ਆਮ ਤੌਰ 'ਤੇ ਮੱਕੀ ਦੀ ਫ਼ਸਲ 'ਤੇ ਬਿਜਾਈ ਤੋਂ ਲੈ ਕੇ ਵਾਢੀ ਤੱਕ ਵੱਖ-ਵੱਖ ਕੀੜੇ-ਮਕੌੜਿਆਂ ਦਾ ਹਮਲਾ ਹੁੰਦਾ ਰਹਿੰਦਾ ਹੈ, ਜਿਨ੍ਹਾਂ ਦੀ ਸਮੇਂ-ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਜਾਂਦਾ ਹੈ | ਹਾਲਾਂਕਿ ਨੁਕਸਾਨ ਦੇ ਲੱਛਣਾਂ ਦੀ ਸਹੀ ਜਾਣਕਾਰੀ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਹੀ ਪਛਾਣ ਅਤੇ ਸਮੇਂ ਸਿਰ ਇਨ੍ਹਾਂ ਕੀੜੇ-ਮਕੌੜਿਆਂ ਦੀ ਰੋਕਥਾਮ ਕਰਕੇ ਅਸੀਂ ਫ਼ਸਲ ਤੋਂ ਚੰਗਾ ਝਾੜ ਲੈ ਸਕਦੇ ਹਾਂ | ਇਸ ਲਈ ਇਹ ਲੇਖ ਮੱਕੀ ਦੀ ਫ਼ਸਲ ਦੇ ਮੁੱਖ ਕੀੜੇ-ਮਕੌੜਿਆਂ ਦੇ ਸਹੀ ਪਛਾਣ, ਲੱਛਣਾਂ ਦੀ ਸਹੀ ਜਾਣਕਾਰੀ ਅਤੇ ਸੰਯੁਕਤ ਪ੍ਰਬੰਧ 'ਤੇ ਅਧਾਰਿਤ ਹੈ |
ਮੱਕੀ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ-ਵੱਖ ਕਿਸਮ ਦੇ ਕੀੜੇ-ਹੁੰਦੇ ਹਨ, ਜਿਨ੍ਹਾਂ 'ਚੋਂ ਮੁੱਖ ਹੇਠ ਲਿਖੇ ਹਨ:-
ਮੱਕੀ ਦਾ ਗੜੂੰਆਂ-ਇਹ ਮੱਕੀ ਦਾ ਮੁੱਖ ਕੀੜਾ ਹੈ ਅਤੇ ਜੂਨ ਤੋਂ ਸਤੰਬਰ ਤੱਕ ਫ਼ਸਲ ਦਾ ਨੁਕਸਾਨ ਕਰਦਾ ਹੈ | ਇਸ ਕੀੜੇ ਦੀਆਂ ਸੁੰਡੀਆਂ ਪਹਿਲਾਂ ਬੂਟੇ ਦੇ ਪੱਤਿਆਂ 'ਤੇ ਝਰੀਟਾਂ ਪਾ ਦਿੰਦੀਆਂ ਹਨ ਅਤੇ ਗੋਭ ਰਾਹੀਂ ਤਣੇ ਵਿਚ ਮੋਰੀਆਂ ਕਰ ਦਿੰਦੀਆਂ ਹਨ | ਗੋਭ ਦਾ ਵਿਚਕਾਰਲਾ ਪੱਤਾ ਛਾਣਨੀ-ਛਾਣਨੀ ਹੋ ਜਾਂਦਾ ਹੈ | ਛੋਟੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ |
ਇਸ ਕੀੜੇ ਦੀ ਰੋਕਥਾਮ ਲਈ ਇਹ ਉਪਰਾਲੇ ਕਰਨੇ ਚਾਹੀਦੇ ਹਨ:-
d ਮੱਕੀ ਦੇ ਮੁੱਢਾਂ, ਟਾਂਡਿਆਂ ਤੇ ਗੁੱਲਾਂ ਵਿਚ ਲੁਕੇ ਹੋਏ ਗੜੂੰਏਾ ਨੂੰ ਖ਼ਤਮ ਕਰੋ | ਮੱਕੀ ਵੱਢਣ ਤੋਂ ਤੁਰੰਤ ਬਾਅਦ ਖੇਤਾਂ ਨੂੰ ਵਾਹ ਦਿਓ ਤੇ ਮੁੱਢਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਓ | ਟਾਂਡੇ, ਛੱਲੀਆਂ ਤੇ ਗੁੱਲਾਂ ਨੂੰ ਅਖੀਰ ਫ਼ਰਵਰੀ ਤੱਕ ਵਰਤ ਲਉ ਤੇ ਬਚੇ ਹੋਏ ਟਾਂਡਿਆਂ ਨੂੰ ਵਰਤਣ ਲਈ ਕੁਤਰ ਲਵੋ | ਬੀਜ ਲਈ ਉਹੀ ਛੱਲੀਆਂ ਰੱਖੋ, ਜਿਨ੍ਹਾਂ 'ਤੇ ਗੜੂੰਏਾ ਦਾ ਹਮਲਾ ਨਾ ਹੋਇਆ ਹੋਵੇ |
d ਗੋਡੀ ਕਰਦੇ ਸਮੇਂ ਗੜੂੰਏਾ ਦੇ ਸਖ਼ਤ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ |
d ਟਰਾਈਕੋਗਰਾਮਾ (ਮਿੱਤਰ ਕੀੜਾ) ਰਾਹੀਂ ਪ੍ਰਜੀਵੀ ਕਿਰਿਆ ਕੀਤੇ ਹੋਏ ਕੋਰਸਾਇਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰੀ-ਪਹਿਲੀ ਵਾਰ 10 ਦਿਨਾਂ ਦੀ ਫ਼ਸਲ ਅਤੇ ਦੂਜੀ ਵਾਰ ਇਕ ਹਫ਼ਤੇ ਬਾਅਦ ਵਰਤੋ | ਇਹ ਆਂਡੇ ਗੂੰਦ ਨਾਲ ਟਰਾਈਕੋਕਾਰਡਾਂ ਉੱਪਰ ਚਿਪਕਾਏ ਹੋਏ ਹੁੰਦੇ ਹਨ | ਇਨ੍ਹਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ 'ਤੇ 1000 ਆਂਡੇ ਹੋਣ | ਇਨ੍ਹਾਂ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿਚ ਇਕਸਾਰ ਦੂਰੀ 'ਤੇ ਪਿੰਨ ਨਾਲ ਨੱਥੀ ਕਰੋ | ਇਹ ਕਾਰਡ ਮੀਂਹ ਵਾਲੇ ਦਿਨ ਨਹੀਂ ਵਰਤਣੇ ਚਾਹੀਦੇ ਹਨ |
d ਬਿਜਾਈ ਤੋਂ 2-3 ਹਫ਼ਤੇ ਪਿੱਛੋਂ ਜਿਸ ਵੇਲੇ ਪੱਤਿਆਂ 'ਤੇ ਇਸ ਕੀੜੇ ਦਾ ਹਮਲਾ ਦਿਸੇ ਤਾਂ 30 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨੀਲੀਪਰੋਲ) ਨੂੰ 60 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨੈਪਸੈਕ ਪੰਪ ਨਾਲ ਛਿੜਕਾਅ ਕਰੋ |
ਫਾਲ ਆਰਮੀਵਰਮ-ਇਹ ਕੀੜਾ ਅਮਰੀਕਨ ਦੇਸ਼ਾਂ ਵਿਚ ਪਾਇਆ ਜਾਣ ਵਾਲਾ ਇਕ ਬਹੁਤ ਹੀ ਵਿਨਾਸ਼ਕਾਰੀ ਕੀਟ ਹੈ, ਜੋ ਕਿ ਪਿਛਲੇ 1-2 ਸਾਲਾਂ ਮਗਰੋਂ ਭਾਰਤ ਦੇ ਪੰਜਾਬ ਅਤੇ ਹੋਰ ਰਾਜਾਂ ਵਿਚ ਮੱਕੀ ਦੀ ਫ਼ਸਲ ਦਾ ਮੁੱਖ ਕੀੜਾ ਬਣ ਗਿਆ ਹੈ | ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖ਼ੁਰਚ ਕੇ ਖਾਂਦੀਆਂ ਹਨ | ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿਚ ਗੋਲ ਤੋਂ ਆਂਡਾਕਾਰ ਮੋਰੀਆਂ ਬਣਾਉਂਦੀਆਂ ਹਨ | ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿਚ ਵਿੱਠਾਂ ਕਰਦੀਆਂ ਹਨ | ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ਵਾਈ (y) ਦੇ ਉਲਟੇ ਨਿਸ਼ਾਨ (?) ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ |
ਇਸ ਦੀ ਰੋਕਥਾਮ ਲਈ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ:-
ਕਾਸ਼ਤਕਾਰੀ ਉਪਰਾਲੇ
d ਇਸ ਕੀੜੇ ਦੇ ਵਾਧੇ ਅਤੇ ਫੈਲਾਅ ਨੂੰ ਸੀਮਤ ਕਰਨ ਲਈ ਮੱਕੀ ਦੀ ਬਿਜਾਈ ਸਿਰਫ ਸ਼ਿਫ਼ਾਰਸ਼ ਸਮੇਂ 25 ਮਈ ਤੋਂ 30 ਜੂਨ ਵਿਚ ਹੀ ਕਰਨੀ ਚਾਹੀਦੀ ਹੈ |
d ਨਾਲ ਵਾਲੇ ਖੇਤਾਂ ਵਿਚ ਮੱੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਨਾ ਕਰੋ ਤਾਂ ਜੋ ਕੀੜੇ ਦਾ ਫੈਲਾਅ ਘਟਾਇਆ ਜਾ ਸਕੇ |
d ਚਾਰੇ ਲਈ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਨਾਲ ਕਤਾਰਾਂ ਵਿਚ ਬਿਜਾਈ ਕਰੋ |
