14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਿੱਟੀ ਇਕ ਤੇ ਰੰਗ ਅਨੇਕ

ਮਿੱਟੀ ਇਕ ਤੇ ਰੰਗ ਅਨੇਕ

Ad Position 21
No active advertisement
ਅਜੀਤ ਡੈਸਕ 15-11-2026

ਮੇਰਾ ਮਿੱਤਰ ਬਲਬੀਰ ਮਾਧੋਪੁਰੀ ਆਪਣੇ-ਆਪ ਨੂੰ  ਮਿੱਟੀ ਦਾ ਜਾਇਆ ਦੱਸਦਾ ਹੈ | ਉਹ ਆਪਣੀ ਰਚਨਾ 'ਮਿੱਟੀ ਫਰੋਲਦਿਆਂ' ਵਿਚ ਪ੍ਰਕਿਰਤੀ ਨੂੰ  ਨਤਮਸਤਕ ਹੰੁਦਾ ਹੈ | ਇਹ ਪਹਿਲਾ ਪੰਜਾਬੀ ਨਾਵਲ ਹੈ, ਜਿਹੜਾ ਕਬਰਪੁੱਟਾਂ ਤੇ ਕਬਰਸਤਾਨਾਂ ਦੇ ਵਿਸ਼ਿਆਂ 'ਤੇ ਕੇਂਦਰਿਤ ਹੈ | ਇਸ ਦਾ ਘਟਨਾ ਸਥਾਨ ਆਂਧਰਾ ਪ੍ਰਦੇਸ਼ ਹੈ, ਜਿੱਥੇ 'ਮਾਲਾ' ਅਛੂਤ/ਬੇਰਾਗੀ ਆਖੀ ਜਾਂਦੀ ਜਾਤ ਦੇ ਲੋਕਾਂ ਨੂੰ  ਸਦੀਆਂ ਤੋਂ ਸੇਵਾ ਦੀ ਇਹੀ ਜ਼ਿੰਮੇਵਾਰੀ ਮਿਲੀ ਹੋਈ ਹੈ | ਇਸ ਜਾਤੀ ਦਾ ਉੱਚ ਜਾਤੀਆਂ ਦੇ ਮੋਏ ਬੰਦਿਆਂ ਲਈ ਕਬਰਾਂ ਪੁੱਟ ਕੇ ਦਫ਼ਨਾਉਣਾ ਹੀ ਮੁੱਖ ਕਿੱਤਾ ਹੈ | ਨਿਮਨ ਜਾਤੀ ਔਰਤਾਂ ਵੀ ਮਜਬੂਰੀਵੱਸ ਕਬਰਾਂ ਪੁੱਟਦੀਆਂ ਹਨ | ਮੁੱਖ ਪਾਤਰ ਜੱਗਾ ਹੈ, ਜਿਸ ਦਾ ਨਾਨਾ ਤੇ ਹੋਰ ਪੁਰਖੇ ਵਰਣ ਵਿਵਸਥਾ ਦੇ ਸਤਾਏ ਅਤੇ ਸਰੀਰਕ-ਮਾਨਸਿਕ ਤਸ਼ੱਦਦ ਝੱਲਦੇ ਹੋਏ ਵੀ ਮਾਨਵ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਵਿਖਾਈ ਦੇਂਦੇ ਹਨ | 'ਮਾਲਾ' ਤੇ 'ਮਾਦਿਗਾ' ਨਿਮਨ ਜਾਤੀਆਂ ਆਪਣੇ ਸਮਾਜ ਸੁਧਾਰਕਾਂ, ਰਹਿਬਰਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਵੈ-ਸਨਮਾਨ ਲਈ ਜਨ ਅੰਦੋਲਨਾਂ ਦੇ ਰਾਹ 'ਤੇ ਤੁਰ ਪੈਂਦੇ ਹਨ | ਜ਼ਿੰਮੀਦਾਰੀ ਤੇ ਸਰਕਾਰੀ ਵਿਵਸਥਾ ਅਜਿਹਿਆਂ 'ਤੇ ਖ਼ੌਫ਼ਨਾਕ ਜ਼ੁਲਮ ਚਾਹੰੁਦੀ ਹੈ |

