ਵਧੀਆ ਲੇਖ
ਪਿਛਲੇ ਦਿਨੀਂ 'ਅਜੀਤ' ਦੇ 13 ਸਤੰਬਰ ਦੇ ਅੰਕ ਵਿਚ 'ਅਸ਼ਵਨੀ ਚਤਰਥ' ਦੇ ਲੇਖ 'ਅਨੇਕਾਂ ਖ਼ਤਰਿਆਂ ਦੇ ਬਾਵਜੂਦ ਬੇਸ਼ਕੀਮਤੀ ਹਨ 'ਲਟਕਦੇ ਬਰਫ਼ ਦੇ ਤੋਦੇ' ਵਿਚ ਮਨੁੱਖਤਾ, ਜੀਵ-ਜੰਤੂ, ਖੇਤੀਬਾੜੀ, ਜਲਵਾਯੂ ਆਦਿ ਲਈ ਬਰਫ਼ ਦੇ ਤੋਦਿਆਂ ਦੇ ਲਾਭਾਂ ਬਾਰੇ ਦੱਸਿਆ ਹੈ ਅਤੇ ਇਹ ਕਿੰਨੇ ਜ਼ਰੂਰੀ ਹਨ | ਮਨੁੱਖ ਦੀ ਹਮੇਸ਼ਾ ਹੀ ਇਹ ਸੋਚ ਰਹੀ ਹੈ ਕੀ ਉਹ ਵਿਕਾਸ ਕਰੇ ਤਾਂ ਕਿ ਮਨੁੱਖਾਂ ਦਾ ਜੀਵਨ ਵਧੀਆ ਅਤੇ ਆਸਾਨ ਹੋ ਸਕੇ | ਜਦੋਂ ਵੀ ਵਿਕਾਸ ਦੀ ਪਹਿਲ ਹੁੰਦੀ ਹੈ ਤਾਂ ਵਾਤਾਵਰਨ ਦਾ ਘਾਣ ਕੀਤਾ ਜਾਂਦਾ ਹੈ | ਇਨ੍ਹਾਂ ਦੋਵੇਂ ਚੀਜ਼ਾਂ ਵਿਚਕਾਰ ਆਪਸੀ ਸੰਤੁਲਨ ਬਹੁਤ ਜਰੂਰੀ ਹੈ, ਪ੍ਰੰਤੂ ਇਹ ਹੋ ਨਹੀਂ ਪਾਉਂਦਾ, ਕਿਉਂਕਿ ਕੁਦਰਤ ਆਪਣੇ ਸਥਿਰ ਨਿਯਮਾਂ ਦੇ ਅਨੁਸਾਰ ਚਲਦੀ ਹੈ | ਇਸ ਲਈ ਆਲਮੀ ਪੱਧਰ 'ਤੇ ਕੁਦਰਤੀ ਆਫਤਾਂ ਆਉਂਦੀਆਂ ਹਨ ਅਤੇ ਉਨ੍ਹਾਂ ਨੇ ਆਉਣਾ ਹੀ ਹੈ | ਸਾਨੂੰ ਇਨ੍ਹਾਂ ਆਫਤਾਂ ਤੋਂ ਬਚਣ ਦੇ ਤਰੀਕੇ ਲੱਭਣੇ ਹਨ | ਇਸ ਲੇਖ ਵਿਚ ਬਰਫ਼ ਦੇ ਤੋਦਿਆਂ ਤੋਂ ਹੜ੍ਹਾ ਦੀ ਕੁਦਰਤੀ ਆਫਤ ਦੀ ਗੱਲ ਕੀਤੀ ਗਈ ਹੈ | ਇਸ ਲਈ ਹੜ੍ਹਾਂ ਤੋਂ ਆਪਣੀ ਜਾਨ- ਮਾਲ ਬਚਾਉਣ ਲਈ ਸਭ ਤੋਂ ਪਹਿਲਾਂ ਹਰ ਮਨੁੱਖ ਨੂੰ ਤੈਰਨਾ ਆਉਣਾ ਜ਼ਰੂਰੀ ਹੈ | ਬਚਪਨ ਵਿਚ ਹੀ ਹਰ ਮਨੁੱਖ ਨੂੰ ਤੈਰਾਕੀ ਸਿਖਾਉਣੀ ਚਾਹੀਦੀ ਹੈ | ਤਾਪਮਾਨ ਨੂੰ ਠੀਕ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ | ਡੈਮਾਂ, ਦਰਿਆਵਾਂ, ਨਦੀਆਂ, ਨਹਿਰਾਂ, ਟੋਇਆ, ਝੀਲਾਂ ਆਦਿ ਵਿਚ ਇਕੱਠੀ ਹੋ ਰਹੀ ਗਾਦ ਨੂੰ ਹਰ ਰੋਜ਼ ਯੋਜਨਾਬਧ ਤਰੀਕੇ ਨਾਲ ਕੱਢਣਾ ਚਾਹੀਦਾ ਹੈ | ਵੱਧ ਤੋਂ ਵੱਧ ਨਹਿਰਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਪਾਣੀ ਹਰ ਰੋਜ਼ ਅੱਗੇ ਚਲਦਾ ਰਹੇ, ਜਿਸ ਨਾਲ ਸਿੰਜਾਈ, ਮਨੁੱਖਤਾ, ਜੀਵ-ਜੰਤੂ, ਖੇਤੀਬਾੜੀ, ਜਲਵਾਯੂ ਲਾਹਾ ਲੈ ਸਕਣ | ਨਿਰਮਾਣ ਦੇ ਕੰਮ ਨੂੰ ਬਹੁਤ ਮਜਬੂਤੀ ਨਾਲ ਬਣਾਉਣਾ ਚਾਹੀਦਾ ਹੈ, ਤਾਂ ਕਿ ਉਹ ਹੜ੍ਹਾਂ ਦੀ ਮਾਰ ਨੂੰ ਸਹਿ ਸਕਣ | ਸਾਨੂੰ ਕੁਦਰਤੀ ਸੋਮਿਆਂ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਉਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਆਪਣੇ-ਆਪ ਨੂੰ ਬਚਾਉਣਾ ਚਾਹੀਦਾ ਹੈ |
-ਜਸਵੰਤ ਸਿੰਘ,
ਅੰਬਾਲਾ ਛਾਉਣੀ ਹਰਿਆਣਾ |
ਪੈਲੇਸ ਸੱਭਿਆਚਾਰ ਬਨਾਮ ਵਿਆਹ
ਪੱਛਮੀ ਸੱਭਿਆਚਾਰ ਤੇ ਸਮੇਂ ਦੀ ਤੇਜ਼ ਰਫ਼ਤਾਰ ਨੇ ਅੱਜ ਵਿਆਹ ਸ਼ਾਦੀਆਂ ਦੇ ਸਰੂਪ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ | ਜਿਹੜੇ ਚਾਅ- ਵਿਹਾਰ ਅੱਠ ਤੋਂ 10 ਦਿਨ ਪਹਿਲਾਂ ਵਿਆਹ ਵਾਲੇ ਘਰ 'ਚ ਸ਼ੁਰੂ ਹੋ ਜਾਂਦੇ ਸੀ, ਅੱਜ ਉਹ ਮਹਿਜ਼ 8-10 ਘੰਟਿਆਂ ਦੀ ਖਾਨਾਪੂਰਤੀ ਤੱਕ ਸੀਮਿਤ ਰਹਿ ਗਏ | ਜੋ ਪਿੰਡਾਂ ਵਿਚ ਪਹਿਲਾਂ ਭਾਈਚਾਰਕ ਸਾਂਝ ਸੀ, ਉਹ ਖ਼ਤਮ ਹੁੰਦੀ ਜਾ ਰਹੀ ਹੈ | ਜਦੋਂ ਪਿੰਡਾਂ ਵਿਚ ਕਿਸੇ ਪਰਿਵਾਰ ਵਿਚ ਕਿਸੇ ਬੱਚੇ ਦਾ ਸਾਹਾ ਰੱਖਿਆ ਜਾਂਦਾ ਸੀ, ਤਾਂ ਪੂਰੇ ਪਿੰਡ ਨੂੰ ਖੁਸ਼ੀ ਹੁੰਦੀ ਸੀ | ਸਾਰਾ ਪਿੰਡ ਉਨਾਂ ਦੀ ਖੁਸ਼ੀ ਵਿਚ ਸ਼ਰੀਕ ਹੁੰਦਾ ਸੀ | ਘਰ ਵਿਚ ਕਿੰਨੇ ਹੀ ਕੰਮ ਹੁੰਦੇ ਸਨ, ਸਾਰੇ ਪਿੰਡ ਦੇ ਨੌਜਵਾਨ, ਔਰਤਾਂ ਆ ਕੇ ਹੱਥ ਵਟਾਉਂਦੀਆਂ ਸਨ | ਆਪਸੀ ਪ੍ਰੀਤ, ਪਿਆਰ ਬਹੁਤ ਸੀ | ਕਿਸੇ ਪ੍ਰਤੀ ਮਨ ਵਿਚ ਨਫ਼ਰਤ ਨਹੀਂ ਹੁੰਦੀ ਸੀ | ਜੇ ਕੋਈ ਗਲਤੀ ਵੀ ਕਰ ਦਿੰਦਾ ਸੀ ਤਾਂ ਵੱਡੇ ਉਸ ਨੂੰ ਪਿਆਰ ਨਾਲ ਝਿੜਕਦੇ ਸਨ | ਗੁੱਸਾ-ਿਗ਼ਲਾ ਵੀ ਨਹੀਂ ਕੀਤਾ ਜਾਂਦਾ ਸੀ | ਜਿਸ ਦਿਨ ਤੋਂ ਘਰ ਵਿਚ ਭੱਠੀ ਚੜ੍ਹ ਜਾਂਦੀ ਸੀ ਪਿੰਡ ਦੇ ਹੀ ਨੌਜਵਾਨ ਆ ਕੇ ਮਦਦ ਕਰਦੇ ਸਨ | ਸਪੈਸ਼ਲ ਲਾਗੀ ਵਲੋਂ ਪੂਰੇ ਪਿੰਡ ਵਿਚ ਲੱਡੂ ਵੱਟਣ ਲਈ ਸੁਨੇਹਾ ਲਾਇਆ ਜਾਂਦਾ ਸੀ | ਮਨ ਵਿਚ ਬਹੁਤ ਚਾਅ ਹੁੰਦਾ ਸੀ | ਜੋ ਵਿਆਹ ਵਾਲੇ ਘਰ ਵਿਚ ਪ੍ਰਾਹੁਣੇ ਆਉਂਦੇ ਸਨ, ਤਕਰੀਬਨ ਉਹ ਸਾਰਿਆਂ ਦੇ ਸਾਂਝੇ ਹੁੰਦੇ ਸਨ | ਪਿੰਡ ਦਾ ਹਰ ਪਰਿਵਾਰ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਸੀ | ਰਿਸ਼ਤੇਦਾਰ ਤਕਰੀਬਨ ਚਾਰ ਤੋਂ ਛੇ ਦਿਨ ਵਿਆਹ ਵਾਲਿਆਂ ਦੇ ਰਹਿੰਦੇ ਸਨ | ਪਿੰਡ ਵਿਚ ਖੁੱਲ੍ਹੀ ਥਾਂ 'ਤੇ ਟੈਂਟ ਲਗਾ ਕੇ ਰਿਸ਼ਤੇਦਾਰਾਂ, ਆਂਢ-ਗੁਆਂਢ ਦੇ ਲੋਕਾਂ ਨੂੰ ਰੋਟੀ ਖਵਾਈ ਜਾਂਦੀ ਸੀ | ਬੋਲੀਆਂ ਪਾ ਕੇ ਗਿੱਧਾ ਭੰਗੜਾ ਪਾਇਆ ਜਾਂਦਾ ਸੀ | ਡੀਜੇ ਦਾ ਉਨ੍ਹਾਂ ਵੇਲਿਆਂ ਵਿਚ ਕੋਈ ਰਿਵਾਜ ਨਹੀਂ ਸੀ | ਘਰ ਵਿਚ ਹੀ ਜਾਗੋ ਬਣਾ ਕੇ ਪੂਰੇ ਪਿੰਡ ਵਿਚ ਕੱਢੀ ਜਾਂਦੀ ਸੀ | ਲੋਕਾਂ ਵਿਚ ਬਿਲਕੁਲ ਵੀ ਦਿਖਾਵੇਬਾਜ਼ੀ ਨਹੀਂ ਸੀ | ਸਾਦਗੀ ਭਰਪੂਰ ਜੀਵਨ ਬਸਰ ਕਰਦੇ ਸਨ |
-ਸੰਜੀਵ ਸਿੰਘ ਸੈਣੀ ਮੋਹਾਲੀ
ਅਰਦਾਸ ਕਦੇ ਵਿਅਰਥ ਨਹੀਂ ਜਾਂਦੀ
ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ | ਸਮਾਂ ਭਾਵੇਂ ਲੱਗੇ, ਪਰ ਰੱਬ ਸੁਣਦਾ ਜ਼ਰੂਰ ਹੈ ਅਤੇ ਹਰ ਹੰਝੂ ਦਾ ਮੁੱਲ ਪਾਉਂਦਾ ਹੈ | ਜਦੋਂ ਇਨਸਾਨ ਦੁਨੀਆ ਤੋਂ ਹਾਰ ਮੰਨ ਲੈਂਦਾ ਹੈ, ਉਦੋਂ ਅਰਦਾਸ ਹੀ ਉਸ ਦਾ ਸਭ ਤੋਂ ਵੱਡਾ ਸਹਾਰਾ ਬਣਦੀ ਹੈ | ਜ਼ਿੰਦਗੀ ਵਿਚ ਕਈ ਵਾਰ ਅਜਿਹੇ ਮੋੜ ਆਉਂਦੇ ਹਨ ਜਦੋਂ ਸਾਰੇ ਰਾਹ ਬੰਦ ਜਾਪਦੇ ਹਨ | ਨੌਕਰੀ ਨਹੀਂ ਮਿਲਦੀ, ਬਿਮਾਰੀ ਘੇਰ ਲੈਂਦੀ ਹੈ, ਰਿਸ਼ਤਿਆਂ ਵਿਚ ਦਰਾਰ ਪੈ ਜਾਂਦੀ ਹੈ | ਉਸ ਵੇਲੇ ਅਸੀਂ ਸਿਰਫ਼ ਗੁਰਦੁਆਰੇ, ਮੰਦਰ ਜਾਂ ਘਰ ਦੀ ਕੰਧ ਵਲ ਮੂੰਹ ਕਰਕੇ ਅਰਦਾਸ ਕਰਦੇ ਹਾਂ | ਲੱਗਦਾ ਹੈ ਕਿ ਸ਼ਾਇਦ ਕੋਈ ਸੁਣਨ ਵਾਲਾ ਨਹੀਂ, ਪਰ ਅੰਦਰੋਂ ਇਕ ਆਵਾਜ਼ ਆਉਂਦੀ ਹੈ 'ਧੀਰਜ ਰੱਖ' | ਅਰਦਾਸ ਦਾ ਮਤਲਬ ਸਿਰਫ਼ ਮੰਗਣਾ ਨਹੀਂ ਹੈ | ਅਰਦਾਸ ਦਾ ਮਤਲਬ ਹੈ ਆਪਣੇ-ਆਪ ਨੂੰ ਰੱਬ ਦੇ ਹਵਾਲੇ ਕਰ ਦੇਣਾ | ਜਦੋਂ ਅਸੀਂ ਸੱਚੇ ਦਿਲੋਂ ਅਰਦਾਸ ਕਰਦੇ ਹਾਂ, ਤਾਂ ਸਾਡੇ ਅੰਦਰ ਇਕ ਨਵੀਂ ਤਾਕਤ ਪੈਦਾ ਹੁੰਦੀ ਹੈ | ਉਹ ਤਾਕਤ ਹੀ ਸਾਨੂੰ ਮੁਸ਼ਕਿਲਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ | ਕਈ ਵਾਰ ਜਵਾਬ ਤੁਰੰਤ ਨਹੀਂ ਮਿਲਦਾ, ਕਈ ਵਾਰ ਜੋ ਅਸੀਂ ਮੰਗਦੇ ਹਾਂ ਉਹ ਨਹੀਂ ਮਿਲਦਾ, ਪਰ ਜੋ ਸਾਡੇ ਲਈ ਬਿਹਤਰ ਹੁੰਦਾ ਹੈ ਉਹ ਜ਼ਰੂਰ ਮਿਲਦਾ ਹੈ | ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਸਭ ਤੋਂ ਔਖੇ ਸਮਿਆਂ ਵਿਚ ਵੀ ਅਰਦਾਸ ਦਾ ਸਹਾਰਾ ਨਹੀਂ ਛੱਡਿਆ | ਜੇਲ੍ਹਾਂ ਵਿਚ, ਜੰਗਾਂ ਵਿਚ, ਭੁੱਖ ਵਿਚ ਵੀ 'ਵਾਹਿਗੁਰੂ' ਦਾ ਨਾਂਅ ਹੀ ਢਾਲ ਬਣਿਆ | ਅੱਜ ਵੀ ਜਦੋਂ ਕਿਸੇ ਦਾ ਬੱਚਾ ਬਿਮਾਰ ਹੁੰਦਾ ਹੈ, ਜਦੋਂ ਕਿਸੇ ਦੀ ਬੇਟੀ ਦਾ ਵਿਆਹ ਹੁੰਦਾ ਹੈ, ਜਦੋਂ ਕੋਈ ਵਿਦੇਸ਼ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਅਰਦਾਸ ਹੀ ਕੀਤੀ ਜਾਂਦੀ ਹੈ | ਅਰਦਾਸ ਸਾਨੂੰ ਨਿਮਰ ਵੀ ਬਣਾਉਂਦੀ ਹੈ | ਇਹ ਸਿਖਾਉਂਦੀ ਹੈ ਕਿ ਅਸੀਂ ਇਕੱਲੇ ਨਹੀਂ ਹਾਂ |
-ਗੌਰਵ ਮੁੰਜਾਲ ਪੀ.ਸੀ.ਐਸ.