![]()
ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਛੋਟਾ ਜਿਹਾ ਸ਼ਹਿਰ ਖਮਾਣੋਂ ਅੱਜ ਵੀ ਖੇਡ ਤਲਵਾਰਬਾਜ਼ੀ ਦੇ ਹੀਰੇ ਆਪਣੀ ਗੋਦ 'ਚ ਸਮੋਈ ਬੈਠਾ ਹੈ | ਇਸ ਸ਼ਹਿਰ ਨਾਲ ਸਬੰਧ ਰੱਖਣ ਵਾਲੀ ਲੈਕ. ਕਰਮਜੀਤ ਕੌਰ ਨੇ ਵੱਖ-ਵੱਖ ਸਕੂਲਾਂ 'ਚ ਨੌਕਰੀ ਕਰਦਿਆਂ ਪੰਜਾਬ ਦੀਆਂ ਧੀਆਂ ਦਾ ਕੱਦ ਉੱਚਾ ਕੀਤਾ ਤੇ ਪੰਜਾਬ ਦੇ ਤਿੰਨ ਪੁਰਸਕਾਰ ਪ੍ਰਾਪਤ ਕੀਤੇ | ਉਨ੍ਹਾਂ ਸਰਕਾਰੀ ਸੀਨੀ. ਸੈਕੰ. ਸਕੂਲ ਚੜ੍ਹੀ ਅਤੇ ਸਰਕਾਰੀ ਸੀਨੀ. ਸੈਕੰ. ਸਕੂਲ ਸਿੱਧੂਪੁਰ ਵਿਚ ਤਲਵਾਰਬਾਜ਼ੀ ਦੀਆਂ ਕਈ ਖਿਡਾਰਨਾਂ ਨੂੰ ਤਰਾਸ਼ਿਆ, ਜੋ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ | ਵਿਸ਼ਵ ਪੱਧਰੀ ਖੇਡ ਤਲਵਾਰਬਾਜ਼ੀ ਦਾ ਖਮਾਣੋਂ ਵਿਖੇ ਸ਼ੌਕ ਪੈਦਾ ਕਰਨ ਦੀ ਮੁੱਖ ਭੂਮਿਕਾ ਤਰਲੋਚਨ ਸਿੰਘ ਡੋਗਰਾ ਨੇ ਚਾਰ ਦਹਾਕੇ ਪਹਿਲਾਂ ਨਿਭਾਈ ਸੀ | ਇਸ ਲੜੀ ਨੂੰ ਅਗੇ ਤੋਰਨ ਲਈ ਗੁਰੂ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਲੈਕ. ਕਰਮਜੀਤ ਕੌਰ ਨੇ ਪੰਜਾਬ ਦੀਆਂ ਧੀਆਂ ਨੂੰ ਤਲਵਾਰਬਾਜ਼ੀ ਦੇ ਹੁਨਰ ਸਿਖਾਉਣ ਦਾ ਮਨ ਬਣਾ ਲਿਆ | ਉਹ ਖ਼ੁਦ ਵੀ ਤਲਵਾਰਬਾਜ਼ੀ ਖੇਡ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ, ਸਵਿਤਰੀ ਬਾਈ ਫੂਲੇ ਅਤੇ ਸਿੱਖਿਆ ਵਿਭਾਗ ਦਾ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੀ ਹੈ | ਅੱਜ ਕਰਮਜੀਤ ਕੌਰ ਦੁਆਰਾ ਲਾਏ ਖੇਡ ਤਲਵਾਰਬਾਜ਼ੀ ਦੇ ਬੂਟੇ ਦੀਆਂ ਟਹਿਣੀਆਂ ਏਨੀਆਂ ਮਜ਼ਬੂਤ ਤੇ ਸਖ਼ਤ ਹੋ ਗਈਆਂ ਹਨ, ਇਹ ਛੋਟਾ ਜਿਹਾ ਸ਼ਹਿਰ ਖਮਾਣੋ ਤਲਵਾਰਬਾਜ਼ੀ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ | ਇਹ ਖੇਡ ਖ਼ਾਸ ਤੌਰ 'ਤੇ ਛੋਟੇ-ਛੋਟੇ ਬੱਚਿਆਂ ਭਾਵ ਪ੍ਰਾਇਮਰੀ ਵਿੰਗ ਤੋਂ ਕਰਵਾਈ ਜਾਂਦੀ ਹੈ |
ਖਮਾਣੋਂ ਸ਼ਾਹਿਰ ਵਿਚ ਚਾਰ ਦਹਾਕਿਆਂ ਤੋਂ ਚਲਦੀ ਖੇਡ ਨੂੰ ਸੰਭਣ ਦੀ ਮੁੱਖ ਭੂਮਿਕਾ ਕਰਮਜੀਤ ਕੌਰ ਵਲੋਂ ਨਿਭਾਈ ਜਾ ਰਹੀ ਹੈ | ਇਨ੍ਹਾਂ ਦੀ ਬਦੌਲਤ ਅਨੇਕਾਂ ਹੀ ਖਿਡਾਰੀ ਜੂਨੀਅਰ ਕੋਚ, ਸੀਨੀਅਰ ਕੋਚ ਅਤੇ ਨਰਸਰੀ ਕੋਚ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਇਸ ਖੇਡ ਪ੍ਰਫੁੱਲਤ ਕਰਨ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ | ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਕੂਲਾਂ 'ਚ ਤਲਵਾਰਬਾਜ਼ੀ ਦਾ ਮੁਕਾਬਲਾ ਖਿਡਾਰੀਆਂ ਦੇ ਸਿਰ ਚੜ੍ਹ ਬੋਲਦਾ ਹੈ ਤੇ ਇਹ ਮੁਕਾਬਲੇ ਵੱਡੇ ਮੇਲੇ ਦਾ ਰੂਪ ਧਾਰਨ ਕਰ ਲੈਂਦੇ ਹਨ | ਪੰਜਾਬ ਦੇ ਸਾਰੇ ਸਕੂਲਾਂ ਦੇ ਤਲਵਾਰਬਾਜ਼ੀ ਦੇ ਖਿਡਾਰੀ ਸਾਲ 'ਚ ਇਕ ਵਾਰ ਇਸ ਪਾਵਨ ਧਰਤੀ 'ਤੇ ਜ਼ਰੂਰ ਹਾਜ਼ਰੀ ਲਗਾਉਂਦੇ ਹਨ | ਲੈਕ. ਕਰਮਜੀਤ ਕੌਰ ਵਲੋਂ ਦਿਨ ਰਾਤ ਇਕ ਕਰਕੇ ਇਸ ਖੇਡ ਨੂੰ ਬੁਲੰਦੀਆਂ ਤੱਕ ਪਹੁੰਚਾ ਰਹੀ ਹੈ | ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਲਈ ਹਰ ਸਹੂਲਤ ਦੇਣ ਲਈ ਸ੍ਰੀਮਤੀ ਰਵਿਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ, ਦੀਦਾਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜਸਵੀਰ ਸਿੰਘ ਡੀ.ਐਮ. ਸਪੋਰਟਸ ਅਹਿਮ ਭੂਮਿਕਾ ਨਿਭਾਅ ਰਹੇ ਹਨ | ਨਾਲ ਹੀ ਜ਼ਿਲ੍ਹੇ ਦਾ ਖੇਡ ਅਫ਼ਸਰ ਹਰਪਿੰਦਰ ਸਿੰਘ ਤਲਵਾਰਬਾਜ਼ੀ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਨਜ਼ਰ ਆਉਂਦੇ ਹਨ |
ਇਸ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਏਸ਼ੀਆ ਤੇ ਉਲੰਪਿਕ 'ਚੋਂ ਤਗਮੇ ਪ੍ਰਾਪਤ ਕਰਨ ਲਈ ਨਵੀਂ ਤਕਨੀਕ ਤੇ ਸਹੂਲਤਾਂ ਦੀ ਲੋੜ ਹੈ | ਇਨਡੋਰ ਹਾਲ ਤੇ ਤਾਪਮਾਨ ਨੂੰ ਸਥਿਰ ਰੱਖਣ ਲਈ ਪੁਖਤਾ ਪ੍ਰਬੰਧਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਖਿਡਾਰੀ ਵਲੋਂ ਪਹਿਨੀ ਜਾਣ ਵਾਲੀ ਕਿੱਟ ਕਾਫ਼ੀ ਮੋਟੀ ਤੇ ਭਾਰੀ ਹੁੰਦੀ ਹੈ | ਲੈਕ. ਕਰਮਜੀਤ ਕੌਰ ਸਮਾਜਸੇਵੀ ਤੇ ਖੇਡ ਪ੍ਰ੍ਰੇਮੀਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਦੀ ਹਰ ਸਹੂਲਤ ਨੂੰ ਪੂਰਾ ਕਰਨ ਦੀ ਕੌਸ਼ਿਸ਼ ਕਰ ਰਹੀ ਹੈ | ਇੱਥੇ ਖਿਡਾਰੀਆਂ ਦੇ ਸ਼ੌਕ ਤੇ ਲਗਨ ਨੂੰ ਦੇਖਦੇ ਹੋਏ ਖਮਾਣੋਂ ਨੂੰ ਖੇਡ ਪ੍ਰੇਮੀਆਂ ਤੇ ਸਰਕਾਰ ਦੇ ਸਹਿਯੋਗ ਦੀ ਲੋੜ ਹੈ | ਇਨ੍ਹਾਂ ਯਤਨਾ ਸਦਕਾ ਤਲਵਾਰਬਾਜ਼ੀ ਦੇ ਖਿਡਾਰੀ ਆਉਣ ਵਾਲੇ ਅੰਤਰਰਸ਼ਟਰੀ ਮੁਕਾਬਲਿਆਂ 'ਚ ਹਿੱਸੇ ਲੈਂਦੇ ਨਜ਼ਰ ਆ ਸਕੇ ਹਨ |
-ਪਿੰਡ+ਡਾਕ-ਬੌਂਦਲੀ, ਸਮਰਾਲਾ, (ਲੁਧਿਆਣਾ) |
ਮੋਬਾਈਲ : 98761-53007