ਨਾਵਲੀ ਬਿਰਤਾਂਤ ਵਿਚ ਅਨੁਸੂਚਿਤ ਜਾਤੀਆਂ ਤੇ ਜਨ-ਜਾਤੀਆਂ ਦੀ ਆਪਸੀ ਏਕਤਾ ਤੇ ਇਕਜੁੱਟਤਾ ਰਾਹੀਂ ਮਾਨਵੀਂ ਅਧਿਕਾਰਾਂ, ਜਲ, ਜੰਗਲ ਅਤੇ ਜ਼ਮੀਨੀ ਅਧਿਕਾਰ ਦੀ ਸੁਰੱਖਿਆਂ ਨੂੰ  ਯਕੀਨੀ ਬਣਾਉਣ ਦਾ ਝਰੋਖਾ ਖੁੱਲ੍ਹਦਾ ਹੈ | ਇਹ ਨਾਵਲ ਭਾਰਤ ਵਿਚ ਰਹਿੰਦੇ ਤੇ ਸਭ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣੇ ਤਬਕੇ ਦਾ ਜੀਵਨ ਬਿਰਤਾਂਤ ਹੈ | ਨਾਵਲੀ ਬਿਰਤਾਂਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਜਿਹੇ ਤਬਕੇ ਦੇ ਜੀਵਨ-ਬੋਧ ਨੂੰ  ਆਪਣੀ ਸਥਿਤੀ ਤੋਂ ਉੱਪਰ ਉੱਠਣ ਦੇ ਉਸਾਰੂ ਤੇ ਆਸ ਭਾਵੀ ਮਾਨਵੀ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਹੈ | ਮੁੱਖ ਪਾਤਰ ਜੱਗੇ ਰਾਹੀਂ ਜੀਵਨ ਦੀ ਸ਼ਾਹ ਕਾਲੀ ਰਾਤ 'ਚੋਂ ਵੀ ਚੇਤਨਾ, ਜਾਗਰਤੀ ਤੇ ਉੱਦਮ ਨਾਲ ਨਵਾਂ ਪਹੁਫੁਟਾਲਾ ਹੋਣ ਵਿਚ ਵਿਸ਼ਵਾਸ ਪ੍ਰਗਟਾਇਆ ਗਿਆ ਹੈ |
ਨਾਵਲੀ ਥੀਮ ਮੁਤਾਬਕ ਸਾਡੇ ਸਮਾਜ/ਸੰਸਾਰ ਦਾ ਯਥਾਰਥ ਅਜੀਬ ਕਿਸਮ ਦਾ ਡੱਬ-ਖੜੱਬਾ ਹੈ | ਇੱਥੇ ਕਿਸੇ ਦਾ ਮਰਨਾ ਇਕ ਸੋਗ ਤੇ ਘਾਟਾ ਹੈ, ਪਰ ਦੂਜੇ ਲਈ ਇਹ ਰੋਜ਼ੀ-ਰੋਟੀ ਦੇ ਕਿੱਤੇ ਵਜੋਂ ਜਿਊਣ ਦਾ ਵਸੀਲਾ ਹੈ | ਸਾਡੇ ਕਰੂਰ ਯਥਾਰਥ ਵਿਚ ਲੋੜਾਂ ਤੇ ਗਰਜਾਂ ਮਾਰੇ ਪਾਤਰ ਕਬਰਾਂ ਦੀ ਫੋਲਾ-ਫਾਲੀ ਕਰਦੇ ਹੋਏ ਮੁਰਦਿਆਂ ਦੇ ਨੱਕ-ਕੰਨਾਂ ਦੇ ਗਹਿਣੇ ਲਾਹ ਲੈਂਦੇ ਹਨ | ਜੱਗੇ ਤੇ ਉਸ ਦੇ ਨਾਨੇ ਨੂੰ  ਪੂਰਾ ਵਿਸ਼ਵਾਸ ਹੈ ਕਿ ਨਾ ਲੋਕਾਂ ਦਾ ਮਰਨਾ ਬੰਦ ਹੋਣਾ ਹੈ ਤੇ ਨਾ ਹੀ ਸਾਡੇ ਕਿੱਤੇ ਨੂੰ  ਕੋਈ ਜੋਖ਼ਮ ਹੈ | ਸਥਿਤੀ ਦਾ ਵਿਅੰਗਮਈ ਸਿਤਮ ਇਹ ਹੈ ਕਿ ਅਜਿਹੇ ਕਿੱਤੇ ਨੂੰ  ਵੀ 'ਬੇਗਾਰ' ਭਾਵ ਮੁਫ਼ਤ ਦੀ ਸੇਵਾ ਵਜੋਂ ਮਾਨਤਾ ਪ੍ਰਾਪਤ ਹੈ |
ਭਾਰਤੀ ਸਮਾਜ ਵਿਚ ਸੰਤਾਂ, ਭਗਤਾਂ ਤੇ ਗੁਰੂ ਸਾਹਿਬਾਨ ਦੇ ਮਾਨਵੀ ਯੋਗਦਾਨ ਦੇ ਬਾਵਜੂਦ ਸਮਾਜਿਕ ਬਰਾਬਰਤਾ ਪ੍ਰਤੀ ਕਈ ਸੀਮਾਵਾਂ ਅਜੇ ਵੀ ਬਣੀਆਂ ਹੋਈਆਂ ਹਨ | ਦੇਸ਼ ਦੀ ਸੁਤੰਤਰਤਾ ਦੇ 8 ਦਹਾਕੇ ਬੀਤਣ 'ਤੇ ਅਜੇ ਤੱਕ ਅਜਿਹਾ ਤ੍ਰਾਸਦਿਕ ਰੂਪ ਜਾਰੀ ਹੈ | ਨਾਵਲ ਦੇ ਨਾਮਕਰਨ ਵਿਚ 'ਮਿੱਟੀ' ਰੂਪੀ ਸ਼ਬਦ ਲਖ਼ਸ਼ਣਾ ਭਾਵੀ ਹੈ | ਸਾਡੇ ਸਮਾਜ ਦੀ ਮਿੱਟੀ ਰੂਪੀ ਸਮਾਜਿਕ ਚਾਦਰ ਰੰਗ-ਬਰੰਗੀ ਹੈ | ਇੱਥੇ ਬਹੁਤਿਆਂ ਲਈ ਜੀਵਨ ਦਾ ਅਰਥ ਦਿਨ ਕਟੀ ਹੀ ਹੈ |
ਸਾਡਾ ਮੁੱਖ ਮਸਲਾ ਤਾਂ ਸਭ ਲਈ ਬਿਨਾਂ ਕਿਸੇ ਖ਼ਰਚ ਦੇ ਵਿੱਦਿਆ ਤੇ ਚੰਗੀਆਂ ਸਿਹਤ ਸਹੂਲਤਾਂ ਨਾ ਹੋਣਾ ਹੈ | ਆਪਣੀ ਯੋਗਤਾ ਤੇ ਲਿਆਕਤ ਦੇ ਮੁਤਾਬਕ ਰੁਜ਼ਗਾਰ ਦੇ ਮੌਕੇ ਜ਼ਰੂਰ ਮਿਲਣੇ ਚਾਹੀਦੇ ਹਨ | ਵਿਸ਼ੇਸ਼ ਆਰਥਿਕ ਜਾਂ ਮਾਲੀ ਸੁਧਾਰ ਰਾਹੀਂ ਹਰ ਤਰ੍ਹਾਂ ਦੇ ਰਾਖਵੇਂਕਰਨ ਤੋਂ ਬਾਹਰ ਨਿਕਲਣ ਦੀ ਲੋੜ ਹੈ | ਹਰੇਕ ਆਪਣੀ ਯੋਗਤਾ ਮੁਤਾਬਕ ਆਪਣਾ ਰੁਜ਼ਗਾਰ ਹਾਸਿਲ ਕਰਨ ਦਾ ਸਮਾਜਿਕ ਮਾਣ ਮਹਿਸੂਸ ਕਰੇ | ਪਰ ਅਸੀਂ ਤਾਂ ਆਪਣੀਆਂ ਵੋਟਰੀ ਕੁੰਡੀਆਂ ਰਾਹੀਂ ਜਾਤ-ਪਾਤੀ ਪਾੜ ਨੂੰ  ਹੋਰ ਪੱਕਾ ਕਰ ਰਹੇ ਹਾਂ |
ਅਜਿਹੀ ਔੜ ਦੇ ਸਖ਼ਤ ਮਾਰੂਥਲ 'ਚੋਂ ਵੀ ਜੱਗੇ ਵਰਗੇ ਕਮਲ ਦੇ ਫੁੱਲ ਵਾਂਗ ਚਮਕ ਪੈਂਦੇ ਹਨ | ਜੱਗਾ ਬਾਕਾਇਦਾ ਨਾਨੇ, ਫਿਰ ਅਧਿਆਪਕ ਤੇ ਇਤਿਹਾਸਕਾਰ ਦੀ ਸੰਗਤ ਵਿਚ ਜਾਗਰੂਕ ਤੇ ਚੇਤੰਨ ਹੰੁਦਾ ਇਕ ਗਤੀਸ਼ੀਲ ਪਾਤਰ ਹੈ | ਜੱਗੇ ਨੂੰ  ਪੜ੍ਹਾਈ-ਲਿਖਾਈ ਦੀ ਜਾਗ ਉਸ ਦਾ ਨਾਨਾ ਲਾਉਂਦਾ ਹੈ, ਜਿਹੜਾ ਖ਼ੁਦ ਜੱਦੀ-ਪੁਸ਼ਤੀ ਕਬਰਪੁੱਟ ਹੈ | ਜੱਗਾ ਆਦਿਵਾਸੀ ਜਨ-ਜੀਵਨ ਦੀ ਜਾਣਕਾਰੀ ਲੈਂਦਾ ਹੋਇਆ ਹੈਦਰਾਬਾਦ ਦੇ ਇਕ ਕਬਰਸਤਾਨ 'ਚ ਕਿੱਤਾ ਕਰਦਾ ਹੈ ਤੇ ਅਬਦੁੱਲਾ ਤੋਂ ਹਿੰਦੀ ਤੇ ਉਰਦੂ ਸਿੱਖਦਾ ਹੈ | ਜੱਗੇ ਨੂੰ  ਆਪਣੀ ਮਾਂ-ਬੋਲੀ ਤੇਲਗੂ ਦੀ ਪੂਰੀ ਮੁਹਾਰਤ ਹੈ | ਉਹ ਅਖ਼ਬਾਰਾਂ, ਰਸਾਲੇ ਤੇ ਕਿਤਾਬਾਂ ਪੜ੍ਹਦਾ ਹੋਇਆ ਅਖ਼ੀਰ ਲੇਖਕ ਬਣ ਜਾਂਦਾ ਹੈ | ਇਸ ਦਾ 'ਮਾਰੀਆ' ਨਾਂਅ ਦੀ ਵਿਦੇਸ਼ੀ ਪਰ ਸਾਹਿਤ ਪਾਰਖੂ ਕੁੜੀ ਨਾਲ ਮਿਲਾਪ ਹੀ ਨਹੀਂ, ਸੰਗ-ਸਾਥ ਹੋ ਜਾਂਦਾ ਹੈ | ਮਾਰੀਆ ਦੇ ਮਾਨਵੀ ਵਤੀਰੇ ਰਾਹੀਂ ਨਾਵਲਕਾਰ ਇਹ ਦਿ੍ੜ੍ਹ ਕਰਦਾ ਹੈ ਕਿ ਵਿਦੇਸ਼ੀ ਕਿਵੇਂ ਸਾਡੀ ਸਮਾਜਿਕ ਊਚ-ਨੀਚ ਨੂੰ  ਵੱਡੀ ਬੁਰਾਈ ਸਮਝਦੇ ਹਨ | ਇਸ ਨਾਵਲ 'ਚ ਤਿੰਨ ਸੱਭਿਆਚਾਰਾਂ ਦੀ ਝਲਕ ਉੱਭਰਦੀ ਹੈ | ਤੇਲਗੂ-ਤੇਲਗਾਨਾ ਮੁੱਖ ਸੱਭਿਆਚਾਰ ਵਜੋਂ ਪੇਸ਼ ਹੋਇਆ ਹੈ | ਪੰਜਾਬੀ ਸੱਭਿਆਚਾਰ ਦੀਆਂ ਰਮਜ਼ਾਂ 'ਚੋਂ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਝਲਕਦੀ ਹੈ, ਕਿਉਂਕਿ ਲੇਖਕ ਆਪ ਪੰਜਾਬੀ ਖਿੱਤੇ ਦਾ ਹੈ | ਯੂਰਪੀਅਨ ਕੁੜੀ ਮਾਰੀਆ ਦਾ ਨਜ਼ਰੀਆ ਰੰਗ, ਨਸਲ, ਜਾਤ-ਪਾਤ, ਭਾਸ਼ਾ, ਧਰਮ ਤੇ ਇਲਾਕਾਵਾਦ ਦੀਆਂ ਹੱਦਾਂ-ਸਰਹੱਦਾਂ ਨੂੰ  ਉਲੰਘਦਾ ਹੈ |
