ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪਾਣੀ ਬਚਾਉਣ ਤੇ ਖੇਤੀ ਭਿੰਨਤਾ ਲਈ ਲਾਹੇਵੰਦ ਹੈ ਬਹਾਰ ਰੁੱਤ ਦੀ ਮੂੰਗਫਲੀ

Ad Position 21
No active advertisement
ਅਜੀਤ ਡੈਸਕ 23-06-2026

ਬਹਾਰ ਰੁੱਤ ਦੀ ਮੂੰਗਫਲੀ ਜਿੱਥੇ ਧਰਤੀ ਹੇਠਲੇ ਘਟ ਰਹੇ ਪਾਣੀ ਦੀ ਬੱਚਤ ਲਈ ਲਾਹੇਵੰਦ ਹੋਵੇਗੀ, ਉੱਥੇ ਪੰਜਾਬ ਵਿਚ ਖੇਤੀ ਵਿਭਿੰਨਤਾ ਵੀ ਹੁਲਾਰਾ ਦੇਵੇਗੀ। ਪੰਜਾਬ ਵਿਚ ਹਰੀ ਕ੍ਰਾਂਤੀ ਤੋਂ ਪਹਿਲਾਂ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਸਵਾ 2 ਲੱਖ ਹੈਕਟੇਅਰ ਰਕਬੇ ਵਿਚ ਮੂੰਗਫਲੀ ਦੀ ਬਿਜਾਈ ਕੀਤੀ ਜਾਂਦੀ ਸੀ, ਪਰ 1980 ਤੋਂ ਬਾਅਦ ਮੂੰਗਫਲੀ ਹੇਠਾਂ ਰਕਬਾ ਲਗਾਤਾਰ ਘਟਦਾ ਰਿਹਾ। ਅੱਜ ਪੰਜਾਬ ਦੇ ਕੁਝ ਚੋਣਵੇਂ ਜ਼ਿਲ੍ਹਿਆਂ ਵਿਚ 2600 ਏਕੜ ਵਿਚ ਮੂੰਗਫਲੀ ਦੀ ਬਿਜਾਈ ਕੀਤੀ ਜਾ ਰਹੀ ਹੈ। ਕਪੂਰਥਲਾ ਜ਼ਿਲ੍ਹੇ ਦੇ ਦੋਨਾ ਖੇਤਰ ਵਿਚ ਵੱਡੀ ਗਿਣਤੀ ਵਿਚ ਕਿਸਾਨ ਮੂੰਗਫਲੀ ਦੀ ਖੇਤੀ ਕਰਦੇ ਸਨ। ਦੋ ਫ਼ਸਲੀ ਚੱਕਰਾਂ ਕਾਰਨ ਹੌਲੀ-ਹੌਲੀ ਕਿਸਾਨਾਂ ਨੇ ਮੂੰਗਫਲੀ ਹੇਠਲਾ ਰਕਬਾ ਘਟਾ ਦਿੱਤਾ ਤੇ ਦੋਨਾ ਖੇਤਰ ਵਿਚ ਵੀ ਝੋਨਾ, ਮੱਕੀ, ਆਲੂ, ਖ਼ਰਬੂਜ਼ਾ ਆਦਿ ਨੂੰ ਕਿਸਾਨਾਂ ਨੇ ਵੱਡੇ ਪੱਧਰ 'ਤੇ ਅਪਣਾ ਲਿਆ, ਜਿਸ ਨਾਲ ਧਰਤੀ ਦੀ ਤਸੀਰ ਵਿਚ ਵੀ ਬਦਲਾਅ ਆਇਆ। ਪਿਛਲੇ ਵਰ੍ਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸੰਬੰਧਿਤ ਕਪੂਰਥਲਾ ਵਿਚਲੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਹਰਿੰਦਰ ਸਿੰਘ ਤੇ ਖੇਤੀ ਵਿਗਿਆਨੀ ਮਨਦੀਪ ਸਿੰਘ ਦੇ ਯਤਨਾਂ ਸਦਕਾ ਕਪੂਰਥਲਾ ਜ਼ਿਲ੍ਹੇ ਵਿਚ ਦਰਜਨ ਤੋਂ ਵੱਧ ਕਿਸਾਨਾਂ ਨੇ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿਚ ਦੋਨਾ ਹੀ ਨਹੀਂ, ਸਗੋਂ ਬੇਟ ਖੇਤਰ ਦੇ ਪਿੰਡ ਵੀ ਸ਼ਾਮਿਲ ਹਨ, 72 ਏਕੜ ਰਕਬੇ ਵਿਚ ਬਹਾਰ ਰੁੱਤ ਦੀ ਮੂੰਗਫਲੀ ਦੀ ਬਿਜਾਈ ਕੀਤੀ। ਮੂੰਗਫਲੀ ਦੀ ਖੇਤੀ ਮੁੜ ਜ਼ਿਲ੍ਹੇ ਵਿਚ ਸ਼ੁਰੂ ਕਰਨ ਦਾ ਸਿਹਰਾ ਪਿੰਡ ਮੋਠਾਂਵਾਲਾ ਦੇ ਕਿਸਾਨ ਮਾਸਟਰ ਜਰਨੈਲ ਸਿੰਘ ਸਿਰ ਬੱਝਦਾ ਹੈ, ਜੋ ਪਿਛਲੇ ਵਰ੍ਹਿਆਂ ਦੌਰਾਨ ਉੱਤਰ ਪ੍ਰਦੇਸ਼ ਵਿਚ ਮੱਕੀ ਬੀਜਦੇ ਰਹੇ ਤੇ ਉਨ੍ਹਾਂ ਮੁੜ ਆਪਣੇ ਪਿੰਡ ਆ ਕੇ ਬਹਾਰ ਰੁੱਤ ਦੀ ਮੂੰਗਫਲੀ ਦੀ ਖੇਤੀ ਦੀ ਸ਼ੁਰੂਆਤ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਦੇ ਸਹਿਯੋਗ ਨਾਲ ਉਨ੍ਹਾਂ 26 ਏਕੜ ਰਕਬੇ ਵਿਚ ਬਹਾਰ ਰੁੱਤ ਦੀ ਮੂੰਗਫਲੀ ਦੀ ਬਿਜਾਈ ਕੀਤੀ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਜ਼ਿਲ੍ਹੇ ਦੇ ਪਿੰਡ ਨਾਨੋ ਮੱਲੀਆਂ ਦੇ ਉੱਘੇ ਕਿਸਾਨ ਜਗਤਾਰ ਸਿੰਘ ਜੱਗਾ ਨੇ ਵੀ 10 ਏਕੜ ਰਕਬੇ ਵਿਚ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਕੀਤੀ। ਜ਼ਿਲ੍ਹੇ ਦੇ ਕਿਸਾਨਾਂ ਵਲੋਂ ਬਹਾਰ ਰੁੱਤ ਦੀ ਮੂੰਗਫਲੀ ਦੀ ਬਿਜਾਈ ਕੀਤੇ ਜਾਣ ਸੰਬੰਧੀ ਕੀਤੇ ਗਏ ਪਲੇਠੇ ਤਜਰਬੇ ਨੂੰ ਦੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਡਾ. ਮੱਖਣ ਸਿੰਘ ਭੁੱਲਰ ਡਾਇਰੈਕਟਰ ਖੇਤੀ ਪਸਾਰ ਲੁਧਿਆਣਾ ਨੇ ਵੀ ਪਿੰਡ ਮੋਠਾਂਵਾਲਾ ਵਿਚ ਮਾਸਟਰ ਜਰਨੈਲ ਸਿੰਘ ਦੇ ਖੇਤਾਂ ਵਿਚ ਬੀਜੀ ਮੂੰਗਫਲੀ ਦੀ ਫ਼ਸਲ ਦੇਖ ਕੇ ਉਨ੍ਹਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਵੀ ਬਹਾਰ ਰੁੱਤ ਤੋਂ ਇਲਾਵਾ ਮੂੰਗਫਲੀ ਨੂੰ ਸਾਉਣੀ ਦੀ ਫ਼ਸਲ ਵਜੋਂ ਬੀਜਣ ਦੀ ਸਲਾਹ ਦਿੱਤੀ। ਜਰਨੈਲ ਸਿੰਘ ਮੋਠਾਂਵਾਲਾ ਨੇ ਦੱਸਿਆ ਕਿ ਬਹਾਰ ਰੁੱਤ ਦੀ ਮੂੰਗਫਲੀ ਨੂੰ ਕੇਵਲ 4-5 ਵਾਰ ਪਾਣੀਆਂ ਦੀ ਲੋੜ ਪੈਂਦੀ ਹੈ, ਜਦਕਿ ਇਸ ਰੁੱਤ ਦੌਰਾਨ ਬੀਜੀ ਗਈ ਮੱਕੀ 18-19 ਵਾਰ ਪਾਣੀ ਲੈਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਲੂ ਦੀ ਫ਼ਸਲ ਦੀ ਬਿਜਾਈ ਤੋਂ ਬਾਅਦ ਜਿਨ੍ਹਾਂ ਖੇਤਾਂ ਵਿਚ ਮੈਂ ਬਹਾਰ ਰੁੱਤ ਦੀ ਮੂੰਗਫਲੀ ਦੀ ਬਿਜਾਈ ਕੀਤੀ ਹੈ, ਉਨ੍ਹਾਂ ਵਿਚ ਜਿਪਸਮ ਦੀਆਂ ਕੁਝ ਬੋਰੀਆਂ ਦੀ ਵਰਤੋਂ ਕੀਤੀ ਹੈ, ਜਦਕਿ ਕਿਸੇ ਵੀ ਕਿਸਮ ਦੀ ਖਾਦ ਜਾਂ ਦਵਾਈ ਦੀ ਉਨ੍ਹਾਂ ਮੂੰਗਫਲੀ ਦੇ ਖੇਤ ਵਿਚ ਵਰਤੋਂ ਨਹੀਂ ਕੀਤੀ, ਜਦਕਿ ਮੱਕੀ ਪਾਲਣ ਲਈ ਵੱਡੀ ਮਾਤਰਾ ਵਿਚ ਖਾਦ ਤੇ ਸਪਰੇਅ ਵਗੈਰਾ ਦੀ ਲੋੜ ਪੈਂਦੀ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਉਹ ਬਹਾਰ ਰੁੱਤ ਦੀ ਮੂੰਗਫਲੀ ਦੀ ਪੁਟਾਈ ਕਰਕੇ ਮੁੜ ਜੁਲਾਈ ਮਹੀਨੇ ਵਿਚ ਮੂੰਗਫਲੀ ਦੀ ਬਿਜਾਈ ਕਰਨਗੇ। ਉੱਘੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਇਲਾਕੇ ਦੇ ਕਿਸਾਨ ਵੀਰਾਂ ਨੂੰ ਬਹਾਰ ਰੁੱਤ ਦੀ ਮੂੰਗਫਲੀ ਬੀਜਣ ਲਈ ਉਤਸ਼ਾਹਿਤ ਕਰਦੇ ਆ ਰਹੇ ਹਨ।

-ਇੰਚਾਰਜ ਉਪ ਦਫ਼ਤਰ, ਕਪੂਰਥਲਾ
ਮੋਬਾਈਲ : 98159-49153

Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਫ਼ਸਲ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਅਗਲੀ ਖ਼ਬਰ ਪੇਸ਼ੇਵਰ ਮੁੱਕੇਬਾਜ਼ ਬਣਨ ਦੀ ਤਿਆਰੀ 'ਚ ਮੈਰੀ ਕਾਮ
Ad Position 24
No active advertisement