ਲੰਡਨ ਉਲੰਪਿਕਸ 2012 'ਚ ਕਾਂਸੀ ਦਾ ਤਗਮਾ ਜਿੱਤ ਕੇ ਪਹਿਲੀ ਭਾਰਤੀ ਮੁੱਕੇਬਾਜ਼ ਬਣੀ 43 ਸਾਲਾ ਮੈਰੀ ਕਾਮ ਹੁਣ ਪੇਸ਼ੇਵਰ ਮੁੱਕੇਬਾਜ਼ੀ ਦੇ ਰਿੰਗ ਵਿਚ ਉਤਰਨ ਦੀ ਤਿਆਰੀ ਵਿਚ ਹੈ। ਉਸ ਦਾ ਕਹਿਣਾ ਹੈ ਕਿ ਅਮੈਚਿਊਰ ਸਰਕਿਟ 'ਤੇ ਖੇਡਣ ਲਈ ਹੁਣ ਉਸ ਦੀ ਉਮਰ ਨਿਕਲ ਚੁੱਕੀ ਹੈ। ਛੇ ਵਿਸ਼ਵ ਚੈਂਪੀਅਨਸ਼ਿਪ ਜਿੱਤਣਾ,ਖਾਸ ਰਿਹਾ। ਹੁਣ ਮੈਂ ਉਸ ਉਮਰ ਵਿਚ ਹਾਂ ਕਿ ਦੇਸ਼ ਲਈ ਅਮੈਚਿਊਰ ਸਰਕਿਟ ਨਹੀਂ ਖੇਡ ਸਕਦੀ। ਮੈਰੀ ਕਾਮ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪਾਂ ਵਿਚ ਅੱਠ ਮੈਡਲ ਜਿੱਤੇ ਹਨ, ਜਿਨ੍ਹਾਂ 'ਚੋਂ 6 ਤਗਮੇ ਸੋਨੇ ਦੇ ਹਨ। ਉਸ ਨੇ 19 ਤਗਮੇ ਜਿੱਤ ਕੇ ਭਾਰਤ ਦੀ ਝੋਲੀ ਪਾਏ ਹਨ। ਮੈਰੀ ਦਾ ਸੰਬੰਧ ਮਨੀਪੁਰ ਸੂਬੇ ਨਾਲ ਹੈ। 24 ਨਵੰਬਰ 1982 ਨੂੰ ਪਿੰਡ ਕਾਂਗਾਥੇਈ (ਚੂਰਾਚਨਪੁਰ) ਵਿਖੇ ਮਾਤਾ ਮਾਂਗਟੇ ਆਖਮ ਕਾਮ ਤੇ ਪਿਤਾ ਮਾਂਗੇਟ ਟੋਪਾ ਕਾਮ ਦੇ ਘਰ ਉਸ ਦਾ ਜਨਮ ਹੋਇਆ। ਉਸ ਦੀ ਇਕ ਭੈਣ ਤੇ ਇਕ ਭਰਾ ਹੈ। ਉਹ ਛੋਟੇ ਹੁੰਦਿਆਂ ਮਨੀਪੁਰ ਦੀਆਂ ਪਹਾੜੀਆਂ 'ਚ ਆਪਣੇ ਪਿਤਾ ਨਾਲ ਖੇਤਾਂ ਵਿਚ ਖੂਬ ਕੰਮ ਕਰਦੀ ਰਹੀ। ਸ਼ੁਰੂ-ਸ਼ੁਰੂ 'ਚ ਮੈਰੀ ਦਾ ਰੁਝਾਨ ਐਥਲੈਟਿਕਸ ਵੱਲ ਸੀ ਪਰ ਆਪਣੇ ਰਾਜ ਦੇ ਏਸ਼ੀਆਈ ਮੁੱਕੇਬਾਜ਼ ਡਿੰਕੋ ਸਿੰਘ ਦੀ ਚੜ੍ਹਤ ਵੇਖ ਉਹ ਇਸ ਖੇਡ ਵੱਲ ਖਿੱਚੀ ਗਈ। ਬਾਅਦ 'ਚ ਉਹ ਰਾਜ ਦੇ ਮੁੱਕੇਬਾਜ਼ੀ ਕੋਚ ਐਸ. ਨਰਜਿਤ ਸਿੰਘ ਦੀ ਨਿਗਰਾਨੀ ਹੇਠ ਕੋਚਿੰਗ ਲੈਣ ਲੱਗੀ। ਮੈਰੀ ਦੀ ਚੜ੍ਹਤ ਉਸ ਵੇਲੇ ਹੋਈ, ਜਦੋਂ ਉਸ ਨੇ 2002 ਵਿਚ ਅੰਨਾਤਾਲਿਆ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ ਉਸ ਨੇ 2005, 2006, 2008, 2010 ਤੇ 2018 'ਚ ਇਸੇ ਚੈਂਪੀਅਨਸ਼ਿਪ 'ਚ ਸੋਨ ਤਗਮੇ ਜਿੱਤ ਕੇ ਤਹਿਲਕਾ ਮਚਾ ਦਿੱਤਾ। 2001 'ਚ ਚਾਂਦੀ ਤੇ 2019 'ਚ ਕਾਂਸੀ ਦੇ ਤਗਮੇ ਜਿੱਤੇ। 2009 ਦੀਆਂ ਏਸ਼ੀਅਨ ਇਨਡੋਰ ਖੇਡਾਂ (ਹਨੋਈ) 'ਚ ਵੀ ਉਸ ਨੇ ਸੋਨ ਤਗਮਾ ਜਿੱਤਿਆ। 2018 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਵੀ ਉਸ ਨੇ ਸੋਨ ਤਗਮਾ ਪ੍ਰਾਪਤ ਕੀਤਾ। ਉਸ ਨੇ 2010 ਦੀਆਂ ਏਸ਼ੀਆਈ ਖੇਡਾਂ 'ਚ ਕਾਂਸੀ ਤੇ 2014 ਦੀਆਂ ਇੰਚੋਇਨ ਖੇਡਾਂ (ਦੱਖਣੀ ਕੋਰੀਆ) ਵਿਚ ਸੋਨ ਤਗਮਾ ਜਿੱਤਿਆ, ਜੋ ਏਸ਼ੀਆਈ ਖੇਡਾਂ ਵਿਚ ਮੁੱਕੇਬਾਜ਼ੀ ਦਾ ਭਾਰਤ ਦਾ ਪਹਿਲਾ ਮਹਿਲਾ ਸੋਨ ਤਗਮਾ ਸੀ। ਉਸ ਨੇ 7 ਹੋਰ ਤਗਮੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪਜ਼ ਵਿਚ ਜਿੱਤੇ। ਉਹ ਉਲੰਪਿਕ ਖੇਡਾਂ 'ਚ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਮੁੱਕੇਬਾਜ਼ ਹੈ। ਜਿਵੇਂ ਮਿਲਖਾ ਸਿੰਘ ਨੂੰ ਉਲੰਪਿਕ 'ਚ ਕੋਈ ਤਗਮਾ ਨਾ ਜਿੱੱਤਣ ਦਾ ਦੁੱਖ ਸਾਰੀ ਉਮਰ ਸਤਾਉਂਦਾ ਰਿਹਾ, ਉਵੇਂ ਹੀ ਮੈਰੀ ਦੀ ਇੱਛਾ ਵੀ ਰਹਿ ਗਈ ਕਿ ਉਹ 2016 ਦੀਆਂ ਰੀਓ ਉਲੰਪਿਕ ਵਿਚ ਹਿੱਸਾ ਨਾ ਲੈ ਸਕੀ। ਉਸ ਨੂੰ ਯਕੀਨ ਸੀ ਕਿ ਉਹ ਜ਼ਰੂਰ ਇਕ ਤਗਮਾ ਹੋਰ ਜਿੱਤਦੀ। 