ਬਲਬੀਰ ਮਾਧੋਪੁਰੀ ਆਪਣੇ ਮਾਨਵਵਾਦੀ ਸਾਹਿਤ ਸਦਕਾ ਅੰਤਰਰਾਸ਼ਟਰੀ ਪੱਧਰ 'ਤੇ ਜਾਣਿਆ ਜਾਂਦਾ ਸਾਹਿਤਕਾਰ ਹੈ | ਸਵੈ-ਜੀਵਨੀ 'ਛਾਂਗਿਆਂ ਰੁੱਖ' (2002) ਨਾਲ ਉਸ ਦੀ ਲੇਖਣੀ ਸਿਖਰਾਂ ਤੱਕ ਪਹੰੁਚਦੀ ਹੈ | ਇਸ ਨੂੰ  ਸਾਲ 2010 'ਚ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਅੰਗਰੇਜ਼ੀ ਵਿਚ ਛਾਪਿਆ ਸੀ ਤੇ ਇਸ ਨੂੰ  2023 ਤੱਕ 12 ਵਾਰ ਛਾਪਿਆ ਗਿਆ | ਫਿਰ ਰੂਸ ਦੀ ਮਾਸਕੋ ਸਟੇਟ ਯੂਨੀਵਰਸਿਟੀ ਨੇ ਇਸ ਨੂੰ  2026 'ਚ ਛਪਵਾਇਆ | ਇਹ ਸਵੈ-ਜੀਵਨੀ ਕੁੱਲ 11 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈ ਹੈ | ਲੇਖਕ ਦੀਆਂ 15 ਮੌਲਿਕ ਪੁਸਤਕਾਂ ਹਨ, ਜਦਕਿ 45 ਕਿਤਾਬਾਂ ਦਾ ਅਨੁਵਾਦ ਤੇ 40 ਕਿਤਾਬਾਂ ਦੀ ਉਨ੍ਹਾਂ ਨੇ ਸੰਪਾਦਨਾ ਕੀਤੀ ਹੈ | ਬਲਬੀਰ ਮਾਧੋਪੁਰੀ ਦੀ ਲੇਖਣੀ 'ਚ ਸਦਾ ਵੰਨ-ਸੁਵੰਨਤਾ ਤੇ ਤਾਜ਼ਗੀ ਵਿਖਾਈ ਦੇਂਦੀ ਹੈ | 'ਮਿੱਟੀ ਫਰੋਲਦਿਆਂ' ਵੀ ਇਕ ਵੱਖਰੀ ਤੇ ਵਿਸ਼ੇਸ਼ ਰਚਨਾ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਵੀ ਚਰਚਾ ਰਹਿਣ ਦੀ ਸੰਭਾਵਨਾ ਹੈ |

ਈਮੇਲ : sandhugul@ar0yahoo.com

Ad Position 22
No active advertisement
ਪਿਛਲੀ ਖ਼ਬਰ ਤੇਗ ਤੇ ਕਲਮ ਦੇ ਧਨੀ ਸਨ ਸ਼ਹੀਦ ਬਾਬਾ ਦੀਪ ਸਿੰਘ ਅਗਲੀ ਖ਼ਬਰ ਪੰਜਾਬ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਦੀ ਲੋੜ
Ad Position 24