ਛੋਟੀ ਉਮਰ ਤੋਂ ਹੀ ਵੱਡੀਆਂ ਪ੍ਰਾਪਤੀਆਂ ਕਰਦੇ ਆ ਰਹੇ ਭਾਰਤ ਦੇ ਸ਼ਤਰੰਜ ਦੇ ਹੀਰੇ ਆਰ. ਪ੍ਰਗਾਨੰਦਾ 5 ਜੂਨ ਨੂੰ ਨਾਰਵੇ ਸ਼ਤਰੰਜ ਪ੍ਰਤੀਯੋਗਿਤਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਹੈ, ਜਿਸ ਨੇ ਇਹ ਪ੍ਰਤੀਯੋਗਿਤਾ ਜਿੱਤੀ ਹੋਵੇ। 10 ਅਗਸਤ 2005 ਤਾਮਿਲਨਾਡੂ ਦੇ ਚੇਨਈ ਵਿਖੇ ਪਿਤਾ ਰਾਮੇਸ਼ਬਾਬੂ ਤੇ ਮਾਤਾ ਨਾਗਲਕਸ਼ਮੀ ਦੇ ਘਰ ਜਨਮੇ ਪ੍ਰਗਾਨੰਦਾ ਨੇ ਆਪਣੇ ਘਰ ਵਿਚ ਵੱਡੀ ਭੈਣ ਤੇ ਗਰੈਂਡਮਾਸਟਰ ਆਰ. ਵੈਸ਼ਾਲੀ ਨਾਲ ਸ਼ਤਰੰਜ ਖੇਡਦੇ-ਖੇਡਦੇ ਅੱਜ ਸੰਸਾਰ ਦੇ ਸਾਰੇ ਸ਼ਤਰੰਜ ਮਹਾਂਰਥੀਆਂ ਨੂੰ ਵਾਹਣੀ ਪਾ ਦਿੱਤਾ ਹੈ। ਇਸ ਵਿਲੱਖਣ ਮੁੰਡੇ ਨੇ ਸਿਰਫ਼ 10 ਸਾਲ ਦੀ ਉਮਰੇ ਇੰਟਰਨੈਸ਼ਨਲ ਮਾਸਟਰ ਅਤੇ 12 ਸਾਲ ਦੀ ਉਮਰ ਵਿਚ ਗਰੈਂਡਮਾਸਟਰ ਬਣ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਕੁੱਲ ਆਲਮ ਨੂੰ ਇਹ ਸੁਨੇਹਾ ਦੇ ਦਿੱਤਾ ਸੀ ਕਿ ਆਉਣ ਵਾਲਾ ਸਮਾਂ ਉਸ ਦਾ ਹੋਵੇਗਾ। ਰਾਮੇਸ਼ਬਾਬੂ ਪ੍ਰਗਾਨੰਦਾ ਨੇ 2013 'ਚ ਵਿਸ਼ਵ ਯੁਵਾ ਸ਼ਤਰੰਜ ਪ੍ਰਤੀਯੋਗਿਤਾ ਅੰਡਰ-8 ਤੇ 2015 'ਚ ਅੰਡਰ-10 ਦਾ ਖ਼ਿਤਾਬ ਜਿੱਤ ਭਾਰਤੀ ਤਿਰੰਗੇ ਨੂੰ ਬੁਲੰਦ ਕੀਤਾ ਸੀ। 2019 ਵਿਚ 2600 ਰੇਟਿੰਗ ਹਾਸਿਲ ਕਰਨ ਵਾਲਾ ਉਹ ਦੁਨੀਆ ਦਾ ਦੂਜਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਸਮੇਂ-ਸਮੇਂ 'ਤੇ ਪ੍ਰਗਾਨੰਦਾ ਵਲੋਂ ਜਿੱਤੇ ਹੋਰਨਾਂ ਟੂਰਨਾਮੈਂਟਾਂ ਦੀ ਸੂਚੀ ਬਹੁਤ ਲੰਮੀ ਹੈ। 2022 'ਚ ਪ੍ਰਗਾਨੰਦਾ ਨੇ ਸ਼ਤਰੰਜ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਸ਼ਤਰੰਜ ਦੀ ਦੁਨੀਆ 'ਚ ਤਹਿਲਕਾ ਮਚਾ ਦਿੱਤਾ ਸੀ ਤੇ ਅਜਿਹਾ ਕਰਨ ਵਾਲਾ ਉਹ ਤੀਜਾ ਭਾਰਤੀ (ਵੀ. ਆਨੰਦ ਤੇ ਪੀ. ਹਰੀਕ੍ਰਿਸ਼ਨ ਤੋਂ ਬਾਅਦ) ਬਣਿਆ ਸੀ। 2022 'ਚ ਹੀ ਉਸ ਨੇ ਆਨਲਾਈਨ ਰੈਪਿਡ ਟੂਰਨਾਮੈਂਟ 'ਚ ਇਕ ਵਾਰ ਫੇਰ ਕਾਰਲਸਨ ਨੂੰ ਚਿੱਤ ਕੀਤਾ ਤੇ ਸ਼ਤਰੰਜ ਦੀ ਦੁਨੀਆ 'ਚ ਛਾਅ ਗਿਆ। 