![]()
d ਚਾਰੇ ਵਾਲੀ ਮੱਕੀ ਵਿਚ ਬਾਜਰਾ/ ਰਵਾਂਹ/ ਜੁਆਰ ਰਲਾ ਕੇ ਬੀਜਣ ਨੂੰ ਤਰਜੀਹ ਦਿਓ |
d ਸਹੀ ਮਿਕਦਾਰ ਵਿਚ ਖਾਦਾਂ ਅਤੇ ਪਾਣੀ ਦੀ ਵਰਤੋਂ ਕਰੋ |
d ਪੱੱਤੇ 'ਤੇ ਦਿੱਤੇ ਆਂਡਿਆਂ ਨੂੰ ਨਸ਼ਟ ਕਰ ਦਿਓ | ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਆਸਾਨੀ ਨਾਲ ਹੀ ਪੱਤੇ ਦੀ ਸਤ੍ਹਾ 'ਤੇ ਦਿਖ ਜਾਂਦੇ ਹਨ |
ਕੀਟਨਾਸ਼ਕਾਂ ਰਾਹੀਂ ਰੋਕਥਾਮ
d ਇਸ ਕੀੜੇ ਦੀ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐਸਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ |
d 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ | ਇਸ ਤੋਂ ਬਾਅਦ ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਓ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿਚ ਵਧਾਉਣੀ ਚਾਹੀਦੀ ਹੈ |
d ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰਨਾ ਜ਼ਰੂਰੀ ਹੈ |
d ਜੇ ਹਮਲਾ ਧੌੜੀਆਂ ਵਿਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ/ਜੈਵਿਕ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿਚ ਪਾ ਕੇ ਫਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ |
d ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਜਾਂ ਡੈਲੀਗੇਟ 11.7 ਐਸਸੀ (ਸਪਾਈਨਟੋਰਮ) ਜਾਂ 5 ਗ੍ਰਾਮ ਮਿਜ਼ਾਈਲ 5 ਐਸਜੀ (ਐਮਾਮੈਕਟਿਨ ਬੈਂਜ਼ੋਏਟ) ਜਾਂ 25 ਗ੍ਰਾਮ ਡੇਲਫਿਨ ਡਬਲਯੂਜੀ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਜਾਂ 25 ਮਿਲੀਲਿਟਰ ਡਾਈਪਲ 8 ਐਲ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਨੂੰ 10 ਮਿਲੀਲਿਟਰ ਪਾਣੀ ਵਿਚ ਘੋਲ ਕੇ ਇਕ ਕਿਲੋ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾਓ |
d ਚਾਰੇ ਵਾਲੀ ਫ਼ਸਲ ਤੇ ਕੋਰਾਜਨ 18.5 ਐਸਸੀ ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ | ਛਿੜਕਾਅ ਉਪਰੰਤ ਮੱਕੀ ਨੂੰ 21 ਦਿਨ ਤੱਕ ਪਸ਼ੂਆਂ ਲਈ ਬਿਲਕੁਲ ਨਾ ਵਰਤਿਆ ਜਾਵੇ |
-ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ |