16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮਾਂ ਬੋਲੀ ਦੇ ਸਪੂਤ ਲੇਖਕ ਮੋਹਨ ਸ਼ਰਮਾ ਦਾ ਵਿਛੋੜਾ

ਮਾਂ ਬੋਲੀ ਦੇ ਸਪੂਤ ਲੇਖਕ ਮੋਹਨ ਸ਼ਰਮਾ ਦਾ ਵਿਛੋੜਾ

Ad Position 21
No active advertisement
ਅਜੀਤ ਡੈਸਕ 17-11-2026

ਕੋਈ ਵੱਡਾ ਸੜਕ ਹਾਦਸਾ ਨਹੀਂ, ਪੈਦਲ ਸੜਕ ਪਾਰ ਕਰ ਰਹੇ ਸਨ ਮੋਹਨ ਸ਼ਰਮਾ ਤੇ ਅਚਾਨਕ ਇੱਕ ਪਾਸਿਉਂ ਸਕੂਟਰੀ ਆਈ, ਟਕਰਾਅ ਗਈ ਅਤੇ ਇੱਥੋਂ ਸ਼ੁਰੂ ਹੁੰਦੀ ਹੈ ਉਨ੍ਹਾਂ ਦੀ ਉਮਰ ਦੀ ਆਖਰੀ ਯਾਤਰਾ | ਇਹ ਗੱਲ ਕਰਨ ਤੋਂ ਪਹਿਲਾਂ ਮੈਂ ਉਨ੍ਹਾਂ ਬਾਰੇ ਸੰਖੇਪ ਰੂਪ 'ਚ ਦੱਸਣਾ ਚਾਹਾਂਗਾ | 16 ਫਰਵਰੀ 1948 ਨੂੰ  ਪਿੰਡ ਕਾਂਝਲਾ (ਸੰਗਰੂਰ) ਵਿਖੇ ਪਿਤਾ ਹਰੀ ਰਾਮ ਤੇ ਮਾਤਾ ਬਚਨੀ ਦੇਵੀ ਦੇ ਘਰ ਜਨਮੇ ਮੋਹਨ ਨੂੰ  ਬਚਪਨ ਵਿਚ ਮਿਲੀ ਗ਼ੁਰਬਤ ਦਾ ਲੰਮਾ ਸਫ਼ਰ ਹੰਢਾਉਣਾ ਪਿਆ | ਸਕੂਲ 'ਚ ਪੜ੍ਹਦੇ ਸਮੇਂ ਨਾਲ ਲਿਜਾਣ ਲਈ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ | ਨਾਲ ਦੇ ਸਾਥੀ ਅੱਧੀ ਛੁੱਟੀ ਵੇਲੇ ਰੋਟੀ ਖਾ ਰਹੇ ਹੁੰਦੇ ਪਰ ਮੋਹਨ ਪਾਣੀ ਪੀ ਕੇ ਸਾਰ ਲੈਂਦਾ | ਮਾਪਿਆਂ ਨੇ ਅੰਤਾਂ ਦੀ ਗਰੀਬੀ ਝਲਦਿਆਂ ਆਪਣੇ ਬੱਚਿਆਂ ਨੂੰ  ਵਿੱਦਿਆ ਪੱਖੋਂ ਗਰੀਬ ਨਹੀਂ ਰਹਿਣ ਦਿੱਤਾ | ਉਨ੍ਹਾਂ ਨੂੰ  ਪੜ੍ਹਾਇਆ ਤੇ ਪੈਰਾਂ 'ਤੇ ਖੜ੍ਹੇ ਕੀਤਾ | ਮੋਹਨ ਸ਼ਰਮਾ ਬੀ.ਐੱਡ ਕਰਨ ਪਿੱਛੋਂ ਸਰਕਾਰੀ ਸਕੂਲ ਵਿਚ ਅਧਿਆਪਕ ਲੱਗ ਗਿਆ |