2021 ਦੀਆਂ ਉਲੰਪਿਕ ਵਿਚ ਉਸ ਨੇ ਫਿਰ ਹਿੱਸਾ ਲਿਆ, ਪਰ ਤਗਮਾ ਨਾ ਜਿੱਤ ਸਕੀ। ਜਿਵੇਂ ਮੈਰੀ ਨੇ ਦੇਸ਼ ਦਾ ਮਾਣ ਵਧਾਇਆ ਹੈ, ਉਵੇਂ ਹੀ ਭਾਰਤ ਸਰਕਾਰ ਤੇ ਰਾਜ ਸਰਕਾਰ ਨੇ ਉਸ ਦੀ ਰੱਜ ਕੇ ਝੋਲੀ ਭਰੀ। ਉਸ ਨੂੰ 2006 'ਚ ਅਰਜੁਨ ਪੁਰਸਕਾਰ, 2013 'ਚ ਮੇਜਰ ਧਿਆਨ ਚੰਦ ਖੇਲ ਰਤਨ, 2009 'ਚ ਪਦਮਸ੍ਰੀ, 2020 'ਚ ਪਦਮ ਭੂਸ਼ਨ ਤੇ 2021 ਵਿਚ ਪਦਮ ਵਿਭੂਸ਼ਨ ਪੁਰਸਕਾਰ ਦਿੱਤੇ ਗਏ। ਉਲੰਪਿਕ ਤਗਮਾ ਜਿੱਤਣ 'ਤੇ ਉਸ ਨੂੰ ਵੱਖ-ਵੱਖ ਰਾਜ ਸਰਕਾਰਾਂ ਤੇ ਸੰਸਥਾਵਾਂ ਨੇ 1 ਕਰੋੜ 55 ਲੱਖ ਦੇ ਨਕਦ ਇਨਾਮ ਦਿੱਤੇ ਸਨ। ਉਸ ਨੂੰ ਦੋ ਯੂਨੀਵਰਸਿਟੀਆਂ ਨੇ ਡੀ.ਲਿੱਟ. ਤੇ ਡੀ.ਫਿਲ. ਦੀ ਡਿਗਰੀ ਨਾਲ ਸਨਮਾਨਿਤ ਕੀਤਾ। 2014 'ਚ ਉਸ ਦੇ ਜੀਵਨ 'ਤੇ ਇਕ ਫਿਲਮ 'ਮੈਰੀ ਕਾਮ' ਵੀ ਬਣਾਈ ਗਈ ਸੀ। 2007 'ਚ ਉਸ ਦਾ ਨਾਂਅ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋਇਆ। 2005 'ਚ ਉਹ ਫੁੱਟਬਾਲ ਖਿਡਾਰੀ ਕਾਰੁੰਗ ਉਨਲਰ ਨਾਲ ਵਿਆਹ ਬੰਧਨ 'ਚ ਬੱਝ ਗਈ ਤੇ ਉਸ ਨੇ ਪਹਿਲਾਂ ਜੁੜਵੇ ਬੇਟਿਆਂ ਨੂੰ ਜਨਮ ਦਿੱਤਾ ਤੇ ਬਾਅਦ 'ਚ ਇਕ ਹੋਰ ਬੇਟੇ ਨੂੰ। ਆਸ ਕਰਦੇ ਹਾਂ ਕਿ 45 ਸਾਲਾਂ ਨੂੰ ਢੁਕੀ ਮੈਰੀ ਕਾਮ ਪੇਸ਼ੇਵਰ ਰਿੰਗ 'ਚ ਵੀ 'ਗੋਲਡਨ ਪੰਚ' ਮਾਰੇਗੀ।
-ਤਹਿ-ਸੁਨਾਮ (ਸੰਗਰੂਰ)। ਮੋਬਾਈਲ : 94631-28483