ਏਸ਼ੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ ਭਾਵ ਡੂਰੰਡ ਕੱਪ–2026 ਦੇ ਹਾਲ ਵਿਚ ਖ਼ਤਮ ਹੋਏ ਮੈਚਾਂ ਵਿਚ 24 ਟੀਮਾਂ ਨੇ ਭਾਗ ਲਿਆ | ਗਰੁੱਪ ਮੈਚਾਂ ਵਿਚ ਸਭ ਤੋਂ ਵਧੀਆ ਕਾਰਗੁਜ਼ਾਰੀ ਤਿੰਨ–ਤਿੰਨ ਮੈਚ ਜਿੱਤ ਕੇ ਦਿੱਲੀ, ਭਾਰਤੀ ਫ਼ੌਜ ਦੀ ਟੀਮ, ਮੋਹਨ ਬਗਾਨ ਅਤੇ ਉੱਤਰ ਪੂਰਬੀ ਯੂਨਾਈਟਡ ਨੇ ਵਿਖਾਈ | ਪਿਛਲੇ ਸਾਲ ਦੀ ਚੈਂਪੀਅਨ ਉੱਤਰ ਪੂਰਬੀ ਯੂਨਾਈਟਡ ਦੀ ਟੀਮ ਆਪਣੇ ਗਰੁੱਪ ਦੇ ਤਿੰਨਾਂ ਵਿਚੋਂ 3 ਮੈਚ ਜਿੱਤ ਕੇ ਨਾਕਆਊਟ ਰਾਊਾਡ ਵਿਚ ਪੁੱਜੀ | ਕੁਆਰਟਰ ਫਾਇਨਲ ਮੈਚਾਂ ਵਿਚ ਉੱਤਰ ਪੂਰਬੀ ਯੂਨਾਈਟਡ ਟੀਮ ਨੇ ਸ਼ਿਲੋਂਗ ਟੀਮ ਨੂੰ 5–2 ਦੇ ਫਰਕ ਨਾਲ ਹਰਾ ਦਿੱਤਾ | ਦਿੱਲੀ ਨੇ ਰੇਂਗਡਈ ਨੂੰ 5–1 ਨਾਲ, ਮੋਹਨ ਬਗਾਨ ਦੀ ਟੀਮ ਨੇ ਜਮਸ਼ੇਦਪੁਰ ਟੀਮ ਨੂੰ ਨੂੰ 9–8 ਪੈਨਲਟੀਆਂ ਨਾਲ ਅਤੇ ਪੂਰਬੀ ਬੰਗਾਲ ਦੀ ਟੀਮ ਨੇ ਫੌਜ ਦੀ ਟੀਮ ਨੂੰ 1–0 ਦੇ ਅੰਤਰ ਨਾਲ ਹਰਾਇਆ | ਸੈਮੀਫ਼ਾਈਨਲ ਮੈਚ ਵਿਚ ਮੋਹਨ ਬਗਾਨ ਦੀ ਟੀਮ ਨੇ ਉੱਤਰ ਪੂਰਬੀ ਯੂਨਾਈਟਿਡ ਨੂੰ 4–3 ਪੈਨਲਟੀਆਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਦੂਜੇ ਸੈਮੀਫ਼ਾਈਨਲ ਵਿਚ ਪੂਰਬੀ ਬੰਗਾਲ ਨੇ ਦਿੱਲੀ ਨੂੰ 5–3 ਪੈਨਲਟੀਆਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ | ਫਾਈਨਲ ਮੁਕਾਬਲਾ ਕੋਲਕਾਤਾ ਦੇ ਵਿਵੇਕਾਨੰਦ ਯੂਵਾ ਭਾਰਤੀ ਸਟੇਡੀਅਮ ਵਿਚ ਹੋਇਆ | ਮੋਹਨ ਬਗਾਨ ਤੇ ਪੂਰਬੀ ਬੰਗਾਲ ਵਿਚ ਖੇਡੇ ਗਏ ਇਸ ਮੈਚ ਵਿਚ ਗਹਿਗੱਚ ਮੁਕਾਬਲਾ ਵੇਖਣ ਨੂੰ ਮਿਲਿਆ, ਜਿਸ ਦੌਰਾਨ ਅਖ਼ੀਰ 'ਚ ਪੂਰਬੀ ਬੰਗਾਲ ਟੀਮ ਮੋਹਨ ਬਗਾਨ ਨੂੰ 4–1 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣੀ | ਜ਼ਿਕਰਯੋਗ ਹੈ ਕਿ ਪੂਰਬੀ ਬੰਗਾਲ ਦੀ ਟੀਮ ਇੰਡੀਅਨ ਸੁਪਰ ਲੀਗ 'ਚ ਭਾਗ ਲੈਣ ਵਾਲੀ ਟੀਮ ਮੋਹਨ ਬਗਾਨ ਤੋਂ ਬਾਅਦ ਸਭ ਤੋਂ ਵੱਧ ਕਾਮਯਾਬ ਟੀਮ ਹੈ | ਇਸ ਟੀਮ ਨੇ ਫੁੱਟਬਾਲ ਪ੍ਰੇਮੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ ਕਿਉਂਕਿ ਇਸ ਟੀਮ ਨੇ ਡੂਰੰਡ ਕੱਪ–2026 ਵਿਚ ਮਹਿਜ਼ ਇਕ ਹੀ ਮੈਚ ਹਾਰਿਆ ਸੀ | ਗੱਲ ਕਰੀਏ ਜੇ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਦੀ ਤਾਂ ਉੱਤਰ ਪੂਰਬੀ ਯੂਨਾਈਟਡ ਵਲੋਂ ਖੇਡਦੇ ਮੋਰਕੋ ਦੇ ਫਾਰਵਰਡ ਖਿਡਾਰੀ ਅਲਾਦੀਨ ਅਜਾਰੇ ਨੇ ਇਕ ਵਾਰ ਗੋਲਾਂ ਦੀ ਤਿਕੜੀ ਲਾਈ ਅਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ 9 ਗੋਲ ਕੀਤੇ ਸਨ ਤੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਬਦਲੇ ਉਸ ਨੂੰ 'ਗੋਲਡਨ ਬੂਟ' ਨਾਲ ਸਨਮਾਨਿਆ ਗਿਆ | ਇਸੇ ਤਰ੍ਹਾਂ ਪੂਰਬੀ ਬੰਗਾਲ ਟੀਮ ਦੇ ਐਡਮੰਡ ਲਾਲਰਿੰਡਿਕਾ ਨੇ ਵੀ ਫਾਈਨਲ 'ਚ ਗੋਲਾਂ ਦੀ ਤਿਕੜੀ ਲਾਈ ਅਤੇ ਸਮੁੱਚੇ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਬਦਲੇ ਉਸ ਨੂੰ 'ਗੋਲਡਨ ਬਾਲ' ਨਾਲ ਸਤਿਕਾਰਿਆ ਗਿਆ | ਉਸ ਨੂੰ ਫਾਈਨਲ ਮੈਚ ਵਿਚ 11ਵੇਂ, 22ਵੇਂ ਤੇ 44ਵੇਂ ਮਿੰਟਾਂ ਵਿਚ ਗੋਲ ਕਰਨ ਬਦਲੇ 'ਮੈਨ ਆਫ ਦਿ ਮੈਚ' ਵੀ ਦਿੱਤਾ ਗਿਆ | ਮੋਹਨ ਬਗਾਨ ਦੀ ਟੀਮ ਨੂੰ ਫਾਈਨਲ ਤੱਕ ਪਹੁੰਚਾਉਣ ਵਿਚ ਟੀਮ ਦੇ ਗੋਲਕੀਪਰ ਵਿਸ਼ਾਲ ਕੈਥ ਦੀ ਅਹਿਮ ਭੂਮਿਕਾ ਰਹੀ, ਜਿਸ ਨੇ ਵਿਰੋਧੀ ਟੀਮ ਨੂੰ ਤਿੰਨ ਵਾਰ ਕਲੀਨ ਸ਼ੀਟ ਭਾਵ ਤਿੰਨ ਵਾਰ ਕੋਈ ਵੀ ਗੋਲ ਨਹੀਂ ਕਰਨ ਦਿੱਤਾ | ਜ਼ਬਰਦਸਤ ਗੋਲਕੀਪਰੀ ਕਰਨ ਲਈ ਉਸ ਨੂੰ 'ਗੋਲਡਨ ਗਲੱਵ' ਦੇ ਕੇ ਸਤਿਕਾਰਿਆ ਗਿਆ |. ਜ਼ਿਕਰਯੋਗ ਹੈ ਕਿ 22 ਸਾਲ ਬਾਅਦ ਚੈਂਪੀਅਨ ਬਣੀ ਪੂਰਬੀ ਬੰਗਾਲ ਟੀਮ ਨੇ ਪਹਿਲੇ ਹਾਫ ਵਿਚ ਹੀ ਚਾਰ ਗੋਲ ਦਾਗ ਕੇ ਮੈਚ ਆਪਣੇ ਹੱਥ ਕਰ ਲਿਆ ਸੀ | ਇਸ ਤੋਂ ਪਹਿਲਾਂ 2004 ਵਿਚ ਵੀ ਪੂਰਬੀ ਬੰਗਾਲ ਦੀ ਟੀਮ ਨੇ ਮੋਹਨ ਬਗਾਨ ਨੂੰ ਹੀ 2–1 ਗੋਲਾਂ ਦੇ ਫਰਕ ਨਾਲ ਹਰਾ ਕੇ ਇਹ ਕੱਪ ਜਿੱਤਿਆ ਸੀ | ਪੂਰਬੀ ਬੰਗਾਲ ਤੇ ਮੋਹਨ ਬਗਾਨ ਦੀਆਂ ਟੀਮਾਂ ਡੂਰੰਡ ਕੱਪ ਦੀਆਂ ਸਭ ਤੋਂ ਵੱਧ ਕਾਮਯਾਬ ਟੀਮਾਂ ਹਨ, ਜਿਨ੍ਹਾਂ ਨੇ 17–17 ਵਾਰ ਡੂਰੰਡ ਕੱਪ ਜਿੱਤਿਆ ਹੈ |
-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 6284220595