ਭੁੱਲਰਹੇੜੀ ਤੇ ਮੰਗਵਾਲ ਵਿਚ ਅਧਿਆਪਕ ਵਜੋਂ ਸਫ਼ਲ ਸੇਵਾਵਾਂ ਨਿਭਾਉਣ ਵਾਲੇ ਮੋਹਨ ਸ਼ਰਮਾ ਦਾ ਵਿਆਹ 26 ਜਨਵਰੀ 1972 ਨੂੰ  ਸ੍ਰੀਮਤੀ ਊਸ਼ਾ ਰਾਣੀ ਨਾਲ ਹੋਇਆ | ਦੋਵੇਂ ਪਤੀ-ਪਤਨੀ ਅਧਿਆਪਕ ਵਜੋਂ ਸਮਾਜ ਨੂੰ  ਨਰੋਈ ਸੇਧ ਦੇਣ ਵਾਲੇ ਬਣੇ | ਮੋਹਨ ਸ਼ਰਮਾ ਦੀ ਖੂਬਸੂਰਤ ਕਾਰਗੁਜ਼ਾਰੀ ਨੂੰ  ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ  'ਸਟੇਟ ਐਵਾਰਡ' ਨਾਲ ਸਨਮਾਨਿਤ ਕੀਤਾ | ਕੁਝ ਸਮਾਂ ਬਾਲਕ ਸਿੱਖਿਆ ਸਕੀਮ ਅਧੀਨ ਅਸਿਸਟੈਂਟ ਪ੍ਰੋਜੈਕਟ ਅਫਸਰ ਵਜੋਂ ਕੰਮ ਕਰਨ ਪਿੱਛੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ  ਜ਼ਿਲ੍ਹਾ ਬੱਚਤ ਅਫਸਰ ਨਿਯੁਕਤ ਕਰ ਦਿੱਤਾ, ਜਿੱਥੇ ਇਨ੍ਹਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ | ਸੇਵਾਮੁਕਤ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ  ਜ਼ਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦਾ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਨਾ ਕੇਵਲ ਲੰਬਾ ਸਮਾਂ ਸ਼ਾਨਦਾਰ ਸੇਵਾਵਾਂ ਨਿਭਾਈਆਂ, ਸਗੋਂ ਹਜ਼ਾਰਾਂ ਨਸ਼ੇੜੀਆਂ ਨੂੰ  ਪ੍ਰੇਰਿਤ ਕਰ ਕੇ ਜ਼ਿੰਦਗੀ ਦੇ ਸਹੀ ਰਾਹ 'ਤੇ ਤੋਰਿਆ | ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ  ਇੱਕ ਹੋਰ 'ਸਟੇਟ ਐਵਾਰਡ' ਦੇ ਕੇ ਸਨਮਾਨਿਤ ਕੀਤਾ |  ਸੰਗਰੂਰ ਦੇ ਨਾਭਾ ਗੇਟ ਬਾਹਰ ਬਣਿਆ ਸਿਟੀ ਪਾਰਕ ਮੋਹਨ ਸ਼ਰਮਾ ਦੇ ਮਨ ਮਸਤਕ 'ਚੋਂ ਉੱਭਰਿਆ ਪ੍ਰੋਜੈਕਟ ਹੈ | ਤਤਕਾਲੀਨ ਡਿਪਟੀ ਕਮਿਸ਼ਨਰ ਖ਼ੁਦ ਇਸ ਪ੍ਰੋਜੈਕਟ ਦੇ ਪ੍ਰਧਾਨ ਬਣੇ ਸਨ | ਮੈਨੂੰ, ਏ.