ਫ਼ਸਲੀ ਭਿੰਨਤਾ ਪੰਜਾਬ ਦੀ ਖੇਤੀਬਾੜੀ ਖ਼ਾਸ ਕਰਕੇ ਗੁਰਦਾਸਪੁਰ ਦੇ ਕੰਢੀ ਅਤੇ ਸਰਹੱਦੀ ਖੇਤਰਾਂ ਲਈ ਸਮੇਂ ਦੀ ਮੁੱਖ ਲੋੜ ਬਣ ਗਈ ਹੈ | ਖੇਤੀ ਭਿੰਨਤਾ ਨੂੰ ਆਪਣਾ ਕੇ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨ ਵਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ ਪੁੱਤਰ ਅਮਿੰਦਰ ਸਿੰਘ ਚੀਮਾ ਪਿੰਡ ਬਰਿਆਰ ਤਹਿਸੀਲ ਦੀਨਾਨਗਰ ਦਾ ਵਸਨੀਕ ਹੈ | ਸ. ਚੀਮਾ ਨੇ ਰਵਾਇਤੀ ਕਣਕ-ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਬਾਗ਼ਬਾਨੀ ਫ਼ਸਲਾਂ ਦੀ ਕਾਸ਼ਤ ਵੱਲ ਰੁਖ਼ ਕੀਤਾ ਅਤੇ ਅੱਜ ਉਹ ਪੰਜਾਬ ਦੇ ਮੋਹਰੀ ਲੀਚੀ ਕਾਸ਼ਤਕਾਰਾਂ ਵਿਚ ਅਹਿਮ ਬਾਗਬਾਨ ਵਜੋਂ ਜਾਣੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਰਣਜੀਤ ਬਾਗ ਅਧੀਨ ਆਉਂਦੇ ਰਕਬੇ ਨੂੰ ਲਾਲੀ ਗਾਰਡਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | 1988 ਦੇ ਆਸ-ਪਾਸ ਜਦੋਂ ਪੰਜਾਬ ਦੇ ਕਿਸਾਨ ਰਵਾਇਤੀ ਝੋਨਾ-ਕਣਕ ਪ੍ਰਣਾਲੀ ਅਤੇ ਝੋਨੇ ਦੀ ਕਾਸ਼ਤ ਵਿਚ ਵਧ ਰਹੇ ਖ਼ਰਚਿਆਂ ਅਤੇ ਘੱਟ ਮੁਨਾਫ਼ੇ ਤੋਂ ਚਿੰਤਤ ਸਨ, ਉਸ ਸਮੇਂ ਲਾਲੀ ਚੀਮਾ ਨੇ ਖੇਤੀ ਵਿਚ ਭਿੰਨਤਾ ਲਿਆਉਣ ਦਾ ਨਵਾਂ ਰਾਹ ਚੁਣਿਆ ਅਤੇ ਲਗਭਗ 10 ਏਕੜ ਜ਼ਮੀਨ ਵਿਚ ਲੀਚੀ ਦਾ ਬਾਗ ਲਗਾਉਣ ਦਾ ਫ਼ੈਸਲਾ ਕੀਤਾ | ਇਸ ਉਦੇਸ਼ ਲਈ ਉਨ੍ਹਾਂ ਨੇ ਪੀ.ਏ.ਯੂ. ਰਿਜਨਲ ਸਟੇਸ਼ਨ ਗੁਰਦਾਸਪੁਰ ਨਾਲ ਸੰਬੰਧਿਤ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈ ਕੇ ਉੱਤਮ ਕਿਸਮਾਂ ਦੇ ਲੀਚੀ ਦੇ ਬੂਟੇ ਪ੍ਰਾਪਤ ਕੀਤੇ | ਲੀਚੀ ਦੀ ਕਾਸ਼ਤ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਨੇ ਰਵਾਇਤੀ ਢੰਗ-ਤਰੀਕਿਆਂ ਦੀ ਬਜਾਏ ਵਿਗਿਆਨਕ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਇਆ | ਇਸ ਨਾਲ ਲੀਚੀ ਦੇ ਬੂਟਿਆਂ ਦਾ ਚੰਗਾ ਵਿਕਾਸ ਹੋਇਆ ਅਤੇ ਸਮੇਂ ਦੇ ਨਾਲ ਬਾਗ ਵਪਾਰਕ ਪੱਧਰ 'ਤੇ ਉਤਪਾਦਨ ਦੇਣ ਲੱਗਾ | ਲਾਲੀ ਚੀਮਾ ਦੀ ਇਹ ਪਹਿਲ ਸਿਰਫ਼ ਇਕ ਕਿਸਾਨ ਦੀ ਨਿੱਜੀ ਸਫ਼ਲਤਾ ਹੀ ਨਹੀਂ, ਸਗੋਂ ਫ਼ਸਲੀ ਭਿੰਨਤਾ ਦੀ ਇਕ ਪ੍ਰੇਰਨਾਦਾਇਕ ਉਦਾਹਰਨ ਵੀ ਬਣੀ | ਲੀਚੀ ਵਰਗੀ ਬਾਗ਼ਬਾਨੀ ਫ਼ਸਲ ਨੂੰ ਅਪਣਾਉਣ ਨਾਲ ਉਨ੍ਹਾਂ ਨੇ ਝੋਨੇ 'ਤੇ ਨਿਰਭਰਤਾ ਘਟਾਈ ਅਤੇ ਆਪਣੀ ਜ਼ਮੀਨ ਤੋਂ ਵਧੇਰੇ ਆਮਦਨ ਪ੍ਰਾਪਤ ਕਰਨ ਦਾ ਰਾਹ ਬਣਾਇਆ | ਉਨ੍ਹਾਂ ਦੀ ਸਫ਼ਲਤਾ ਨੇ ਹੋਰ ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲਾਂ ਦੇ ਨਾਲ ਫ਼ਲਦਾਰ ਬੂਟਿਆਂ ਅਤੇ ਹੋਰ ਬਾਗਬਾਨੀ ਫ਼ਸਲਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਦੱਸਿਆ ਕਿ ਰਣਜੀਤ ਬਾਗ਼ ਵਿਚ ਉਨ੍ਹਾਂ ਵਲੋਂ ਲੀਚੀ ਦੀਆਂ ਪ੍ਰਮੁੱਖ ਕਿਸਮਾਂ ਕਲਕਤੀਆ, ਦੇਹਰਾਦੂਨ ਅਤੇ ਸੀਡਲੈਸ ਲੇਟ ਦੀ ਕਾਸ਼ਤ ਕੀਤੀ ਗਈ ਹੈ | ਇਸ ਕਿਸਮ ਦੇ ਵਧੀਆ ਗੁਣਵੱਤਾ ਵਾਲੇ ਫ਼ਲ ਹੋਣ ਕਾਰਨ ਇਨ੍ਹਾਂ ਦੀ ਮੰਡੀ ਵਿਚ ਚੰਗੀ ਮੰਗ ਰਹਿੰਦੀ ਹੈ ਅਤੇ ਆਮ ਲੀਚੀ ਦੇ ਮੁਕਾਬਲੇ ਵਧੀਆ ਭਾਅ ਮਿਲ ਜਾਂਦਾ ਹੈ | ਇਸ ਤਰ੍ਹਾਂ ਉੱਤਮ ਕਿਸਮਾਂ ਦੀ ਚੋਣ ਨੇ ਉਨ੍ਹਾਂ ਦੀ ਬਾਗਬਾਨੀ ਨੂੰ ਵਪਾਰਕ ਤੌਰ 'ਤੇ ਵਧੇਰੇ ਲਾਭਦਾਇਕ ਬਣਾਇਆ | ਉਨ੍ਹਾਂ ਅਨੁਸਾਰ ਲੀਚੀ ਦੇ ਬਾਗ ਤੋਂ ਪ੍ਰਾਪਤ ਮੁਨਾਫ਼ਾ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਕਈ ਗੁਣਾ ਵੱਧ ਹੈ | ਚੰਗੀ ਪੈਦਾਵਾਰ, ਉੱਚ ਗੁਣਵੱਤਾ ਅਤੇ ਮੰਡੀ ਵਿਚ ਵਧੀਆ ਕੀਮਤ ਮਿਲਣ ਕਾਰਨ ਉਨ੍ਹਾਂ ਦੀ ਸਾਲਾਨਾ ਆਮਦਨ ਲਗਪਗ 15-20 ਲੱਖ ਰੁਪਏ ਤੱਕ ਪਹੁੰਚ ਗਈ | ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਲੰਬੇ ਸਮੇਂ ਦੀ ਯੋਜਨਾਬੰਦੀ ਨਾਲ ਫ਼ਲਦਾਰ ਬਾਗ ਕਿਸਾਨਾਂ ਲਈ ਆਮਦਨ ਦਾ ਮਜ਼ਬੂਤ ਸਰੋਤ ਬਣ ਸਕਦੇ ਹਨ | ਲਾਲੀ ਚੀਮਾ ਦਾ ਲੀਚੀ ਬਾਗ ਇਲਾਕੇ ਦੇ ਹੋਰ ਕਿਸਾਨਾਂ ਲਈ ਇਕ ਸਫਲ ਫ਼ਸਲੀ ਭਿੰਨਤਾ ਮਾਡਲ ਬਣਿਆ ਹੈ | ਉਨ੍ਹਾਂ ਦੀ ਸਫ਼ਲਤਾ ਨੂੰ ਦੇਖ ਕੇ ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਖੇਤਰ ਦੇ ਕਈ ਕਿਸਾਨਾਂ ਨੇ ਵੀ ਰਵਾਇਤੀ ਫ਼ਸਲਾਂ ਦੇ ਨਾਲ ਲੀਚੀ ਅਤੇ ਹੋਰ ਬਾਗਬਾਨੀ ਫ਼ਸਲਾਂ ਵੱਲ ਰੁਝਾਨ ਦਿਖਾਇਆ | ਇਸ ਨਾਲ ਇਲਾਕੇ ਵਿਚ ਬਾਗਬਾਨੀ ਨੂੰ ਇਕ ਬਦਲਵੀਂ ਅਤੇ ਵਧੇਰੇ ਆਮਦਨ ਵਾਲੀ ਖੇਤੀ ਪ੍ਰਣਾਲੀ ਵਜੋਂ ਉਤਸ਼ਾਹ ਮਿਲਿਆ | ਉਨ੍ਹਾਂ ਦੀ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ ਉਹ ਆਪਣੇ ਖੇਤੀਬਾੜੀ ਤਜਰਬੇ ਨੂੰ ਹੋਰ ਕਿਸਾਨਾਂ ਨਾਲ ਵੀ ਸਾਂਝਾ ਕਰਦੇ ਹਨ | ਬਾਗ ਦੀ ਸਥਾਪਨਾ, ਬੂਟਿਆਂ ਦੀ ਸੰਭਾਲ, ਸਿੰਜਾਈ, ਛਾਂਟੀ, ਕੀਟ ਨਿਯੰਤਰਨ ਅਤੇ ਫ਼ਲਾਂ ਦੀ ਤੁੜਾਈ ਵਰਗੇ ਵਿਸ਼ਿਆਂ ਬਾਰੇ ਕਿਸਾਨਾਂ ਨੂੰ ਵਿਹਾਰਕ ਜਾਣਕਾਰੀ ਦੇਣਾ ਹੋਰ ਕਿਸਾਨਾਂ ਨੂੰ ਬਾਗਬਾਨੀ ਅਪਣਾਉਣ ਵਿਚ ਮਦਦ ਕਰਦਾ ਹੈ | ਦਿਲਬਾਗ ਸਿੰਘ ਚੀਮਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਦੇ ਸੰਗਠਨ 'ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਗੁਰਦਾਸਪੁਰ' ਦਾ ਸਰਗਰਮ ਮੈਂਬਰ ਹਨ, ਜੋ ਵਾਤਾਵਰਨ ਪੱਖੀ, ਪਾਣੀ ਸੰਭਾਲ, ਪ੍ਰਦੁਸ਼ਣ ਮੁਕਤ ਖੇਤੀ ਤਕਨੀਕਾਂ ਦਾ ਪਸਾਰ ਕਰਦੇ ਹਨ | ਇਨ੍ਹਾਂ ਗਤੀਵਿਧੀਆਂ ਨਾਲ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਸ. ਚੀਮਾ ਨੇ ਕਈ ਸਰਕਾਰੀ ਕਿਸਾਨ ਜਾਗਰੂਕਤਾ ਪ੍ਰੋਗਰਾਮਾਂ ਵਿਚ ਸਨਮਾਨ ਵੀ ਹਾਸਲ ਕੀਤੇ ਹਨ | ਲਾਲੀ ਗਾਰਡਨ ਨੇ ਬਾਗਬਾਨੀ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ | ਪੰਜਾਬ ਦੇ ਬਾਗਬਾਨੀ ਵਿਭਾਗ ਵਲੋਂ ਇਸ ਬਾਗ ਨੂੰ ਮਾਡਲ/ਪ੍ਰਦਰਸ਼ਨੀ ਬਾਗ ਵਜੋਂ ਮਾਨਤਾ ਮਿਲਣਾ ਇਸ ਦੀ ਸਫ਼ਲਤਾ ਤੇ ਵਿਗਿਆਨਕ ਪ੍ਰਬੰਧਨ ਦਾ ਮਹੱਤਵਪੂਰਨ ਪ੍ਰਮਾਣ ਹੈ | ਇਸ ਬਾਗ ਨੂੰ ਹੋਰ ਕਿਸਾਨਾਂ ਲਈ ਇਕ ਵਿਹਾਰਕ ਸਿੱਖਿਆ ਕੇਂਦਰ ਵਜੋਂ ਵੀ ਵਰਤਿਆ ਜਾਂਦਾ ਹੈ | ਪੀ.