ਗਿਆਨ ਦਾ ਭੰਡਾਰ ਕਿਤਾਬਾਂ
ਅੱਜ ਏ.ਆਈ. ਦਾ ਦੌਰ ਹੈ | ਕਿਸੇ ਵੀ ਖੇਤਰ ਜਾਂ ਵਿਸ਼ੇ ਸੰਬੰਧੀ ਜਾਣਕਾਰੀ ਲਈ ਸਾਡੇ ਕੋਲ ਸੋਸ਼ਲ ਮੀਡੀਆ ਉਪਲਬਧ ਹੈ | ਅੱਜ ਦੀ ਨੌਜਵਾਨੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵਟਸਐਪ , ਸੋਸ਼ਲ ਮੀਡੀਆ ਤੇ ਹੀ ਗੁਜ਼ਾਰਦੀ ਹੈ | ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਮਾਧਿਅਮ ਹਨ | ਕੁਝ ਵੀ ਅਸੀਂ ਕਿਸੇ ਕਿਤਾਬ ਤੋਂ ਪੜ ਲਈਏ, ਉਹ ਸਾਨੂੰ ਜ਼ਿੰਦਗੀ ਭਰ ਯਾਦ ਰਹਿੰਦਾ ਹੈ | ਜੇ ਅਸੀਂ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹ ਕੇ ਦੁਬਾਰਾ ਪੜ ਕੇ ਯਾਦ ਕਰ ਲਿਆ ਜਾਂਦਾ ਹੈ | ਵੱਖ-ਵੱਖ ਫ਼ਿਲਾਸਫ਼ਰਾਂ ਨੇ ਕਿਤਾਬਾਂ ਨੂੰ ਗਿਆਨ ਦਾ ਭੰਡਾਰ ਤੇ ਜੀਵਨ ਜਾਚ ਸਿਖਾਉਣ ਵਾਲਾ ਮਿੱਤਰ ਮੰਨਿਆ ਹੈ | ਮਹਾਤਮਾ ਗਾਂਧੀ ਅਨੁਸਾਰ ਹਰ ਘਰ ਵਿਚ ਇਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ | ਬਾਲ ਗੰਗਾਧਰ ਤਿਲਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਘਰ ਵਿਚ ਕਿਤਾਬਾਂ ਮੌਜੂਦ ਹੋਣ ਤਾਂ ਨਰਕ ਵੀ ਸਵਰਗ ਬਣ ਜਾਂਦਾ ਹੈ | ਕਿਤਾਬਾਂ ਮਨੁੱਖੀ ਸੋਚ ਨੂੰ ਵਿਕਸਿਤ ਕਰਦੀਆਂ ਹਨ | ਇਥੋਂ ਤੱਕ ਮਾਹਿਰਾਂ ਨੇ ਕਹਿ ਦਿੱਤਾ ਹੈ ਕਿ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਦਿਮਾਗ ਵਿਚੋਂ ਕੱਚੀ ਸੋਚ ਤਾਂ ਖਤਮ ਹੋ ਜਾਂਦੀ ਹੈ | ਕਿਤਾਬਾਂ ਪੜ੍ਹਨ ਨਾਲ ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਹਨ | ਚੰਗੀਆਂ ਪੁਸਤਕਾਂ ਸਾਨੂੰ ਸਹਿਣਸ਼ੀਲਤਾ, ਨੈਤਿਕ ਕਦਰਾਂ ਕੀਮਤਾਂ, ਚੰਗੇ ਸੰਸਕਾਰਾਂ ਨਾਲ ਜੋੜਦੀਆਂ ਹਨ |
-ਸੰਜੀਵ ਸਿੰਘ ਸੈਣੀ,
ਮੁਹਾਲੀ |
ਰੁਜ਼ਗਾਰ ਨੂੰ ਤਰਸਦੇ ਨੌਜਵਾਨ
ਪੰਜਾਬ ਦੀ ਧਰਤੀ ਨੇ ਕਦੇ ਦੇਸ਼ ਨੂੰ ਅੰਨ ਦੇਣ ਵਿਚ ਮੋਹਰੀ ਭੂਮਿਕਾ ਨਿਭਾਈ ਸੀ, ਪਰ ਅੱਜ ਇਸੇ ਧਰਤੀ ਦਾ ਪੜਿ੍ਹਆ-ਲਿਖਿਆ ਨੌਜਵਾਨ ਆਪਣੇ ਭਵਿੱਖ ਲਈ ਦੂਜੇ ਦੇਸ਼ਾਂ ਵੱਲ ਦੇਖ ਰਿਹਾ ਹੈ | ਇਹ ਸਿਰਫ਼ ਬੇਰੁਜ਼ਗਾਰੀ ਨਹੀਂ, ਸਗੋਂ ਸਾਡੇ ਵਿਕਾਸ ਦੇ ਮਾਡਲ ਉੱਤੇ ਇਕ ਗੰਭੀਰ ਸਵਾਲ ਹੈ | ਅਸਲ ਸਮੱਸਿਆ ਇਹ ਨਹੀਂ ਕਿ ਪੰਜਾਬ ਦਾ ਨੌਜਵਾਨ ਪੜ੍ਹਨਾ ਨਹੀਂ ਚਾਹੁੰਦਾ ਜਾਂ ਮਿਹਨਤ ਨਹੀਂ ਕਰਨਾ ਚਾਹੁੰਦਾ, ਸਮੱਸਿਆ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਡਿਗਰੀਆਂ ਤਾਂ ਵੰਡ ਰਹੀ ਹੈ, ਪਰ ਉਸ ਅਨੁਸਾਰ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ | ਖੇਤੀਬਾੜੀ ਹੁਣ ਪਹਿਲਾਂ ਵਾਂਗ ਵਾਧੂ ਰੁਜ਼ਗਾਰ ਦੇਣ ਦੇ ਸਮਰੱਥ ਨਹੀਂ ਰਹੀ, ਉਦਯੋਗਾਂ ਦਾ ਲੋੜੀਂਦਾ ਵਿਸਥਾਰ ਨਹੀਂ ਹੋਇਆ ਅਤੇ ਨਿੱਜੀ ਖੇਤਰ ਵਿਚ ਵੀ ਯੋਗਤਾ ਅਨੁਸਾਰ ਸਥਿਰ ਤੇ ਸਨਮਾਨਜਨਕ ਰੁਜ਼ਗਾਰ ਦੀ ਘਾਟ ਹੈ |
ਦੂਜੇ ਪਾਸੇ, ਸਰਕਾਰੀ ਨੌਕਰੀਆਂ ਦੀ ਉਡੀਕ ਵਿਚ ਨੌਜਵਾਨਾਂ ਦੀ ਜ਼ਿੰਦਗੀ ਦੇ ਕੀਮਤੀ ਸਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ, ਅਧੂਰੀਆਂ ਭਰਤੀਆਂ ਅਤੇ ਨਤੀਜਿਆਂ ਦੀ ਉਡੀਕ ਵਿਚ ਲੰਘ ਜਾਂਦੇ ਹਨ | ਇਕ ਡਿਗਰੀ ਤੋਂ ਬਾਅਦ ਦੂਜੀ ਡਿਗਰੀ ਅਤੇ ਇਕ ਇਮਤਿਹਾਨ ਤੋਂ ਬਾਅਦ ਦੂਜਾ ਇਮਤਿਹਾਨ ਦੇਣ ਵਾਲੀ ਪੀੜ੍ਹੀ ਆਖ਼ਰ ਕਦੋਂ ਆਪਣੇ ਪੈਰਾਂ 'ਤੇ ਖੜ੍ਹੀ ਹੋਵੇਗੀ?
ਸਮੇਂ ਦੀ ਲੋੜ ਸਿਰਫ਼ ਨਵੀਆਂ ਭਰਤੀਆਂ ਦੇ ਐਲਾਨ ਕਰਨ ਦੀ ਨਹੀਂ, ਸਗੋਂ ਸਥਾਨਕ ਉਦਯੋਗਾਂ ਨੂੰ ਮਜ਼ਬੂਤ ਕਰਨ, ਨਵੇਂ ਰੁਜ਼ਗਾਰ ਖੇਤਰ ਵਿਕਸਿਤ ਕਰਨ, ਸਿੱਖਿਆ ਨੂੰ ਬਾਜ਼ਾਰ ਦੀਆਂ ਲੋੜਾਂ ਨਾਲ ਜੋੜਨ ਅਤੇ ਭਰਤੀ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨ ਦੀ ਹੈ | -
ਰਾਜਵਿੰਦਰ ਕੌਰ ਬਾਠ
ਸਰਕਾਰੀ ਕਾਲੇਜ ਦਾਨੇਵਾਲਾ ਮਲੋਟ |
ਦੀਵਾਲੀ ਅਤੇ ਧੂੰਆਂ
ਹੁਣ ਤਾਂ ਦੀਵਾਲ਼ੀ ਤੇ ਧੂੰਏਾ ਦਾ ਗਹਿਰਾ ਸੰਬੰਧ ਬਣਦਾ ਜਾ ਰਿਹਾ ਹੈ | ਲੋਕ ਪਟਾਕੇ ਚਲਾ ਕੇ ਹਵਾ ਨੂੰ ਦੂਸ਼ਿਤ ਕਰਦੇ ਹਨ | ਸਭ ਨੂੰ ਪਤਾ ਹੈ ਕਿ ਹਵਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਫਿਰ ਵੀ ਲੋਕ ਵੱਧ ਤੋਂ ਵੱਧ ਪਟਾਕੇ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹ ਇਹ ਸਮਝਦੇ ਹਨ ਕਿ ਜਿੰਨੇ ਜ਼ਿਆਦਾ ਪਟਾਕੇ ਚਲਾਵਾਂਗੇ ਓਨਾ ਹੀ ਆਲ਼ੇ-ਦੁਆਲੇ, ਗਲ੍ਹੀ- ਮਹੱਲੇ ਵਿਚ ਸਾਡਾ ਰੁਤਬਾ ਵਧੇਗਾ | ਪਰ ਪਟਾਕੇ ਚਲਾਉਣਾ ਕੋਈ ਰੁਤਬੇ ਦੀ ਗੱਲ ਨਹੀਂ, ਸਗੋਂ ਪ੍ਰਕਿਰਤੀ ਨਾਲ ਖਿਲਵਾੜ ਹੈ ਕਰੋੜਾਂ ਰੁਪਏ ਦੇ ਪਟਾਕੇ ਚਲਾਏ ਗਏ ਹਨ ਤੇ ਹਵਾ ਬਹੁਤ ਦੂਸ਼ਿਤ ਹੋ ਗਈ ਹੈ ਜਿਸ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ | ਹਰ ਸਾਲ ਹੀ ਅਜਿਹਾ ਹੁੰਦਾ ਹੈ, ਪਰ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ |
ਸਰਕਾਰੀ ਸਖ਼ਤੀ ਨਾਲ ਪਟਾਕਿਆਂ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਹਵਾ ਦਾ ਪ੍ਰਦੂਸ਼ਣ ਨਾ ਵਧੇ | ਖੁਸ਼ੀ ਤਾਂ ਕਈ ਹੋਰ ਤਰੀਕਿਆਂ ਨਾਲ ਵੀ ਮਨਾਈ ਜਾ ਸਕਦੀ ਹੈ ਜਿਵੇਂ ਲੋੜਵੰਦਾਂ ਦੀ ਮਦਦ ਕਰੋ, ਇਸ ਨਾਲ ਵਧੇਰੇ ਫ਼ਾਇਦਾ ਹੋ ਸਕਦਾ ਹੈ | ਆਹ ਪਟਾਕੇ ਨਾ ਚਲਾਣ ਦਾ ਵਾਅਦਾ ਕਰੀਏ ਅਤੇ ਸ਼ੁੱਧ ਹਵਾ ਦਾ ਸੰਚਾਰ ਕਰੀਏ | ਜੈ ਭਾਰਤ ਜੈ ਹਿੰਦੁਸਤਾਨ
-ਹਰਜਿੰਦਰ ਕੌਰ ਲੁਧਿਆਣਾ |