2023 'ਚ 18 ਸਾਲ ਦੀ ਉਮਰ 'ਚ ਪ੍ਰਗਾਨੰਦਾ ਵਿਸ਼ਵ ਕੱਪ ਫਾਈਨਲ 'ਚ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਤੇ ਵੀ. ਆਨੰਦ ਤੋਂ ਬਾਅਦ ਵਿਸ਼ਵ ਕੱਪ ਦਾ ਫਾਈਨਲ ਖੇਡਣ ਵਾਲਾ ਉਹ ਦੂਜਾ ਭਾਰਤੀ ਬਣ ਗਿਆ ਸੀ। ਫਾਈਨਲ ਵਿਚ ਵੀ ਉਸ ਨੇ ਪਿਛਲੇ ਚੈਂਪੀਅਨ ਕਾਰਲਸਨ ਵਿਰੁੱਧ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਰੈਪਿਡ ਟਾਈ-ਬ੍ਰੇਕ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਉਹ ਇਸ ਵਿਸ਼ਵ ਕੱਪ 'ਚ ਉਪ ਜੇਤੂ ਰਿਹਾ। ਜਦੋਂ 2022 ਦਾ 'ਅਰਜੁਨ ਪੁਰਸਕਾਰ' ਲੈਣ ਲਈ ਇਹ ਨਿੱਕਾ ਚੈਂਪੀਅਨ ਰਾਸ਼ਟਰਪਤੀ ਭਵਨ ਪਹੁੰਚਿਆ ਤਾਂ ਸਮੁੱਚਾ ਖੇਡ ਜਗਤ ਤੇ ਖੇਡ ਦਿੱਗਜ਼ ਇਸ ਨੂੰ ਦੇਖ ਕੇ ਖੁਸ਼ੀ ਨਾਲ ਲਬਰੇਜ਼ ਹੋ ਉੱਠੇ ਸਨ। ਸਮੇਂ ਦੇ ਨਾਲ-ਨਾਲ ਪ੍ਰਗਾਨੰਦਾ ਨੇ ਆਪਣੀ ਸ਼ਾਨਦਾਰ ਖੇਡ ਨਾਲ ਸ਼ਤਰੰਜ ਦੀ ਦੁਨੀਆ ਨੂੰ ਚਕਾਚੌਂਧ ਕਰੀ ਰੱਖਿਆ। ਇਸ ਸਾਲ 25 ਮਈ ਤੋਂ 5 ਜੂਨ ਤੱਕ ਨਾਰਵੇ ਦੇ ਓਸਲੋ ਸ਼ਹਿਰ ਵਿਖੇ ਹੋਏ ਵਿਸ਼ਵ ਦੇ ਪ੍ਰਸਿੱਧ ਟੂਰਨਾਮੈਂਟ 'ਨਾਰਵੇ ਸ਼ਤਰੰਜ' ਵਿਚ ਸਾਡੇ ਇਸ ਚੈਂਪੀਅਨ ਨੇ ਇਸ ਟੂਰਨਾਮੈਂਟ ਨੂੰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਟੂਰਨਾਮੈਂਟ ਦੀ ਖ਼ਾਸੀਅਤ ਇਹ ਰਹੀ ਕਿ ਉਸ ਨੇ ਦੁਨੀਆ ਦੇ ਮਹਾਨ ਖਿਡਾਰੀ ਮੈਗਨਸ ਕਾਰਲਸਨ ਨੂੰ ਉਸ ਦੇ ਹੀ ਵਿਹੜੇ 'ਚ ਇਸ ਟੂਰਨਾਮੈਂਟ ਦੌਰਾਨ ਦੋ ਵਾਰ ਮਾਤ ਦਿੱਤੀ। ਇਸ ਟੂਰਨਾਮੈਂਟ ਨੂੰ ਜਿੱਤਣ ਵਾਲਾ ਪ੍ਰਗਾਨੰਦਾ ਦੇਸ਼ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਇਸ ਟੂਰਨਾਮੈਂਟ ਦੇ ਅੰਤਿਮ ਦੌਰ 'ਚ ਸਾਡੇ ਇਸ ਸਟਾਰ ਖਿਡਾਰੀ ਨੇ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਇਸ ਵੱਕਾਰੀ ਖ਼ਿਤਾਬ 'ਤੇ ਕਬਜ਼ਾ ਕੀਤਾ। 20 ਸਾਲ ਦੇ ਇਸ ਹੋਣਹਾਰ ਖਿਡਾਰੀ ਤੋਂ ਦੇਸ਼ ਦੇ ਖੇਡ ਪ੍ਰੇਮੀਆਂ ਨੂੰ ਅਜੇ ਹੋਰ ਵੀ ਬਹੁਤ ਉਮੀਦਾਂ ਹਨ।
-ਡੀ.ਪੀ.ਈ., ਸਰਕਾਰੀ ਹਾਈ ਸਕੂਲ, ਸੇਖੂਵਾਸ (ਸੰਗਰੂਰ)
ਮੋਬਾਈਲ : 94174-79449