ਏ.ਯੂ. ਲੁਧਿਆਣਾ, ਖੇਤੀਬਾੜੀ ਕਿਸਾਨ ਭਲਾਈ ਅਤੇ ਬਾਗਬਾਨੀ ਵਿਭਾਗ ਨਾਲ ਜੁੜੇ ਮਾਹਿਰ ਅਤੇ ਵਿਗਿਆਨੀ ਕਿਸਾਨਾਂ ਨੂੰ ਬਾਗਬਾਨੀ ਦੀਆਂ ਆਧੁਨਿਕ ਤਕਨੀਕਾਂ ਨਾਲ ਜਾਣੂ ਕਰਵਾਉਣ ਲਈ ਇੱਥੋਂ ਦੇ ਦੌਰੇ ਕਰਾਉਂਦੇ ਰਹਿੰਦੇ ਹਨ | ਲਾਲੀ ਚੀਮਾ ਦੀ ਸੋਚ ਦਾ ਮੁੱਖ ਕੇਂਦਰ ਵੱਧ ਆਮਦਨ, ਘੱਟ ਪਾਣੀ ਤੇ ਟਿਕਾਊ ਖੇਤੀ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਜੇ ਬਾਗਬਾਨੀ ਨੂੰ ਸਹੀ ਯੋਜਨਾਬੰਦੀ, ਮਿਹਨਤ ਅਤੇ ਆਧੁਨਿਕ ਖੇਤੀ ਤਕਨੀਕਾਂ ਨਾਲ ਲੈੱਸ ਕੀਤਾ ਜਾਵੇ ਤਾਂ ਇਹ ਰਵਾਇਤੀ ਝੋਨਾ-ਕਣਕ ਦੇ ਫ਼ਸਲੀ ਚੱਕਰ ਨਾਲੋਂ ਵਧੇਰੇ ਲਾਭਦਾਇਕ ਹੋ ਸਕਦੀ ਹੈ | ਖ਼ਾਸ ਕਰਕੇ ਪਾਣੀ ਦੀ ਘਾਟ ਦੇ ਮੱਦੇਨਜ਼ਰ ਉਹ ਕਿਸਾਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਤੇ ਸਿੰਚਾਈ ਦੀਆਂ ਆਧੁਨਿਕ ਪ੍ਰਣਾਲੀਆਂ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ | ਲਾਲੀ ਚੀਮਾ ਨੌਜਵਾਨ ਕਿਸਾਨਾਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਸਿਰਫ਼ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਰਹਿਣ ਦੀ ਬਜਾਏ ਨਵੀਆਂ ਅਤੇ ਉੱਚ ਮੁੱਲ ਵਾਲੀਆਂ ਫ਼ਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ | ਲੀਚੀ ਵਰਗੀਆਂ ਬਾਗਬਾਨੀ ਫ਼ਸਲਾਂ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰਨ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਵਾਤਾਵਰਨ ਦੀ ਸੁਰੱਖਿਆ ਵਿਚ ਵੀ ਯੋਗਦਾਨ ਪਾ ਸਕਦੇ ਹਨ |
-ਗੁਰਦਾਸਪੁਰ |
ਮੋਬਾਈਲ : 95305-31919