ਪੀ. ਸਿੰਘ ਬਾਬਾ, ਡਾ. ਸੁਖਵਿੰਦਰ ਸਿੰਘ, ਚੌਧਰੀ ਨੰਦ ਲਾਲ ਗਾਂਧੀ, ਪਾਲੀ ਰਾਮ ਬਾਂਸਲ ਤੇ ਗੁਰਪਾਲ ਸਿੰਘ ਗਿੱਲ ਨੂੰ  ਕਮੇਟੀ 'ਚ ਸ਼ਾਮਿਲ ਕਰਕੇ ਮੋਹਨ ਸ਼ਰਮਾ ਨੂੰ  ਕੋਆਰਡੀਨੇਟਰ ਬਣਾਇਆ ਗਿਆ | ਸ. ਸੁਖਦੇਵ ਸਿੰਘ ਢੀਂਡਸਾ ਨੇ ਇਸ ਪਾਰਕ ਦੀ ਖੂਬਸੂਰਤੀ ਲਈ 5 ਲੱਖ ਰੁਪਏ ਦਿੱਤੇ ਅਤੇ ਇੱਥੇ ਫੁਹਾਰਾ ਲਗਾਇਆ ਗਿਆ, ਜਿਸ ਦਾ ਉਦਘਾਟਨ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਨੇ ਕੀਤਾ ਸੀ | ਜਿੰਨੀ ਦੇਰ ਇਹ ਕਮੇਟੀ ਕੰਮ ਕਰਦੀ ਰਹੀ, ਪਾਰਕ ਦੀ ਖੂਬਸੂਰਤੀ ਲਗਾਤਾਰ ਨਿੱਖਰਦੀ ਰਹੀ | ਦੋ ਦਰਜਨ ਦੇ ਕਰੀਬ ਪੁਸਤਕਾਂ ਦੇ ਲੇਖਕ ਮੋਹਨ ਸ਼ਰਮਾ ਸਾਹਿਤਕ ਤੇ ਸਮਾਜਿਕ ਮੰਚਾਂ ਦੀ ਸ਼ਾਨ ਸਮਝੇ ਜਾਂਦੇ ਸਨ | ਦੂਰਦਰਸ਼ਨ ਅਤੇ ਹੋਰ ਚੈਨਲਾਂ 'ਤੇ ਆਉਣ ਵਾਲੇ ਮੋਹਨ ਸ਼ਰਮਾ 'ਅਜੀਤ' ਸਮੇਤ ਹੋਰ ਅਖਬਾਰਾਂ ਵਿਚ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਵਿਸ਼ਿਆਂ 'ਤੇ ਖੁੱਲ੍ਹ ਕੇ ਗੱਲ ਕਰਦੇ ਸਨ | ਮਿੰਨੀ ਕਹਾਣੀ, ਗੀਤ ਤੇ ਗਜ਼ਲਾਂ ਦੀਆਂ ਪੁਸਤਕਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਉਣ ਵਾਲੇ ਮੋਹਨ ਸ਼ਰਮਾ ਦੇ ਸਮਾਜਿਕ ਰੁਝੇਵੇਂ ਵੀ ਅਨੰਤ ਸਨ | ਆਖ਼ਰੀ ਦਿਨ ਤੱਕ ਉਨ੍ਹਾਂ ਨੇ ਬਿਰਧ ਆਸ਼ਰਮ ਸੰਗਰੂਰ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸੰਗਰੂਰ ਦੇ ਕਿਸ਼ਨਪੁਰਾ ਸਥਿਤ ਸ਼ਮਸ਼ਾਨਘਾਟ ਦੀ ਉਸਾਰੀ ਕਰਵਾਈ ਤੇ ਸ਼ਮਸ਼ਾਨਘਾਟ ਕਮੇਟੀ ਦੇ ਪ੍ਰਧਾਨ ਵਜੋਂ ਲੰਬਾ ਸਮਾਂ ਕੰਮ ਕਰਦੇ ਰਹੇ | ਉਨ੍ਹਾਂ ਰੁਝੇਵਿਆਂ ਕਾਰਨ ਪ੍ਰਧਾਨਗੀ ਛੱਡ ਦਿੱਤੀ ਪਰ ਦਿਲਚਸਪੀ ਉਵੇਂ ਹੀ ਬਣਾਈ ਰੱਖੀ | ਕੁਝ ਸਮਾਂ ਪਹਿਲਾਂ ਮੇਰੇ ਨਾਲ ਗੱਲ ਕੀਤੀ ਕਿ ਉੱਥੇ ਇੱਕ ਹਾਲ ਦੀ ਲੋੜ ਹੈ | ਮੈਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲ ਕੀਤੀ ਅਤੇ 2 ਲੱਖ ਰੁਪਏ ਇਸ ਲੋੜ ਦੀ ਪੂਰਤੀ ਲਈ ਅਦਾ ਕਰਵਾ ਦਿੱਤੇ | 
ਪਹਿਲੀ ਨਵੰਬਰ ਦਾ ਦਿਨ ਸੀ ਤੇ ਮੋਹਨ ਸ਼ਰਮਾ ਪੈਦਲ ਸੜਕ ਪਾਰ ਕਰਨ ਲੱਗੇ ਤਾਂ ਇੱਕ ਪਾਸਿਉਂ ਆਉਂਦੀ ਸਕੂਟਰੀ ਟਕਰਾਅ ਗਈ | ਉਨ੍ਹਾਂ ਨੂੰ  ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ 5 ਨਵੰਬਰ ਨੂੰ  ਉਨ੍ਹਾਂ ਨੇ ਆਖਰੀ ਸਾਹ ਲਿਆ | ਉਨ੍ਹਾਂ ਦੇ ਭਤੀਜੇ ਸੁਰਿੰਦਰ ਸ਼ਰਮਾ ਤੇ ਨਜ਼ਦੀਕੀ ਸਾਥੀ ਏ.ਪੀ. ਸਿੰਘ ਬਾਬਾ ਨੇ ਦੱਸਿਆ ਕਿ ਮੋਹਨ ਸ਼ਰਮਾ ਆਪਣੇ ਜੀਵਨ ਸਾਥਣ ਊਸ਼ਾ ਰਾਣੀ, ਸਪੁੱਤਰ ਸੁਖਵਿੰਦਰ ਸ਼ਰਮਾ (ਟੈਕਸੇਸ਼ਨ ਐਡਵੋਕੇਟ), ਨੂੰ ਹ ਸਿਮਰਨ, ਪੋਤਰਾ ਅਭਿਸ਼ੇਕ ਸ਼ਰਮਾ, ਪੋਤਰੀ ਤਨਿਕਾ, ਆਪਣੀ ਦੋਸਤਾਂ ਵਰਗੇ ਭਰਾਵਾਂ ਬਿ੍ਜ ਲਾਲ ਸ਼ਰਮਾ, ਬਲਦੇਵ ਕ੍ਰਿਸ਼ਨ, ਨੰਦ ਲਾਲ ਤੇ ਸੋਹਨ ਲਾਲ ਸਮੇਤ ਹੱਸਦੇ-ਵਸਦੇ ਪਰਿਵਾਰ ਨੂੰ  ਛੱਡ ਕੇ ਕੁਦਰਤ ਵਿਚ ਲੀਨ ਹੋ ਗਏ | ਇਸ ਰੰਗਲੇ ਸੱਜਣ ਨਮਿਤ ਗਰੁੜ ਪੁਰਾਣ ਦੇ ਪਾਠ ਦੇ ਭੋਗ ਅੱਜ 17 ਨਵੰਬਰ 2026 ਨੂੰ  ਦੁਪਹਿਰ 12 ਵਜੇ ਮੰਦਰ ਸ੍ਰੀ ਕਾਲੀ ਦੇਵੀ ਸੰਗਰੂਰ ਵਿਖੇ ਪਾਏ ਜਾਣਗੇ |

-ਇੰਚਾਰਜ, ਉਪ ਦਫ਼ਤਰ (ਸੰਗਰੂਰ) |
ਮੋਬਾਈਲ : 98142-82543

Ad Position 22
No active advertisement
ਪਿਛਲੀ ਖ਼ਬਰ ਸੋਨੀਆ ਗਾਂਧੀ ਨੇ ਕੀ ਲਿਖਿਆ ਤੇ ਕੀ ਨਹੀਂ ਲਿਖਿਆ? ਅਗਲੀ ਖ਼ਬਰ ਕਣਕ ਦਾ ਵਧੇਰੇ ਝਾੜ ਲੈਣ ਲਈ ਕੁਝ ਸੁਝਾਅ
Ad Position 24