ਖੇਡਾਂ ਦੀ ਦੁਨੀਆ ਵਿਚ ਸਫਲਤਾ ਕਦੇ ਵੀ ਥਾਲੀ 'ਚ ਪਰੋਸ ਕੇ ਨਹੀਂ ਮਿਲਦੀ | ਇਸ ਦੇ ਪਿੱਛੇ ਹੁੰਦਾ ਹੈ ਖਿਡਾਰੀ ਦਾ ਮੁੜਕਾ, ਅਣਥੱਕ ਮਿਹਨਤ, ਪਰਿਵਾਰਕ ਤੰਗੀਆਂ ਨਾਲ ਲੋਹਾ ਲੈਣ ਦਾ ਜਜ਼ਬਾ ਤੇ ਸਬਰ ਦਾ ਇਮਤਿਹਾਨ | ਪੰਜਾਬ ਦੀ ਧੀ ਅਤੇ ਕੌਮਾਂਤਰੀ ਭਾਰ ਤੋਲਕ ਹਰਜਿੰਦਰ ਕੌਰ ਦੀ ਜ਼ਿੰਦਗੀ ਇਸੇ ਸੰਘਰਸ਼ ਤੇ ਸਫ਼ਲਤਾ ਦੀ ਜਿਊਾਦੀ-ਜਾਗਦੀ ਮਿਸਾਲ ਹੈ, ਜਿਸ ਨੇ ਗਲਾਸਗੋ 'ਚ ਹੋਈਆਂ 33ਵੀਆਂ ਰਾਸ਼ਟਰਮੰਡਲ ਖੇਡਾਂ-2026 'ਚ ਚਾਂਦੀ ਦਾ ਤਗਮਾ ਫੁੰਡਿਆ ਹੈ | ਨਾਭਾ ਤਹਿਸੀਲ ਦੇ ਛੋਟੇ ਜਿਹੇ ਪਿੰਡ ਮਹਿਸ ਤੋਂ ਨਿਕਲ ਕੇ ਕੌਮਾਂਤਰੀ ਖੇਡ ਮੰਚ ਤੱਕ ਪਹੁੰਚਣ ਦਾ ਉਸ ਦਾ ਸਫ਼ਰ ਹਰ ਉਸ ਨੌਜਵਾਨ ਲਈ ਪ੍ਰੇਰਨਾ ਸਰੋਤ ਹੈ, ਜੋ ਸੀਮਤ ਸਾਧਨਾਂ ਦੇ ਬਾਵਜੂਦ ਵੱਡੇ ਸੁਪਨੇ ਵੇਖਣ ਦੀ ਹਿੰਮਤ ਰੱਖਦਾ ਹੈ | ਹਰਜਿੰਦਰ ਕੌਰ ਦਾ ਜਨਮ 14 ਅਕਤੂਬਰ, 1996 ਨੂੰ ਇਕ ਸਧਾਰਨ ਕਿਸਾਨ ਪਰਿਵਾਰ ਵਿਚ ਹੋਇਆ | ਉਸ ਦੇ ਪਿਤਾ ਦਾ ਨਾਂਅ ਸਾਹਿਬ ਸਿੰਘ ਤੇ ਮਾਤਾ ਦਾ ਨਾਂਅ ਕੁਲਦੀਪ ਕੌਰ ਹੈ |
ਹਰਜਿੰਦਰ ਨੇ ਬਚਪਨ ਤੋਂ ਹੀ ਮਿਹਨਤ ਦਾ ਲੜ ਨਹੀਂ ਛੱਡਿਆ | ਉਹ ਰੋਜ਼ ਸਵੇਰੇ-ਸ਼ਾਮ ਪਸ਼ੂਆਂ ਲਈ ਟੋਕਾ ਮਸ਼ੀਨ 'ਤੇ ਪੱਠੇ ਕੁਤਰਦੀ ਤੇ ਘਰ ਦੇ ਹੋਰ ਭਾਰੀ ਕੰਮਾਂ 'ਚ ਮਾਤਾ-ਪਿਤਾ ਦਾ ਹੱਥ ਵਟਾਉਂਦੀ | ਘਰ ਦੇ ਦੇਸੀ ਕੰਮਕਾਰ ਤੇ ਸਖ਼ਤ ਮਿਹਨਤ ਨਾਲ ਬਣਿਆ ਉਸ ਦਾ ਮਜ਼ਬੂਤ ਜੁੱਸਾ ਅੱਗੇ ਚੱਲ ਕੇ ਉਸ ਲਈ ਵੇਟਲਿਫ਼ਟਿੰਗ (ਭਾਰ ਤੋਲਣ) ਦੇ ਖੇਤਰ ਵਿਚ ਵਰਦਾਨ ਸਾਬਿਤ ਹੋਇਆ | ਪਿੰਡ ਦੇ ਸਕੂਲ 'ਚ ਪੜ੍ਹਦਿਆਂ ਸਕੂਲ ਦੇ ਡੀ.ਪੀ.ਈ. ਅਧਿਆਪਕ ਨੇ ਉਸ ਦੀ ਸਰੀਰਕ ਸਮਰੱਥਾ ਨੂੰ ਪਛਾਣਦਿਆਂ ਉਸ ਨੂੰ ਕਬੱਡੀ ਖੇਡਣ ਲਈ ਪ੍ਰੇਰਿਤ ਕੀਤਾ | ਸਕੂਲ ਪੱਧਰ 'ਤੇ ਕਬੱਡੀ 'ਚ ਜੌਹਰ ਵਿਖਾਉਣ ਤੋਂ ਬਾਅਦ 2016 'ਚ ਉਸ ਨੇ ਉੱਚ ਸਿੱਖਿਆ ਲਈ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ 'ਚ ਦਾਖ਼ਲਾ ਲਿਆ | ਇੱਥੇ ਹੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਆਇਆ, ਜਦੋਂ ਉਸ ਨੇ ਵੇਟਲਿਫ਼ਟਿੰਗ ਵੱਲ ਕਦਮ ਵਧਾਇਆ | ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਸ਼ਹੂਰ 'ਅਰਜੁਨ ਐਵਾਰਡੀ' ਕੋਚ ਪਰਮਜੀਤ ਸ਼ਰਮਾ ਦੀ ਦੇਖਰੇਖ ਹੇਠ ਪੇਸ਼ੇਵਰ ਟ੍ਰੇਨਿੰਗ ਸ਼ੁਰੂ ਕੀਤੀ | ਅਭਿਆਸ ਲਈ ਹਰਜਿੰਦਰ ਰੋਜ਼ ਆਪਣੇ ਪਿੰਡ ਤੋਂ 6 ਕਿਲੋਮੀਟਰ ਸਾਈਕਲ ਚਲਾ ਕੇ ਨਾਭੇ ਜਾਂਦੀ ਤੇ ਉੱਥੋਂ ਪਟਿਆਲਾ ਪਹੁੰਚਦੀ | ਕੋਚ ਦੀ ਸੁਚੱਜੀ ਅਗਵਾਈ ਤੇ ਹਰਜਿੰਦਰ ਦੀ ਅਣਥੱਕ ਮਿਹਨਤ ਨੇ ਜਲਦ ਹੀ ਰੰਗ ਵਿਖਾਉਣਾ ਸ਼ੁਰੂ ਕੀਤਾ ਤੇ ਉਸ ਨੇ 2018 'ਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਭਾਰ ਤੋਲਣ ਮੁਕਾਬਲੇ 'ਚ ਸੋਨ ਤਗਮਾ ਅਤੇ ਸੀਨੀਅਰ ਨੈਸ਼ਨਲ 'ਚ ਚਾਂਦੀ ਦਾ ਤਗਮਾ ਜਿੱਤਿਆ | 2018 ਤੋਂ 2025 ਤੱਕ ਉਹ ਲਗਾਤਾਰ 8 ਵਾਰ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸ਼ਿਪ 'ਚ ਜੇਤੂ ਰਹੀ | ਫਿਰ ਉਸ ਨੇ 2021 'ਚ ਉਜ਼ਬੇਕਿਸਤਾਨ ਦੀਆਂ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ ਤੇ ਵਿਸ਼ਵ ਵੇਟਲਿਫ਼ਟਿੰਗ ਚੈਂਪੀਅਨਸ਼ਿਪ 