ਨਵੀਂ ਦਿੱਲੀ, 13 ਅਕਤੂਬਰ (ਏਜੰਸੀ)- ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਵਿੱਤੀ ਸਾਲ 2026-27 ਲਈ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 7 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਜਾਰੀ ਅਨੁਮਾਨ ’ਚ ਵਿਕਾਸ ਦਰ 6.4 ਫ਼ੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਆਈ.ਐੱਮ.ਐੱਫ. ਨੇ ਇਹ ਸੋਧ ਭਾਰਤੀ ਅਰਥਚਾਰੇ ਦੀ ਉਮੀਦ ਨਾਲੋਂ ਬਿਹਤਰ ਕਾਰਗੁਜ਼ਾਰੀ, ਘਰੇਲੂ ਮੰਗ ’ਚ ਮਜ਼ਬੂਤੀ ਤੇ ਸੇਵਾ ਖੇਤਰ ਦੇ ਚੰਗੇ ਪ੍ਰਦਰਸ਼ਨ ਦੇ ਮੱਦੇਨਜ਼ਰ ਕੀਤੀ ਹੈ।
ਆਈ.ਐੱਮ.ਐੱਫ. ਦੀ ਤਾਜ਼ਾ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਰਿਪੋਰਟ ਅਨੁਸਾਰ ਭਾਰਤ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਦੇਸ਼ਾਂ ’ਚ ਸ਼ਾਮਿਲ ਰਹੇਗਾ। ਫੰਡ ਨੇ ਵਿੱਤੀ ਸਾਲ 2027-28 ਲਈ ਵੀ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.7 ਫ਼ੀਸਦੀ ਤੋਂ ਵਧਾ ਕੇ 7 ਫ਼ੀਸਦੀ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਭਾਰਤ ਦੀ ਵੱਡੀ ਘਰੇਲੂ ਮੰਡੀ, ਅਨੁਕੂਲ ਜਨਸੰਖਿਆ ਢਾਂਚਾ ਤੇ ਲਗਾਤਾਰ ਕੀਤੇ ਜਾ ਰਹੇ ਢਾਂਚਾਗਤ ਸੁਧਾਰ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ।
ਹਾਲਾਂਕਿ, ਪੱਛਮੀ ਏਸ਼ੀਆ ’ਚ ਟਕਰਾਅ ਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਵਿਸ਼ਵ ਅਰਥਚਾਰੇ ਸਾਹਮਣੇ ਚੁਣੌਤੀਆਂ ਬਰਕਰਾਰ ਹਨ। ਆਈ.ਐੱਮ.ਐੱਫ. ਨੇ ਸਾਲ 2026 ਦੌਰਾਨ ਵਿਸ਼ਵ ਆਰਥਿਕ ਵਿਕਾਸ ਦਰ 3.1 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ ਜਦਕਿ 2027 ’ਚ ਇਸ ਦੇ 3.4 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਵਿਸ਼ਵ ਪੱਧਰ ’ਤੇ ਸੁਸਤ ਵਿਕਾਸ ਦੇ ਬਾਵਜੂਦ ਭਾਰਤ ਦੀ ਆਰਥਿਕ ਕਾਰਗੁਜ਼ਾਰੀ ਮਜ਼ਬੂਤ ਰਹਿਣ ਦੀ ਉਮੀਦ ਹੈ।