋਈ ਰੁਝੇਵਾਂ ਲੱਭੋ | ਜੇ ਹੋਰ ਨਹੀਂ ਤਾਂ ਆਪਣੇ ਹਾਣੀਆਂ ਨਾਲ ਤਾਸ਼ ਹੀ ਖੇਡੋ, ਚਿੰਤਾ ਨਾ ਕਰੋ |

ਉਲਟਾ ਪੈ ਗਿਆ ਪਹਾੜਾਂ ਦਾ ਜੀਣਾ
ਇਕ ਮਿੱਤਰ ਦੀ ਸਲਾਹ ਨਾਲ ਮੈਂ ਚੰਡੀਗੜ੍ਹ-ਸ਼ਿਮਲਾ ਮਾਰਗ 'ਤੇ ਪੈਂਦੇ ਧਰਮਪੁਰ ਨੇੜੇ ਗਰਮੀਆਂ ਕੱਟਣ ਲਈ ਦੋ ਕਮਰਿਆਂ ਦਾ ਟਿਕਾਣਾ ਬਣਾਇਆ, ਪਰ ਰਾਸ ਨਹੀਂ ਆਇਆ | ਹਰ ਸਾਲ ਮੌਨਸੂਨ ਦੌਰਾਨ ਸੜਕਾਂ ਦਾ ਪਾਣੀ 'ਚ ਡੁੱਬਣਾ, ਪਹਾੜ ਖਿਸਕਣਾ ਅਤੇ ਪਿੰਡਾਂ ਦਾ ਮੁੱਖ ਮਾਰਗ ਨਾਲੋਂ ਟੁੱਟ ਜਾਣਾ ਆਮ ਗੱਲਾਂ ਬਣ ਗਈਆਂ ਹਨ | ਨਾਲ ਹੀ ਇਕ ਹੋਰ ਸੰਕਟ ਜੋ ਭਾਵੇਂ ਚੁੱਪਚਾਪ ਆਉਂਦਾ ਹੈ ਪਰ ਓਨਾ ਹੀ ਖ਼ਤਰਨਾਕ ਹੁੰਦਾ ਹੈ, ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪਸਾਰਾ | ਇਸ ਤੋਂ ਇਲਾਵਾ ਸ਼ਿਮਲੇ 'ਚ ਪੀਲੀਆ, ਦਸਤ, ਹੈਜ਼ੇ ਅਤੇ ਟਾਈਫਾਈਡ ਨੂੰ  ਲੈ ਕੇ ਜਾਰੀ ਕੀਤੀ ਗਈ ਸਿਹਤ ਚਿਤਾਵਨੀ ਨੂੰ  ਮਹਿਜ਼ ਮੌਸਮੀ ਪ੍ਰੇਸ਼ਾਨੀ ਨਹੀਂ, ਸਗੋਂ ਜਨਤਕ ਸਿਹਤ ਲਈ ਇਕ ਫ਼ੌਰੀ ਅਤੇ ਗੰਭੀਰ ਖ਼ਤਰਾ ਸਮਝਣਾ ਚਾਹੀਦਾ ਹੈ | ਭਾਰੀ ਮੀਂਹ ਨੇ ਪੂਰੇ ਹਿਮਾਚਲ 'ਚ ਸੜਕਾਂ, ਬਿਜਲੀ ਤੇ ਪਾਣੀ ਦੀ ਸਪਲਾਈ ਨੂੰ  ਤਹਿਸ-ਨਹਿਸ ਕਰ ਦਿੱਤਾ ਹੈ | ਅਜਿਹੇ ਨਾਜ਼ੁਕ ਹਾਲਾਤ 'ਚ ਮਾਸੂਮ ਬੱਚੇ, ਬਜ਼ੁਰਗ ਅਤੇ ਦੂਰ-ਦੁਰਾਡੇ ਪਹਾੜੀ ਪਿੰਡਾਂ 'ਚ ਵਸਦੇ ਲੋਕ ਇਸ ਮਾਰ ਦਾ ਸਭ ਤੋਂ ਵੱਡਾ ਸ਼ਿਕਾਰ ਬਣਦੇ ਹਨ | ਪ੍ਰਸ਼ਾਸਨ ਨੇ ਪਾਣੀ ਦੇ ਸਰੋਤਾਂ ਦੀ ਜਾਂਚ ਕਰਨ, ਪਾਈਪਲਾਈਨਾਂ ਦਾ ਮੁਆਇਨਾ ਕਰਨ ਦੇ ਨਾਲ ਹੀ ਲੋਕਾਂ ਨੂੰ  ਪੀਣ ਵਾਲਾ ਪਾਣੀ ਉਬਾਲ ਕੇ ਵਰਤਣ ਦੀ ਸਲਾਹ ਦਿੱਤੀ ਹੈ | ਪਰ ਇਹ ਉਪਰਾਲੇ ਲੰਬੇ ਸਮੇਂ ਲਈ ਮਜ਼ਬੂਤ ਤੇ ਟਿਕਾਊ ਨਹੀਂ ਹੋ ਸਕਦੇ | ਆਮ ਨਾਗਰਿਕਾਂ ਵਲੋਂ ਵਰਤੀਆਂ ਜਾਣ ਵਾਲੀਆਂ ਕੁਝ ਸਾਵਧਾਨੀਆਂ ਜਿਵੇਂ ਪਾਣੀ ਉਬਾਲ ਕੇ ਪੀਣਾ, ਹੱਥਾਂ ਦੀ ਸਫ਼ਾਈ ਰੱਖਣਾ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣਾ ਕਈ ਕੀਮਤੀ ਜਾਨਾਂ ਬਚਾਉਣ 'ਚ ਅਹਿਮ ਭੂਮਿਕਾ ਜ਼ਰੂਰ ਨਿਭਾਅ ਸਕਦੀਆਂ ਹਨ |
ਪੰਜ ਭਾਸ਼ਾਈ ਕਵੀ ਦਰਬਾਰ
12 ਅਗਸਤ 2026 ਵਾਲੇ ਦਿਨ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਇਕ ਨਿਵੇਕਲਾ ਕਵੀ ਦਰਬਾਰ ਰਚਾਇਆ, ਜਿਸ ਵਿਚ ਪੰਜਾਬੀ, ਹਿੰਦੀ, ਉਰਦੂ ਭਾਸ਼ਾ ਦੇ ਕਵੀਆਂ ਨੇ ਰੰਗ ਬੰਨਿ੍ਹਆ | ਫਾਰਸੀ ਦੀ ਥਾਂ ਸੰਸਕਿ੍ਤ ਦੀ ਹਾਜ਼ਰੀ ਨੇ ਮੈਨੂੰ ਇਹ ਵੀ ਚੇਤੇ ਕਰਾ ਦਿੱਤਾ ਕਿ ਇਹ ਕਿਉਂ ਹੋਇਆ | ਕੇਵਲ ਇਸ ਲਈ ਕਿ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਹ ਸੋਚ ਲਿਆ ਗਿਆ ਕਿ ਹੁਣ ਫ਼ਾਰਸੀ ਉਨ੍ਹਾਂ ਦੀ ਹੋ ਕੇ ਰਹਿ ਗਈ, ਜੋ ਕਿ ਮਾੜੀ ਗੱਲ ਹੈ |
ਅੰਤਿਕਾ
(ਦਾਨਿਸ਼ ਆਮੀਰੀ)
ਵੋ ਉਰਦੂ ਕਾ ਮੁਸਾਫਿਰ ਹੈ ਯਹੀ ਪਹਿਚਾਨ ਹੈ ਉਸ ਕੀ,
ਜਿਧਰ ਸੇ ਭੀ ਗੁਜ਼ਰਤਾ ਹੈ ਸਲੀਕਾ ਛੋੜ ਜਾਤਾ ਹੈ |

ਈਮੇਲ :  sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨੇ ਪੇਸ਼ ਕੀਤੀ ਵਿਕਸਿਤ ਰਾਸ਼ਟਰ ਦੀ ਰੂਪਰੇਖਾ ਅਗਲੀ ਖ਼ਬਰ ਜਾਰੀ ਰਹੇਗਾ ਰਾਮ ਮੰਦਰ ਟਰੱਸਟ ਦਾ ਵਿਵਾਦ
Ad Position 24