'ਚ ਭਾਰਤ ਦੀ ਨੁਮਾਇੰਦਗੀ ਕੀਤੀ | 2022 'ਚ ਬਰਮਿੰਘਮ ਦੀਆਂ ਰਾਸ਼ਟਰਮੰਡਲ ਖੇਡਾਂ 'ਚ ਉਸ ਨੇ 71 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ | ਸਾਲ 2023 'ਚ ਨੋਇਡਾ (ਭਾਰਤ) ਵਿਖੇ ਆਯੋਜਿਤ ਕਾਮਨਵੈਲਥ ਚੈਂਪੀਅਨਸ਼ਿਪ 'ਚ ਵੀ ਉਸ ਦਾ ਪ੍ਰਦਰਸ਼ਨ ਸਲਾਹੁਣਯੋਗ ਸੀ | ਹੁਣ ਹਰਜਿੰਦਰ ਨੇ ਗਲਾਸਗੋ ਕਾਮਨਵੈਲਥ ਖੇਡਾਂ 2026 'ਚ ਆਪਣੇ ਪ੍ਰਦਰਸ਼ਨ ਨੂੰ ਹੋਰ ਨਿਖਾਰਦਿਆਂ ਆਪਣਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਦਿੰਦਿਆਂ ਕੁੱਲ 227 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ | ਹਰਜਿੰਦਰ ਦੀ ਸਨੈਚ 101 ਕਿੱਲੋ ਤੇ ਕਲੀਨ ਐਂਡ ਜਰਕ 126 ਕਿੱਲੋ ਦੀ ਸੀ | ਮÏਜੂਦਾ ਸਮੇਂ ਵੇਟ ਲਿਫਟਿੰਗ ਕੋਚ ਜਸਪਾਲ ਸਿੰਘ ਥਿੰਦ ਕੋਲ ਸੁਨਾਮ ਵਿਖੇ ਟ੍ਰੇਨਿੰਗ ਲੈ ਰਹੀ ਪੰਜਾਬ ਦੀ ਇਸ ਹੋਣਹਾਰ ਧੀ ਨੇ ਇਕ ਵਾਰ ਫੇਰ ਸਾਬਿਤ ਕੀਤਾ ਹੈ ਕਿ ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਗੇੜਣ ਵਾਲੇ ਹੱਥੇ ਨੂੰ ਪੈਣ ਵਾਲੇ ਹੱਥ ਜਦੋਂ ਵੇਟ ਦੀਆਂ ਰਾਡਾਂ ਨੂੰ ਪੈਂਦੇ ਨੇ ਤਾਂ ਮਿਹਨਤਾਂ ਨਾਲ ਕਮਾਏ ਜੁੱਸੇ ਤੋਂ ਤਗਮੇ ਉੱਗ ਪੈਂਦੇ ਹਨ | ਹਰਜਿੰਦਰ ਕੌਰ ਅੱਜ-ਕੱਲ੍ਹ ਕੇਂਦਰ ਦੇ ਆਮਦਨ ਕਰ ਵਿਭਾਗ 'ਚ ਇੰਸਪੈਕਟਰ ਵਜੋਂ ਤਾਇਨਾਤ ਹੈ | ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹਰਜਿੰਦਰ ਕੌਰ ਤੋਂ ਵੱਡੀ ਪ੍ਰੇਰਨਾ ਲੈਣੀ ਚਾਹੀਦੀ ਹੈ |
-ਸੰਗਰੂਰ | ਮੋਬਾਈਲ : 94176-65241